11.2 C
Toronto
Saturday, October 18, 2025
spot_img
Homeਕੈਨੇਡਾਗੁਰਦਿਆਲ ਰੌਸ਼ਨ ਤੇ ਦਰਸ਼ਨ ਹਰਵਿੰਦਰ ਦੇ ਸਨਮਾਨ ਵਿਚ ਕੈਨੇਡੀਅਨ ਪੰਜਾਬੀ ਸਾਹਿਤ ਸਭਾ...

ਗੁਰਦਿਆਲ ਰੌਸ਼ਨ ਤੇ ਦਰਸ਼ਨ ਹਰਵਿੰਦਰ ਦੇ ਸਨਮਾਨ ਵਿਚ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਵਿਸ਼ੇਸ਼ ਸਮਾਗ਼ਮ

ਬਰੈਂਪਟਨ/ਡਾ. ਝੰਡ : ਪੰਜਾਬੀ ਦੇ ਪ੍ਰਮੁੱਖ ਗ਼ਜ਼ਲਗੋ ਗੁਰਦਿਆਲ ਰੌਸ਼ਨ ਅਤੇ ਦਿੱਲੀ ਦੇ ਪ੍ਰਸਿੱਧ ਪੱਤਰਕਾਰ ਦਰਸ਼ਨ ਹਰਵਿੰਦਰ ਦੇ ਸਨਮਾਨ ਵਿਚ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਲੰਘੇ ਸ਼ੁੱਕਰਵਾਰ 12 ਜੁਲਾਈ ਨੂੰ ਐੱਫ਼.ਬੀ.ਆਈ. ਸਕੂਲ ਵਿਚ ਸ਼ਾਮ ਦੇ 7.00 ਵਜੇ ਤੋਂ ਰਾਤ ਦੇ 10.00 ਤੱਕ ਕਰਵਾਇਆ ਗਿਆ। ਇਸ ਮੌਕੇ ਪ੍ਰਧਾਨਗੀ-ਮੰਡਲ ਵਿਚ ਇਨ੍ਹਾਂ ਦੋ ਪ੍ਰਮੁੱਖ ਹਸਤੀਆਂ ਦੇ ਨਾਲ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ, ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਅਤੇ ਪੱਛਮੀ ਪਾਕਿਸਤਾਨ ਦੇ ਸ਼ਾਇਰ ਜਨਾਬ ਅਫ਼ਜ਼ਲ ਰਾਜਾ ਸ਼ਾਮਲ ਹੋਏ।
ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਵੱਲੋਂ ਆਏ ਮਹਿਮਾਨਾਂ ਤੇ ਸਰੋਤਿਆਂ ਦੇ ਰਸਮੀ ਸੁਆਗ਼ਤ ਤੋਂ ਬਾਅਦ ਮੰਚ-ਸੰਚਾਲਕ ਪਰਮਜੀਤ ਸਿੰਘ ਢਿੱਲੋਂ ਵੱਲੋਂ ਮੁੱਖ-ਮਹਿਮਾਨਾਂ ਦੀ ਸੰਖੇਪ ਜਾਣਕਾਰੀ ਸਾਂਝੀ ਕੀਤੀ ਅਤੇ ਗ਼ਜ਼ਲਗੋ ਗੁਰਦਿਆਲ ਰੌਸ਼ਨ ਨੂੰ ਆਪਣੇ ਬਾਰੇ ਕੁਝ ਦੱਸਣ ਨੂੰ ਕਿਹਾ ਜਿਸ ਦੇ ਜੁਆਬ ਵਿਚ ਉਨ੍ਹਾਂ ਦੱਸਿਆ ਕਿ ਉਹ ਮੁੱਢਲੇ ਰੂਪ ਵਿਚ ਨਵਾਂ ਸ਼ਹਿਰ ਦੇ ਵਾਸੀ ਹਨ ਪਰ ਅੱਜ ਕੱਲ੍ਹ ਲੁਧਿਆਣਾ ਸ਼ਹਿਰ ਵਿਖੇ ਰਹਿ ਰਹੇ ਹਨ। ਸ਼ੁਰੂ ਤੋਂ ਹੀ ਉਨ੍ਹਾਂ ਦਾ ਰੁਝਾਨ ਕਵਿਤਾ ਵੱਲ ਹੋ ਗਿਆ ਅਤੇ ਫਿਰ ਉਨ੍ਹਾਂ ਨੇ ਗ਼ਜ਼ਲ ਦੀਆਂ ਬਾਰੀਕੀਆਂ ਨੂੰ ਸਿੱਖਣ ਲਈ ਦੀਪਕ ਜੈਤੋਈ ਜੀ ਨੂੰ ਆਪਣਾ ਗੁਰੂ ਧਾਰ ਲਿਆ। ਉਨ੍ਹਾਂ ਦੀਆਂ ਗ਼ਜ਼ਲਾਂ ਦੀਆਂ ਹੁਣ ਤੀਕ 16 ਪੁਸਤਕਾਂ ਛਪ ਚੁੱਕੀਆਂ ਹਨ ਜਿਨ੍ਹਾਂ ਵਿਚ ਮਹਿਫ਼ਲ (2017), ਘੁੰਗਰੂ (2018), ਕਿਣਮਿਣ (2019) ਪ੍ਰਮੁੱਖ ਹਨ। ਏਸੇ ਤਰ੍ਹਾਂ ਉਨ੍ਹਾਂ ਦੀਆਂ ਗੀਤਾਂ ਤੇ ਕਵਿਤਾਵਾਂ ਦੀਆਂ 8 ਪੁਸਤਕਾਂ ਹਨ ਅਤੇ 5 ਬਾਲ-ਕਾਵਿ ਵੀ ਹਨ। ਉਨ੍ਹਾਂ ਕੁਝ ਪੁਸਤਕਾਂ ਸੰਪਾਦਿਤ ਵੀ ਕੀਤੀਆਂ ਹਨ ਅਤੇ ਕਈ ਨਿਬੰਧ ਵੀ ਲਿਖੇ ਹਨ। ਆਪਣੇ ਨਾਂ ਉੱਪਰ ਸ਼ਿਵਾਲਕ ਦੀਆਂ ਪਹਾੜੀਆਂ ਵਿਚ ਪਿੰਡ ਗੱਜਰ ਵਿਚ ਸਥਾਪਿਤ ਕੀਤੇ ਗਏ ‘ਰੌਸ਼ਨ ਕਲਾ ਕੇਂਦਰ’ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਇਹ ਉਨ੍ਹਾਂ ਨੇ ਸ਼ੁਭਚਿੰਤਕਾਂ ਕੰਵਲਜੀਤ ਸਿੰਘ ਕੰਵਰ ਅਤੇ ਪੁਸ਼ਪਿੰਦਰ ਕੌਰ ਜੋਸਨ ਦੇ ਸਾਂਝੇ ਉਪਰਾਲੇ ਸਦਕਾ ਤਾਮੀਰ ਹੋ ਸਕਿਆ ਹੈ ਅਤੇ ਇਸ ਵਿਚ ਬਹੁਤ ਸਾਰੇ ਕਵੀਆਂ ਅਤੇ ਹੋਰ ਲੇਖਕਾਂ ਨੇ ਆਪਣਾ ਯੋਗਦਾਨ ਪਾਇਆ ਹੈ। 19 ਜਨਵਰੀ 2019 ਨੂੰ ਹੋਏ ਇਸ ਦੇ ਉਦਘਾਟਨੀ ਸਮਾਰੋਹ ਵਿਚ 150 ਦੇ ਲੱਗਭੱਗ ਲੇਖਕ ਸ਼ਾਮਲ ਹੋਏ। ਉਨ੍ਹਾਂ ਹਾਜ਼ਰੀਨ ਨਾਲ ਆਪਣੀਆਂ ਕੁਝ ਤਾਜ਼ਾ ਗ਼ਜਲਾਂ ਤੇ ਕਵਿਤਾਵਾਂ ਵੀ ਸਾਂਝੀਆਂ ਕੀਤੀਆਂ।
ਦਿੱਲੀ ਤੋਂ ਆਏ ਪ੍ਰਸਿੱਧ ਪੱਤਰਕਾਰ ਦਰਸ਼ਨ ਹਰਵਿੰਦਰ ਨੇ ਕੈਨੇਡਾ ਬਾਰੇ ਆਪਣੇ ਹਾਵ-ਭਾਵ ਸਾਂਝੇ ਕਰਦਿਆਂ ਕਿਹਾ ਕਿ ਭਾਰਤ ਵਿਚ ਹੁਣ ਪੱਤਰਕਾਰੀ ਕਰਨੀ ਬੜੀ ਮੁਸ਼ਕਲ ਹੋ ਗਈ ਹੈ। ਮੀਡੀਆ ਸਰਕਾਰੀ ਦਬਾਅ ਹੇਠ ਹੈ ਅਤੇ ਉਹ ਆਪਣੇ ਆਜ਼ਾਦ ਵਿਚਾਰ ਨਹੀਂ ਦੇ ਰਿਹਾ। ਉਨ੍ਹਾਂ ਮੀਡੀਏ ਦੇ ਕੁਝ ਹਿੱਸੇ ਨੂੰ ਸਰਕਾਰ-ਪੱਖੀ ਵੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕਵਿਤਾ ਤਾਂ ਉਨ੍ਹਾਂ ਨੂੰ ਲਿਖਣੀ ਆਉਂਦੀ ਨਹੀਂ, ਅਲਬੱਤਾ, ਉਨ੍ਹਾਂ ਦੀ ਪਤਨੀ ਕਦੀ ਕਦੀ ਕੁਝ ਗਾ ਲੈਂਦੀ ਹੈ ਅਤੇ ਉਨ੍ਹਾਂ ਦੀ ਫਰਮਾਇਸ਼ ‘ਤੇ ਮਿਸਿਜ਼ ਵੀਨਕਸ਼ੀ ਸ਼ਰਮਾ ਨੇ ਆਪਣੀ ਸੁਰੀਲੀ ਆਵਾਜ਼ ਵਿਚ ਇਕ ਖ਼ੂਬਸੂਰਤ ਗੀਤ ਗਾਇਆ। ਸਮਾਗ਼ਮ ਦੇ ਅਗਲੇ ਭਾਗ ਵਿਚ ਗਿਆਨ ਸਿੰਘ ਦਰਦੀ, ਮਕਸੂਦ ਚੌਧਰੀ, ਸੁਰਿੰਦਰ ਗੀਤ, ਸੰਨੀ ਸ਼ਿਵਰਾਜ, ਮੀਤਾ ਖੰਨਾ ਤੇ ਹੋਰ ਕਈਆਂ ਨੇ ਆਪਣੀਆਂ ਕਵਿਤਾਵਾਂ ਤੇ ਗੀਤ ਸੁਣਾਏ। ਸਮਾਗ਼ਮ ਦੇ ਅਖ਼ੀਰ ਵਿਚ ਬਲਰਾਜ ਚੀਮਾ ਵੱਲੋਂ ਆਏ ਆਏ ਮਹਿਮਾਨਾਂ ਅਤੇ ਸਮੂਹ-ਸਰੋਤਿਆਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ। ਸਮਾਗ਼ਮ ਵਿਚ ਹਾਜ਼ਰ ਸ਼ਖ਼ਸੀਅਤਾਂ ਵਿਚ ਕ੍ਰਿਪਾਲ ਸਿੰਘ ਪੰਨੂੰ, ਤਲਵਿੰਦਰ ਸਿੰਘ ਮੰਡ, ਮਲੂਕ ਸਿਘ ਕਾਹਲੋਂ, ਦਰਸ਼ਨ ਸਿੰਘ ਗਰੇਵਾਲ, ਜਸਵਿੰਦਰ ਸਿੰਘ, ਕਾਮਰੇਡ ਸੁਖਦੇਵ ਧਾਲੀਵਾਲ, ਪੁਸ਼ਪਿੰਦਰ ਕੌਰ ਜੋਸਣ ਸਮੇਤ ਕਈ ਹੋਰ ਸ਼ਾਮਲ ਸਨ।
ਇਸ ਮੌਕੇ ਮੰਡੀ ਡੱਬਵਾਲੀ ਤੋਂ ਆਏ ਪੁਸ਼ਪਿੰਦਰ ਜੋਸਣ ਦੇ ਭਰਾ ਮਹਿੰਦਰ ਸਿੰਘ ਥਿੰਦ ਨੂੰ ਉਨ੍ਹਾਂ ਦੇ ਉਸ ਦਿਨ ਜਨਮ-ਦਿਹਾੜੇ ਨੂੰ ਅਚਨਚੇਤੀ ਮਨਾਉਣ ਲਈ ਅਛੋਪਲੇ ਤੌਰ ‘ਤੇ ਲਿਆਂਦਾ ਗਿਆ ਕੇਕ ਕੱਟਿਆ ਗਿਆ। ਸਾਰਿਆਂ ਨੇ ਇਹ ਮਿਲ ਕੇ ਛਕਿਆ ਅਤੇ ਮਹਿੰਦਰ ਸਿੰਘ ਥਿੰਦ ਨੂੰ ਉਨ੍ਹਾਂ ਦੇ ਜਨਮ-ਦਿਵਸ ਦੀ ਮੁਬਾਰਕਬਾਦ ਦਿੱਤੀ। ਸਮਾਗ਼ਮ ਦੇ ਅੰਤ ਵਿਚ ਆਰਡਰ ਕੀਤਾ ਹੋਇਆ ਪੀਜ਼ਾ ਵੀ ਆ ਪਹੁੰਚਾ ਅਤੇ ਪੀਜ਼ਾ ਡਿਨਰ ਹੋਇਆ।

RELATED ARTICLES

ਗ਼ਜ਼ਲ

POPULAR POSTS