8.2 C
Toronto
Friday, November 7, 2025
spot_img
Homeਕੈਨੇਡਾਬਰੈਂਪਟਨ ਦੇ ਸਿਰ ਚੜ੍ਹ ਨੱਚਿਆ ਦਲਜੀਤ ਦੁਸਾਂਝ ਦਾ ਜਾਦੂ

ਬਰੈਂਪਟਨ ਦੇ ਸਿਰ ਚੜ੍ਹ ਨੱਚਿਆ ਦਲਜੀਤ ਦੁਸਾਂਝ ਦਾ ਜਾਦੂ

ਟੀਮ ਫਾਰ ਐਂਟਰਟੇਨਮੈਂਟ ਵਲੋਂ ਆਯੋਜਿਤ ਦਲਜੀਤ ਸ਼ੋਅ ਯਾਦਗਾਰੀ ਬਣ ਨਿਬੜਿਆ
ਬਰੈਂਪਟਨ/ਬਿਊਰੋ ਨਿਊਜ਼
ਟੀਮ ਫਾਰ ਐਂਟਰਟੇਨਮੈਂਟ ਵਲੋਂ ਆਯੋਜਿਤ ਦਿਲਜੀਤ ਦੁਸਾਂਝ ਦੇ ਡਰੀਮ ਟੂਰ ਦਾ ਆਖਰੀ ਸ਼ੋਅ ਆਯੋਜਿਤ ਕੀਤਾ ਗਿਆ। ਇਸ ਸ਼ੋਅ ਨੇ ਗ੍ਰੇਟਰ ਟੋਰਾਂਟੋ ਏਰੀਆ ਵਿਚ ਹੁਣ ਤੱਕ ਦੇ ਹੋਏ ਸਾਰੇ ਪੰਜਾਬੀ ਸ਼ੋਅਜ਼ ਨੂੰ ਮਾਤ ਦੇ ਕੇ ਬਰੈਂਪਟਨ ਦੇ ਪਾਵਰੇਡ ਸੈਂਟਰ ਵਿਚ ਇਕ ਨਵਾਂ ਇਤਿਹਾਸ ਸਿਰਜ ਦਿੱਤਾ। ਦੂਰੋਂ ਨੇੜਿਓਂ ਆਏ ਦਰਸ਼ਕਾਂ ਨੇ ਦਿਲਜੀਤ ਦੇ ਇਸ ਪ੍ਰੋਗਰਾਮ ਦਾ ਜਿੱਥੇ ਰੱਜ ਕੇ ਆਨੰਦ ਮਾਣਿਆ ਉਥੇ ਹੀ ਪੂਰੀ ਤਰ੍ਹਾਂ ਖਚਾਖਚ ਭਰੇ ਵੀਆਈਪੀ ਏਰੀਆ ਦੇ ਦਰਸ਼ਕ ਵੀ ਆਪਣੇ ਆਪ ਨੂੰ ਦਿਲਜੀਤ ਦੇ ਗਾਣਿਆਂ ਉੱਤੇ ਨੱਚਣ ਤੋਂ ਰੋਕ ਨਹੀਂ ਸਕੇ। ਇਸ ਸ਼ੋਅ ਵਿਚ ਦਿਲਜੀਤ ਨੇ ਆਪਣੇ ਮਸ਼ਹੂਰ ਗੀਤ ਡੂ ਯੂ ਨੋ, ਵੀਰਵਾਰ ਦਿਨ ਨਹੀਂ ਪਰਹੇਜ਼ ਕਰਦਾ, ਇਕ ਕੁੜੀ, ਲੈਂਬੜਗਿਨੀ, ਮੂਹਰੇ ਜੱਟ ਖਾੜਕੂ ਖੜਾ ਅਤੇ ਹੋਰ ਨਵੇਂ ਆਉਣ ਵਾਲੇ ਗੀਤ ਸੁਣਾ ਕੇ ਆਪਣੇ ਚਹੇਤਿਆਂ ਦਾ ਮਨ ਇੱਕ ਵਾਰੀ ਮੁੜ ਮੋਹ ਲਿਆ।
ਕੈਨੇਡਾ ਵਿਚ ਦਿਲਜੀਤ ਦੁਸਾਂਝ ਨੇ ਆਪਣਾ ਸਫ਼ਰ ਵੰਡਰਲੈਡ ਤੋਂ ਸ਼ੁਰੂ ਕੀਤਾ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਉਹ ਟੋਰਾਂਟੋ ਦੀ ਧਰਤੀ ‘ਤੇ ਕਈ ਸ਼ੋਅ ਕਰ ਚੁੱਕੇ ਹਨ। ਜਿੰਨੀ ਵਾਰ ਵੀ ਆਏ ਉਹ ਇਕ ਨਵਾਂ ਰਿਕਾਰਡ ਸਥਾਪਿਤ ਕਰਕੇ ਗਏ ਹਨ। ਇਸ ਤੋਂ ਪਹਿਲਾਂ ਇਹ ਮਸ਼ਹੂਰ ਸੀ ਕਿ ਜਦੋਂ ਗੁਰਦਾਸ ਮਾਨ ਇਸ ਸਪੋਰਟਸ ਸੈਂਟਰ ਵਿਚ ਆਪਣਾ ਸ਼ੋਅ ਕਰਦੇ ਸਨ ਤਾਂ ਇਹ ਇਲਾਕਾ ਖਚਾਖਚ ਭਰਿਆ ਹੁੰਦਾ ਸੀ, ਪਰ ਇਸ ਸਪੋਰਟਸ ਸੈਂਟਰ ਦੀ ਮੈਨੇਜਰ ਕੈਥੀ ਦੇ ਮੁਤਾਬਿਕ ਅਜਿਹਾ ਪਹਿਲੀ ਵਾਰੀ ਹੋਇਆ ਹੈ ਕਿ ਬਰੈਪਟਨ ਪਾਵਰੇਡ ਸੈਂਟਰ ਦੇ ਅੰਦਰ ਹੋਏ ਕੰਸਰਟ (ਕਿਸੇ ਵੀ ਕੰਸਰਟ ਭਾਵੇਂ ਅੰਗਰੇਜ਼ੀ ਜਾਂ ਕੋਈ ਹੋਰ ਜੁਬਾਨ ਦਾ ਹੋਵੇ) ਵਿਚ ਇੰਨਾ ਭਾਰੀ ਇਕੱਠ ਹੋਇਆ ਹੋਵੇਗਾ।
ਸ਼ਾਮ ਸਾਢੇ ਕੁ 8 ਵਜੇ ਇਸ ਸ਼ੋਅ ਦੀ ਸ਼ੁਰੂਆਤ ਹੋਈ ਅਤੇ ਰਾਤ ਸਾਢੇ 11 ਵਜੇ ਤੱਕ ਇਹ ਸ਼ੋਅ ਚੱਲਦਾ ਰਿਹਾ। ਦਿਲਜੀਤ ਦੁਸਾਂਝ ਨੇ ਗੁਰਦਾਸ ਮਾਨ ਵਲੋਂ ਗਾਏ ਮਸ਼ਹੂਰ ਗੀਤ “‘ਕੀ ਬਣੂ ਦੁਨੀਆਂ ਦਾ’ ਗਾਣੇ ਤੋਂ ਇਸ ਸੰਗੀਤਮਈ ਸ਼ਾਮ ਦੀ ਸ਼ੁਰੂਆਤ ਕੀਤੀ ਤੇ ਅੰਤ ਵਿਚ ਸੁਰਜੀਤ ਬਿੰਦਰਖੀਏ ਦੇ ਗੀਤਾਂ ਦੇ ਬੋਲ ਆਏ ਸਰੋਤਿਆਂ ਨਾਲ ਸਾਂਝੇ ਕਰਦਿਆਂ ਪ੍ਰੋਗਰਾਮ ਸਮਾਪਤ ਕੀਤਾ। ਪੰਜਾਬੀ ਸ਼ੋਅ ਇੰਡਸਟਰੀ ਵਿਚ ਇਹ ਵੀ ਪਹਿਲੀ ਵਾਰ ਹੋਇਆ ਕਿ ਕਿਸੇ ਪੰਜਾਬੀ ਗਾਇਕ ਦੇ ਸ਼ੋਅ ਦੀਆਂ ਟਿਕਟਾਂ ਆਨਲਾਈਨ ਇੰਨੀ ਤੇਜੀ ਨਾਲ ਤੇ ਇੰਨੀ ਵੱਡੀ ਤਾਦਾਤ ਵਿਚ ਵਿਕੀਆਂ ਹੋਣ। ਦਿਲਜੀਤ ਦੇ ਇਸ ਸ਼ੋਅ ਵਿਚ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਉਚੇਚੇ ਤੌਰ ਉਤੇ ਸ਼ਿਰਕਤ ਕੀਤੀ। ਹਰਜੀਤ ਸੱਜਣ ਦੇ ਨਾਲ-ਨਾਲ ਐਮ ਪੀ ਕਮਲ ਖਹਿਰਾ, ਸੋਨੀਆ ਸਿੱਧੂ, ਰੂਬੀ ਸਹੋਤਾ, ਐਮ ਪੀ ਪੀ ਹਰਿੰਦਰ ਮੱਲੀ ਅਤੇ ਮੰਤਰੀ ਨਵਦੀਪ ਬੈਂਸ ਨੇ ਵੀ ਇਸ ਪ੍ਰੋਗਰਾਮ ਵਿੱਚ ਹਾਜਰੀ ਲਵਾਈ। ਓਨਟਾਰੀਓ ਪ੍ਰੋਵਿੰਸ਼ੀਅਲ ਪੀ ਸੀ ਪਾਰਟੀ ਦੇ ਨੇਤਾ ਪੈਟ੍ਰਿਕ ਬ੍ਰਾਊਨ ਨੇ ਟੀਮ ਫਾਰ ਐਂਟਰਟੇਨਮੈਂਟ ਨੂੰ ਜੀਟੀਏ ਵੈਸਟ ਦੇ ਫੰਡ ਡਾਇਰੈਕਟਰ ਹਰਦੀਪ ਸਿੰਘ ਗਰੇਵਾਲ ਦੇ ਹੱਥ ਵਧਾਈ ਸੰਦੇਸ਼ ਭੇਜਿਆ, ਜਿਸ ਨੂੰ ਹਰਦੀਪ ਗਰੇਵਾਲ ਨੇ ਟੀਮ ਫਾਰ ਇੰਟਰਟੇਨਮੈਟ ਨੂੰ ਭੇਂਟ ਕੀਤਾ। ਸਿਟੀ ਕੌਂਸਲਰ ਗੁਰਪ੍ਰੀਤ ਢਿੱਲੋਂ ਦੇ ਨਾਲ-ਨਾਲ ਪੰਜਾਬੀ ਭਾਈਚਾਰੇ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਤੇ ਪਤਵੰਤੇ ਸੱਜਣ ਵੀ ਹਾਜ਼ਰ ਸਨ।

RELATED ARTICLES
POPULAR POSTS