Breaking News
Home / ਪੰਜਾਬ / ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ 37,120 ਕਰੋੜ ਰੁਪਏ ਦਾ ਬਜਟ ਪੇਸ਼

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ 37,120 ਕਰੋੜ ਰੁਪਏ ਦਾ ਬਜਟ ਪੇਸ਼

ਚੀਮਾ ਵੱਲੋਂ ਬਜਟ ਵਿੱਚ ਸਾਰੀਆਂ ਗਾਰੰਟੀਆਂ ਤੇ ਚੋਣ ਵਾਅਦਿਆਂ ਨੂੰ ਸ਼ਾਮਲ ਕਰਨ ਦਾ ਦਾਅਵਾ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਦੇ ਤਿੰਨ ਦਿਨਾ ਸ਼ੈਸ਼ਨ ਦੇ ਆਖਰੀ ਦਿਨ ਮੰਗਲਵਾਰ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਤਿੰਨ ਮਹੀਨਿਆਂ ਲਈ 37,120 ਕਰੋੜ ਰੁਪਏ ਦਾ ਅੰਤ੍ਰਿਮ ਬਜਟ ਪੇਸ਼ ਕੀਤਾ ਗਿਆ, ਜਿਸ ‘ਤੇ ਸਦਨ ਨੇ ਮੋਹਰ ਵੀ ਲਗਾ ਦਿੱਤੀ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਬਜਟ ਵਿੱਚ ਖੇਤੀ, ਸਿੱਖਿਆ, ਟਰਾਂਸਪੋਰਟ, ਸਿਹਤ ਤੇ ਹੋਰਨਾਂ ਖੇਤਰਾਂ ਨੂੰ ਵਿਸ਼ੇਸ਼ ਤਵਜੋ ਦਿੱਤੀ ਗਈ ਹੈ। ਲੇਖਾ ਅਨੁਦਾਨ (ਵੋਟ ਆਨ ਅਕਾਊਂਟ), ਜੋ ਆਮ ਕਰਕੇ ਖਰਚਿਆਂ ਦੀ ਪੂਰਤੀ ਲਈ ਹੁੰਦਾ ਹੈ, ਵਿੱਚ ਵਿਆਜ ਦੀ ਅਦਾਇਗੀ ਲਈ 4,788 ਕਰੋੜ ਰੁਪਏ ਰੱਖੇ ਗਏ ਹਨ। ਆਮਦਨ ਦੇ ਵਸੀਲਿਆਂ ਦੀ ਕਮੀ ਕਰਕੇ ਪੰਜਾਬ ਸਰਕਾਰ ਸਿਰ 5442.64 ਕਰੋੜ ਰੁਪਏ ਦਾ ਅੰਦਰੂਨੀ ਕਰਜ਼ਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਉਹ ਤਿੰਨ ਮਹੀਨਿਆਂ ਮਗਰੋਂ ਮੁਕੰਮਲ ਬਜਟ ਪੇਸ਼ ਕਰਨਗੇ, ਜਿਸ ਵਿੱਚ ਪਾਰਟੀ ਵੱਲੋਂ ਚੋਣਾਂ ਦੌਰਾਨ ਦਿੱਤੀਆਂ ਸਾਰੀਆਂ ਗਾਰੰਟੀਆਂ ਤੇ ਕੀਤੇ ਵਾਅਦਿਆਂ ਨੂੰ ਸ਼ਾਮਲ ਕੀਤਾ ਜਾਵੇਗਾ। ਵਿੱਤ ਮੰਤਰੀ ਚੀਮਾ ਨੇ ਸਦਨ ਵਿੱਚ ਲੇਖਾ ਅਨੁਦਾਨ ਪੇਸ਼ ਕਰਦਿਆਂ ਕਿਹਾ, ”ਮੈਂ ਹੁਣੇ-ਹੁਣੇ ਸੂਬੇ ਦੇ ਵਿੱਤ ਮੰਤਰੀ ਵਜੋਂ ਅਹੁਦਾ ਸੰਭਾਲਿਆ ਹੈ। ਪਰ ਜਦੋਂ ਅਸੀਂ ਅਗਲੇ ਤਿੰਨ ਮਹੀਨਿਆਂ ਵਿੱਚ ਆਪਣਾ ਬਜਟ ਪੇਸ਼ ਕਰਾਂਗੇ, ਤਾਂ ਉਦੋਂ ਇਸ ਵਿੱਚ ਪਾਰਟੀ ਵੱਲੋਂ ਚੋਣਾਂ ਦੌਰਾਨ ਦਿੱਤੀਆਂ ਸਾਰੀਆਂ ਗਾਰੰਟੀਆਂ ਅਤੇ ਵਾਅਦਿਆਂ ਨੂੰ ਸ਼ਾਮਲ ਕਰਾਂਗੇ।” ਪੰਜਾਬ ਸਰਕਾਰ ਵੱਲੋਂ ਬਜਟ ਸੈਸ਼ਨ ਜੂਨ ਮਹੀਨੇ ਵਿੱਚ ਬੁਲਾਇਆ ਜਾਵੇਗਾ। ਲੇਖਾ ਅਨੁਦਾਨ ਵਿੱਚ ਖੇਤੀਬਾੜੀ ਲਈ 2357 ਕਰੋੜ ਰੁਪਏ, ਸਿੱਖਿਆ ਲਈ 4643 ਕਰੋੜ ਰੁਪਏ, ਤਕਨੀਕੀ ਸਿੱਖਿਆ ਅਤੇ ਉਦਯੋਗ ਸਿਖਲਾਈ ਲਈ 145 ਕਰੋੜ ਰੁਪਏ, ਟਰਾਂਸਪੋਰਟ ਲਈ 186 ਕਰੋੜ ਰੁਪਏ, ਕਰ ਅਤੇ ਆਬਕਾਰੀ ਲਈ 89 ਕਰੋੜ ਰੁਪਏ, ਸਿਹਤ ਅਤੇ ਪਰਿਵਾਰ ਭਲਾਈ ਲਈ 1345 ਕਰੋੜ ਰੁਪਏ, ਮੈਡੀਕਲ ਸਿੱਖਿਆ ਅਤੇ ਖੋਜ ਲਈ 207 ਕਰੋੜ ਰੁਪਏ, ਖੇਡਾਂ ਤੇ ਯੁਵਕ ਸੇਵਾਵਾਂ ਲਈ 44 ਕਰੋੜ ਰੁਪਏ, ਉਦਯੋਗ ਅਤੇ ਵਪਾਰ ਲਈ 644 ਕਰੋੜ ਰੁਪਏ, ਕਿਰਤ ਲਈ 8 ਕਰੋੜ ਰੁਪਏ ਰੱਖੇ ਗਏ ਹਨ।
ਫਜ਼ੂਲ ਖਰਚੀ ਰੋਕਾਂਗੇ: ਚੀਮਾ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕੋਲ ਟੈਕਸ ਚੋਰੀ ਨੂੰ ਰੋਕਣ, ਖਰਚੇ ਘਟਾਉਣ ਅਤੇ ਮਾਲੀਆ ਵਧਾਉਣ ਦੇ ਹੋਰ ਸਾਧਨਾਂ ਦੀ ਖੋਜ ਕਰਕੇ ਸੂਬੇ ਦੇ ਘਟਦੇ ਮਾਲੀਏ ਨੂੰ ਮੁੜ ਸੁਰਜੀਤ ਕਰਨ ਲਈ ਨਿਸ਼ਚਿਤ ਯੋਜਨਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਜਿੱਥੇ ਫ਼ਜ਼ੂਲ ਖ਼ਰਚੀ ਰੋਕੇਗੀ, ਉੱਥੇ ਟੈਕਸ ਚੋਰੀ ਨੂੰ ਵੀ ਨੱਥ ਪਾਏਗੀ। ਪੰਜਾਬ ਸਰਕਾਰ ਵਾਧੂ ਖਰਚਿਆਂ ਵਿੱਚ ਕਟੌਤੀ ਕਰਕੇ ਆਮਦਨ ਦੇ ਵਸੀਲੇ ਵਧਾਏਗੀ।

 

Check Also

ਸ਼ੋ੍ਮਣੀ ਅਕਾਲੀ ਦਲ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਵਿਰਸਾ ਸਿੰਘ ਵਲਟੋਹਾ ਨੂੰ ਬਣਾਇਆ ਉਮੀਦਵਾਰ

ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਸ਼ੋ੍ਰਮਣੀ ਅਕਾਲੀ ਦਲ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਵਿਰਸਾ …