ਟੋਲ ਦੇ ਰੇਟ ਘਟਾਏ ਜਾਣ ਅਤੇ ਕੇਂਦਰੀ ਮੰਤਰੀ ਅਜੇ ਮਿਸ਼ਰਾ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ : ਕਿਸਾਨ ਆਗੂ
ਚੰਡੀਗੜ੍ਹ/ਬਿਊੁਰੋ ਨਿਊਜ਼
ਟੋਲ ਦੇ ਵਧੇ ਰੇਟਾਂ ਖਿਲਾਫ ਕਿਸਾਨਾਂ ਵਲੋਂ ਟੋਲ ਪਲਾਜ਼ਿਆਂ ਅੱਗੇ ਪੱਕਾ ਧਰਨਾ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਮਹਿਲ ਕਲਾਂ ਟੌਲ ਪਲਾਜ਼ਾ ਅੱਗੇ ਕਿਸਾਨਾਂ ਵੱਲੋਂ ਭਰਵਾਂ ਇਕੱਠ ਕਰਕੇ ਜੇਤੂ ਰੈਲੀ ਕੀਤੀ ਗਈ। ਇਸ ਮੌਕੇ ਨਾਅਰੇਬਾਜੀ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਐਮਐਸਪੀ ਸਮੇਤ ਬਾਕੀ ਕਿਸਾਨ ਮੰਗਾਂ ਦੀ ਪੂਰਤੀ ਲਈ ਸੰਘਰਸ਼ ਜਾਰੀ ਰਹੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਕੁੱਝ ਕੰਪਨੀਆਂ ਵੱਲੋਂ ਟੋਲ ਪਲਾਜ਼ਾ ’ਤੇ ਰੇਟ ਵਧਾਏ ਗਏ ਹਨ ਇਸ ਲਈ ਟੋਲ ਪਲਾਜ਼ਾ ਮਹਿਲ ਕਲਾਂ ਅੱਗੇ ਪੱਕਾ ਧਰਨਾ ਜਾਰੀ ਰਹੇਗਾ। ਭਵਾਨੀਗੜ੍ਹ ਵਿਚ ਵੀ ਕਿਸਾਨਾਂ ਨੇ ਟੋਲ ਪਲਾਜ਼ਾ ’ਤੇ ਅੰਦੋਲਨ ਜਾਰੀ ਰੱਖਣ ਦਾ ਐਲਾਨ ਕੀਤਾ। ਇਸ ਮੌਕੇ ਕਿਸਾਨਾਂ ਨੇ ਪੰਜਾਬ ਸਰਕਾਰ ਖਿਲਾਫ ਵੀ ਜੰਮ ਕੇ ਨਾਅਰੇਬਾਜ਼ੀ ਕੀਤੀ। ਧਿਆਨ ਰਹੇ ਕਿ ਕਿਸਾਨਾਂ ਦੀ ਮੰਗ ਹੈ ਕਿ ਟੋਲ ਪਲਾਜ਼ਿਆਂ ਦੇ ਰੇਟ ਘਟਾਏ ਜਾਣ ਅਤੇ ਲਖੀਮਪੁਰ ਖੀਰੀ ਮਾਮਲੇ ਵਿਚ ਕੇਂਦਰੀ ਰਾਜ ਮੰਤਰੀ ਅਜੇ ਮਿਸ਼ਰਾ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਵੇ।