Breaking News
Home / ਮੁੱਖ ਲੇਖ / ਵਿਸ਼ਵ ਦੇ ਵੱਖ-ਵੱਖ ਵਿਦਵਾਨਾਂ ਦੀ ਨਜ਼ਰ ‘ਚ ਸ੍ਰੀ ਗੁਰੂ ਨਾਨਕ ਦੇਵ ਜੀ

ਵਿਸ਼ਵ ਦੇ ਵੱਖ-ਵੱਖ ਵਿਦਵਾਨਾਂ ਦੀ ਨਜ਼ਰ ‘ਚ ਸ੍ਰੀ ਗੁਰੂ ਨਾਨਕ ਦੇਵ ਜੀ

ਹਿੰਦ ਕੋ ਇਕ ਮਰਦ-ਏ-ਕਾਮਿਲ ਨੇ ਜਗਾਯਾ ਖ਼ਾਬ ਸੇ
ਤਲਵਿੰਦਰ ਸਿੰਘ ਬੁੱਟਰ
ਜਗਤ ਗੁਰੂ, ਮਾਨਵਤਾ ਦੇ ਥੰਮ, ਧਰਮ ਦੇ ਧੁਜਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪ ਹੀ ਆਪਣੇ ਸਮੇਂ ਬਾਰੇ ਲਿਖਿਆ ਹੈ, ”ਹਉ ਭਾਲਿ ਵਿਕੁੰਨੀ ਹੋਈ॥ ਆਧੇਰੈ ਰਾਹੁ ਨ ਕੋਈ॥” ਭਾਵ; ਸਭ ਪਾਸੇ ਹਨੇਰਾ ਹੀ ਹਨੇਰਾ ਛਾਇਆ ਹੋਇਆ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਦੇ ਸਮੇਂ ਦੀਆਂ ਤਿੰਨ ਸਦੀਆਂ ਨੂੰ ‘ਕਾਲੀਆਂ ਸਦੀਆਂ’ ਆਖਿਆ ਜਾ ਸਕਦਾ ਹੈ। ਡਾਕਟਰ ਲਤੀਫ਼ ਲਿਖਦਾ ਹੈ, ”ਉਸ ਵੇਲੇ ਛਲ, ਫ਼ਰੇਬ, ਠੱਗੀ, ਠੋਰੀ ਤੇ ਚਾਲਾਕੀ ਦਾ ਹੀ ਸਾਰੇ ਹਿੰਦੁਸਤਾਨ ਵਿਚ ਬੋਲ-ਬਾਲਾ ਸੀ। ਹਿੰਦੁਸਤਾਨ ਦੀ ਹਰ ਨੁੱਕਰੇ ਬੇਚੈਨੀ ਤੇ ਘਬਰਾਹਟ ਸੀ। ਸਾਰੇ ਹਿੰਦੁਸਤਾਨ ਵਿਚ ਕੇਵਲ ਪਾਪ, ਜ਼ੁਲਮ, ਐਸ਼-ਇਸ਼ਰਤ ਤੋਂ ਸਿਵਾ ਕੁਝ ਹੋਰ ਦਿਖਾਈ ਨਹੀਂ ਦਿੰਦਾ ਸੀ।” ਲੋਕਾਂ ਦੀ ਧਾਰਮਿਕ ਦਸ਼ਾ ਵੀ ਤਰਸਯੋਗ ਸੀ। ਧਾਰਮਿਕ ਸ਼੍ਰੇਣੀਆਂ ਆਪਸ ਵਿਚ ਹੀ ਖਹਿ-ਖਹਿ ਕੇ ਮਰ ਰਹੀਆਂ ਸਨ। ਆਮ ਜਨਤਾ ਧਰਮ ਦੇ ਨਾਂਅ ‘ਤੇ ਸ਼ੋਸ਼ਣ ਦਾ ਸ਼ਿਕਾਰ ਹੋ ਰਹੀ ਸੀ। ਸਮਾਜਿਕ ਤੌਰ ‘ਤੇ ਲੋਕਾਈ ਜਾਤ-ਵਰਣ ਦੀ ਵੰਡ ‘ਚ ਬੁਰੀ ਤਰ੍ਹਾਂ ਧਸੀ ਹੋਈ ਸੀ। ਮਾਨਵਤਾ ਖੇਰੂੰ-ਖੇਰੂੰ ਹੋ ਰਹੀ ਸੀ। ਭਾਈ ਗੁਰਦਾਸ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਲੀ-ਕਾਲ ਵਿਖੇ ਅਵਤਾਰ ਧਾਰਨ ਬਾਰੇ ਇਉਂ ਬਿਆਨਦੇ ਹਨ:
”ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।
ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ।
ਸਿੰਘ ਬੁਕੇ ਮਿਰਗਾਵਲੀ ਭੰਨੀ ਜਾਇ ਨ ਧੀਰਿ ਧਰੋਆ।
ਜਿਥੇ ਬਾਬਾ ਪੈਰ ਧਰਿ ਪੂਜਾ ਆਸਣੁ ਥਾਪਣਿ ਸੋਆ।”
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਸ੍ਰੀ ਮੁਖਵਾਕ ਅਤੇ ਭੱਟਾਂ ਦੇ ਸਵੱਈਆਂ ਵਿਚ ਸਭ ਤੋਂ ਪਹਿਲਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਵਾਹਿਗੁਰੂ ਦੇ ਦਰ ‘ਤੇ ਪਰਵਾਨ ਹੋਇਆ ‘ਭਗਤ’ ਦੱਸਿਆ ਗਿਆ ਹੈ, ਫੇਰ ‘ਸਤਿਗੁਰੂ’ ਕਹਿ ਕੇ ਵਡਿਆਇਆ ਗਿਆ ਹੈ ਅਤੇ ਅਖੀਰ ਵਿਚ ”ਆਪਿ ਨਾਰਾਇਣੁ” ਹੀ ਦੱਸਿਆ ਗਿਆ ਹੈ। ‘ਸਤੇ ਬਲਵੰਡ ਦੀ ਵਾਰ’ ‘ਚ ਬਲਵੰਡ ਜੀ ਕਹਿੰਦੇ ਹਨ, ”ਉਹ ਵਿਚਾਰਾ ਕੌਣ ਹੈ, ਜੋ ਗੁਰੂ ਨਾਨਕ ਜੀ ਦੇ ਗੁਣ ਆਖ ਤੋਲ ਸਕੇ, ਕਿਉਂਕਿ ਉਨ੍ਹਾਂ ਦਾ ਨਾਮਣਾ ਕਾਦਰ ਨੇ ਆਪੂੰ ਉੱਚਾ ਕੀਤਾ ਹੈ।” ਭਾਈ ਨੰਦ ਲਾਲ ਜੀ ‘ਗੰਜਨਾਮਾ’ ਵਿਚ ਲਿਖਦੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਦਾ ਇਹ ਕਹਿੰਦੇ ਸਨ ਕਿ ਮੈਂ ਤੇਰਾ ਬੰਦਾ ਹਾਂ, ਤੇਰਾ ਗ਼ੁਲਾਮ ਹਾਂ। ਉਹ ਸਿਮਰਨ ਦਾ ਰਾਹ ਇਸ ਜਹਾਨ ਨੂੰ ਵਿਖਾਉਣ ਆਏ ਸਨ ਤੇ ਸਭਨਾਂ ਦਾ ਮੂੰਹ ਵਾਹਿਗੁਰੂ ਦੇ ਧਿਆਨ ਵੱਲ ਭਵਾਉਣ।
ਅੰਤਰਮੁਖੀ, ਨਾਮ-ਰਸੀਏ ਤੇ ਅਨੁਭਵੀ ਸਿੱਖ ਦਾਰਸ਼ਨਿਕ ਭਾਈ ਸਾਹਿਬ ਰਣਧੀਰ ਸਿੰਘ ਲਿਖਦੇ ਹਨ, ”ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਿਮਰ ਅਗਿਆਨ (ਭਰਮ ਅੰਧੇਰ) ਦੇ ਹੜ੍ਹ ਵਿੱਚ ਰੁੜ੍ਹੇ ਜਾ ਰਹੇ ਸੰਸਾਰ ਨੂੰ ਉਬਾਰਨ ਲਈ ਕਲੀਕਾਲ ਅੰਦਰ ਆ ਕੇ ਅਵਤਾਰ ਧਾਰਿਆ।” ਪ੍ਰੋ. ਪੂਰਨ ਸਿੰਘ ਦੇ ਸ਼ਬਦਾਂ ‘ਚ, ”ਉਹ ਇਲਾਹੀ ਗੀਤ ਵਾਂਗ ਅਰਸ਼ਾਂ ਤੋਂ ਉਤਰੇ। ਉਨ੍ਹਾਂ ਨੇ ਇਸ ਧਰਤੀ ਦੀ ਪੌਣ ਛੋਹ ਨੂੰ ਅਨੁਭਵ ਕਰਦਿਆਂ ਤੇ ਨੀਲੇ ਗਗਨਾਂ ਦੀ ਅਥਾਹ ਨੂੰ ਤੱਕਦਿਆਂ ਹੀ, ਆਪਣਾ ਮਹਾਨ ਸੰਗੀਤ ਅਲਾਪਣਾ ਆਰੰਭ ਕਰ ਦਿੱਤਾ।” ਚਹਾਰ ਗੁਲਸ਼ਨ ਦਾ ਲਿਖਾਰੀ ਗਣੇਸ਼ ਦਾਸ ਵਡ੍ਹੇਰਾ ਲਿਖਦਾ ਹੈ ਕਿ ਉਨ੍ਹਾਂ (ਸ੍ਰੀ ਗੁਰੂ ਨਾਨਕ ਦੇਵ ਜੀ) ਦੇ ਕਮਾਲਾਂ ਦਾ ਬਿਆਨ ਬੋਲਣ ਤੇ ਲਿਖਣ ਤੋਂ ਬਾਹਰ ਹੈ।
”ਬਿਆਨੇ ਕਮਾਲਾਤਸ਼ ਅਜ਼ ਤਕਰੀਰ ਓ ਤਹਿਰੀਰ ਮੁਸਤਗਨੀ।”
ਪ੍ਰਿੰਸੀਪਲ ਸਤਿਬੀਰ ਸਿੰਘ ਅਨੁਸਾਰ, ”ਗੁਰੂ ਨਾਨਕ ਦੇਵ ਜੀ ਦੀ ਜੀਵਨ ਕਥਾ ਪੜ੍ਹ ਕੇ ਇਕ ਸੁਆਲ ਸੁਭਾਵਕ ਉੱਠਦਾ ਹੈ ਕਿ ਉਹ ਕਿਹੋ ਜਿਹੀ ਸ਼ਖ਼ਸੀਅਤ ਹੋਵੇਗੀ, ਜੋ ਦੁਨੀ ਚੰਦ ਨੂੰ ਦੀਨ, ਲਾਲੋ ਨੂੰ ਲਾਲੀ, ਭਾਗੋ ਦੇ ਉੱਚੇ ਭਾਗ, ਠੱਗ ਨੂੰ ਸੱਜਣ, ਹੰਕਾਰੀ ਨੂੰ ਵਲੀ, ਮਾਣਸ ਖਾਣਿਆਂ ਨੂੰ ਮਨੁੱਖ ਅਤੇ ਨੂਰੀ ਨੂੰ ਨੂਰ ਦੇ ਗਈ।” ਜਿਵੇਂਕਿ ਭਾਈ ਗੁਰਦਾਸ ਜੀ ਵੀ ਬਿਆਨਦੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰੱਬੀ ਸ਼ਖ਼ਸੀਅਤ ਦੀ ਡੂੰਘੀ ਛਾਪ ਹਰ ਮਨ ‘ਤੇ ਲੱਗ ਜਾਂਦੀ ਸੀ। ਇਸੇ ਤਰ੍ਹਾਂ ਦੁਨੀਆ ਦੇ ਜਿਸ ਵੀ ਦੇਸ਼, ਜਾਤ, ਧਰਮ, ਵਰਣ ਤੇ ਨਸਲ ਦੇ ਵਿਦਵਾਨ, ਇਤਿਹਾਸਕਾਰ ਅਤੇ ਦਾਰਸ਼ਨਿਕ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੀਵਨ-ਦਰਸ਼ਨ ਪੜ੍ਹਿਆ, ਉਨ੍ਹਾਂ ਦੀ ਸ਼ੋਭਾ ਸੁਣੀ ਤੇ ਉਨ੍ਹਾਂ ਦੀ ਪਵਿੱਤਰ ਰੱਬੀ ਬਾਣੀ ਪੜ੍ਹੀ, ਉਹ ਦੀਰਘ-ਮੁਤਾਸਿਰ ਹੋਏ ਬਗੈਰ ਨਹੀਂ ਰਿਹਾ। ‘ਤਵਾਰੀਖ਼-ਏ-ਪੰਜਾਬ’ ਦੇ ਲੇਖਕ ਬੂਟੇ ਸ਼ਾਹ ਨੇ ਇਸੇ ਸਿਲਸਿਲੇ ‘ਚ ਇਕ ਟੂਕ ਦਿੱਤੀ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਬਚਨ ਅਤੇ ਪਾਵਨ ਸ਼ਖ਼ਸੀਅਤ ਲੋਕਾਂ ਨੂੰ ਆਪਣੇ ਵੱਲ ਖਿੱਚ ਲੈਂਦੀ ਸੀ। ਲੋਕ ਉਨ੍ਹਾਂ ਦੇ ਚਰਨ ਪਰਸਨ ਲਈ ਉਮੱਡ ਪੈਂਦੇ ਸਨ। ਉਨ੍ਹਾਂ ਦੀ ਸੰਗਤ ਦਾ ਸ਼ੌਂਕ ਲੋਕਾਂ ਵਿਚ ਉਬਾਲੇ ਖਾਣ ਲੱਗਾ। ਮੁਨਸ਼ੀ ਸੋਹਨ ਲਾਲ ‘ਉਮਦਾਤੁਲ-ਤਵਾਰੀਖ਼’ ਵਿਚ ਕਹਿੰਦਾ ਹੈ ਕਿ ਉਹ ਇਕ ਮਹਾਨ ਸ਼ਖ਼ਸੀਅਤ ਸਨ। ਆਪ ਜੀ ਦਾ ਦੀਦਾਰ ਮਾਤਰ ਕਰਕੇ ਹੀ ਲੋਕਾਂ ਦੀਆਂ ਅੱਖਾਂ ਵਿਚ ਨੂਰ ਛਾ ਜਾਂਦਾ ਸੀ। ਬਾਦਸ਼ਾਹ ਫ਼ਰੁਖ਼ਸੀਅਰ ਦਾ ਮੁਨਸ਼ੀ ਮੌਲਵੀ ਗ਼ੁਲਾਮ ਅਲੀ ਲਿਖਦਾ ਹੈ, ”ਗੁਰੂ ਜੀ ਪਾਸ ਇਲਮ ਤੇ ਹੁਨਰ ਜਿਤਨਾ ਨੱਬੀਆਂ ਪਾਸ ਹੁੰਦਾ ਹੈ, ਪੂਰਾ ਪੂਰਾ ਸੀ, ਉਨ੍ਹਾਂ ਤੋਂ ਵੱਧ ਇਲਮ ਹੋਰ ਕਿਸੇ ਪਾਸ ਨਹੀਂ।” ਮੌਲਵੀ ਅਬਦੁਲ ਕਰੀਮ ‘ਤਾਰੀਖ਼-ਏ-ਪੰਜਾਬ’ ਵਿਚ ਲਿਖਦਾ ਹੈ, ”ਗੁਰੂ ਨਾਨਕ ਦੀ ਨਜ਼ਰ ਵਿਚ ਹਿੰਦੂ ਤੇ ਮੁਸਲਮਾਨ ਇਕੋ ਜਿਹੇ ਸਨ।”
ਨੋਬਲ ਇਨਾਮ ਜੇਤੂ ਤੇ ਸੰਸਾਰ ਪ੍ਰਸਿੱਧ ਸਾਹਿਤਕਾਰਾ ‘ਮਿਸ ਪਰਲ ਬੱਕ’ ਲਿਖਦੀ ਹੈ, ”ਪੰਜਾਬ ਵਿਚ ਗੁਰੂ ਨਾਨਕ ਨੇ ਦਸ ਜਾਮਿਆਂ ਰਾਹੀਂ ਸਖ਼ਤ ਮਿਹਨਤ ਨਾਲ ਬਹਾਦਰ ਤੇ ਸਵੈਮਾਣਤਾ ਵਾਲੀ ਕੌਮ ਦੀ ਸਿਰਜਣਾ ਕੀਤੀ ਅਤੇ ਮਨੁੱਖਾਂ ਤੇ ਇਸਤਰੀਆਂ ਨੂੰ ਇਹ ਦੱਸਿਆ ਕਿ ਰੱਬ ਨੂੰ ਇਕ ਯਾਰੜੇ ਵਾਂਗ ਕਿਵੇਂ ਪਿਆਰ ਕਰਨਾ ਹੈ। ਕਿਵੇਂ ਉੱਚੇ ਉੱਠਣਾ ਹੈ, ਸਵੈਮਾਣ ਕਾਇਮ ਕਰਨਾ ਹੈ।”
‘ਗੁਰੂ ਦੇ ਉਪਦੇਸ਼’ ਸਿਰਲੇਖ ਹੇਠ ਡਾਰਥੀ-ਫੀਲਡ ਲਿਖਦੀ ਹੈ ਕਿ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਹਿੰਦੂਆਂ ਦੀਆਂ ਤਿੰਨਾਂ ਥੰਮ੍ਹੀਆਂ; ਪ੍ਰੋਹਤਵਾਦ, ਵਰਣ-ਆਸ਼ਰਮ ਤੇ ਵੇਦ ‘ਤੇ ਕਰਾਰੀਆਂ ਚੋਟਾਂ ਹਨ। ਗੁਰੂ ਗ੍ਰੰਥ ਸਾਹਿਬ ਦਾ ਪਾਠ ਕੀਤਿਆਂ ਇਹ ਪ੍ਰਗਟ ਹੋ ਜਾਂਦਾ ਹੈ ਕਿ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਇਕ ਸੁਧਰਿਆ ਹੋਇਆ ਫ਼ਿਰਕਾ ਨਹੀਂ ਸਮਝਣਾ ਚਾਹੀਦਾ, ਸਗੋਂ ਇਸ ਨੂੰ ਇਕ ਨਵਾਂ, ਨਿਆਰਾ ਵਿਸ਼ਵ-ਧਰਮ ਮਿੱਥਣਾ ਚਾਹੀਦਾ ਹੈ।” ਗਾਰਡਨ ਨੇ ‘ਦ ਸਿੱਖਸ’ ਵਿਚ ਲਿਖਿਆ ਹੈ ਕਿ ਉਹ ਸੰਸਾਰ ਤੋਂ ਨਾ ਭੱਜੇ, ਸਗੋਂ ਗ੍ਰਹਿਸਥੀ ਰਹਿ ਕੇ ਨਾਲ ਹੀ ਧਾਰਮਿਕ ਆਗੂ ਦੇ ਤੌਰ ‘ਤੇ ਲਾਗਲੇ ਮੇਲਿਆਂ ‘ਤੇ ਜਾ ਕੇ ‘ਘਰਿ ਬੈਠਿਆ ਸਹੁ ਪਾਇਆ” ਦਾ ਆਦਰਸ਼ ਦ੍ਰਿੜ੍ਹਾਉਂਦੇ ਰਹੇ। ਸੀ.ਐੱਚ. ਪੇਨ ਲਿਖਦਾ ਹੈ ਕਿ ਗੁਰੂ ਨਾਨਕ ਨੇ ਸਿਖਾਇਆ ਕਿ ਸੰਸਾਰ ਵਿਚ ਚੰਗੀ ਤਰ੍ਹਾਂ ਰਹਿਣਾ ਕਿਵੇਂ ਹੈ। ਉਨ੍ਹਾਂ ਨੇ ਮੁਸਲਮਾਨਾਂ, ਹਿੰਦੂਆਂ, ਕਿਸਾਨਾਂ, ਦੁਕਾਨਦਾਰਾਂ, ਸਿਪਾਹੀਆਂ, ਗ੍ਰਹਿਸਥੀਆਂ ਨੂੰ ਆਪਣੇ ਕੰਮ-ਕਾਰ ਕਰਦਿਆਂ ਕਾਮਯਾਬੀ ਪ੍ਰਾਪਤ ਕਰਨ ਦਾ ਰਸਤਾ ਦਿਖਾਇਆ। ਗੁਰੂ ਨਾਨਕ ਫ਼ੋਕੀਆਂ ਫ਼ਿਲਾਸਫ਼ੀਆਂ, ਰਸਮਾਂ, ਰਿਵਾਜ਼ਾਂ, ਜਾਤਾਂ ਤੋਂ ਉੱਚਾ ਉਠੇ ਤੇ ਲੋਕਾਂ ਨੂੰ ਉਠਾਇਆ।” ਸੀ.ਏ. ਕਿਨਕੇਡ ਨੇ ‘ਟੀਚਰਜ਼ ਆਫ਼ ਇੰਡੀਆ’ ਵਿਚ ਲਿਖਿਆ ਹੈ ਕਿ ਨਾਨਕ ਸ਼ਾਹ ਨੇ ਆਪਣੇ ਨਾਮ ਲੇਵਿਆਂ ਨੂੰ ‘ਨਿਰਭਉ’ ਬਣਾ ਕੇ ਬੰਧਨਾਂ ਤੋਂ ਆਜ਼ਾਦ ਕੀਤਾ।
ਡੰਕਨ ਗ੍ਰੀਨਲਿਜ਼ ‘ਦ ਗੌਸਪਲ ਆਫ਼ ਗੁਰੂ ਗ੍ਰੰਥ ਸਾਹਿਬ’ ਵਿਚ ਲਿਖਦਾ ਹੈ, ”ਅਸੀਂ ਗੁਰੂ ਨਾਨਕ ਸਾਹਿਬ ਦੇ ਦੇਣਦਾਰ ਹਾਂ, ਜਿਨ੍ਹਾਂ ਨੇ ਲੋਕਾਂ ਨੂੰ ਦੱਸਿਆ ਕਿ ਸਿੱਖ ਧਰਮ ਇਕ ਸੁਚੱਜੀ ਜੀਵਨ-ਜਾਚ ਹੈ ਅਤੇ ਆਦਰਸ਼ਕ ਭਾਈਚਾਰੇ ਦਾ ਨਾਂਅ ਹੈ, ਜਿਸ ‘ਤੇ ਪ੍ਰਭੂ ਭਗਤੀ ਦੀ ਸੱਚੀ ਸਦੀਵੀ ਪਾਨ ਚੜ੍ਹੀ ਹੋਈ ਹੈ।” ਕਨਿੰਘਮ ਆਪਣੀ ਪੁਸਤਕ ‘ਏ ਹਿਸਟਰੀ ਆਫ਼ ਦ ਸਿੱਖਜ਼’ ਵਿਚ ਲਿਖਦਾ ਹੈ, ”ਗੁਰੂ ਨਾਨਕ ਨੇ ਆਪਣੇ ਸਿੱਖਾਂ ਨੂੰ ਉਨ੍ਹਾਂ ਗਲਤੀਆਂ ਤੋਂ ਬਚਾਅ ਲਿਆ, ਜਿਨ੍ਹਾਂ ਦਾ ਭਾਰਤਵਾਸੀ ਸਦੀਆਂ ਤੋਂ ਸ਼ਿਕਾਰ ਹੁੰਦੇ ਆ ਰਹੇ ਹਨ।”
ਅਰਨੈਸਟ ਰ੍ਹਾਈਸ ਅਨੁਸਾਰ, ”ਗੁਰੂ ਨਾਨਕ, ਅਜਿਹਾ ਅਗਿਆਤ ਵਿਅਕਤੀ ਹੈ, ਜੋ ਪ੍ਰਿਥਵੀ ਉੱਤੇ ਭੇਸ ਵਟਾ ਕੇ ਭਰਮਨ ਕਰ ਰਿਹਾ ਹੈ, ਜੋ ਖਾਲੀ ਘਰ, (ਮਹਿਲ) ਭਾਵ ਆਪਣੇ ਸਿੱਖ ਦੇ ਹਿਰਦੇ ਵਿਚ ਨਿਵਾਸ ਕਰ ਲੈਂਦਾ ਹੈ। ਜਿਸ ਰਾਹੀਂ ਉਹ ਹੋਰਾਂ ਮਨੁੱਖਾਂ ਨੂੰ ਆਪਣਾ ਰਹੱਸ ਪ੍ਰਗਟ ਕਰ ਦਿੰਦਾ ਹੈ।”
ਡਾ. ਰਾਧਾ ਕ੍ਰਿਸ਼ਨਨ ਅਨੁਸਾਰ, ”ਗੁਰੂ ਨਾਨਕ ਨੇ ਇਕ ਅਜਿਹੀ ਕੌਮ ਬਣਾਉਣ ਦਾ ਯਤਨ ਕੀਤਾ, ਜਿਸ ਵਿਚਲੇ ਮਰਦ-ਇਸਤਰੀਆਂ ਵਿਚ ਸਵੈਮਾਣ ਤੇ ਅਣਖ ਹੋਵੇ, ਪਰਮਾਤਮਾ ਤੇ ਉਸ ਦੇ ਭਗਤਾਂ ਲਈ ਸ਼ਰਧਾ ਹੋਵੇ ਅਤੇ ਉਨ੍ਹਾਂ ਵਿਚ ਸਾਂਝੀਵਾਲਤਾ ਤੇ ਭਰਾਤਰੀ ਭਾਵਨਾ ਹੋਵੇ।” ਡਾ. ਗੋਕਲ ਚੰਦ ਨਾਰੰਗ ਨੇ ਬਹੁਤ ਖੂਬ ਲਿਖਿਆ ਹੈ,”ਖ਼ਾਲਸਾ ਪੰਥ ਉਸ ਉੱਨਤੀ ਦਾ ਨਤੀਜਾ ਸੀ, ਜੋ ਮੁੱਢ ਤੋਂ ਹੁੰਦੀ ਆਈ ਸੀ। ਜਿਸ ਫ਼ਸਲ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਫ਼ਲ ਦਿੱਤਾ, ਉਸ ਦੀ ਬਿਜਾਈ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ। ਜਿਸ ਤੇਗ ਨੇ ਖ਼ਾਲਸੇ ਦੀ ਸ਼ਾਨ ਫ਼ੈਲਾਈ ਸੀ, ਇਹ ਠੀਕ ਹੈ ਕਿ ਉਸ ਨੂੰ ਤਿਆਰ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਸੀ, ਪਰ ਫ਼ੌਲਾਦ ਗੁਰੂ ਨਾਨਕ ਦੇਵ ਜੀ ਕਮਾ ਕੇ ਦੇ ਗਏ ਸਨ।” ਸਵਾਮੀ ਵਿਵੇਕਾਨੰਦ ਆਪਣੀਆਂ ਭਾਵਨਾਵਾਂ ਦਾ ਇਸ ਤਰ੍ਹਾਂ ਇਜ਼ਹਾਰ ਕਰਦੇ ਹਨ, ” ਜਦ ਵਾਹਿਗੁਰੂ ਨੇ ਲੋਕਾਈ ਵੱਲ ਨੀਝ ਲਗਾ ਕੇ ਦੇਖਿਆ ਤਾਂ ਪ੍ਰਭੂ ਦੀਆਂ ਅੱਖਾਂ ਵਿਚੋਂ ਇਕ ਹੰਝੂ ਧਰਤੀ ‘ਤੇ ਡਿੱਗਾ। ਉਹ ਹੰਝੂ ਹੀ ਗੁਰੂ ਨਾਨਕ ਦਾ ਰੂਪ ਧਾਰ ਕੇ ਸੰਸਾਰ ‘ਤੇ ਵਿਚਰਿਆ। ਗੁਰੂ ਨਾਨਕ ਤਰਸ ਰੂਪ ਹੈ।”
ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਹੀ ਸਹੀ ਸੱਚੇ ਰੂਪ ਵਿਚ ਲੋਕਾਈ ਦੇ ਮੁਕਤੀ-ਦਾਤੇ ਮੰਨਿਆ ਜਾ ਸਕਦਾ ਹੈ। ਗੁਰੂ ਸਾਹਿਬ ਨੇ ਮਨੁੱਖਤਾ ਨੂੰ ਆਤਮਿਕ ਤੇ ਦੁਨਿਆਵੀ ਬੰਧਨਾਂ ਤੋਂ ਮੁਕਤੀ ਦਾ ਸਭ ਤੋਂ ਸਰਲ, ਸਮਾਨ ਅਤੇ ਸੰਮਲਿਤ ਰਸਤਾ ਦਿਖਾਇਆ। ਇਸ ਸੱਚਾਈ ਨੂੰ ਪ੍ਰਸਿੱਧ ਉਰਦੂ ਸ਼ਾਇਰ ਇਕਬਾਲ ਨੇ ਆਪਣੇ ਅੰਦਾਜ਼ ਵਿਚ ਬਿਆਨ ਕੀਤਾ ਹੈ:
ਫਿਰ ਉਠੀ ਆਖਿਰ ਸਦਾਅ, ਤੌਹੀਦ ਕੀ ਪੰਜਾਬ ਸੇ।
ਹਿੰਦ ਕੋ ਇਕ ਮਰਦ-ਏ-ਕਾਮਿਲ ਨੇ ਜਗਾਯਾ ਖ਼ਾਬ ਸੇ।

Check Also

ਭਾਰਤ ‘ਚ ਆਮਦਨ ਨਾ-ਬਰਾਬਰੀ ਵਿਕਾਸ ਦੇ ਰਾਹ ਦਾ ਰੋੜਾ

ਜਿੰਨਾ ਚਿਰ ਭਾਰਤ ਵਿਚ ਆਮਦਨ ਨਾ-ਬਰਾਬਰੀ ਰਹੇਗੀ, ਓਨਾ ਚਿਰ ਲਗਾਤਾਰ ਚੱਲਣ ਵਾਲਾ ਵਿਕਾਸ ਨਹੀਂ ਹੋ …