ਮੋਗਾ/ਬਿਊਰੋ ਨਿਊਜ਼ : ਪੰਜਾਬ ਸਰਕਾਰ ਵੱਲੋਂ ਕੌਮਾਂਤਰੀ ਪੱਧਰ ‘ਤੇ ਸੂਬੇ ਦਾ ਨਾਮ ਰੋਸ਼ਨ ਕਰਨ ਵਾਲੇ ਜਿਨ੍ਹਾਂ 11 ਖਿਡਾਰੀਆਂ ਨੂੰ ਡੀਐੱਸਪੀ ਤੇ ਪੀਸੀਐੱਸ ਅਧਿਕਾਰੀ ਲਈ ਨਿਯੁਕਤੀ ਪੱਤਰ ਦਿੱਤੇ ਗਏ ਹਨ, ਉਨ੍ਹਾਂ ਵਿੱਚ ਮੋਗਾ ਨਾਲ ਸਬੰਧਤ ਦੋ ਖਿਡਾਰੀ ਅਥਲੀਟ ਤੇਜਿੰਦਰਪਾਲ ਸਿੰਘ ਤੂਰ ਅਤੇ ਅਰਜੁਨ ਐਵਾਰਡੀ ਕ੍ਰਿਕਟਰ ਹਰਮਨਪ੍ਰੀਤ ਕੌਰ ਵੀ ਸ਼ਾਮਲ ਹਨ। ਇਨ੍ਹਾਂ ਦੋਵੇਂ ਖਿਡਾਰੀਆਂ ਨੂੰ ਡੀਐੱਸਪੀ ਬਣਾਇਆ ਗਿਆ ਹੈ। ਜਕਾਰਤਾ ਵਿੱਚ 18ਵੀਆਂ ਏਸ਼ਿਆਈ ਖੇਡਾਂ ‘ਚ ਗੋਲਾ ਸੁੱਟ ਕੇ ਸੋਨ ਤਗ਼ਮਾ ਜਿੱਤਣ ਵਾਲੇ ਤੇਜਿੰਦਰਪਾਲ ਸਿੰਘ ਤੂਰ ਦਾ ਪੰਜਾਬ ਪੁਲਿਸ ਵਿੱਚ ਆਉਣ ਦਾ ਸੁਫ਼ਨਾ ਸਾਢੇ ਪੰਜ ਸਾਲ ਬਾਅਦ ਪੂਰਾ ਹੋਇਆ ਹੈ, ਜਦਕਿ ਬੱਲੇਬਾਜ਼ ਹਰਮਨਪ੍ਰੀਤ ਕੌਰ ਨੂੰ ਦੁਬਾਰਾ ਪੰਜ ਸਾਲ ਬਾਅਦ ਡੀਐੱਸਪੀ ਦਾ ਸਟਾਰ ਲੱਗੇਗਾ। ਜਾਣਕਾਰੀ ਅਨੁਸਾਰ ਅਥਲੀਟ ਤੇਜਿੰਦਰਪਾਲ ਸਿੰਘ ਤੂਰ ਦਾ ਜਨਮ 13 ਨਵੰਬਰ 1994 ਨੂੰ ਮੋਗਾ ਨੇੜਲੇ ਪਿੰਡ ਖੋਸਾ ਪਾਂਡੋ ਦੇ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ ਸੀ। ਉਸ ਨੇ ਆਪਣੇ ਪਿਤਾ ਕਰਮ ਸਿੰਘ ਦੇ ਜ਼ੋਰ ਦੇਣ ‘ਤੇ ਗੋਲਾ ਸੁੱਟਣਾ ਸ਼ੁਰੂ ਕੀਤਾ ਤੇ ਚਾਚੇ ਨੇ ਉਸ ਨੂੰ ਇਸ ਦੇ ਗੁਰ ਸਿਖਾਏ। ਕਰਮ ਸਿੰਘ ਹੀਰੋ ਵੀ ਰੱਸਾਕਸ਼ੀ ਟੀਮ ਦਾ ਚੋਟੀ ਦਾ ਖਿਡਾਰੀ ਸੀ ਜਿਸ ਦਾ 2018 ਵਿੱਚ ਕੈਂਸਰ ਕਾਰਨ ਦੇਹਾਂਤ ਹੋ ਗਿਆ ਸੀ। ਤੂਰ ਦੇ ਸੋਨ ਤਗ਼ਮਾ ਜਿੱਤਣ ਦੀ ਖੁਸ਼ੀ ਤਾਂ ਪਿਤਾ ਨੇ ਮਨਾਈ ਪਰ ਉਸ ਦੇ ਘਰ ਪਰਤਣ ਤੋਂ ਪਹਿਲਾਂ ਕਰਮ ਸਿੰਘ ਕੈਂਸਰ ਤੋਂ ਜੰਗ ਹਾਰ ਗਿਆ। ਇਸ ਮੌਕੇ ਪਰਿਵਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਭਾਰਤੀ ਨੇਵੀ ‘ਚ ਨੌਕਰੀ ਕਰਦੇ ਤੇਜਿੰਦਰਪਾਲ ਸਿੰਘ ਤੂਰ ਦੀ ਪੰਜਾਬ ਪੁਲਿਸ ‘ਚ ਨੌਕਰੀ ਦੀ ਮੰਗ ਕੀਤੀ ਸੀ। ਇਸੇ ਤਰ੍ਹਾਂ ਮੋਗਾ ਸ਼ਹਿਰ ਦੀ ਵਸਨੀਕ ਅਰਜੁਨ ਐਵਾਰਡੀ ਤੂਫ਼ਾਨੀ ਬੱਲੇਬਾਜ ਹਰਮਨਪ੍ਰੀਤ ਕੌਰ ਨੂੰ ਵੀ ਪੰਜਾਬ ਪੁਲਿਸ ‘ਚ ਡੀਐੱਸਪੀ ਦੀ ਕਰੀਬ ਸਾਢੇ ਪੰਜ ਸਾਲ ਬਾਅਦ ਦੁਬਾਰਾ ਨੌਕਰੀ ਹਾਸਲ ਕਰਨ ਦਾ ਮੌਕਾ ਮਿਲਿਆ ਹੈ। ਮਾਰਚ 2018 ਵਿੱਚ ਸੂਬੇ ਦੇ ਤਤਕਾਲੀ ਡੀਜੀਪੀ ਸੁਰੇਸ਼ ਅਰੋੜਾ ਤੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਮਨਪ੍ਰੀਤ ਨੂੰ ਪੰਜਾਬ ਪੁਲਿਸ ਦੇ ਡੀਐੱਸਪੀ ਦੇ ਸਟਾਰ ਲਗਾਏ ਸਨ ਪਰ ਉਸ ਦੀ ਗ੍ਰੈਜੂਏਸ਼ਨ ਦੀ ਡਿਗਰੀ ‘ਤੇ ਸਵਾਲ ਉੱਠਣ ਕਾਰਨ ਉਹ ਡੀਐੱਸਪੀ ਨਹੀਂ ਬਣ ਸਕੀ ਸੀ। ਹੁਣ ਮੁੜ ਉਸ ਦਾ ਇਹ ਸੁਫ਼ਨਾ ਪੂਰਾ ਕਰਦਿਆਂ ਪੰਜਾਬ ਸਰਕਾਰ ਵੱਲੋਂ ਡੀਐੱਸਪੀ ਵਜੋਂ ਉਸ ਦੀ ਨਿਯੁਕਤੀ ਦਾ ਪੱਤਰ ਦਿੱਤਾ ਗਿਆ ਹੈ। 8 ਮਾਰਚ 1989 ਨੂੰ ਮੋਗਾ ਵਿੱਚ ਪਿਤਾ ਹਰਮੰਦਰ ਸਿੰਘ ਭੁੱਲਰ ਤੇ ਮਾਤਾ ਸਤਵਿੰਦਰ ਕੌਰ ਦੇ ਘਰ ਜਨਮੀ ਹਰਮਨਪ੍ਰੀਤ ਦਸਵੀਂ ਦੀ ਪੜ੍ਹਾਈ ਦੌਰਾਨ ਲੜਕਿਆਂ ਨਾਲ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ ਜੋ ਅੱਜ ਇਸ ਮੁਕਾਮ ‘ਤੇ ਪੁੱਜੀ ਹੈ।
Check Also
ਪੰਜਾਬ ਬੋਰਡ ਦੇ 12ਵੀਂ ਕਲਾਸ ਦੇ ਇਮਤਿਹਾਨ ’ਚ ਆਮ ਆਦਮੀ ਪਾਰਟੀ ਸਬੰਧੀ ਪੁੱਛਿਆ ਗਿਆ ਸਵਾਲ
ਪੰਜਾਬ ਭਾਜਪਾ ਵੱਲੋਂ ਕੀਤਾ ਗਿਆ ਵਿਰੋਧ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ …