ਅੰਮ੍ਰਿਤਸਰ ‘ਚ ਐਸਜੀਪੀਸੀ, ਦਿੱਲੀ ਕਮੇਟੀ ਅਤੇ ਦੁਰਗਿਆਣਾ ਤੀਰਥ ਦੀਆਂ 5 ਸਰਾਵਾਂ ਨੂੰ ਹਰ ਮਹੀਨੇ ਭਰਨੇ ਪੈਣਗੇ 6 ਲੱਖ ਰੁਪਏ
ਅੰਮ੍ਰਿਤਸਰ/ਬਿਊਰੋ ਨਿਊਜ਼ : ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਧਾਰਮਿਕ ਸਥਾਨਾਂ ਨੇੜਲੀਆਂ ਸਰਾਵਾਂ ‘ਤੇ ਲਗਾਏ ਗਏ 12% ਜੀਐਸਟੀ ਦੇ ਦਾਇਰੇ ਵਿਚ ਅੰਮ੍ਰਿਤਸਰ ਦੀਆਂ 5 ਸਰਾਵਾਂ ਆਉਣਗੀਆਂ। ਇਨ੍ਹਾਂ ਵਿਚ ਐਸਜੀਪੀਸੀ ਦੀਆਂ 3, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦੁਰਗਿਆਨਾ ਤੀਰਥ ਕਮੇਟੀ ਦੀ ਇਕ-ਇਕ ਸਰਾਂ ਸ਼ਾਮਲ ਹੈ। ਇਨ੍ਹਾਂ ਦੇ ਪ੍ਰਬੰਧਕਾਂ ਨੂੰ ਹੁਣ ਹਰ ਮਹੀਨੇ ਸਰਕਾਰ ਨੂੰ 5 ਲੱਖ 99 ਹਜ਼ਾਰ 400 ਰੁਪਏ ਟੈਕਸ ਦੇ ਰੂਪ ਵਿਚ ਭਰਨੇ ਪੈਣਗੇ। ਇਸ ਨਾਲ ਇਥੋਂ ਦੇ 300 ਤੋਂ ਜ਼ਿਆਦਾ ਕਮਰਿਆਂ ਵਿਚ ਠਹਿਰਨ ਵਾਲੇ 600 ਤੋਂ ਜ਼ਿਆਦਾ ਸ਼ਰਧਾਲੂਆਂ ‘ਤੇ ਵਾਧੂ ਬੋਝ ਪਵੇਗਾ।
ਇਸ ਤੋਂ ਪਹਿਲਾਂ ਧਾਰਮਿਕ ਸਥਾਨਾਂ ਦੀਆਂ ਸਰਾਵਾਂ ‘ਤੇ ਜੀਐਸਟੀ ਨਹੀਂ ਸੀ, ਪਰ ਹੁਣ ਉਨ੍ਹਾਂ ਸਰਾਵਾਂ ਨੂੰ ਇਸ ਦਾਇਰੇ ਵਿਚ ਲਿਆਂਦਾ ਗਿਆ ਹੈ, ਜੋ ਧਾਰਮਿਕ ਸਥਾਨਾਂ ਤੋਂ ਦੂਰ ਹਨ। ਜ਼ਿਕਰਯੋਗ ਹੈ ਕਿ ਧਾਰਮਿਕ ਸਥਾਨਾਂ ਨਾਲ ਅਟੈਚ ਸਰਾਵਾਂ ਨੂੰ ਇਸ ਜੀਐਸਟੀ ਤੋਂ ਬਾਹਰ ਰੱਖਿਆ ਗਿਆ ਹੈ। ਐਸਜੀਪੀਸੀ ਦੀਆਂ ਸਰਾਵਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੀਆਂ 8 ਸਰਾਵਾਂ ਵਿਚੋਂ ਤਿੰਨ ਧਾਰਮਿਕ ਸਥਾਨ ਤੋਂ ਦੂਰ ਹਨ। ਇਸ ਨੂੰ ਲੈ ਕੇ ਰਾਜਨੀਤੀ ਵੀ ਸ਼ੁਰੂ ਹੋ ਗਈ ਹੈ। ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਇਸ ਨੂੰ ਜਜੀਆ ਦੱਸਿਆ ਹੈ ਅਤੇ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਇਸ ਨੂੰ ਅਫਸਰਾਂ ਦੀ ਗਲਤੀ ਕਰਾਰ ਦਿੱਤਾ।
ਐਸਜੀਪੀਸੀ ਦੀਆਂ 3 ਸਰਾਵਾਂ ਤੋਂ 13,488 ਰੁਪਏ ਆਏਗਾ ਜੀਐਸਟੀ :
ਅੰਮ੍ਰਿਤਸਰ ‘ਚ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਸਾਹਮਣੇ ਬਾਬਾ ਦੀਪ ਸਿੰਘ ਸਰਾਂ, ਮਾਈ ਭਾਗੋ ਸਰਾਂ, ਤਹਿਸੀਲ ਪੁਰਾ ਅਤੇ ਗੁਰੂ ਗੋਬਿੰਦ ਸਿੰਘ ਐਨ. ਆਰ.ਆਈ. ਸਰਾਂ ਹਾਥੀਖਾਨਾ ਦੇ ਕੋਲ ਹੈ। ਬਾਬਾ ਦੀਪ ਸਿੰਘ ਸਰਾਂ ਵਿਚ 128 ਕਮਰੇ ਹਨ ਅਤੇ ਪ੍ਰਤੀ ਦਿਨ ਇਕ ਕਮਰੇ ਦਾ ਕਿਰਾਇਆ 500 ਰੁਪਏ ਹੈ। ਇਸ ਤਰ੍ਹਾਂ ਇਕ ਦਿਨ ਦਾ ਜੀਐਸਟੀ 7680 ਰੁਪਏ ਬਣੇਗਾ। ਮਾਈ ਭਾਗੋ ਸਰਾਂ ਵਿਚ 40 ਕਮਰੇ ਹਨ ਅਤੇ ਪ੍ਰਤੀ ਦਿਨ ਇਕ ਕਮਰੇ ਦਾ ਕਿਰਾਇਆ 300 ਰੁਪਏ ਹੈ। ਇਸ ਤਰ੍ਹਾਂ ਇਕ ਦਿਨ ਦਾ ਜੀਐਸਟੀ 1440 ਰੁਪਏ ਬਣੇਗਾ। ਐਨਆਰਆਈ ਸਰਾਂ ਵਿਚ 52 ਕਮਰੇ ਹਨ ਅਤੇ ਇਕ ਕਮਰੇ ਦਾ ਇਕ ਦਿਨ ਦਾ ਕਿਰਾਇਆ 700 ਰੁਪਏ ਹੈ, ਇਸ ਤਰ੍ਹਾਂ ਰੋਜ਼ ਦਾ ਜੀਐਸਟੀ 4368 ਰੁਪਏ ਹੈ। ਇਕ ਦਿਨ ਵਿਚ ਜੀਐਸਟੀ ਕੁਲੈਕਸ਼ਨ 13,488 ਰੁਪਏ ਹੋਵੇਗਾ।
ਦਿੱਲੀ ਕਮੇਟੀ ਦੀ ਸਰਾਂ : ਡੀਐਸਜੀਐਮਸੀ ਦੀ ਸ਼ਾਸ਼ਤਰੀ ਨਗਰ ਇਲਾਕੇ ਵਿਚ ਗੁਰੂ ਤੇਗ ਬਹਾਦਰ ਸਰਾਂ ਹੈ। ਇਸ ਵਿਚ 12 ਕਮਰੇ 800, 22 ਕਮਰੇ 300 ਅਤੇ 31 ਕਮਰੇ 500 ਰੁਪਏ ਪ੍ਰਤੀ ਦਿਨ ਕਿਰਾਏ ਵਾਲੇ ਹਨ। ਹੁਣ ਰੋਜ਼ 3804 ਰੁਪਏ ਜੀਐਸਟੀ ਦੇਣਾ ਹੋਵੇਗਾ।
ਦੁਰਗਿਆਨਾ ਤੀਰਥ ਦੀ ਸਰਾਂ : ਹਿੰਦੂਆਂ ਦੇ ਤੀਰਥ ਸਥਾਨ ਸ੍ਰੀ ਦੁਰਗਿਆਣਾ ਤੀਰਥ ਕਮੇਟੀ ਦੀ ਇਕ ਸਰਾਂ ਮੰਦਰ ਦੇ ਗਲਿਆਰੇ ਨਾਲ ਲੱਗਦੀ ਹੈ ਅਤੇ ਦੂਜੀ ਰੇਲਵੇ ਸਟੇਸ਼ਨ ਕੋਲ ਹੈ। ਇੱਥੇ 800 ਰੁਪਏ ਵਾਲੇ 28 ਕਮਰਿਆਂ ਦਾ ਰੋਜ਼ ਦਾ 2688 ਰੁਪਏ ਜੀਐਸਟੀ ਦੇਣਾ ਹੋਵੇਗਾ।
ਪੰਜ ਸਰਾਵਾਂ ਤੋਂ ਇਕ ਦਿਨ ਦਾ ਜੀਐਸਟੀ
ਇਨ੍ਹਾਂ ਪੰਜ ਸਰਾਵਾਂ ਤੋਂ ਇਕ ਦਿਨ ਦਾ ਜੀਐਸਟੀ 19,980 ਰੁਪਏ ਬਣੇਗਾ। ਯਾਨੀ ਕਿ ਇਕ ਮਹੀਨੇ ਵਿਚ ਇਨ੍ਹਾਂ ਨੂੰ 5,99,400 ਰੁਪਏ ਸਰਕਾਰ ਨੂੰ ਦੇਣੇ ਹੋਣਗੇ ਅਤੇ ਜ਼ਾਹਰ ਹੈ ਕਿ ਇਸਦਾ ਬੋਝ ਸੰਗਤ ‘ਤੇ ਹੀ ਪਵੇਗਾ।
ਧਾਰਮਿਕ ਸਥਾਨ ਸਭ ਦੇ ਸਾਂਝੇ ਹੁੰਦੇ ਹਨ, ਫੈਸਲੇ ਨੂੰ ਵਾਪਸ ਲਵੇ ਕੇਂਦਰ ਸਰਕਾਰ : ਭਗਵੰਤ ਮਾਨ
ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਨੇੜੇ ਦੀਆਂ ਸਰਾਵਾਂ ‘ਤੇ ਕੇਂਦਰ ਸਰਕਾਰ ਦਾ 12% ਜੀਐਸਟੀ ਦਾ ਫੈਸਲਾ ਨਿੰਦਣਯੋਗ ਹੈ। ਧਾਰਮਿਕ ਸਥਾਨ ਸਾਰਿਆਂ ਦੇ ਸਾਂਝੇ ਹੁੰਦੇ ਹਨ। ਇਹ ਟੈਕਸ ਸੰਗਤਾਂ ਦੀ ਸ਼ਰਧਾ ‘ਤੇ ਲਗਾਇਆ ਗਿਆ ਹੈ। ਕੇਂਦਰ ਸਰਕਾਰ ਦਾ ਇਹ ਤਰਕਹੀਣ ਫੈਸਲਾ ਹੈ ਅਤੇ ਇਸ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਹੈ।
ਫੈਸਲਾ ਜਲਦ ਵਾਪਸ ਲਿਆ ਜਾਵੇਗਾ : ਹਰਜੀਤ ਗਰੇਵਾਲ
ਭਾਜਪਾ ਦੇ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਕਿਸੇ ਅਧਿਕਾਰੀ ਦੀ ਗਲਤੀ ਹੈ। ਇਸ ਨੂੰ ਜਲਦ ਵਾਪਸ ਲਿਆ ਜਾਏਗਾ। ਅਸੀਂ ਇਸਦੀ ਮਾਫੀ ਚਾਹੁੰਦੇ ਹਾਂ। ਜਲਦ ਇਸ ਨੂੰ ਵਾਪਸ ਲਿਆ ਜਾਵੇਗਾ।
ਟੈਕਸ ਲਗਾਉਣਾ ਮੰਦਭਾਗਾ ਫੈਸਲਾ : ਬੀਬੀ ਜਗੀਰ ਕੌਰ
ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰ ਰੋਜ਼ ਲੱਖਾਂ ਸ਼ਰਧਾਲੂ ਆਉਂਦੇ ਹਨ ਅਤੇ ਸਰਾਵਾਂ ਵਿਚ ਰੁਕਦੇ ਹਨ। ਸੰਗਤ ‘ਤੇ ਜੀਐਸਟੀ ਦਾ ਬੋਝ ਪਾਉਣਾ ਮੰਦਭਾਗਾ ਫੈਸਲਾ ਹੈ।