Breaking News
Home / ਹਫ਼ਤਾਵਾਰੀ ਫੇਰੀ / ਕੈਨੇਡਾ ਵਿਚ ਮੱਧਕਾਲੀ ਚੋਣਾਂ ਦਾ ਖਤਰਾ ਟਲਿਆ

ਕੈਨੇਡਾ ਵਿਚ ਮੱਧਕਾਲੀ ਚੋਣਾਂ ਦਾ ਖਤਰਾ ਟਲਿਆ

ਟਰੂਡੋ ਸਰਕਾਰ ਨੇ ਜਿੱਤਿਆ ਭਰੋਸੇ ਦਾ ਵੋਟ
ਓਟਵਾ/ਬਿਊਰੋ ਨਿਊਜ਼ : ਜਸਟਿਨ ਟਰੂਡੋ ਸਰਕਾਰ ਨੇ ਹਾਊਸ ਆਫ਼ ਕਾਮਨਜ ਵਿਚ ਭਰੋਸੇ ਦਾ ਵੋਟ ਹਾਸਲ ਕਰ ਲਿਆ ਹੈ ਅਤੇ ਨਾਲ ਹੀ ਕੈਨੇਡਾ ‘ਚ ਹੋਣ ਵਾਲੀਆਂ ਮੱਧਕਾਲੀ ਚੋਣਾਂ ਦਾ ਖਤਰਾ ਟਲ ਗਿਆ ਹੈ। ਟਰੂਡੋ ਨੇ ਕੰਸਰਵੇਟਿਵਾਂ ਵੱਲੋਂ ਲਿਆਂਦੇ ਮਤੇ ਨੂੰ ਭਰੋਸੇ ਦੇ ਵੋਟ ਦੇ ਬਰਾਬਰ ਦਰਜਾ ਦਿੱਤਾ ਸੀ, ਜਿਸ ਤੋਂ ਭਾਵ ਸੀ ਕਿ ਜੇ ਕਾਮਨਜ਼ ਵਿੱਚ ਇਹ ਮਤਾ ਪਾਸ ਹੋ ਜਾਂਦਾ ਤਾਂ ਇਸ ਨਾਲ ਚੋਣਾਂ ਹੋ ਸਕਦੀਆਂ ਸਨ। ਜ਼ਿਕਰਯੋਗ ਹੈ ਕਿ ਕੰਸਰਵੇਟਿਵਾਂ ਦਾ ਮੰਨਣਾ ਹੈ ਕਿ ਲਿਬਰਲ ਸਰਕਾਰ ਵੱਲੋਂ ਮਹਾਂਮਾਰੀ ਨਾਲ ਸਬੰਧਤ ਫੰਡ ਆਪਣੇ ਦੋਸਤਾਂ ਦੀ ਝੋਲੀ ਪਾਏ ਗਏ ਹਨ ਤੇ ਇਸ ਸਬੰਧ ਵਿੱਚ ਉਹ ਵੁਈ ਚੈਰਿਟੀ ਮਾਮਲੇ ਦੇ ਨਾਲ ਨਾਲ ਹੋਰਨਾਂ ਮਾਮਲਿਆਂ ਵਿੱਚ ਵੀ ਜਾਂਚ ਵਾਸਤੇ ਹਾਊਸ ਆਫ ਕਾਮਨਜ਼ ਦੀ ਕਮੇਟੀ ਕਾਇਮ ਕਰਨੀ ਚਾਹੁੰਦੇ ਸਨ। ਇਸ ਸਾਰੇ ਘਟਨਾਕ੍ਰਮ ਦੌਰਾਨ ਐਨਡੀਪੀ ਤੇ ਗ੍ਰੀਨ ਪਾਰਟੀ ਦੇ ਐਮਪੀਜ਼ ਵੱਲੋਂ ਲਿਬਰਲਾਂ ਦਾ ਸਾਥ ਦੇਣ ਦਾ ਫੈਸਲਾ ਕੀਤਾ ਗਿਆ ਤੇ ਕਥਿਤ ਲਿਬਰਲ ਭ੍ਰਿਸ਼ਟਾਚਾਰ ਦੀ ਜਾਂਚ ਲਈ ਨਵੀਂ ਕਮੇਟੀ ਕਾਇਮ ਕਰਨ ਦੇ ਮਤੇ ਨੂੰ ਪਾਸ ਨਹੀਂ ਹੋਣ ਦਿੱਤਾ ਗਿਆ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਐਨਡੀਪੀ ਆਗੂ ਜਗਮੀਤ ਸਿੰਘ ਨੇ ਇਹ ਆਖਿਆ ਸੀ ਕਿ ਉਨ੍ਹਾਂ ਦੀ ਪਾਰਟੀ ਕੋਵਿਡ-19 ਮਹਾਂਮਾਰੀ ਦੌਰਾਨ ਕੈਨੇਡੀਅਨਾਂ ਨੂੰ ਚੋਣਾਂ ਵਿੱਚ ਧੱਕਣ ਲਈ ਟਰੂਡੋ ਨੂੰ ਕੋਈ ਮੌਕਾ ਨਹੀਂ ਦੇਵੇਗੀ। ਉਨ੍ਹਾਂ ਆਖਿਆ ਕਿ ਅਸੀਂ ਕੈਨੇਡੀਅਨਾਂ ਲਈ ਤੇ ਚੋਣਾਂ ਦੇ ਖਿਲਾਫ ਵੋਟ ਕਰ ਰਹੇ ਹਾਂ। ਨਤੀਜੇ ਆਉਣ ਤੋਂ ਕੁੱਝ ਦੇਰ ਬਾਅਦਕੰਜ਼ਰਵੇਟਿਵ ਆਗੂ ਐਰਿਨ ਓਟੂਲ ਨੇ ਬਿਆਨ ਜਾਰੀ ਕਰਕੇ ਟਰੂਡੋ ਦੀ ਅਗਵਾਈ ਵਾਲੇ ਲਿਬਰਲਾਂ ਦੀ ਆਲੋਚਨਾ ਕੀਤੀ। ਉਨ੍ਹਾਂ ਆਖਿਆ ਕਿ ਮਹਾਂਮਾਰੀ ਦੇ ਸਬੰਧ ਵਿੱਚ ਟਰੂਡੋ ਸਰਕਾਰ ਦੀ ਮੱਠੀ ਤੇ ਭੰਬਲਭੂਸੇ ਵਾਲੀ ਪ੍ਰਤੀਕਿਰਿਆ ਕਾਰਨ ਕਈ ਕੈਨੇਡੀਅਨ ਪਿੱਛੇ ਰਹਿ ਗਏ ਹਨ ਤੇ ਪ੍ਰਧਾਨ ਮੰਤਰੀ ਹਰ ਕੀਮਤ ਉੱਤੇ ਜਵਾਬਦੇਹੀ ਤੋਂ ਬਚਣਾ ਚਾਹੁੰਦੇ ਹਨ। ਪਰ ਕੈਨੇਡਾ ਦੇ ਕੰਜ਼ਰਵੇਟਿਵ ਉਹ ਕੰਮ ਕਰਨਾ ਜਾਰੀ ਰੱਖਣਗੇ ਜਿਹੜਾ ਕਰਨ ਲਈ ਸਾਡੀ ਚੋਣ ਕੀਤੀ ਗਈ ਹੈ। ਅਸੀਂ ਜਸਟਿਨ ਟਰੂਡੋ ਤੇ ਉਨ੍ਹਾਂ ਦੀ ਸਰਕਾਰ ਦੀ ਜਵਾਬਦੇਹੀ ਯਕੀਨੀ ਬਣਾਵਾਂਗੇ।

Check Also

ਇਕੋ ਦਿਨ ਜਲੰਧਰ ‘ਚੋਂ ਉਡ ਗਈਆਂ ‘ਆਪ’ ਦੀਆਂ ਦੋ ਤਿਤਲੀਆਂ

ਚੰਦ ਦਿਨਾਂ ‘ਚ ਚੁਣੇ ਹੋਏ ਤਿੰਨ ਸੰਸਦ ਮੈਂਬਰਾਂ ਨੇ ਦਲ ਬਦਲ ਕੇ ਭਾਜਪਾ ‘ਚ ਕੀਤੀ …