ਗੁੱਸੇ ’ਚ ਆਏ ਮੰਤਰੀ ਨੇ ਪੱਤਰਕਾਰਾਂ ਨੂੰ ਮਾਰੇ ਧੱਕੇ ਤੇ ਬੋਲੇ ਅਪਸ਼ਬਦ
ਨਵੀਂ ਦਿੱਲੀ/ਬਿਊਰੋ ਨਿਊਜ਼
ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿਚ ਆਪਣੇ ਮੁੰਡੇ ਅਸ਼ੀਸ਼ ਮਿਸ਼ਰਾ ਖਿਲਾਫ ਹੱਤਿਆ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਹੋਣ ਤੋਂ ਬਾਅਦ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਆਪੇ ਤੋਂ ਬਾਹਰ ਹੋ ਗਏ। ਧਿਆਨ ਰਹੇ ਕਿ ਅੱਜ ਬੁੱਧਵਾਰ ਨੂੰ ਅਜੇ ਮਿਸ਼ਰਾ ਲਖੀਮਪੁਰ ਵਿਚ ਮਦਰ ਚਾਈਲਡ ਕੇਅਰ ਸੈਂਟਰ ਵਿਚ ਆਕਸੀਜਨ ਪਲਾਂਟ ਦਾ ਉਦਘਾਟਨ ਕਰਨ ਪਹੁੰਚੇ ਸਨ। ਇਸੇ ਦੌਰਾਨ ਜਦੋਂ ਇਕ ਪੱਤਰਕਾਰ ਨੇ ਮੰਤਰੀ ਨੂੰ ਕਤਲ ਦੇ ਮਾਮਲੇ ਵਿਚ ਫਸੇ ਉਸਦੇ ਮੁੰਡੇ ਅਸ਼ੀਸ਼ ਮਿਸ਼ਰਾ ਬਾਰੇ ਸਵਾਲ ਕੀਤਾ ਤਾਂ ਅਜੇ ਮਿਸ਼ਰਾ ਨੇ ਉਸ ਪੱਤਰਕਾਰ ਨੂੰ ਧੱਕਾ ਦੇ ਦਿੱਤਾ ਅਤੇ ਅਪਸ਼ਬਦ ਵੀ ਬੋਲੇ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਨੂੰ ਲੈ ਕੇ ਭਾਜਪਾ ਹਾਈਕਮਾਨ ਨੇ ਅਜੇ ਮਿਸ਼ਰਾ ਨੂੰ ਦਿੱਲੀ ਵੀ ਬੁਲਾ ਲਿਆ। ਜ਼ਿਕਰਯੋਗ ਹੈ ਕਿ ਪੱਤਰਕਾਰ ਨੇ ਮੰਤਰੀ ਨੂੰ ਐਸ.ਆਈ.ਟੀ. ਦੀ ਜਾਂਚ ਬਾਰੇ ਸਵਾਲ ਪੁੱਛਿਆ ਸੀ ਅਤੇ ਕੇਂਦਰੀ ਮੰਤਰੀ ਮਿਸ਼ਰਾ ਪੱਤਰਕਾਰ ’ਤੇ ਭੜਕ ਪਏ ਅਤੇ ਕਿਹਾ ਕਿ ਤੁਹਾਡਾ ਦਿਮਾਗ ਖਰਾਬ ਹੈ, ਜਿਸ ਕੰਮ ਲਈ ਆਏ ਹੋ, ਉਸ ਬਾਰੇ ਗੱਲ ਕਰੋ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੰਤਰੀ ਨੇ ਪੱਤਰਕਾਰ ਨੂੰ ਧਮਕੀਆਂ ਵੀ ਦਿੱਤੀਆਂ ਧੱਕੇ ਵੀ ਮਾਰੇ। ਇਥੋਂ ਤੱਕ ਕਿ ਜਦੋਂ ਪੱਤਰਕਾਰ ਨੇ ਦੁਬਾਰਾ ਫਿਰ ਸਵਾਲ ਪੁੱਛਿਆ ਤਾਂ ਮੰਤਰੀ ਪੱਤਰਕਾਰ ਨੂੰ ਮਾਰਨ ਲਈ ਅੱਗੇ ਹੋਏ।
ਧਿਆਨ ਰਹੇ ਕਿ ਲੰਘੀ 3 ਅਕਤੂਬਰ ਨੂੰ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੈਨੀ ਦੇ ਮੰੁਡੇ ਆਸ਼ੀਸ਼ ਮਿਸ਼ਰਾ ਨੇ ਵਿਵਾਦਤ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਕਰ ਰਹੇ ਕਿਸਾਨਾਂ ’ਤੇ ਗੱਡੀ ਚੜ੍ਹਾ ਦਿੱਤੀ ਸੀ, ਜਿਸ ਕਾਰਨ ਚਾਰ ਕਿਸਾਨਾਂ ਦੀ ਜਾਨ ਚਲੇ ਗਈ ਸੀ ਅਤੇ ਇਸ ਤੋਂ ਬਾਅਦ ਹੋਈ ਹਿੰਸਾ ਵਿਚ ਚਾਰ ਹੋਰ ਵਿਅਕਤੀਆਂ ਦੀ ਮੌਤ ਵੀ ਹੋ ਗਈ ਸੀ। ਇਸ ਦੌਰਾਨ ਇਕ ਪੱਤਰਕਾਰ ਦੀ ਜਾਨ ਵੀ ਚਲੇ ਗਈ ਸੀ। ਐੱਸਆਈਟੀ ਨੇ ਹੁਣ ਤੱਕ ਆਸ਼ੀਸ਼ ਮਿਸ਼ਰਾ ਸਣੇ 13 ਆਰੋਪੀਆਂ ਨੂੰ ਗਿ੍ਰਫਤਾਰ ਕੀਤਾ ਹੈ ਅਤੇ ਉਹ ਲਖੀਮਪੁਰ ਖੀਰੀ ਜ਼ਿਲ੍ਹਾ ਜੇਲ੍ਹ ਵਿੱਚ ਬੰਦ ਹਨ।