Breaking News
Home / ਰੈਗੂਲਰ ਕਾਲਮ / ਗੁਰੂ ਨਾਨਕ ਦੇਵ ਜੀ ਦੀ ਜੀਵਨ ਸ਼ੈਲੀ ਤੇ ਮੌਜੂਦਾ ਸਿੱਖ

ਗੁਰੂ ਨਾਨਕ ਦੇਵ ਜੀ ਦੀ ਜੀਵਨ ਸ਼ੈਲੀ ਤੇ ਮੌਜੂਦਾ ਸਿੱਖ

ਡਾ. ਗੁਰਬਖ਼ਸ਼ ਸਿੰਘ ਭੰਡਾਲ
ਗੁਰੂ ਨਾਨਕ ਦੇਵ ਜੀ ਦੁਨੀਆ ਦੇ ਹਰ ਮਨੁੱਖ ਲਈ ਹਰ ਦੌਰ ਵਿਚ ਸੰਪੂਰਨ ਰੋਲ ਮਾਡਲ ਹਨ। ਸੰਸਾਰਕ, ਅਧਿਆਤਮਿਕ, ਪਰਿਵਾਰਕ ਅਤੇ ਸਮਾਜਿਕ ਪੱਧਰ ‘ਤੇ ਇਕ ਅਜਿਹੀ ਮਨੁੱਖੀ ਸ਼ਖਸ਼ੀਅਤ ਦਾ ਬਿੰਬ ਜੋ ਰੌਸ਼ਨ ਚਿਰਾਗ ਬਣ ਕੇ ਹਰ ਵਕਤ ਦੀ ਦਹਿਲੀਜ਼ ਨੂੰ ਰੁਸ਼ਨਾ ਰਹੀ ਏ ਅਤੇ ਹਨ੍ਹੇਰੇ ਦੇ ਹਾਮੀ ਭਰਦੇ ਮਨੁੱਖਾਂ ਨੂੰ ਚਾਨਣ ਦੀ ਦੱਸ ਪਾਉਂਦੀ ਏ। ਧਾਰਮਿਕ ਫ਼ਲਸਫ਼ੇ ਦੇ ਮੋਢੀ, ਪ੍ਰਤੀਬੱਧ ਪਤੀ, ਕਾਮਯਾਬ ਕਰਮਵੇਤਾ ਅਤੇ ਸਫ਼ਲ ਕਿਰਸਾਨ। ਵੱਖ-ਵੱਖ ਰਹਿਤਲਾਂ, ਬੋਲੀਆਂ ਅਤੇ ਖੇਤਰਾਂ ਦੇ ਲੋਕਾਂ ਨੂੰ ਆਪਣੇ ਉਪਦੇਸ਼ਾਂ ਨਾਲ ਮੰਤਰ-ਮੁਗਧ ਕਰਨ ਵਾਲੇ ਨਾਨਕ ਦੇ ਵਾਰਸਾਂ ਨੇ ਆਪਣੇ ਨਾਨਕ ਨੂੰ ਭੁਲਾ ਲਿਆ ਏ। ਅਸੀਂ ਕੂੜ-ਕਸੱਤ ਦੇ ਵਿਉਪਾਰੀ ਬਣਕੇ, ਹਾਊਮੈਂ ਅਤੇ ਲਾਲਚ ਦੇ ਚਿੱਕੜ ਵਿਚ ਖੁੱਭ ਕੇ ਆਪਣੇ ਸਾਹਾਂ ਦੀ ਅਰਥੀ ਢੋਣ ਜੋਗੇ ਰਹਿ ਗਏ ਜਦ ਕਿ ਦੁਨੀਆਂ ਦੇ ਵੱਖ-ਵੱਖ ਖੇਤਰਾਂ ਦੇ ਵਿਦਵਾਨ ਉਹਨਾਂ ਨੂੰ ਅਜੋਕੇ ਸਮੇਂ ਦਾ ਸਭ ਤੋਂ ਵੱਡਾ ਮਾਰਗ-ਦਰਸ਼ਕ ਅਤੇ ਸਮਿਆਂ ਦੀ ਹਾਣੀ ਸੋਚ ਦਾ ਪੈਗੰਬਰ ਕਹਿੰਦੇ ਨੇ। ਉਹਨਾਂ ਦੀਆਂ ਲਿਖਤਾਂ ਦੇ ਸਦਕੇ ਜਾਂਦੇ, ਉਹਨਾਂ ਦੇ ਦਰਸਾਏ ਮਾਰਗ ਦੇ ਪਾਂਧੀ ਬਣਨ ਦੀ ਚੇਸ਼ਟਾ ਮਨ ਵਿਚ ਪਾਲ ਰਹੇ ਨੇ।
ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਬਾਨੀ, ਮਾਨਵੀ ਸੋਚ ਦੇ ਸਿਰਜਕ, ਸਿੱਖ ਫਿਲਾਸਫ਼ੀ ਦੀ ਰਹਿਤਲ ਸਨ ਅਤੇ ਉਹਨਾਂ ਨੇ ਆਪਣੀ ਵਿਚਾਰਧਾਰਾ ਨੂੰ ਆਮ ਲੋਕਾਂ ਤੀਕ ਪਹੁੰਚਾਣ ਲਈ ਚਾਰ ਉਦਾਸੀਆਂ ਰਾਹੀਂ ਦੁਨੀਆਂ ਦਾ ਭਰਮਣ ਕੀਤਾ। ਅੰਦਾਜ਼ਨ 25 ਹਜਾਰ ਮੀਲ ਦਾ ਸਫ਼ਰ ਕਰਨ ਵਾਲੇ ਗੁਰੂ ਜੀ ਪ੍ਰਚਾਰਕ, ਸਮਾਜ-ਸੁਧਾਰਕ ਅਤੇ ਤਰਕਸ਼ੀਲ ਸੋਚ ਦੇ ਪੈਗੰਬਰ ਦੇ ਰੂਪ ਵਿਚ ਪਾਕਿ ਵਿਚਾਰਧਾਰਾ ਨੂੰ ਆਪਣੇ ਵਿਰੋਧੀਆਂ ਤੱਕ ਪਹੁੰਚਾਉਣ ਵਿਚ ਸਭ ਤੋਂ ਜ਼ਿਆਦਾ ਨਿਪੁੰਨ ਤੇ ਸਾਜ਼ਗਾਰ ਸਿੱਧ ਹੋਏ।
ਗੁਰੂ ਨਾਨਕ ਦੇਵ ਜੀ ਦਾ ਸਮੁੱਚਾ ਜੀਵਨ, ਉਹਨਾਂ ਦੀਆਂ ਸਿਖਿਆਵਾਂ ਦਾ ਪਾਕ-ਦਰਪਣ ਏ। ਉਹਨਾਂ ਦੇ ਜੀਵਨ ਵਿਚੋਂ ਹੀ ਅਸੀਂ ਉਹਨਾਂ ਦੇ ਪ੍ਰਵਚਨਾਂ ਨੂੰ ਪੜ੍ਹ, ਸੁਣ ਅਤੇ ਆਪਣੇ ਜੀਵਨ ਵਿਚ ਢਾਲ ਕੇ ਜੀਵਨ ਨੂੰ ਨਿਵੇਕਲੀਆਂ ਅਤੇ ਉਚਤਮ ਤਰਜ਼ੀਹਾਂ ਵੰਨੀਂ ਸੇਧਤ ਕਰ ਸਕਦੇ ਹਾਂ। ਉਹਨਾਂ ਦੀ ਸਮੁੱਚੀ ਬਾਣੀ ਸਮਾਜਿਕ ਸਰੋਕਾਰਾਂ ਨਾਲ ਸੰਵਾਦ ਰਚਾਉਂਦੀ, ਹਰ ਪਾਠਕ, ਸ਼ਰਧਾਲੂ ਜਾਂ ਸੇਵਕ ਦੇ ਮਨ ਵਿਚ ਉਚੀ-ਸੁੱਚੀ ਜੀਵਨ-ਸ਼ੈਲੀ ਦਾ ਬਿੰਬ ਉਸਾਰਦੀ ਹੈ। ਇਸ ਬਿੰਬ ਵਿਚੋਂ ਹੀ ਅਸੀਂ ਖੁਦ ਨੂੰ ਨਿਹਾਰ, ਖੁਦ ਵਿਚੋਂ ਖੁਦ ਦੀ ਜਾਮਾ-ਤਲਾਸ਼ੀ ਕਰਦੇ, ਆਪੇ ਨੂੰ ਪਰਖ ਅਤੇ ਪੜਚੋਲ ਸਕਦੇ ਹਾਂ ਕਿ ਅਸੀਂ ਕਿੰਨੇ ਕੁ ਗੁਰੂ ਜੀ ਦੇ ਸੱਚੇ ਸ਼ਰਧਾਲੂ ਹਾਂ? ਅਸੀਂ ਜੀਵਨ ਸਿੱਖੀ ਸਿਖਿਆਵਾਂ ਅਨੁਸਾਰ ਕਿਵੇਂ ਆਪੇ ਨੂੰ ਢਾਲਿਆ ਏ? ਕੀ ਅਸੀਂ ਸਿੱਖ-ਸੋਚ ਅਤੇ ਬਾਣੀ ਵਿਚਲੀ ਸੇਧ ਅਨੁਸਾਰ ਆਪਣਾ ਨਿੱਤਾਪ੍ਰਤੀ ਦਾ ਜੀਵਨ ਜਿਉਂਦੇ ਹਾਂ? ਕੀ ਅਸੀਂ ਸਿੱਖ ਅਖਵਾਉਣ ਦੇ ਹੱਕਦਾਰ ਹਾਂ? ਕੀ ਅਸੀਂ ਸਿੱਖੀ ਦਾ ਲਿਬਾਸ ਪਹਿਨਣ ਤੀਕ ਹੀ ਸੀਮਤ ਹੋ ਗਏ ਹਾਂ? ਅਸਾਡੇ ਕਰਮ ਤੇ ਧਰਮ ਵਿਚ ਕਿੱਡਾ ਕੁ ਪਾੜਾ ਏ? ਕੀ ਇਸਦੀ ਪੂਰਨਤਾ ਵੱਲ ਕਦੇ ਕੋਈ ਕਦਮ ਉਠਾਇਆ ਏ ਜਾਂ ਕਦੇ ਇਸ ਬਾਰੇ ਸਾਡੇ ਮਨ ਵਿਚ ਕੋਈ ਸੋਚ ਵੀ ਪੈਦਾ ਹੋਈ ਏ? ਬਹੁਤ ਵੱਡੇ ਸਵਾਲ ਨੇ ਅਜੋਕੇ ਸਿੱਖ ਦੇ ਸਨਮੁੱਖ। ਜਦ ਅਸੀਂ ਗੁਰੂ ਜੀ ਦੇ 550ਵੇਂ ਜਨਮ ਦਿਨ ਨੂੰ ਸੰਸਾਰਕ ਪੱਧਰ ‘ਤੇ ਮਨਾਉਣ ਦਾ ਉਦਮ ਕਰ ਰਹੇ ਹਾਂ ਤਾਂ ਇਸ ਬਾਰੇ ਸੋਚਣਾ ਹੋਰ ਵੀ ਅਹਿਮ ਤੇ ਮਹੱਤਵਪੂਰਨ ਹੈ। ਕੀ ਧਾਰਮਿਕ ਅਦਾਰਿਆਂ ਦੀ ਅਹਿਮੀਅਤ ਗਵਾਚ ਗਈ ਹੈ? ਕੀ ਧਾਰਮਿਕ ਪਾਖੰਡਵਾਦ ਅਤੇ ਨਿੱਜ-ਪ੍ਰਸਤੀ ਹਾਵੀ ਹੋ ਗਈ ਏ ਜਿਸਦਾ ਗੁਰੂ ਜੀ ਨੇ ਖੰਡਨ ਕੀਤਾ ਸੀ? ਕੀ ਧਾਰਮਿਕ ਆਗੂਆਂ ਦਾ ਜੀਵਨ ਸਿੱਖੀ ਸਿਧਾਂਤਾਂ ਅਨੁਸਾਰ ਏ? ਕੀ ਅਜੋਕੇ ਧਾਰਮਿਕ ਰਹਿਨੁਮਾ ਪਲੀਤ ਹੋਏ ਬਿੰਬ ਨੂੰ ਪਾਕ ਕਰਨ ਲਈ ਤੱਤਪਰ ਨੇ? ਬਹੁਤ ਸਾਰੇ ਪ੍ਰਸ਼ਨ ਚੇਤਨ ਮਨ ਵਿਚ ਉਠਦੇ ਨੇ ਅਤੇ ਉਹ ਇਹਨਾਂ ਦੇ ਸਹੀ ਜਵਾਬ ਦੀ ਤਲਾਸ਼ ਵਿਚ ਏ।
ਸਿੱਖ ਧਰਮ, ਇਕ ਸੁਰਖ-ਸੋਚ, ਕਿਰਤੀ-ਵਿਚਾਰਧਾਰਾ, ਜੀਵਨ-ਸ਼ੈਲੀ, ਤਰਕਸ਼ੀਲਤਾ ਤੇ ਵਿਗਿਆਨਕ ਸੋਚ ਦਾ ਉਭਾਰ ਹੈ। ਕੁਦਰਤ ਦੇ ਹਰ ਪਹਿਲੂ ਨੂੰ ਪਾਰਦਰਸ਼ੀ ਅਤੇ ਸੁਚੱਜੇ ਢੰਗ ਨਾਲ ਪਰਿਭਾਸ਼ਤ ਅਤੇ ਵਿਸਥਾਰਨ ਦਾ ਸੁਚਾਰੂ ਉਦਮ ਏ। ਪਰ ਅਸੀਂ ਇਸਨੂੰ ਸਮਝਣ ਅਤੇ ਖੁਦ ‘ਤੇ ਲਾਗੂ ਕਰਨ ਤੋਂ ਅਵੇਸਲੇ ਹੋ ਗਏ ਹਾਂ।
ਗੁਰੂ ਨਾਨਕ ਦੇਵ ਜੀ ਦੀ ਸੋਚ ਨੂੰ ਪ੍ਰਚਾਰਨ ਅਤੇ ਇਸਦੇ ਬਹੁਮੁੱਖੀ ਪਾਸਾਰਾਂ ਨੂੰ ਦੁਨੀਆਂ ਦੇ ਹਰ ਵਰਗ ਤੀਕ ਪਹੁੰਚਾਉਣ ਦੇ ਬਜਾਏ ਅਸੀਂ ਇਸਨੂੰ ਮਿਥਿਹਾਸਕ ਅਤੇ ਤਰਕਹੀਣ ਤੱਥਾਂ ਵੱਲ ਸੇਧਤ ਕਰ, ਇਸਨੂੰ ਸੰਗੋੜਨ ਦੇ ਰਾਹ ਤੁੱਰ ਪਏ ਹਾਂ ਜਦ ਕਿ ਇਸਨੂੰ ਵਿਸਥਾਰਨ ਦੀ ਲੋੜ ਹੈ ਕਿਉਂਕਿ ਸਿੱਖੀ ਦੀ ਸ਼ਬਦ-ਵਿਚਾਰਧਾਰਾ ਅਜੋਕੇ ਸਮਿਆਂ ਵਿਚ ਸਭ ਤੋਂ ਵੱਧ ਲੋੜੀਂਦੀ ਅਤੇ ਮੌਜੂਦਾ ਪ੍ਰਸਥਿੱਤੀਆਂ ਵਿਚ ਗਵਾਚ ਰਹੀ ਮਨੁੱਖਤਾ ਲਈ ਅਤਿ ਜ਼ਰੂਰੀ ਏ। ਇਹ ਤਾਂ ਇਕ ਮਾਰਗ ਦਰਸ਼ਨਾ ਏ ਜਿਸਨੇ ਕੁਰਾਹੇ ਪਏ ਸਮਾਜ ਨੂੰ ਸੇਧ ਦੇ ਕੇ ਸੁਚਾਰੂ ਉਪਰਾਲਿਆਂ ਵੰਨੀਂ ਤੋਰਨਾ ਏ।
ਗੁਰੁ ਨਾਨਕ ਦੇਵ ਜੀ ਦੇ ਸਮੁੱਚੇ ਜੀਵਨ ‘ਤੇ ਝਾਤ ਮਾਰਿਆਂ ਅਤੇ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ਨੂੰ ਬਾਰੀਕ-ਬੀਨੀ ਨਾਲ ਦੇਖਿਆਂ, ਸਾਨੂੰ ਇਹ ਸਪੱਸ਼ਟ ਹੋ ਜਾਵੇਗਾ ਕਿ ਉਹਨਾਂ ਦਾ ਜੀਵਨ ਇਕ ਉਤਮ ਪੁਰਖ ਦਾ ਜੀਵਨ ਸੀ। ਬਾਪ ਵਲੋਂ ਵਪਾਰ ਲਈ ਮਿਲੇ ਪੈਸਿਆਂ ਨਾਲ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਕੇ ਲੰਗਰ-ਪ੍ਰਥਾ ਦਾ ਮੁੱਢ ਬੰਨਣ ਵਾਲੇ ਬਾਬੇ ਨਾਨਕ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਉਸਦੇ ਸ਼ਰਧਾਲੂ ਲੰਗਰ ਪ੍ਰਥਾ ਨੂੰ ਇੰਨਾ ਗੰਧਲਾ ਕਰ ਦੇਣਗੇ ਕਿ ਲੰਗਰ ਦੇ ਨਾਮ ‘ਤੇ ਭੋਜਨ ਦੀ ਦੁਰਗਤੀ ਹੋਵੇਗੀ। ਕਈ ਕਿਸਮਾਂ ਦੇ ਭੋਜਨ ਲੰਗਰ ਦੇ ਨਾਮ ‘ਤੇ ਪਰੋਸੇ ਜਾਣਗੇ ਅਤੇ ਰੱਜਿਆਂ ਨੂੰ ਰਜਾਉਣ ਲਈ ਹੀ ਥਾਂ ਥਾਂ ‘ਤੇ ਲੰਗਰ ਲਾਏ ਜਾਣਗੇ। ਸੜਕਾਂ ‘ਤੇ ਰੋਕਾਂ ਲਾ ਕੇ, ਆਮ ਲੋਕਾਂ ਦੀ ਜੀਵਨ-ਰਫ਼ਤਾਰ ਨੂੰ ਉਲਝਾਇਆ ਜਾਵੇਗਾ। ਪਲਾਸਟਿਕ ਦੇ ਪਲੇਟਾਂ, ਕੱਪਾਂ ਅਤੇ ਭੋਜਨ ਦੀ ਰਹਿੰਦ-ਖੂੰਹਦ ਕਈ ਕਈ ਦਿਨਾਂ ਤੀਕ ਸੜਿਹਾਂਦ ਪੈਦਾ ਕਰਦੀ, ਅਜਿਹਾ ਪ੍ਰਦੂਸ਼ਣ ਪੈਦਾ ਕਰੇਗੀ ਜੋ ਕਈ ਸਾਲਾਂ ਤੀਕ ਧਰਤੀ ਅਤੇ ਵਾਤਾਵਰਣ ਨੂੰ ਪਲੀਤ ਕਰਦਾ ਰਹੇਗਾ। ਕੀ ਅਸੀਂ ਲੰਗਰ ਨੂੰ ਲੰਗਰ ਰਹਿਣ ਦਿਤਾ ਏ? ਸਿਹਤ ਨਾਲ ਖਲਵਾੜ ਕਰਦੇ ਲੰਗਰ ਦੇ ਰੂਪ ਵਿਚ ਪਰੋਸੇ ਜਾ ਰਹੇ ਵੱਖ ਵੱਖ ਪ੍ਰਕਾਰ ਦੇ ਖਾਣੇ, ਕੀ ਨਾਨਕ-ਸੋਚ ਨੂੰ ਪ੍ਰਗਟ ਕਰਦੇ ਨੇ? ਅਸੀਂ ਇਸ ਨਾਲ ਕੀ ਸਿੱਧ ਕਰਨਾ ਚਾਹੁੰਦੇ ਹਾਂ? ਲੰਗਰ ਪ੍ਰਥਾ ਨੂੰ ਢਾਹ ਲਾਉਣ ਦੇ ਰਾਹ ਕਿਉਂ ਪਏ ਹਾਂ? ਭੋਜਨ ਦੀ ਹੋ ਰਹੀ ਬਰਬਾਦੀ ਨੂੰ ਰੋਕਣ ਲਈ ਧਾਰਮਿਕ ਆਗੂ ਕਿਉਂ ਅਵੇਸਲੇ ਨੇ? ਥਾਂ ਥਾਂ ‘ਤੇ ਲੱਗ ਰਹੇ ਲੰਗਰਾਂ ਵਿਚੋਂ ਕਿਹੜਾ ਸਿੱਖੀ ਪਿਆਰ ਦਿਖਾ ਰਹੇ ਹਾਂ? ਦੁਨੀਆਂ ਵਿਚ ਬਹੁਤ ਲੋਕ ਭੁੱਖੇ ਅਤੇ ਲੋੜਵੰਦ ਨੇ ਜਿਹਨਾਂ ਦੀਆਂ ਲੋੜਾਂ ਨੂੰ ਲੰਗਰ ਦੇ ਬੇਲੋੜਾ ਖਰਚੇ ਨਾਲ ਪੂਰਾ ਕੀਤਾ ਜਾ ਸਕਦਾ ਏ। ਅਸੀਂ ਉਸ ਰਾਹ ਕਿਉਂ ਨਹੀਂ ਤੁਰਦੇ? ‘ਖਾਲਸਾ ਏਡ’ ਵਰਗੀਆਂ ਸੰਸਥਾਵਾਂ ਬਹੁਤ ਸੁਚਾਰੂ ਕੰਮ ਕਰ ਰਹੀਆਂ ਨੇ। ਵਿਦੇਸ਼ਾਂ ਵਿਚਲੇ ਬਹੁਤ ਸਾਰੇ ਗੁਰਦੁਆਰਿਆਂ ਵਿਚ ਲੰਗਰ ਨੂੰ ਅਸੀਂ ਇਕ ਹੋਟਲ-ਨੁਮਾ ਖਾਣਾ ਬਣਾ ਦਿਤਾ ਅਤੇ ਜ਼ਿਆਦਾਤਰ ਲੋਕ ਉਥੇ ਪੰਜ-ਸਿਤਾਰਾ ਖਾਣਾ ਖਾਣ ਹੀ ਜਾਂਦੇ ਨੇ। ਅਫਸੋਸ ਇਸ ਗੱਲ ਦਾ ਕਿ ਲੰਗਰ ਵਿਚੋਂ ਚੁੱਕਵੀਂ ਰੋਟੀ ਦਾ ਰਿਵਾਜ਼ ਵੀ ਆਮ ਹੈ। ਕਿੰਨਾ ਸ਼ਰਮਨਾਕ ਹੈ ਕਿ ਅਸੀਂ ਲੰਗਰ ਨੂੰ ਹੋਮਲੈੱਸ ਲੋਕਾਂ ਤੱਕ ਜਾਂ ਲੋੜਵੰਦਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਕੀ ਪ੍ਰਬੰਧਕਾਂ ਅਤੇ ਸਿੱਖ-ਆਗੂਆਂ ਨੇ ਇਸ ਬਾਰੇ ਕਦੇ ਸੋਚਿਆ ਏ ਜੋ ਖੁਦ ਨੂੰ ਸਿੱਖੀ ਸੋਚ ਨੂੰ ਪ੍ਰਣਾਏ ਕਹਾਉਂਦੇ ਨੇ? ਲੰਗਰ, ਲੰਗਰ ਹੀ ਰਹੇ ਤਾਂ ਇਹ ਮਨੁੱਖੀ ਸੋਚ ਵਿਚ ਵੀ ਸੁੱਚਮ ਅਤੇ ਸਾਦਗੀ ਪੈਦਾ ਕਰੇਗਾ ਜੋ ਲੰਗਰ ਦੀ ਆਤਮਾ ਦਾ ਸੂਖਮ ਸੰਦੇਸ਼ ਏ। ਲੰਗਰ ਰਾਹੀਂ ਤਾਜ਼ਾ ਅਤੇ ਪੌਸ਼ਟਿਕ ਖਾਣਾ ਸਾਨੂੰ ਗੁਰੂਆਂ ਨੇ ਵਿਰਾਸਤੀ ਰੂਪ ਵਿਚ ਦਿੱਤਾ ਸੀ। ਅਸੀਂ ਇਸ ਤੋਂ ਹੀ ਮੁਨਕਰ ਹੋਈ ਜਾ ਰਹੇ ਹਾਂ ਅਤੇ ਸਰੀਰਕ ਅਲਾਮਤਾਂ ਨੂੰ ਸੱਦਾ ਦੇ ਰਹੇ ਹਾਂ। ਵਾਸਤਾ ਈ! ਲੰਗਰ ਨੂੰ ਉਹੀ ਲੰਗਰ ਰਹਿਣ ਦਿਓ ਜੋ ਬਾਬੇ ਨਾਨਕ ਦੀ ਬਖਸ਼ਿਸ਼ ਏ। ਗੁਰੁ ਨਾਨਕ ਦੇਵ ਜੀ ਨੇ ਗ੍ਰਿਹਸਥੀ ਜੀਵਨ ਵਿਚ ਰੰਗ ਕੇ ਆਪਣੇ ਅਧਿਆਤਮਿਕ ਜੀਵਨ ਦੀ ਸ਼ੁਰੂਆਤ ਕੀਤੀ। ਪਰਾਇਆ ਧਨ ਅਤੇ ਪਰਾਈ ਇਸਤਰੀ ਤੋਂ ਨਿਰਲੇਪ ਰਹਿਣ ਦੇ ਸੰਦੇਸ਼ ਦੀ ਸਾਰਥਿਕਤਾ ਨੂੰ ਕਿਵੇਂ ਅਸੀਂ ਉਲੰਘ ਰਹੇ ਹਾਂ, ਇਹ ਇਸ ਤੱਥ ਤੋਂ ਸਪੱਸ਼ਟ ਹੈ ਕਿ ਕੁਝ ਧਾਰਮਿਕ ਆਗੂ ਅਤੇ ਸਿਰਕਰਦਾ ਸਿੱਖ ਲੀਡਰ ਇਹਨਾਂ ਦੋਹਾਂ ਅਲਾਮਤਾਂ ਵਿਚ ਗ੍ਰਸੇ, ਸਿੱਖੀ-ਲਿਬਾਸ ਨੂੰ ਸ਼ਰਮਸਾਰ ਕਰ ਰਹੇ ਹਨ। ਸੱਚੀ-ਸੁੱਚੀ ਕਿਰਤ ਰਾਹੀਂ ਸੁਲਤਾਨਪੁਰ ਲੋਧੀ ਵਿਚ ਮੋਦੀਖਾਨੇ ਦੀ ਨੌਕਰੀ ਕਰਦਿਆਂ, ਇਮਾਨਦਾਰੀ ਦੇ ਨਵੇਂ ਕੀਰਤੀਮਾਨ ਸਥਾਪਤ ਕਰਨ ਵਾਲੇ ਗੁਰੂ ਜੀ ਦੇ ਅਸੀਂ ਕਿਹੋ ਜਿਹੇ ਸੇਵਕ ਹਾਂ ਕਿ ਅਸੀਂ ਬੇਈਮਾਨੀ ‘ਤੇ ਫਖ਼ਰ ਕਰਦੇ ਹਾਂ। ਹੇਰਾਫੇਰੀ, ਰਿਸ਼ਵਤ ਅਤੇ ਕਮੀਨਗੀ ਸਾਡੇ ਸਾਹਾਂ ਵਿਚ ਰੱਚ ਗਈ ਏ। ਇਹ ਪਾਪ ਦੀ ਕਮਾਈ ਘਰ ਵਿਚ ਆ ਕੇ, ਸਮਾਜਿਕ ਅਤੇ ਪਰਿਵਾਰਕ ਉਲਝਣਾਂ ਦਾ ਮੁੱਢ ਬੰਨਦੀ, ਨਸ਼ਿਆਂ, ਬਲਾਤਕਾਰਾਂ, ਕਤਲਾਂ ਅਤੇ ਰਿਸ਼ਤਿਆ ਬਾਹਰੋ ਸਬੰਧਾਂ ਬਣਾਉਣ ਲਈ ਉਤੇਜਿੱਤ ਕਰਦੀ ਏ। ਕਲੰਕਤ ਅਲਾਮਤਾਂ ਵਿਚ ਉਲਝ ਕੇ ਜੀਵਨ ਦੀ ਸਾਰਥਿਕਤਾ ਅਤੇ ਸੁੱਚਮਤਾ ਨੂੰ ਗਵਾਉਣ ਲਈ ਅਸੀਂ ਕਾਹਲੇ ਹੋਏ ਬੈਠੇ ਹਾਂ। ਕੀ ਗੁਰੂ ਨਾਨਕ ਦੇਵ ਜੀ ਦਾ ਨੌਕਰੀ ਕਰਨ ਵਾਲਾ ਸਿਧਾਂਤ ਸਾਡੀ ਸੋਚ ਦਾ ਹਿੱਸਾ ਬਣਿਆ ਏ? ਕੀ ਅਸੀਂ ਇਮਾਨਦਾਰੀ ਵਿਚੋਂ ਹੀ ਜੀਵਨ ਦਾ ਸਚਿਆਰਾਪਣ ਸਿਰਜਣ ਵਾਲੇ ਗਰੂ ਜੀ ਦੇ ਸਿੱਖ ਅਖਵਾਉਣ ਦੇ ਹੱਕਦਾਰ ਹਾਂ? ਕੀ ਅਸੀਂ ਕੋਈ ਨੌਕਰੀ, ਵਪਾਰ ਜਾਂ ਲੈਣ-ਦੇਣ ਵਿਚ ਪਾਕ ਹਾਂ? ਕਿਉਂ ਅਸੀਂ ਪਾਪ ਦੀ ਕਮਾਈ ਨੂੰ ‘ਕੱਠਾ ਕਰਨ ਲਈ ਉਤਾਵਲੇ ਹਾਂ? ਖੁਦ ਦੀ ਆਤਮਿਕਤਾ ਨੂੰ ਗੰਧਲਾਉਣ ਵਿਚ ਕਿਉਂ ਰੁਚਿੱਤ ਹਾਂ? ਅਸੀਂ ਗੁਰਬਾਣੀ ਵਿਚਲੇ ਸੰਦੇਸ਼ ਨੂੰ ਅੰਤਰੀਵ ਵਿਚ ਵਸਾਉਣ ਤੋਂ ਮੁਨਕਰ ਹਾਂ। ਅਜਿਹਾ ਕਿਉਂ? ਕੀ ਅਸੀਂ ਮਖੌਟਾਧਾਰੀ ਹਾਂ? ਕੀ ਅਸੀਂ ਸਿੱਖ ਬਣਨ ਦੇ ਕਾਬਲ ਹਾਂ? ਕੀ ਗੁਰੂ ਜੀ ਦਾ ਜੀਵਨ ਸਾਡੇ ਲਈ ਪ੍ਰੇਰਨਦਾਇਕ ਨਹੀਂ? ਕੀ ਮੋਦੀਖਾਨੇ ਦੇ ਵੱਟਿਆਂ ਨੂੰ ਨੱਤਮਸਤਕ ਹੋਣਾ ਹੀ ਸਾਡੀ ਆਸਥਾ ਰਹਿ ਗਈ ਏ?
ਜਪੁਜੀ ਸਾਹਿਬ ਦੇ ਮੂਲ ਮੰਤਰ ਰਾਹੀ ਸਿੱਖ-ਜੋਤ ਜਗਾਉਣ ਵਾਲੇ ਗੁਰੂ ਜੀ ਦੇ ਪੈਰੋਕਾਰ, ਘਰ ਘਰ ਡੇਰੇ ਬਣਾ ਕੇ ਖੁਦ ਹੀ ਗੁਰੂ-ਡੰਮ ਦਾ ਰਾਗ ਅਲਾਪ ਰਹੇ ਨੇ। ਕੀ ਇਹਨਾਂ ਦੀ ਸੋਚ ਵਿਚ ਕਦੇ ਮੂਲ ਮੰਤਰ ਦੀ ਆਤਮਾ ਦਾ ਨਿਵਾਸ ਹੋਇਆ ਏ? ਖੁਦ ਨੂੰ ਗੁਰੂ ਆਖ ਕੇ ਖੁਦ ਦੀ ਪੂਜਾ ਕਰਵਾਉਣ ਵਾਲੇ ਅਤੇ ਗੁਫ਼ਾਂਵਾਂ ਤੇ ਭੋਰਿਆਂ ਵਿਚ ਕੁਕਰਮ ਬੀਜਣ ਅਤੇ ਬੁੱਤ-ਪ੍ਰਸਤੀ ਵਿਚੋਂ ਹੀ ਰੱਬ ਨੂੰ ਪਾਉਣ ਦਾ ਹੋਕਰਾ ਦੇਣ ਵਾਲੇ, ਇਹ ਰੱਬ ਬਣੇ ਲੋਕ ਕਿਧਰੇ ਸਿੱਖੀ ਬਾਣੇ ਵਿਚ ਸਿੱਖੀ ਦੇ ਦੁਸ਼ਮਣ ਤਾਂ ਨਹੀਂ? ਕੀ ਅਜਿਹੇ ਲੋਕ ਸਿੱਖ-ਸਿਧਾਤਾਂ ਤੇ ਸਿੱਖੀ-ਸਰੋਕਾਰਾਂ ਨੂੰ ਖੋਰਾ ਲਾਉਣ ਅਤੇ ਸਿੱਖ ਵਿਚਾਰਾਂ ਨੂੰ ਗੰਧਲਾ ਕਰਨ ਲਈ, ਦੋਖੀ ਤਾਕਤ ਵਲੋਂ ਘੁਸਪੈਠ ਤਾਂ ਨਹੀਂ ਕਰਵਾਏ ਗਏ? ਸਿੱਖਾਂ ਨੂੰ ਸੇਧ ਅਤੇ ਸੰਦੇਸ਼ ਦੇਣ ਵਾਲੇ ਸਰਬਉਚਮ ਸੰਸਥਾਵਾਂ ਦੇ ਮੋਹਰੀ ਕਿਧਰੇ ਕੋਝੀ ਚਾਲ ਦਾ ਸ਼ਿਕਾਰ ਤਾਂ ਨਹੀਂ ਹੋ ਗਏ? ਕੀ ਸਿੱਖ ਫਿਲਾਸ਼ਫੀ ਨੂੰ ਖੋਰਾ ਲਾਇਆ ਜਾ ਰਿਹਾ ਏ? ਕੀ ਕਾਰਨ ਹੈ ਕਿ ਕੁਝ ਬਾਬੇ ਰਾਜਸੀ ਅਤੇ ਧਾਰਮਿਕ ਪੁਸ਼ਤਪਨਾਹੀ ਕਾਰਨ ਖੁਦ ਦੀ ਸਲਤਨਤ ਉਸਾਰਨ ਵਿਚ ਮੋਹਰੀ ਨੇ? ਅਸੀਂ ਮੂਕ ਦਰਸ਼ਕ ਕਿਉਂ ਬਣੇ ਬੈਠੇ ਹਾਂ? ਕੀ ਅਸੀਂ ਸਿੱਖੀ ਸੋਚ ਦੇ ਵਾਰਸ ਹਾਂ? ਦੋਗਲੀ ਸਖਸ਼ੀਅਤ ਨੇ ਸਾਡੇ ਖੋਖਲੇਪਣ ਨੂੰ ਜ਼ਾਹਰ ਕਰ ਦਿਤਾ ਏ।
ਗੁਰੂ ਨਾਨਕ ਦੇਵ ਜੀ ਜਦ ਉਦਾਸੀ ਨੂੰ ਤੁਰਦੇ ਨੇ ਤਾਂ ਗੁਰਬਾਣੀ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਅਤੇ ਸੰਗੀਤ ਰਾਹੀਂ ਲੋਕ-ਮਾਨਸਿਕਤਾ ਵਿਚ ਵਸਾਉਣ ਲਈ ਬਚਪਨ ਦੇ ਸਾਥੀ ਮਰਦਾਨਾ ਰਬਾਬੀ ਨੂੰ ਨਾਲ ਲੈਂਦੇ ਨੇ। ਇਹ ਅਚੇਤ ਰੂਪ ਵਿਚ ਧਾਰਮਿਕ ਕੱਟੜਤਾ ਨੂੰ ਚੁਣੌਤੀ ਸੀ। ਜਾਤ-ਪਾਤ ਦੇ ਪਾੜੇ ਨੂੰ ਉਲੰਘ ਕੇ ਨੀਵੀਂ ਜਾਤ ਵਾਲੇ ਮਰਦਾਨੇ ਨੂੰ ਬਰਾਬਰ ਦਾ ਰੁੱਤਬਾ ਦੇ ਕੇ, ਉਦਾਸੀਆਂ ਦਾ ਸਦੀਵੀ ਸਾਥੀ ਬਣਾਉਣਾ, ਉਸ ਸਮੇਂ ਦੀ ਸਮਾਜਿਕ ਨਾ-ਬਰਾਬਰੀ ਨੂੰ ਬਰਾਬਰੀ ਵਿਚ ਤਬਦੀਲ ਕਰਨ ਦਾ ਪਲੇਠਾ ਉਦਮ ਸੀ। ਅਜੋਕੇ ਸਿੱਖ ਤਾਂ ਜਾਤਾਂ ਵਿਚ ਹੀ ਉਲਝ ਕੇ ਰਹਿ ਗਏ ਨੇ। ਜੱਟਾਂ, ਲੁਬਾਣਿਆਂ, ਰਾਮਦਾਸੀਆਂ, ਰਾਮਗੜੀਆਂ ਆਦਿ ਵੱਖ-ਵੱਖ ਫਿਰਕਿਆਂ ਨੇ ਆਪੋ-ਆਪਣੇ ਗੁਰਦੁਆਰੇ ਬਣਾ ਕੇ, ਗੁਰਬਾਣੀ ਵਿਚਲੀ ਸਰਬ-ਪ੍ਰਮਾਣਕਿਤਾ ਅਤੇ ਸਭ ਵਰਗਾਂ ਲਈ ਸਤਿਕਾਰ ਨੂੰ ਢਾਹ ਲਾਈ ਏ। ਬਾਬਾ ਨਾਨਕ ਜੀ ਦੀ ਆਤਮਾ ਵਿਚਲੀ ਕੁਰਲਾਹਟ ਅਤੇ ਗੁਰਬਾਣੀ ਦੀ ਤਰਾਸਦੀ ਨੂੰ ਕਿੰਝ ਕਿਆਸੋਗੇ ਅਤੇ ਕਿੰਝ ਨਾਨਕ-ਸੋਚ ਨੂੰ ਮੁਖਾਤਬ ਹੋਵੋਗੇ? ਗੁਰਦੁਆਰਾ ਤਾਂ ਸਭ ਲਈ ਸਾਂਝਾ ਹੋਣਾ ਚਾਹੀਦਾ ਏ। ਪਰ ਅਸੀਂ ਸਿੱਖੀ ਦੇ ਸੇਵਕ ਹੋ ਕੇ ਖਾਸ ਜਾਤ/ਵਰਗ ਦੇ ਵਿਅਕਤੀਆਂ ਲਈ ਪਾਬੰਦੀਆਂ ਦੇ ਰਾਹ ਤੁਰ ਪਏ ਹਾਂ। ਕੀ ਇਹ ਸਿੱਖੀ ਹੈ? ਕੀ ਅਸੀਂ ਸਿੱਖ ਅਖਵਾਉਣ ਦੇ ਹੱਕਦਾਰ ਹਾਂ? ਕੀ ਸਿੱਖੀ-ਜੋਤ ਦੀ ਕੋਈ ਕਿਰਨ ਸਾਡੀ ਮਾਨਸਿਕਤਾ ਵਿਚ ਚਾਨਣ ਨਹੀਂ ਬਿਖੇਰਦੀ ? ਕੀ ਅਸੀਂ ਸ਼ਬਦ-ਗੁਰੂ ਨੂੰ ਆਪਣੀ ਚੇਤਨਾ ਦਾ ਹਿੱਸਾ ਬਣਾਇਆ ਏ?
ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਚਾਰ ਦਿਸ਼ਾਵਾਂ ਵਿਚ ਕੀਤੀਆਂ ਅਤੇ ਵੱਖ-ਵੱਖ ਖੇਤਰਾਂ ਦੇ ਲੋਕਾਂ, ਵੱਖੋ ਵੱਖਰੇ ਧਰਮਾਂ ਦੇ ਲੋਕਾਂ ਨੂੰ ਉਹਨਾਂ ਦੀ ਭਾਸ਼ਾ ਅਤੇ ਉਹਨਾਂ ਦੇ ਰੰਗ ਵਿਚ ਖੁਦ ਨੂੰ ਰੰਗ ਕੇ ਸਿੱਖ-ਸੋਚ ਅਤੇ ਫਿਲਾਸਫ਼ੀ ਨੂੰ ਪ੍ਰਚਾਰਿਆ। ਇਕ ਤਰਕ ਸੀ ਉਹਨਾਂ ਦੇ ਪ੍ਰਵਚਨਾਂ ਵਿਚ ਅਤੇ ਇਕ ਪੁਖਤਾ ਦਲੀਲ ਸੀ ਉਹਨਾਂ ਦੇ ਹਰ ਬੋਲ ਵਿਚ। ਉਹ ਸੱਚ ਨੂੰ ਸੱਚ ਕਹਿਣ ਤੋਂ ਕਦੇ ਵੀ ਹਿੱਚਕਚਾਂਦੇ ਨਹੀਂ ਸਨ। ਭਾਵੇਂ ਉਹ ਬਾਦਸ਼ਾਹ ਬਾਬਰ ਹੋਵੇ, ਮਲਕ ਭਾਗੋ ਹੋਵੇ, ਸਿੱਧ ਯੋਗੀ ਹੋਣ, ਮੌਲਵੀ ਜਾਂ ਪੰਡਤ ਹੋਣ। ਉਹਨਾਂ ਨੇ ਪ੍ਰਚਲਤ ਵਹਿਮਾਂ/ਭਰਮਾਂ ਅਤੇ ਥੋਥੇ ਵਿਚਾਰਾਂ ਨੂੰ ਆਪਣੇ ਤਰਕਸ਼ੀਲ ਵਿਚਾਰਾਂ ਦੀ ਸਾਣ ਨਾਲ ਖੂੰਢੇ ਕੀਤਾ ਅਤੇ ਅਗਿਆਨ ਦੀ ਹਨੇਰ-ਜੂਹ ਵਿਚ ਅਜੇਹੀ ਚਾਨਣ ਕਾਤਰ ਧਰੀ ਕਿ ਸਭ ਲੋਕ ਉਹਨਾਂ ਦੇ ਮੁਰੀਦ ਹੋ ਗਏ। ਅਸੀਂ ਉਹਨਾਂ ਦੀਆਂ ਬਾ-ਕਮਾਲ, ਬਾ-ਦਲੀਲ ਅਤੇ ਤਰਕਸ਼ੀਲ ਵਿਚਾਰਧਾਰਾ ਨੂੰ ਨਿਕਾਰ ਨੇ ਇਸਨੂੰ ਕਰਾਮਾਤੀ ਰੰਗਣ ਵਿਚ ਅਜਿਹਾ ਰੰਗਿਆ ਕਿ ਉਹਨਾਂ ਦੀ ਸੋਚ ਨੂੰ ਧੁੰਧਲਾ ਕਰਨ ਵਿਚ ਸਿੱਖ ਪ੍ਰਚਾਰਕ, ਮਿਥਿਹਾਸਕ ਸਾਖੀਆਂ ਜਾਂ ਕੱਚਘੜ ਲੇਖਕ ਹੀ ਸਭ ਤੋਂ ਮੋਹਰੀ ਨੇ। ਵਿਗਿਆਨਕ ਨਜ਼ਰੀਆ ਅਤੇ ਤੱਥ ਭਰਪੂਰ ਦਲੀਲ ਰਾਹੀਂ ਸਿੱਖ ਧਰਮ ਨੂੰ ਦੁਨੀਆਂ ਦੇ ਵੱਡੇ ਹਿੱਸੇ ਵਿਚ ਫੈਲਾਉਣ ਵਾਲੇ ਗੁਰੂ ਦੇ ਸਿੱਖਾਂ ਦੀ ਕੇਹੀ ਮਾਨਸਿਕਤਾ ਬਣ ਗਈ ਏ ਕਿ ਉਹ ਅਜੋਕੇ ਸਮਿਆਂ ਵਿਚ ਤਰਕ ਅਤੇ ਦਲੀਲ ਤੋਂ ਕੋਰੇ ਨੇ। ਉਹਨਾਂ ਕੋਲ ਸਿਰਫ਼ ਦੂਸਰੀ ਧਿਰ ਨੂੰ ਡਰਾਉਣ, ਧਮਕਾਉਣ ਜਾਂ ਹਸਤੀ ਮਿਟਾਉਣ ਵਾਲਾ ਮਾਰਗ ਹੀ ਇਕ ਬਦਲ ਰਹਿ ਗਿਆ ਏ। ਕਿਉਂ ਨਹੀਂ ਨਾਨਕ ਦੇ ਸਿੱਖ ਉਸਦੀ ਸੋਚ ਨੂੰ ਅਪਣਾ, ਹਰ ਮਸਲੇ ਅਤੇ ਮੱਤਭੇਦ ਨੂੰ ਦਲੀਲ ਰਾਹੀਂ ਮਿਲ ਬੈਠ ਕੇ ਨਜਿੱਠਣ ਅਤੇ ਭਾਈਚਾਰਕ ਤੰਦਾਂ ਨੂੰ ਹੋਰ ਮਜਬੂਤ ਕਰਨ ਵੱਲ ਪਹਿਲਕਦਮੀ ਕਰਦੇ? ਇਸ ਵਿਚ ਕਿਸੇ ਦਾ ਘਟਾਅ ਨਹੀਂ ਸਗੋਂ ਸਮਾਜਿਕ ਪੱਧਰ ‘ਤੇ ਇਜ਼ਤ ਵੱਧਦੀ ਏ। ਵੱਖ-ਵੱਖ ਧਾਰਮਿਕ ਅਦਾਰਿਆਂ ਜਾਂ ਆਗੂਆਂ ਵਲੋਂ ਮਹੱਤਵਪੂਰਨ ਗੁਰਪੁਰਬ ਅਤੇ ਧਾਰਮਿਕ ਸਮਾਗਮ ਵੱਖ-ਵੱਖ ਤਰੀਕਾਂ ‘ਤੇ ਮਨਾਉਣ ਦੀ ਨਵੀਂ ਪਿਰਤ ਸ਼ੁਰੂ ਕਰਕੇ, ਸਿੱਖ ਕੌਮ ਹੀ ਮਾਖੌਲ ਦੀ ਪਾਤਰ ਬਣ ਗਈ ਏ। ਸਾਨੂੰ ਤਾਂ ਹਰ ਦੂਸਰੇ ਵਿਅਕਤੀ ਵਿਚੋਂ ਰੱਬ ਦਾ ਰੂਪ ਨਹੀਂ ਸਗੋਂ ਇਕ ਦੋਖੀ ਨਜ਼ਰ ਆਉਂਦਾ ਏ ਅਤੇ ਉਸਦੀ ਹੋਂਦ ਨੂੰ ਖਤਮ ਕਰਨ ਲਈ ਕਾਹਲੇ ਪੈ ਜਾਂਦੇ ਹਾਂ। ਦਰਅਸਲ ਇਹ ਸਾਡੇ ਮਨ ਵਿਚ ਘਰ ਕਰੀ ਬੈਠੀ ਹੀਣ-ਭਾਵਨਾ ਏ ਜਿਹੜੀ ਮਨੁੱਖ ਨੂੰ ਕੰਮਜੋਰ ਕਰ, ਖੁਦ ਨੂੰ ਖੁਦ ਦੇ ਵਿਨਾਸ਼ ਦੇ ਰਾਹ ਤੋਰਦੀ ਏ। ਕੀ ਗੁਰੂ ਨਾਨਕ ਦੇਵ ਜੀ ਨੇ ਕਿਸੇ ਨਾਲ ਕੋਈ ਲੜਾਈ/ਝਗੜਾ ਕੀਤਾ ਸੀ? ਉਹਨਾਂ ਦੀ ਸ਼ਖਸ਼ੀਅਤ ਅਤੇ ਸੋਚ ਦਾ ਕੇਹਾ ਕ੍ਰਿਸ਼ਮਾ ਸੀ ਕਿ ਉਹ ਆਪਣੀ ਪ੍ਰਭਾਵਸ਼ਾਲੀ, ਨਿਰਲੇਪ ਅਤੇ ਸਰਬ-ਪ੍ਰਵਾਣਤ ਵਿਚਾਰਾਂ ਨਾਲ ਵਿਰੋਧੀ ਸੋਚ ਨੂੰ ਪ੍ਰਭਾਵਤ ਕਰ, ਆਪਣੀ ਬੁੱਕਲ ਵਿਚ ਲੈ, ਪਿਆਰ ਅਤੇ ਸਦਭਾਵਨਾ ਦਾ ਸੰਦੇਸ਼ ਹਰ ਮਸਤਕ ਵਿਚ ਧਰਦੇ, ਲੋਕਾਈ ਦੀ ਸਰਬ-ਸੁੱਖਨਤਾ ਦਾ ਪੈਗ਼ਾਮ ਫ਼ਿਜ਼ਾ ਦੇ ਨਾਮ ਲਾਉਂਦੇ ਸਨ। ਉਹ ਤਾਂ ਪਿਆਰ ਅਤੇ ਮੋਹ ਦਾ ਅਜਿਹਾ ਮੁਜੱਸਮਾ ਸਨ ਜਿਸਦੀ ਬਰਾਬਰੀ ਕੌਣ ਕਰੇਗਾ? ਪਰ ਅਸੀਂ ਉਹਨਾਂ ਦੀ ਸੋਚ ਦਾ ਕਿਣਕਾ ਮਾਤਰ ਅਪਨਾਉਣ ਵਿਚ ਤਾਂ ਪਹਿਲ ਕਰ ਸਕਦੇ ਹਾਂ। ਅਸੀਂ ਤਾਂ ਆਪਸ ਵਿਚ ਹੀ ਲੜਦੇ, ਖੁਦ ਵਿਚੋਂ ਸ਼ਬਦ-ਸੋਚ ਨੂੰ ਮਨਫ਼ੀ ਕਰ, ਲਾਸ਼ ਬਣ ਕੇ ਜਿਊਣ ਦਾ ਢੱਕਵੰਜ਼ ਕਰਦੇ ਹਾਂ।
