‘ਆਪ’ ਆਗੂ ਆਤਿਸ਼ੀ ਨੇ ਕਿਹਾ : ਦੋ ਨਵੰਬਰ ਨੂੰ ਕੇਜਰੀਵਾਲ ਨੂੰ ਕੀਤਾ ਜਾ ਸਕਦਾ ਹੈ ਗਿ੍ਰਫਤਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਆਬਕਾਰੀ ਘੁਟਾਲਾ ਮਾਮਲੇ ਸਬੰਧੀ 2 ਨਵੰਬਰ ਨੂੰ ਪੁੱਛਗਿੱਛ ਲਈ ਨੋਟਿਸ ਜਾਰੀ ਕੀਤਾ ਹੈ। ਇਸ ਤੋਂ ਬਾਅਦ ਦਿੱਲੀ ’ਚ ਆਮ ਆਦਮੀ ਪਾਰਟੀ ਦੀ ਸਰਕਾਰ ’ਚ ਮੰਤਰੀ ਆਤਿਸ਼ੀ ਨੇ ਦਾਅਵਾ ਕੀਤਾ ਹੈ ਕਿ ਦੋ ਨਵੰਬਰ ਨੂੰ ਈਡੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗਿ੍ਰਫਤਾਰ ਕਰ ਸਕਦੀ ਹੈ। ਉਨ੍ਹਾਂ ਖਦਸ਼ਾ ਜ਼ਾਹਿਰ ਕੀਤਾ ਕਿ ਕੇਜਰੀਵਾਲ ਤੋਂ ਬਾਅਦ ‘ਇੰਡੀਆ’ ਗਠਜੋੜ ਦੇ ਦੂਜੇ ਆਗੂਆਂ ਦੀ ਵੀ ਗਿ੍ਰਫਤਾਰੀ ਹੋ ਸਕਦੀ ਹੈ। ‘ਆਪ’ ਆਗੂ ਆਤਿਸ਼ੀ ਨੇ ਕਿਹਾ ਕਿ ਕੇਜਰੀਵਾਲ ਤੋਂ ਬਾਅਦ ਝਾਰਖੰਡ ਦੇ ਸੀਐਮ ਹੇਮੰਤ ਸੋਰੇਨ, ਬਿਹਾਰ ਦੇ ਡਿਪਟੀ ਸੀਐਮ ਤੇਜਸਵੀ ਯਾਦਵ, ਕੇਰਲ ਦੇ ਸੀਐਮ ਪੀ. ਵਿਜੇਯਨ, ਤਾਮਿਲਨਾਡੂ ਦੇ ਸੀਐਮ ਐਮ.ਕੇ. ਸਟਾਲਿਨ ਅਤੇ ਬੰਗਾਲ ਦੀ ਸੀਐਮ ਮਮਤਾ ਬੈਨਰਜੀ ਨੂੰ ਵੀ ਨੋਟਿਸ ਜਾਰੀ ਹੋ ਸਕਦੇ ਹਨ ਅਤੇ ਉਨ੍ਹਾਂ ਦੀ ਗਿ੍ਰਫਤਾਰੀ ਵੀ ਹੋ ਸਕਦੀ ਹੈ। ਆਤਿਸ਼ੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਰਵਿੰਦ ਕੇਜਰੀਵਾਲ ਕੋਲੋਂ ਡਰ ਲੱਗਦਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਆਗੂਆਂ ਨੂੰ ਝੂਠੇ ਆਰੋਪ ਲਗਾ ਕੇ ਜੇਲ੍ਹਾਂ ਵਿਚ ਭੇਜਿਆ ਜਾ ਰਿਹਾ ਹੈ।