Breaking News
Home / ਕੈਨੇਡਾ / ਲੰਡਨ ਯੂਨੀਵਰਸਿਟੀ ਤੋਂ ਤੁਲਨਾਤਮਿਕ ਧਰਮ ਅਧਿਐਨ ਅਤੇ ‘ਸਿੱਧ ਗੋਸ਼ਟਿ’ ‘ਤੇ ਪੀਐਚਡੀ ਕਰਨ ਵਾਲੇ ਡਾ. ਮਨਜੀਤ ਸਿੰਘ ਰੰਧਾਵਾ ਨਹੀਂ ਰਹੇ

ਲੰਡਨ ਯੂਨੀਵਰਸਿਟੀ ਤੋਂ ਤੁਲਨਾਤਮਿਕ ਧਰਮ ਅਧਿਐਨ ਅਤੇ ‘ਸਿੱਧ ਗੋਸ਼ਟਿ’ ‘ਤੇ ਪੀਐਚਡੀ ਕਰਨ ਵਾਲੇ ਡਾ. ਮਨਜੀਤ ਸਿੰਘ ਰੰਧਾਵਾ ਨਹੀਂ ਰਹੇ

ਸਰੀ/ਡਾ. ਗੁਰਵਿੰਦਰ ਸਿੰਘ : ਪੰਜਾਬੀ ਸਾਹਿਤਕਾਰ ਅਤੇ ਸਿੱਖ ਬੁੱਧੀਜੀਵੀ ਡਾ. ਮਨਜੀਤ ਸਿੰਘ ਰੰਧਾਵਾ 3 ਅਕਤੂਬਰ ਨੂੰ ਸਰੀ ਵਿੱਚ ਸਵਰਗਵਾਸ ਹੋ ਗਏ ਹਨ। ਡਾਕਟਰ ਸਾਹਿਬ ਦੇ ਅਚਾਨਕ ਵਿਛੋੜੇ ਨਾਲ ਸਿੱਖ ਸਾਹਿਤਕ ਅਤੇ ਧਾਰਮਿਕ ਹਲਕਿਆਂ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਪੰਜਾਬੀ ਸਾਹਿਤ ਨੂੰ ਸਮਰਪਿਤ ਅਤੇ ਸਿੱਖੀ ਨੂੰ ਪਰਨਾਏ ਹੋਏ ਡਾਕਟਰ ਮਨਜੀਤ ਸਿੰਘ ਰੰਧਾਵਾ ਬੇਹਦ ਮਿਲਾਪੜੇ ਸੁਭਾਅ ਦੇ ਮਾਲਕ ਸਨ ਅਤੇ ਸਦਾ ਹੀ ਗਿਆਨ ਭਰਪੂਰ ਸਰਗਰਮੀਆਂ ਵਿੱਚ ਸ਼ਾਮਿਲ ਰਹਿੰਦੇ ਸਨ। ਡਾਕਟਰ ਸਾਹਿਬ ਦੇ ਧਰਮ ਪਤਨੀ ਬੀਬੀ ਜਗਜੀਤ ਕੌਰ ਰੰਧਾਵਾ, ਭਰਾ ਜਸਵਿੰਦਰ ਸਿੰਘ ਰੰਧਾਵਾ ਅਤੇ ਪਰਵਿੰਦਰ ਸਿੰਘ ਰੰਧਾਵਾ ਨੇ ਭਰੇ ਮਨ ਨਾਲ ਦੱਸਿਆ ਕਿ ਜੁਲਾਈ ਮਹੀਨੇ ਉਹਨਾਂ ਨੂੰ ਕੈਂਸਰ ਦੀ ਭਿਆਨਕ ਬਿਮਾਰੀ ਡਾਇਗਨੋਜ਼ ਹੋਈ, ਜੋ ਦੁਰਭਾਗਵੱਸ ਚੌਥੀ ਸਟੇਜ ‘ਤੇ ਪਹੁੰਚ ਚੁੱਕੀ ਸੀ। ਰੀੜ ਦੀ ਹੱਡੀ ਤੋਂ ਸ਼ੁਰੂ ਹੋ ਕੇ ਸਾਰੇ ਸਰੀਰ ਵਿੱਚ ਕੈਂਸਰ ਤੇਜ਼ੀ ਨਾਲ ਫੈਲਿਆ, ਜੋ ਕਿ ਡਾਕਟਰ ਸਾਹਿਬ ਲਈ ਜਾਨ ਲੇਵਾ ਸਾਬਤ ਹੋਇਆ।
ਡਾ. ਮਨਜੀਤ ਸਿੰਘ ਰੰਧਾਵਾ ਦਾ ਜਨਮ ਜ਼ਿਲ੍ਹਾ ਜਲੰਧਰ ਦੇ ਪਿੰਡ ਨੰਗਲ ਫੀਦਾ ਵਿੱਚ ਚਾਰ ਜੂਨ 1955 ਨੂੰ ਨੰਬਰਦਾਰ ਚੰਨਣ ਸਿੰਘ ਰੰਧਾਵਾ ਦੇ ਘਰੇ, ਮਾਤਾ ਗੁਰਮੀਤ ਕੌਰ ਦੀ ਕੁੱਖੋਂ ਹੋਇਆ। ਸੱਤ ਭਰਾਵਾਂ ਅਤੇ ਇੱਕ ਭੈਣ ਵਿੱਚੋਂ ਦੂਜੇ ਥਾਂ ‘ਤੇ ਮਨਜੀਤ ਸਿੰਘ ਸ਼ੁਰੂ ਤੋਂ ਹੀ ਸਿੱਖੀ ਸੋਚ ਨੂੰ ਪਰਨਾਏ ਹੋਏ ਸਨ। ਡਾ. ਮਨਜੀਤ ਸਿੰਘ ਨੇ ਪੰਜਾਬ ਦੀ ਧਰਤੀ ਤੋਂ, ਪਿੰਡ ਪੱਧਰ ਤੋਂ ਮੁਢਲੀ ਵਿਦਿਆ ਲੈਣ ਮਗਰੋਂ, ਉੱਚ ਵਿਦਿਆ ਖਾਲਸਾ ਕਾਲਜ ਡਰੋਲੀ ਕਲਾਂ ਤੋਂ ਪ੍ਰਿੰਸੀਪਲ ਗੁਰਦਿਆਲ ਸਿੰਘ ਫੁੱਲ ਦੀ ਅਗਵਾਈ ਵਿੱਚ ਹਾਸਿਲ ਕੀਤੀ ਅਤੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਤੋਂ ਧਾਰਮਿਕ ਵਿਦਿਆ ਹਾਸਲ ਕੀਤੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪੋਸਟ ਗ੍ਰੈਜੂਏਸ਼ਨ ਕੀਤੀ। ਪੰਥਕ ਸੋਚ ਦੇ ਧਾਰਨੀ ਮਨਜੀਤ ਸਿੰਘ ਰੰਧਾਵਾ ਸ਼੍ਰੋਮਣੀ ਅਕਾਲੀ ਦਲ ਤੇ ਨਿਸ਼ਕਾਮ ਸੇਵਾਦਾਰ ਰਹੇ। ਉਹ ਆਦਮਪੁਰ ਦੇ ਜਨਰਲ ਸਕੱਤਰ ਅਤੇ ਜਲੰਧਰ ਦੇ ਕਨਵੀਨਰ ਵਜੋਂ ਵੀ ਸੇਵਾਵਾਂ ਨਿਭਾਉਂਦੇ ਰਹੇ। ਪ੍ਰੋਫੈਸਰ ਸਾਹਿਬ ਸਿੰਘ ਜੀ ਤੇ ਵਿਚਾਰਾਂ ਤੋਂ ਸੇਧ ਲੈ ਕੇ ਆਪ ਨੇ ਖੋਜੀ ਬਿਰਤੀ ਅਪਣਾਉਂਦਿਆਂ ਅਤੇ ਸਿੱਖ ਸਮਾਜ ਵਿੱਚ ਵਧ ਰਹੇ ਪਖੰਡ ਅਤੇ ਅਡੰਬਰ ਖਿਲਾਫ ਆਵਾਜ਼ ਉਠਾਉਂਦਿਆਂ, ਜ਼ੋਰਦਾਰ ਆਵਾਜ਼ ਬੁਲੰਦ ਕੀਤੀ। ਡਾਕਟਰ ਰੰਧਾਵਾ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਤੇ ਰਾਜਨੀਤਿਕ ਅਤੇ ਧਾਰਮਿਕ ਵਿਚਾਰਾਂ ਤੋਂ ਪ੍ਰਭਾਵਿਤ ਰਹੇ। ਦਰਬਾਰ ਸਾਹਿਬ ਤੇ 1984 ਦੇ ਹਮਲੇ ਤੋਂ ਕੁਝ ਦਿਨ ਪਹਿਲਾਂ ਹੀ ਸੰਤਾਂ ਕੋਲੋਂ ਵਾਪਸ ਪਿੰਡ ਪਰਤੇ ਸਨ। ਇਸ ਹਮਲੇ ਦੇ ਪ੍ਰਭਾਵ ਨੇ ਆਪ ਨੂੰ ਝੰਜੋੜਿਆ ਅਤੇ ਇਸ ਦੇ ਰੋਸ ਵਜੋਂ ਮਨਜੀਤ ਸਿੰਘ ਜੀ ਨੇ ਆਪਣੀਆਂ ਲਿਖਤਾਂ ਰਾਹੀਂ ਵੀ ਇਸ ਦਰਦ ਨੂੰ ਸਮੇਂ ਸਮੇਂ ਬਿਆਨ ਕੀਤਾ। ਮਨਜੀਤ ਸਿੰਘ ਰੰਧਾਵਾ ਸੰਨ 1985 ਵਿੱਚ ਪੰਜਾਬ ਤੋਂ ਇੰਗਲੈਂਡ ਆ ਗਏ ਅਤੇ ਇੱਥੋਂ ਦੇ ਕੁਝ ਪ੍ਰਮੁੱਖ ਗੁਰਦੁਆਰਾ ਅਸਥਾਨਾਂ ‘ਤੇ ਹੈਡ ਗ੍ਰੰਥੀ ਵਜੋਂ, ਪੰਜ ਸਾਲ ਦੇ ਕਰੀਬ ਸੇਵਾਵਾਂ ਨਿਭਾਈਆਂ। ਇਸ ਦੌਰਾਨ ਸਰੀ, ਕੈਨੇਡਾ ਵਿੱਚ ਬੀਬੀ ਜਗਜੀਤ ਕੌਰ ਰੰਧਾਵਾ ਨਾਲ ਆਨੰਦ ਕਾਰਜ ਹੋਣ ਮਗਰੋਂ, ਕੁਝ ਸਮਾਂ ਕੈਨੇਡਾ ਰਹਿ ਕੇ ਫਿਰ ਇੰਗਲੈਂਡ ਚਲੇ ਗਏ। ਖੋਜੀ ਬਿਰਤੀ ਦੇ ਮਾਲਕ ਡਾਕਟਰ ਰੰਧਾਵਾ ਨੇ ਲੰਡਨ ਯੂਨੀਵਰਸਿਟੀ ਤੋਂ ਤੁਲਨਾਤਮਕ ਧਰਮ ਅਧਿਐਨ ਅਤੇ ਸਿੱਧ ਗੋਸ਼ਟੀ ਵਿਸ਼ੇ ‘ਤੇ ਪੀਐਚਡੀ ਦੀ ਡਿਗਰੀ ਹਾਸਿਲ ਕੀਤੀ ਸੀ। ਸੰਨ 2004 ਵਿੱਚ ਡਾਕਟਰ ਮਨਜੀਤ ਸਿੰਘ ਪੱਕੇ ਤੌਰ ‘ਤੇ ਇੰਗਲੈਂਡ ਤੋਂ ਕੈਨੇਡਾ ਆ ਗਏ ਅਤੇ ਅੱਜ ਕੱਲ ਸਰੀ ਵਿਖੇ ਨਿਵਾਸ ਕਰ ਰਹੇ ਸਨ। ਆਪ ਆਪਣੇ ਪਿੱਛੇ 95 ਸਾਲਾ ਮਾਤਾ ਜੀ, ਸੁਪਤਨੀ ਅਤੇ ਦੋ ਪੁੱਤਰਾਂ ਦਾ ਪਰਿਵਾਰ ਛੱਡ ਗਏ ਹਨ।
ਡਾਕਟਰ ਮਨਜੀਤ ਸਿੰਘ ਰੰਧਾਵਾ ਸਾਹਿਤ ਪ੍ਰੇਮੀ ਸਨ ਅਤੇ ਉਹਨਾਂ ਨਾਲ ਰੇਡੀਓ-ਟੀਵੀ ਮਾਧਿਅਮ ਰਾਹੀਂ ਲਗਾਤਾਰ ਸੰਪਰਕ ਬਣਿਆ ਰਹਿੰਦਾ ਸੀ। ਸੰਨ 2009 ਵਿੱਚ ਸ੍ਰੀ ਅਕਾਲ ਤਖਤ ‘ਤੇ ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀ ਕਹਿ ਕੇ ਕੀਤੇ ਗਏ ਅਡੰਬਰ ਖਿਲਾਫ ਉਨ੍ਹਾਂ ਨਾ ਸਿਰਫ ਲਿਖਿਆ, ਬਲਕਿ ਲੋਕਾਂ ਨੂੰ ਲਾਮਬੰਦ ਕਰਦਿਆਂ ਇਸ ਦੀ ਜ਼ੋਰਦਾਰ ਵਿਰੋਧਤਾ ਕੀਤੀ। ਡਾਕਟਰ ਮਨਜੀਤ ਸਿੰਘ ਰੰਧਾਵਾ ਜਿੱਥੇ ਖੋਜੀ ਵਿਦਵਾਨ ਸਨ, ਉੱਥੇ ਇੱਕ ਚੰਗੇ ਕਵੀ ਵੀ ਸਨ। ਉਹਨਾਂ ਦਾ ਕਾਵਿ ਸੰਗ੍ਰਹਿ ‘ਬਿਰਹੋਂ ਦੀ ਰਾਤ’ ਮਿਆਰੀ ਕਵਿਤਾਵਾਂ ਦਾ ਗੁਲਦਸਤਾ ਹੈ। ਪਿਛਲੇ ਡੇਢ ਦਹਾਕੇ ਤੋਂ ਆਪ ਅਕਸਰ ਟੈਲੀਵਿਜ਼ਨ ਅਤੇ ਰੇਡੀਓ ਮਾਧਿਅਮ ਰਾਹੀਂ ਆਪਣੇ ਵਿਚਾਰ ਸਰੋਤਿਆਂ ਤੇ ਦਰਸ਼ਕਾਂ ਨਾਲ ਸਾਂਝੇ ਕਰਦੇ ਰਹਿੰਦੇ ਸਨ। ਪਰਿਵਾਰਕ ਜਾਣਕਾਰੀ ਅਨੁਸਾਰ ਡਾਕਟਰ ਮਨਜੀਤ ਸਿੰਘ ਰੰਧਾਵਾ ਦਾ ਸਸਕਾਰ 16 ਅਕਤੂਬਰ ਦਿਨ ਬੁਧਵਾਰ ਨੂੰ ਰਿਵਰ ਸਾਈਡ ਸ਼ਮਸ਼ਾਨ ਘਾਟ, ਡੈਲਟਾ ਵਿਖੇ ਬਾਅਦ ਦੁਪਹਿਰ 1 ਵਜੇ ਹੋਵੇਗਾ ਅਤੇ ਉਪਰੰਤ ਅਰਦਾਸ ਗੁਰਦੁਆਰਾ ਅੰਮ੍ਰਿਤ ਪ੍ਰਕਾਸ਼, ਸਰੀ ਵਿਖੇ ਹੋਵੇਗੀ।
ਡਾ. ਮਨਜੀਤ ਸਿੰਘ ਰੰਧਾਵਾ ਦਾ ਵਿਛੋੜਾ ਨਾ ਪੂਰਾ ਹੋਣ ਵਾਲਾ ਘਾਟਾ ਹੈ। ਪੰਜਾਬੀ ਸਾਹਿਤ ਸਭਾ ਮੁਢਲੀ, ਐਬਸਫੋਰਡ ਵੱਲੋਂ ਡਾਕਟਰ ਸਾਹਿਬ ਦੇ ਵਿਛੋੜੇ ‘ਤੇ ਡੂੰਘੇ ਹਮਦਰਦੀ ਦਾ ਇਜ਼ਹਾਰ ਕੀਤਾ ਜਾਂਦਾ ਹੈ। ਕੈਨੇਡਾ ਦੀਆਂ ਕਈ ਹੋਰ ਸਾਹਿਤਕ ਸੰਸਥਾਵਾਂ ਅਤੇ ਸਿੱਖ ਜਥੇਬੰਦੀਆਂ ਨੇ ਡਾਕਟਰ ਸਾਹਿਬ ਦੀ ਬੇਵਕਤ ਮੌਤ ‘ਤੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ। ਉਹਨਾਂ ਦਾ ਵਿਛੋੜਾ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਡਾਕਟਰ ਮਨਜੀਤ ਸਿੰਘ ਰੰਧਾਵਾ ਸਦਾ ਹੀ ਸਾਡੇ ਚੇਤਿਆਂ ਵਿੱਚ ਜਿਉਂਦੇ ਰਹਿਣਗੇ।

Check Also

ਛੋਟੇ ਬਿਜਨਸਾਂ ਦੇ ਮਾਲਕਾਂ ਦੀ ਸਹਾਇਤਾ ਲਈ ਫੈਡਰਲ ਸਰਕਾਰ ਨੇ ਕੀਤਾ ਨਵਾਂ ਐਲਾਨ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਦੇ ਛੋਟੇ ਅਤੇ ਮਧਿਅਮ ਵਰਗ ਦੇ ਬਿਜ਼ਨੈਸ ਇਸ ਦੇਸ਼ ਦੀ ਤਰੱਕੀ …