ਜੀਵਨ ਦੇ ਹਰ ਪੜਾਅ ‘ਤੇ ਨਾਨਕ ਜੀ ਦਾ ਵੱਖ-ਵੱਖ ਲੋਕਾਂ ਨਾਲ ਸੰਵਾਦ ਅਤੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ, ਇਕ ਅਜੇਹੀ ਦਿੱਬ-ਦ੍ਰਿਸ਼ਟੀ ਦਾ ਚਾਨਣ ਸੀ ਜਿਸਦੀ ਆਭਾ ਵਿਚ ਮਨੁੱਖੀ ਹੋਂਦ ਨੂੰ ਚੰਗੇਰੇ ਮਾਰਗ ਦੀ ਦਰਸ਼ਨਾ ਪ੍ਰਾਪਤ ਹੁੰਦੀ ਸੀ। ਇਹ ਭਾਵੇਂ ਮੱਕੇ ਮਦੀਨੇ ਦੀ ਯਾਤਰਾ ਹੋਵੇ, ਹਰਦੁਆਰ ਵਿਚ ਗੰਗੇ ਕਿਨਾਰੇ ਸੂਰਜ ਨੂੰ ਪਾਣੀ ਦੇਣ ਦੀ ਪ੍ਰੰਪਰਾ ਨੂੰ ਤਰਕਸ਼ੀਲ ਸੋਚ ਨਾਲ ਝੁਠਲਾਣਾ ਹੋਵੇ ਜਾਂ ਯੋਗੀਆਂ ਤੇ ਸਿੱਧਾਂ ਸੰਗ ਕੀਤੀ ਗੋਸ਼ਟ ਨਾਲ ਦੁਨਿਆਵੀ ਜੀਵਨ ਨੂੰ ਨਿਕਾਰਨ ਦੀ ਪ੍ਰਥਾ ਨੂੰ ਜਿੰਮੇਵਾਰੀਆਂ ਤੋਂ ਭੱਜਣ ਨਾਲ ਜੋੜਨਾ ਹੋਵੇ। ਦੁਨਿਆਵੀ ਜੀਵਨ ਵਿਚ ਰਹਿੰਦਿਆਂ, ਪ੍ਰਮਾਰਥ ਦੇ ਮਾਰਗੀ ਬਣਨ ਦੀ ਵਿਚਾਰਧਾਰਾ ਨੇ ਮਨੁੱਖ ਨੂੰ ਸਮਾਜਿਕ ਫਰਜ਼ਾਂ ਪ੍ਰਤੀ ਕੁਤਾਹੀ ਤੋਂ ਸੁਚੇਤ ਕੀਤਾ। ਇਸਨੂੰ ਸੰਤੁਲਤ ਜ਼ਿੰਦਗੀ ਦਾ ਅੰਗ ਮੰਨ ਕੇ, ਪਰਿਵਾਰ ਪਾਲਦਿਆਂ ਹੀ ਆਤਮਿਕ ਵਿਕਾਸ ਦੇ ਰਾਹ ਪੈਣ ਦੀ ਤਾਕੀਦ ਕੀਤੀ।
ਗੁਰੂ ਨਾਨਕ ਦੇਵ ਜੀ ਦਾ ਸਮੁੱਚਾ ਜੀਵਨ ਪਰਮ-ਪੁਰਖ ਦਾ ਅਜਿਹਾ ਉਚਤਮ ਰੂਪ ਏ ਜੋ ਉਹਨਾਂ ਦੀ ਬਾਣੀ ਅਤੇ ਜੀਵਨ-ਸ਼ੈਲੀ ਵਿਚੋਂ ਪ੍ਰਤੱਖ ਨਜਰੀਂ ਪੈਂਦਾ ਏ। ਕੀ ਅਸੀਂ ਉਹਨਾਂ ਦੀਆਂ ਸਿਖਿਆਵਾਂ ਨੂੰ ਪੜਿਆ ਏ? ਇਹਨਾਂ ਨੂੰ ਆਪਣੀ ਕਰਮਯੋਗਤਾ ਦਾ ਹਿੱਸਾ ਬਣਾਇਆ ਏ? ਕੀ ”ਘਾਲਿ ਖਾਇ ਕਿਛ ਹਥਹੁ ਦੇਇ;” ਵਰਗੀ ਚੇਤਨਾ ਸਾਡੀ ਜ਼ਮੀਰ ਨੂੰ ਝੰਜੋੜਦੀ ਏ? ਕੀ ਅਸੀਂ ਆਪਣੀ ਕਿਰਤ ਕਮਾਈ ਵਿਚੋਂ ਲੋੜਮੰਦਾਂ ਦੀ ਮਦਦ ਕੀਤੀ ਏ? ਕੀ ਕਿਸੇ ਗਰੀਬ ਗੁਰਬੇ ਲਈ ਆਪਣੀਆਂ ਅਸੀਮਤ ਸੁੱਖ-ਸਹੂਲਤਾਂ ਨੂੰ ਸੀਮਤ ਕਰਨ ਲਈ ਪਹਿਲ ਕਦਮੀ ਕੀਤੀ ਏ? ਕੀ ਇਹ ਸਮਾਜਿਕ ਬਰਾਬਰੀ ਲਈ ਇਨਕਲਾਬੀ ਕਦਮ ਨਹੀਂ ਹੋਵੇਗਾ ਜਿਸਦੀ ਚਾਹਨਾ ਗੁਰੁ ਜੀ ਨੇ ਕੀਤੀ ਸੀ?
ਅਜੋਕੇ ਸਮਿਆਂ ਦੀ ਕੇਹੀ ਤਰਾਸਦੀ ਹੈ ਕਿ ਅਸੀਂ ਬੇਗੈਰਤ ਹੋ ਗਏ ਹਾਂ। ਮਨੁੱਖ ਦਾ ਬੇਗੈਰਤ ਹੋਣਾ, ਉਸਦੀ ਮਾਨਸਿਕ ਮੌਤ ਏ ਜੋ ਸਰੀਰਕ ਮੌਤ ਨਾਲੋਂ ਵੀ ਜ਼ਿਆਦਾ ਦਰਦੀਲੀ ਅਤੇ ਪੀੜਤ ਹੁੰਦੀ ਏ। ਧੁੁੱਖ ਧੁੱਖ ਕੇ ਮਰਨਾ ਅਤੇ ਆਪਣੀ ਹੋਣੀ ‘ਤੇ ਅੱਥਰੂ ਵਹਾਉਣ ਤੋਂ ਵੀ ਤ੍ਰਿਹਣਾ, ਅੱਜ ਦੇ ਸਿੱਖ ਦਾ ਸੰਤਾਪ ਹੈ ਕਿਉਂਕਿ ਅਸੀਂ ਤਾਂ ਗੁਰੂ ਨਾਨਕ ਦੇਵ ਜੀ ਦਾ ਇਹ ਵਾਕ ਤਾਂ ਕਦੇ ਚੇਤਿਆਂ ਵਿਚ ਵਸਾਇਆ ਹੀ ਨਹੀਂ ਕਿ ”ਜੇ ਜੀਵੈ ਪਤਿ ਲਥੀ ਜਾਇ। ਸਭੁ ਹਰਾਮ ਜੇਤਾ ਕਿਛ ਖਾਇ।” ਅਣਖ ਨਾਲ ਜਿਉਣ ਵਾਲੀਆਂ ਕੌਮਾਂ ਇਤਿਹਾਸ ਦਾ ਵਰਕਾ ਬਣਦੀਆਂ ਨੇ। ਪੰਜਾਬੀਆਂ ਨੂੰ ਤਾਂ ਸਮੇਂ ਦੀਆਂ ਸਰਕਾਰਾਂ ਨੇ ਬੌਣੇ, ਹੀਣੇ ਅਤੇ ਮੰਗਤੇ ਬਣਾ ਦਿਤਾ ਏ ਅਤੇ ਅਸੀਂ ਇਸ ਲਾਚਾਰਗੀ ਵਿਚੋਂ ਹੀ ਜਿਊਣ ਦੀ ਲੋਚਾ ਪਾਲਣ ਲੱਗ ਪਏ ਹਾਂ। ਆਪਣੇ ਸਵੈ-ਅਭਿਮਾਨ, ਨਿਸ਼ਕਾਮਤਾ ਅਤੇ ਪਰਉਪਕਾਰੀ ਸੁਭਾਅ ਨੂੰ ਛੱਡ ਕੇ ਹੰਕਾਰੀ, ਲਾਲਚੀ, ਕਪਟੀ ਅਤੇ ਸੁਆਰਥੀ ਬਣ ਕੇ ਅਸੀਂ ਬਹੁਤ ਕੁਝ ਗਵਾਇਆ ਏ। ਕੁਝ ਪ੍ਰਾਪਤੀ ਲਈ ਨਿੱਜਤਾ ਤੋਂ ਉਪਰ ਉਠ ਕੇ ਸਮਾਜ ਲਈ ਜਿਊਣਾ ਹੀ ਮਨੁੱਖੀ ਸੋਚ ਦੀ ਅਸੀਮਤਾ ਏ। ਇਸ ਲਈ ਮਨੁੱਖੀ ਸ਼ਖਸ਼ੀਅਤ ਵਿਚਲੀ ਪਾਕੀਜ਼ਗੀ, ਪਰਉਪਕਾਰਤਾ ਅਤੇ ਪਹਿਲ-ਕਦਮੀ ਦਾ ਰਾਹ ਪਕੜਨਾ ਪਵੇਗਾ। ਕਿਰਤ-ਕਮਾਈ ਦੀ ਸੁੱਚਤਾ ਅਤੇ ਉਚਮਤਾ ਪੰਜਾਬੀਆਂ ਦੇ ਜੀਵਨ ਵਿਚੋਂ ਕਿਉਂ ਅਤੇ ਕਿਸਨੇ ਗਾਇਬ ਕੀਤੀ ਏ, ਸੋਚਣ ਤੇ ਸਮਝਣ ਦੀ ਲੋੜ ਏ।
ਅਜੋਕਾ ਮਨੁੱਖ ਆਪਣੀ ਲੋੜਾਂ ਤੇ ਥੋੜਾਂ ਵਿਚ ਉਲਝਿਆ, ਸਮਾਜਿਕ ਤੇ ਆਰਥਿਕ ਨਾ-ਬਰਾਬਰੀ, ਬੇਇਨਸਾਫ਼ੀ ਅਤੇ ਕਿਰਤ-ਲੁੱਟ ਤੋਂ ਅਣਜਾਣ, ਆਪਣੀ ਅਵਾਜ ਬੁਲੰਦ ਕਰਨ ਤੋਂ ਡਰਨ ਲੱਗ ਪਿਆ। ਅਸੀਂ ਤਾਂ ਆਪਣੇ ਰਹਿਬਰ ਦੇ ਉਸ ਉਲਾਹਮੇ ਨੂੰ ਵੀ ਭੁੱਲ ਗਏ ਜਿਸਨੇ ਬਾਬਰ ਵਲੋਂ ਢਾਏ ਜਾ ਰਹੇ ਜੁਲਮ ਅਤੇ ਨਤਾਣਿਆਂ ਤੇ ਨਮਾਣਿਆਂ ਤੇ ਹੋ ਰਹੇ ਤਸ਼ਦੱਦ ਨੂੰ ਦੇਖਦਿਆਂ, ਰੱਬ ਨੂੰ ਕਿਹਾ ਸੀ, ” ਏਤੀ ਮਾਰ ਪਈ ਕੁਰਲਾਣੈ ਤੈਂ ਕੀ ਦਰਦ ਨਾ ਆਇਆ” ਜਾਂ ” ਜੇ ਸਕਤਾ ਸਕਤੇ ਕੋ ਮਾਰੇ ਤਾ ਮਨਿ ਰੋਸ ਨ ਹੋਈ। ਰਹਾਉ। ਸਕਤਾ ਸੀਹੁ ਮਾਰੇ ਪੈ ਵਗੇ ਖਸਮੈ ਸਾ ਪੁਰਸਾਈ।” ਅਸੀਂ ਨਾਨਕ ਦੀ ਉਸ ਅਵਾਜ ਦੀ ਬੁਲੰਦਗੀ ਅਤੇ ਬੇਖੌਫ਼ਤਾ ਤੋਂ ਕਾਇਰ ਕਿਉਂ ਹੋ ਗਏ ਹਾਂ? ਆਪਣੇ ਰਹਿਬਰ ਤੋਂ ਕਿਨਾਰਾ-ਕਸ਼ੀ, ਕਿਸੇ ਸੋਚ ਦਾ ਦਫ਼ਨ ਹੋਣਾ ਏ ਅਤੇ ਸੋਚ ਮਰਨ ਤੋਂ ਬਾਅਦ ਮਨੁੱਖ ਇਕ ਤਾਬੂਤ ਹੁੰਦਾ ਏ ਜੋ ਮਿੱਟੀ ‘ਚ ਮਿੱਟੀ ਹੋਣ ਤੋਂ ਵੱਧ ਕੁਝ ਨਹੀਂ ਹੁੰਦਾ। ਅਸੀਂ ਤਾਂ ਨਾ-ਸ਼ੂਕਰੀ ਦਾ ਸਿੱਖਰ ਹੀ ਸਿਰਜ ਬੈਠੇ ਹਾਂ। ਇਸ ਨਾ-ਸ਼ੂਕਰੀ ਨੇ ਸਾਡੇ ਪੱਲੇ ‘ਚ ਜੀਵਨ-ਦੁਸ਼ਵਾਰੀਆਂ ਅਤੇ ਪੀੜਾਂ ਭਰੇ ਰਾਹਾਂ ਦਾ ਨਾਮਕਰਨ ਹੀ ਦਿਤਾ ਏ।
ਗੁਰੂ ਨਾਨਕ ਦੇਵ ਜੀ ਦੀ ਸੋਚ ਦੀ ਵਿਸ਼ਾਲਤਾ ਅਤੇ ਅਸੀਮ ਦਿਸਹੱਦਿਆਂ ਦੀ ਹਾਥ ਲੈਣ ਦੀ ਚਾਹਨਾ ਤੋਂ ਮੁੱਕਰ ਚੁੱਕਾ ਮਨੁੱਖ ਖੁਦ ਵਿਚ ਹੀ ਸਿਮਟ ਕੇ ਰਹਿ ਗਿਆ। ਅਜੋਕਾ ਸਿੱਖ ਅਜਿਹੀਆਂ ਪਰੰਪਰਾਵਾਂ, ਰਸਮਾਂ ਅਤੇ ਵਹਿਮਾਂ ‘ਚ ਸਾਹਾਂ ਦੀ ਸੰਘੀ ਨੱਪ ਰਿਹਾ ਏ ਜਿਹਨਾਂ ਤੋਂ ਨਿਜਾਤ ਲਈ ਗੁਰੂ ਜੀ ਨੇ ਸਿੱਖ-ਸੋਚ ਨੂੰ ਨਵੇਂ ਪੈਗੰਬਰੀ ਅਵਤਾਰ ਦੇ ਰੂਪ ਵਿਚ ਦੁਨੀਆਂ ‘ਚ ਪ੍ਰਚੰਡ ਕੀਤਾ ਸੀ। ਵਿਸ਼ਾਲ ਅੰਬਰ ਦੀ ਆਰਤੀ ਉਤਾਰਨ ਵਾਲੇ ਬਾਬਾ ਜੀ ਦੇ ਕੁਝ ਸ਼ਿਸ਼ ਅੱਜ ਕੱਲ੍ਹ ਥਾਲ ਵਿਚ ਦੀਵਿਆਂ ਨਾਲ ਆਰਤੀ ਉਤਾਰਦੇ, ਆਪਣੀ ਬੌਣੀ ਸੋਚ ਦਾ ਪ੍ਰਮਾਣ ਦੇਣ ਲੱਗਿਆਂ ਠਿੱਠ ਵੀ ਨਹੀਂ ਹੁੰਦੇ। ਅਜਿਹੇ ਵਰਤਾਰੇ ਲਈ ਆਪੂ ਬਣੇ ਬਾਬਿਆਂ ਦਾ ਮੋਹਰੀ ਹੋਣਾ, ਸਿੱਖ ਸਮਾਜ ਲਈ ਨਮੋਸ਼ੀ ਦਾ ਸਬੱਬ ਏ ਕਿਉਂਕਿ ਸਿੱਖ ਸਮਾਜ ਵਿਚਲੇ ਧਰਮੀ ਵਿਅਕਤੀ ਅਡੰਬਰੀ ਹੋ ਗਏ ਨੇ। ਇਸ ਅਡੰਬਰ ਵਿਚ ਹੀ ਉਹ ਆਪਣੀਆਂ ਨਿੱਜੀ ਖਾਹਸ਼ਾਂ, ਤੰਗ-ਦਾਰਿਆਂ ਅਤੇ ਸੌੜੀ ਸੋਚ ਨਾਲ ਸਿੱਖ-ਸੋਚ ਵਿਚਲੀ ਵਿਸ਼ਾਲਤਾ ਨੂੰ ਨਿੱਕੇ ਜਹੇ ਦਾਇਰੇ ਵਿਚ ਸੀਮਤ ਕਰਕੇ, ਇਕ ਫਿਰਕੇ ਤੀਕ ਹੀ ਨਿਯਮਤ ਕਰਨ ਲਈ ਹਰ ਹਰਬਾ ਵਰਤ ਰਹੇ ਹਨ। ਲੋੜ ਹੈ ਕਿ ਅਸੀਂ ਗੁਰ-ਸ਼ਬਦ ਵਿਚਲੀ ਅਸੀਮਤਾ, ਉਚਮਤਾ, ਪਾਕੀਜ਼ਗੀ ਅਤੇ ਮਾਨਸਿਕ ਉਡਾਣ ਦੇ ਹਾਣੀ ਬਣਨ ਦੀ ਕੋਸ਼ਿਸ਼ ਕਰੀਏ।
ਗੁਰੂ ਨਾਨਕ ਦੇਵ ਜੀ ਦਾ ਸਮੁੱਚਾ ਜੀਵਨ ਸਾਧਨਾ, ਸਮਰਪਿੱਤਾ, ਸਪੱਸ਼ਟਤਾ ਅਤੇ ਸਮਰਪਣ ਨੂੰ ਅਰਪਿੱਤ ਸੀ। ਇਸ ਅਰਪਿੱਤਾ ਵਿਚੋਂ ਹੀ ਉਹਨਾਂ ਨੇ ਜੀਵਨ ਦੇ ਉਚਤਮ ਗੁਣਾਂ ਦੀ ਨਿਸ਼ਾਨਦੇਹੀ ਕਰਦਿਆਂ, ਇਹਨਾਂ ਨੂੰ ਆਖਰੀ ਸਵਾਸ ਤੱਕ ਜੀਵਿਆ। ”ਤਖਤ ਬਹੈ ਤਖਤੇ ਕੇ ਲਾਇਕ” ਦੇ ਕਥਨ ਅਨੁਸਾਰ ਉਹਨਾਂ ਨੇ ਗੁਰਗੱਦੀ ਅਤੇ ਸ਼ਬਦ-ਗੁਰੂ ਦੇ ਵਾਰਸ ਵਜੋਂ ਆਪਣੇ ਪੁੱਤਰ-ਮੋਹ ਨੂੰ ਤਰਜ਼ੀਹ ਨਹੀਂ ਦਿਤੀ। ਸਿੱਖੀ-ਸਿਧਾਂਤ ਨੂੰ ਅਪਨਾਉਣ, ਪ੍ਰਚਾਰਨ ਅਤੇ ਇਸ ਵਿਚਾਰਧਾਰਾ ਨੂੰ ਅੱਗੇ ਲਿਜਾਣ ਲਈ ਸਭ ਤੋਂ ਕਾਬਲ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇਵ ਜੀ ਦੀ ਉਪਾਧੀ ਦੇ ਕੇ ਗੁਰ-ਸ਼ਬਦ ਦਾ ਵਾਰਸ ਬਣਾਇਆ। ਕੀ ਅਸੀਂ ਅਜੋਕੇ ਸਮੇਂ ਵਿਚ ਅਜੇਹਾ ਸੋਚ ਸਕਦੇ ਹਾਂ? ਕੀ ਸਾਡੇ ਧਾਰਮਿਕ, ਸਿਆਸੀ ਅਤੇ ਸਮਾਜਿਕ ਲੀਡਰਾਂ ਨੇ ਕਦੇ ਇਸ ਸੋਚ ‘ਤੇ ਪਹਿਰਾ ਦਿਤਾ ਏ? ਕੀ ਆਪਣੇ ਵੰਸ਼ ਦੀ ਚੌਧਰ ਨੂੰ ਬਰਕਰਾਰ ਰੱਖਣ ਅਤੇ ਧਾਰਮਿਕ/ਸਿਆਸੀ ਅਦਾਰਿਆਂ ‘ਤੇ ਆਪਣਾ ਗਲਬਾ ਕਾਇਮ ਰੱਖਣ ਲਈ ਹਰ ਲੀਡਰ ਹਰ ਹਰਬਾ ਨਹੀਂ ਵਰਤ ਰਿਹਾ? ਕੀ ਗੁਰੂ ਜੀ ਵਲੋਂ ਪ੍ਰਚਾਰੇ ਸਿੱਖੀ ਸਿਧਾਂਤ ਸਿਰਫ਼ ਬੇਗਾਨਿਆਂ ਲਈ ਹਨ ਜਾਂ ਸਿਰਫ਼ ਕਿਤਾਬਾਂ ਜਾਂ ਗਰੰਥਾਂ ਤੀਕ ਹੀ ਸੀਮਤ ਹਨ? ਅਸੀਂ ਕਿਹੋ ਜਿਹੇ ਸਿੱਖ ਹਾਂ ਜੋ ਸਿੱਖੀ ਭੇਸ ਵਿਚ ਸਿੱਖ ਵਿਚਾਰਧਾਰਾ ਨੂੰ ਕਤਲ ਕਰਨ ਲਈ ਜਿੰਮੇਵਾਰ ਹਾਂ? ਸਿੱਖ ਸੋਚ ਨੂੰ ਸੰਕੀਰਨਤਾ ਵੱਲ ਧਕੇਲਨ ਲਈ ਕੌਣ ਕਸੂਰਵਾਰ ਏ? ਅਜੇਹੇ ‘ਚ ਕਿਹੋ ਜਿਹੇ ਮਨੁੱਖ ਦੀ ਸਿਰਜਣਾ ਦਾ ਕਿਆਸ ਕੀਤਾ ਜਾ ਸਕਦਾ, ਇਹ ਸਾਡੇ ਸਭ ਦੇ ਸਾਹਮਣੇ ਹੈ। ਅਜਿਹਾ ਮਨੁੱਖ ਜੋ ਗੁਰੂ ਵਲੋਂ ਚਿੱਤਵੇ ਮਨੁੱਖ ਤੋਂ ਹੀਣਾ ਅਤੇ ਨਿਗੂਣਾ ਏ, ਜਿਸਦੀ ਸੋਚ ਨੂੰ ਫੋਕੀਆਂ ਸ਼ੂਹਰਤਾਂ, ਸਿਫ਼ਤਾਂ ਅਤੇ ਸੰਕੀਰਨਤਾ ਨੇ ਅੰਦਰੋਂ ਛਲਣੀ ਕੀਤਾ ਹੋਇਆ ਏ। ਉਹ ਪੂਰਨ ਮਨੁੱਖ ਦਾ ਮਖੌਟਾ ਪਾ ਕੇ ਪੂਰਨਤਾ ਦਾ ਦਾਅਵੇਦਾਰ ਬਣ ਰਿਹਾ ਏ। ਯਾਦ ਰੱਖਣਾ! ਸਿੱਖ ਸੋਚ ਨੂੰ ਅੰਤਰੀਵ ਵਿਚ ਵਸਾ ਅਤੇ ਵਿਸਥਾਰ ਕੇ ਹੀ ਅਸੀਂ ਗੁਰੂ ਜੀ ਵਲੋਂ ਕਿਆਸੇ ਮਨੁੱਖੀ ਸਖਸ਼ੀ ਬਿੰਬ ਨੂੰ ਸਿਰਜਣ ਦੇ ਰਾਹ ਤੁਰ ਸਕਦੇ ਹਾਂ। ਇਹ ਮਾਰਗ ਬਿਖੜਾ ਤਾਂ ਹੈ ਪਰ ਇਸਦੀਆਂ ਰਹਿਮਤਾਂ ਨੇ ਹੀ ਮਨੁੱਖ ਨੂੰ ਮਾਨਵਵਾਦੀ ਸੋਚ ਦਾ ਮੁਦਈ ਬਣਾ ਕੇ, ਪਰਮ ਮਨੁੱਖ ਦਾ ਉਪਨਾਮ ਦੇਣਾ ਏ।
ਬਾਬਾ ਨਾਨਕ ਨੇ ਥੋਥੇ ਮਨੁੱਖੀ ਕਿਰਦਾਰ ਬਾਰੇ ਕੇਡੇ ਵੱਡੇ ਸੱਚ ਦਾ ਖੁਲਾਸਾ ਕਰਦਿਆਂ ਕਿਹਾ, ”ਗਲੀ ਅਸੀ ਚੰਗੀਆ ਆਚਾਰੀ ਬੁਰੀਆਹ। ਮਨਹੁ ਕੁਸਧਾ ਕਾਲੀਆ ਬਾਹਰਿ ਚਿਟਵੀਆਹ।” ਇਹ ਸੱਚ ਅਜੋਕੇ ਮਨੁੱਖ ਦਾ ਹੈ ਜੋ ਬਾਬੇ ਨੇ 550 ਸਾਲ ਪਹਿਲਾਂ ਕਹਿ ਦਿਤਾ ਸੀ। ਕੀ ਅਸੀਂ ਬਾਹਰੋਂ ਅਤੇ ਅੰਦਰੋਂ ਇਕਸਾਰ ਹਾਂ? ਕੀ ਅਸੀਂ ਪਰਤਾਂ ਵਿਚ ਜਿਉਂਦੇ ਹਾਂ? ਕੀ ਅਸੀਂ ਮਖੌਟੇ ਬਦਲਣ ਦੇ ਮਾਹਰ ਹਾਂ ਅਤੇ ਲੋੜ ਅਨੁਸਾਰ ਮਖੌਟੇ ਦਾ ਰੰਗ ਅਤੇ ਰੂਪ ਬਦਲ ਕੇ ਨਿੱਜੀ ਮੁਫ਼ਾਦ ਦੀ ਪੂਰਤੀ ਲਈ ਜ਼ਮੀਰ ਵੇਚਣ ਲਈ ਵੀ ਤਿਆਰ ਰਹਿੰਦੇ ਹਾਂ? ਜਦ ਹਰ ਮਨੁੱਖ ਵਿਕਾਊ ਹੋ ਜਾਵੇ ਤਾਂ ਕਦਰਾਂ-ਕੀਮਤਾਂ ਦੀ ਕੌਣ ਸ਼ਾਹਦੀ ਭਰੇਗਾ? ਕੌਣ ਸਮਾਜਿਕ ਤੰਦਾਂ ਵਿਚਲੇ ਮੋਹ ਅਤੇ ਪਕਿਆਈ ਦਾ ਰਾਗ ਗਾਵੇਗਾ? ਕੌਣ ਸੁੱਚੀਆਂ ਸੱਧਰਾਂ, ਸੁਗੰਧਤ ਸਬੰਧਾਂ ਅਤੇ ਮੋਹਵੰਤੀ ਤਰੰਗਾਂ ਨਾਲ ਮਨ ਦੀਆਂ ਰਮਜਾਂ ਦਾ ਗੀਤ ਗੁਣਗੁਣਾਵੇਗਾ?
ਪਰਮ ਮਨੁੱਖ ਦੀਆਂ ਵਿਸ਼ੇਸ਼ਤਾਵਾਂ, ਗੁਣਾਂ ਅਤੇ ਇਸਦੀਆਂ ਬਹੁ-ਪਰਤਾਂ ਨੂੰ ਫਰੋਲਦੀ ਗੁਰ-ਸ਼ਬਦ ਦੀ ਮਹਿਮਾ, ਸੱਚੀ-ਸੁੱਚੀ ਜੀਵਨ ਸ਼ੈਲੀ ਹੈ। ਅਸੀਂ ਇਸ ਜੀਵਨ ਸ਼ੈਲੀ ਨੂੰ ਅਪਨਾਉਣ ਤੋਂ ਆਕੀ ਅਤੇ ਇਸਦੀ ਬਹੁ-ਰੰਗਤਾ ਤੋਂ ਕੋਰੇ ਹਾਂ। ਲੋੜ ਹੈ ਕਿ ਅਸੀਂ ਇਸਦੀਆਂ ਬਹੁਮੁਲੀਆਂ ਪਰਤਾਂ ਨੂੰ ਜੀਵਨੀ ਪਰਤ ਦਾ ਨਾਮ ਦੇ ਕੇ, ਇਸਦੀ ਵਿਸ਼ਾਲਤਾ ਵਿਚੋਂ ਹੀ ਸਖਸ਼ੀਅਤ ਨੂੰ ਵਿਸਥਾਰੀਏ। ਇਸਦੀ ਉਚਮਤਾ ਵਿਚੋਂ ਕਰਮ-ਧਰਮ ਵਿਚਲੀ ਪਾਕੀਜ਼ਗੀ ਨੂੰ ਹਰ ਸਾਹ ਨਾਲ ਸਿਮਰੀਏ। ਇਸ ਰਾਹੀਂ ਗੁਰ-ਮਾਰਗ ਦੇ ਮਾਰਗੀ ਬਣਕੇ ਉਤਮ ਮਨੁੱਖ ਦੀ ਪਰਮ ਪਦਵੀ ਪਾਈਏ।
ਅਜਿਹਾ ਵਿਸ਼ਵਾਸ਼ ਰੱਖਣ ਵਿਚ ਤਾਂ ਕੋਈ ਹਰਜ਼ ਨਹੀਂ। ਆਸ ਹੈ ਕਿ ਗੁਰੂ ਜੀ ਦੀ ਨਿਵੇਕਲੀ ਸੋਚ ਦੀ ਕਿਰਨ ਸਾਡੇ ਦਰਾਂ ‘ਤੇ ਚਾਨਣ, ਮਸਤਕ ਧਰਾਤਲ ਨੂੰ ਨਵੀਆਂ ਦਿਸ਼ਾਵਾਂ, ਸੰਭਾਵਨਾਵਾਂ, ਸੁਪਨਿਆਂ, ਸਮਰਥਾਵਾਂ ਅਤੇ ਸਫ਼ਲਤਾਵਾਂ ਦਾ ਸਬੱਬ ਬਣਨ ਵਿਚ ਮਦਦ ਜਰੂਰ ਕਰੇਗੀ। ਫ਼ੋਨ ‘ 216-556-2080

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …