Breaking News
Home / ਮੁੱਖ ਲੇਖ / ਦਲ ਬਦਲੀ ਬਨਾਮ ਦਿਲ ਬਦਲੀ ਤੇ ਪ੍ਰਤੀਬੱਧਤਾ

ਦਲ ਬਦਲੀ ਬਨਾਮ ਦਿਲ ਬਦਲੀ ਤੇ ਪ੍ਰਤੀਬੱਧਤਾ

316844-1rz8qx1421419655-300x225ਡਾ. ਹਜ਼ਾਰਾ ਸਿੰਘ ਚੀਮਾ
ਜੇ ਅਖ਼ਬਾਰ ਦੀ ਖ਼ਬਰ ਸੱਚੀ ਹੋਵੇ ਤਾਂ, ਸਾਬਕਾ ਕ੍ਰਿਕਟਰ, ਕੁਮੈਂਟਰ ਸੰਸਦ ਮੈਂਬਰ ਤੇ ਟੀ.ਵੀ.’ਤੇ ਦਿਖਣ ਵਾਲਾ ਨਵਜੋਤ ਸਿੰਘ ਸਿੱਧੂ, ਜਿਸਨੂੰ ਮੈਂ ਗੰਭੀਰ ਰਾਜਨੀਤੀਵਾਨ ਮੰਨਣ ਤੋਂ ਸੰਕੋਚ ਕਰਦਾ ਹਾਂ ਅਤੇ ਜਿਸ ਦਾ ਅੱਜਕੱਲ੍ਹ ਪੁਰਾਣੇ ਪੰਜ ਸੌ ਦੇ ਨੋਟ ਵਰਗਾ ਹਾਲ ਹੋ ਗਿਆ ਸੀ, ਦੀ ਆਖ਼ਰ ਕਾਂਗਰਸ ਨਾਲ ਗੱਲਬਾਤ ਹੋ ਗਈ ਹੈ। ਇਸ ਸੌਦੇ ਮੁਤਾਬਿਕ ਉਸਨੇ ਆਪਣੀ ਪਤਨੀ ਡਾ. ਨਵਜੋਤ ਕੋਰ ਸਿੱਧੂ ਅਤੇ ਸ਼ਾਗਿਰਦ ਤੇ ਸਾਬਕਾ ਓਲੰਪੀਅਨ ਪ੍ਰਗਟ ਸਿੰਘ ਨੂੰ ਕਾਂਗਰਸ ਵਿੱਚ ਸ਼ਾਮਿਲ ਕਰਵਾ ਦਿੱਤਾ ਹੈ। ਰਾਜ ਸਭਾ ਤੋਂ ਅਸਤੀਫ਼ਾ ਦੇਣ ਉਪਰੰਤ ਭਾਜਪਾ ਨਾਲ ਤੋੜ-ਵਿਛੋੜਾ ਕਰਕੇ, ਕਾਂਗਰਸ ਜਾਂ ‘ਆਪ’ ਵਿੱਚ ਸ਼ਾਮਿਲ ਹੋਣ ਵਾਸਤੇ ਆਪਣਾ ਮੁੱਲ ਵਧਾਉਣ ਲਈ ਢਾਈ ਇੱਟਾਂ ਦੀ ਖੜ੍ਹੀ ਕੀਤੀ ‘ਆਵਾਜ਼-ਏ-ਪੰਜਾਬ’ ਦਾ ਵੀ ਭੋਗ ਪਾ ਦਿੱਤਾ ਹੈ। ਇਸ ਤੋਂ ਕੁਝ ਕੁ ਹਫ਼ਤੇ ਪਹਿਲਾਂ ਫਿਲੌਰ ਤੋਂ ਆਕਾਲੀ ਦਲ ਵੱਲੋਂ ਪੰਜ ਵਾਰ ਵਿਧਾਨ ਸਭਾ ਮੈਂਬਰ ਰਹਿ ਚੁੱਕੇ ਸਰਵਨ ਸਿੰਘ ਫਿਲੌਰ ਨੇ ਵੀ ਤੱਕੜੀ ਦਾ ਲੜ ਛੱਡਕੇ ਕਾਂਗਰਸ ਦੇ ਪੰਜੇ ਨਾਲ ਜਾ ਹੱਥ ਮਿਲਾਇਆ ਹੈ। ਬਹਾਨਾ ਉਸ ਨੇ ਇਹ ਲਗਾਇਆ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਦਲਿਤ ਹੋਣ ਕਾਰਨ ਉਸ ਨਾਲ ਧੱਕਾ ਕੀਤਾ ਹੈ। ਜਗਦੀਸ਼ ਭੋਲੇ ਵਾਲੇ ਡਰੱਗ ਕੇਸ ਦਾ ਬਹਾਨਾ ਬਣਾ ਕੇ ਉਸ ਨੂੰ ਤਾਂ ਟਿਕਟ ਤੋਂ ਨਾਂਹ ਕਰ ਦਿੱਤੀ ਹੈ, ਪਰ ਇਸੇ ਕੇਸ ਦੇ ਮੁੱਖ ਸਰਗਣੇ ਆਪਣੇ ਸਾਲੇ ਬਿਕਰਮ ਸਿੰਘ ਦਾ ਵਾਲ ਵੀ ਵਿੰਗਾ ਨਹੀਂ ਹੋਣ ਦਿੱਤਾ। ਪਾਰਟੀ ਦੇ ਸੱਤਾ ਵਿੱਚ ਆਉਣ ਦੀ ਸੰਭਾਵਨਾ ਨੂੰ ਦੇਖਦਿਆਂ ਆਪਣੀ ਮਾਂ ਪਾਰਟੀ ਨੂੰ ਛੱਡ ਕੇ ਵਿਰੋਧੀ ਪਾਰਟੀ ਦਾ ਪੱਲਾ ਫੜ ਚੁੱਕੇ ਜਾਂ ਪੰਜ-ਦਸ ਸਾਲ ਕਿਸੇ ਦੂਸਰੀ ਪਾਰਟੀ ਦਾ ਸੁਆਦ ਚੱਖ ਕੇ ਪਹਿਲੀ ‘ਮਾਂ’ ਪਾਰਟੀ ਵਿੱਚ ਸ਼ਾਮਲ ਹੋ ਚੁੱਕੇ ਫ਼ਸਲੀ ਬਟੇਰਿਆਂ ਦੀ ਗਿਣਤੀ ਸੈਕੜਿਆਂ ਵਿੱਚ ਹੈ। ਆਮ ਤੌਰ ‘ਤੇ ਇਹ ਦਲਬਦਲੀ ਦਾ ਸਿਲਸਿਲਾ ਆਮ ਚੋਣਾਂ ਤੋਂ ਸਾਲ ਕੁ ਪਹਿਲਾਂ ਸ਼ੁਰੂ ਹੁੰਦਾ ਹੈ ਅਤੇ ਅਖ਼ੀਰ ਚੋਣਾਂ ਤੱਕ ઠਚੱਲਦਾ ਰਹਿੰਦਾ ਹੈ।
ਇਹ ਉਪਰੋਕਤ ਵਰਤਾਰਾ ਮੇਰੇ ਵਰਗੇ ਸੰਵੇਦਨਸ਼ੀਲ ਤੇ ਥੋੜ੍ਹ ਦਿਲੇ ਬੰਦੇ ਵਾਸਤੇ ਅਨੇਕਾਂ ਪ੍ਰਸ਼ਨ ਖੜ੍ਹੇ ਕਰਦਾ ਹੈ। ਮਨ ਵਿੱਚ ਸੁਆਲ ਉੱਠਦਾ ਹੈ ਕਿ ਅਜੋਕੇ ਮਨੁੱਖ ਖ਼ਾਸ ਕਰਕੇ ਅਜੋਕੇ ਰਾਜਨੀਤੀਵਾਨਾਂ ਵਿੱਚੋਂ ਪ੍ਰਤੀਬੱਧਤਾ ਨਾਂ ਦੀ ਚੀਜ਼ ਕਿੱਥੇ ਗਈ? ਦੇਸ਼ ਦੇ ਧੁਰ ਦੱਖਣ ਵਿੱਚ ਸਥਿਤ ਸਭ ਤੋਂ ਵੱਧ ਸ਼ਾਖਰ ਜਾਣੇ ਜਾਂਦੇ ਸੂਬੇ ਕੇਰਲਾ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕਾਂਗਰਸ ਤੇ ਕਮਿਊਨਿਸਟਾਂ ਵਿਚਕਾਰ ਟਾਈ ਪੈ ਗਈ। ਦੋਹਾਂ ਧਿਰਾਂ ਦੇ ਬਰਾਬਰ-ਬਰਾਬਰ ਵਿਧਾਇਕ ਚੁਣੇ ਗਏ। ਕਾਂਗਰਸ ਨੇ ਕਮਿਊਨਿਸਟਾਂ ਦੇ ਸਾਧਨ-ਹੀਣ ਗ਼ਰੀਬ ਵਿਧਾਇਕਾਂ ਪਾਸ ਪਹੁੰਚ ਕਰਨੀ ਸ਼ੁਰੂ ਕਰ ਦਿੱਤੀ ਅਤੇ ਆਪਣੇ ਪਾਲੇ ਵਿੱਚ ਕਰਨ ਲਈ ਕੱਲੇ-ਕੱਲੇ ਨੂੰ ਹਰ ਤਰ੍ਹਾਂ ਦਾ ਲਾਲਚ ਦਿੱਤਾ ਗਿਆ। ਜਦੋਂ ਗੱਲ ਨਾ ਬਣੀ ਤਾਂ ਇੱਕ ਬਹੁਤ ਹੀ ਗ਼ਰੀਬ ਦਿਹਾੜੀ-ਦੱਪਾ ਕਰਕੇ ਆਪਣਾ ਪਰਿਵਾਰ ਪਾਲਣ ਵਾਲੇ ਇੱਕ ਵਿਧਾਇਕ ਤੱਕ ਪਹੁੰਚ ਕੀਤੀ। ਉਸ ਨੂੰ ਕਿਹਾ ਗਿਆ ਕਿ ਸਾਡੀ ਧਿਰ ਵਿਚ ਆ ਕੇ ਮੁੱਖ ਮੰਤਰੀ ਦੀ ਕੁਰਸੀ ਸੰਭਾਲ ਲੈ। ਅੱਗੋਂ ਪਤਾ ਉਸ ਨੇ ਕੀ ਕਿਹਾ ? ਉਸ ਆਖਿਆ ”ਤੁਹਾਡੀ ਜੁਰ੍ਹਅਤ ਕਿਵੇਂ ਪਈ ਮੇਰੀ ਜ਼ਮੀਰ ਦਾ ਸੌਦਾ ਕਰਨ ਦੀ? ਜੇ ਮੇਰੇ ਪਾਸ ਇਸ ਵੇਲੇ ਪਿਸਤੌਲ ਹੁੰਦਾ ਤਾਂ ਮੈਂ ਤੁਹਾਨੂੰ ਗੋਲੀ ਮਾਰ ਦੇਣੀ ਸੀ। ਜਾਓੁ ਇੱਥੋਂ ਦਫ਼ਾ ਹੋ ਜਾਓ। ਉਸ ਕਾਮਰੇਡ ਨੇ ਲਾਲਚ ਵਿੱਚ ਆ ਕੇ ਆਪਣੀ ਪਾਰਟੀ ਪ੍ਰਤੀ ਪ੍ਰਤੀਬੱਧਤਾ ਨਹੀਂ ਸੀ ਬਦਲੀ ਅਤੇ ਉੱਥੇ ਉਸ ਦੀ ਪਾਰਟੀ ਦੀ ਸਰਕਾਰ ਬਣ ਗਈ। ਇੱਥੇ ਇਹ ਦੱਸਣਾ ਕੁਥਾਂ ਨਹੀਂ ਹੋਵੇਗਾ ਕਿ ਨਵੀਂ ਬਣੀ ਸਰਕਾਰ ਵਿੱਚ ਉਹ ਵਿਧਾਇਕ ਮੰਤਰੀ ਵੀ ਨਹੀਂ ਸੀ ਬਣ ਸਕਿਆ। ਹੁਣ ਦੇ ਆਗੂਆਂ ਦਾ ਹਾਲ ਦੇਖੋ। ਇੱਕ ਆਗੂ ਆਪਣੀ ਪਹਿਲੀ ਪਾਰਟੀ ਵਿੱਚ ਰਹਿ ਕੇ ਚੋਣ ਲੜਦਾ ਹੈ, ਵਿਧਾਇਕ ਬਣਦਾ ਹੈ, ਕਈ ਵਾਰ ਮੰਤਰੀ ਵੀ ਬਣ ਜਾਂਦਾ ਹੈ, ਸੰਸਦ ਮੈਂਬਰ ਵੀ ਬਣ ਜਾਂਦਾ ਹੈ।
ਪਾਰਟੀ ਵਿੱਚ ਰਹਿਕੇ ਪਾਰਟੀ ਸੁਪਰੀਮੋ ਦੇ ਸੋਹਿਲੇ ਵੀ ਗਾਉਂਦਾ ਹੈ। ਅਜੋਕੀ ਰਵਾਇਤ ਅਨੁਸਾਰ ਵਿਰੋਧੀ ਪਾਰਟੀ ਉੱਪਰ ਕਿੰਤੂ-ਪ੍ਰੰਤੂ ਵੀ ਕਰਦਾ ਹੈ। ਆਪਣੇ ਸੁਪਰੀਮੋ ਦੀਆਂ ਨਜ਼ਰਾਂ ਵਿੱਚ ਚੰਗਾ ਬਣਨ ਲਈ ਵਿਰੋਧੀ ਪਾਰਟੀ ਦੀ ਮਾੜੀ ਗੱਲ ਨੂੰ ਤਾਂ ਨਿੰਦਦਾ ਹੀ ਹੈ, ਇਸ ਤੋਂ ਅੱਗੇ ਜਾ ਕੇ ਵਿਰੋਧੀ ਪਾਰਟੀ ਨੂੰ ਲੋਕ ਵਿਰੋਧੀ ઠਸਾਬਤ ਕਰਨ ਲਈ ਪੂਰਾ ਟਿੱਲ ਲਾਉਂਦਾ ਹੈ। ਆਮ ਲੋਕਾਂ ਵਿੱਚ ਚੰਗਾ ਕਿਰਦਾਰ ਤੇ ਸਾਫ ਸੁਥਰੀ ਛਵੀ ઠਦੇ ਮਾਲਕ ‘ਠੋਕੋ ਤਾਲੀ’ ਵਾਲੇ ઠਨਵਜੋਤ ਸਿੰਘ ਸਿੱਧੂ ਦੀ ਹੀ ਗੱਲ ਲੈ ਲਵੋ। ਇਸ ਕੋਲ ਅਥਾਹ ਪੈਸਾ ਹੈ, ਟੀ.ਵੀ. ‘ਤੇ ਮਸ਼ਹੂਰੀ ਕਰਨ ਅਤੇ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਹਲਕੀ ਕਿਸਮ ਦੇ ਚੁਟਕਲੇ ਸੁਣਾ ਕੇ ਮੌਜ ਮੇਲਾ ਕਰਨ ਦੇ, ਹਫਤੇ ਦੇ ਹੀ ਕਰੋੜਾਂ ਰੁਪਏ ਇਸ ਨੂੰ ਮਿਲ ਜਾਂਦੇ ਹਨ। ਜਦੋਂ ਉਹ ਭਾਜਪਾ ਵੱਲੋਂ ਸੰਸਦ ਮੈਂਬਰ ਬਣਿਆ ਤਾਂ ਉਸਨੇ ਬਕਾਇਦਾ ਤਾਲੀ ਨਹੀਂ, ਹਿੱਕ ਠੋਕ ਕੇ ਕਿਹਾ ਸੀ ”ਪਾਰਟੀ ਮਾਂ ਬਰਾਬਰ ਹੁੰਦੀ ਹੈ”। ਮਾਂ ਨਾਲ ਗ਼ੱਦਾਰੀ ਤੋਂ ਵੱਡਾ ਹੋਰ ਕੋਈ ਗੁਨਾਹ ਨਹੀਂ। ਪੁੱਤ ਕਪੁੱਤ ਹੋ ਸਕਦਾ ਹੈ, ਮਾਂ ਕਦੇ ਕੁ ਮਾਂ ਨਹੀਂ ਹੁੰਦੀ। ਭਾਜਪਾ ਨੇ ਜੋ ਇੱਜ਼ਤ, ਸਨਮਾਨ ਤੇ ਸ਼ੋਹਰਤ ਮੈਨੂੰ ਦਿੱਤੀ ਹੈ, ਮੈਂ ਉਸਦਾ ਕਰਜਾ ਜ਼ਿੰਦਗੀ ਭਰ ਨਹੀਂ ਦੇ ਸਕਦਾ। ਮੋਦੀ ਮੇਰੇ ਰੋਲ ਮਾਡਲ ਹਨ। ਕੇਜਰੀਵਾਲ ਜਿਸ ਨੇ ਆਪਣੇ ਗੁਰੂ ਅੰਨਾ ਹਜ਼ਾਰੇ ਨੂੰ ਧੋਖਾ ਦਿੱਤਾ, ਉਹ ਜਨਤਾ ਦਾ ਕੀ ਸਕਾ ਹੋਵੇਗਾ। ਕਮਾਨ ਵਿਚੋ ਨਿਕਲਿਆ ਤੀਰ, ਜ਼ੁਬਾਨ ‘ਚੋਂ ਨਿਕਲਿਆ ਸ਼ਬਦ ਕਦੇ ਵਾਪਸ ਨਹੀਂ ਆਉਂਦੇ। ਨਵਜੋਤ ਸਿੰਘ ਸਿੱਧੂ ਜੋ ਕਹਿੰਦਾ ਹੈ, ਉਹ ਪੱਥਰ ‘ਤੇ ਲਕੀਰ ਹੁੰਦਾ ਹੈ। ਨਵਜੋਤ ਸਿੱਧੂ ਕਦੇ ਆਪਣੀ ਗੱਲ ਤੋਂ ਪਿੱਛੇ ਨਹੀਂ ਹੱਟਦਾ। ਬੜੀ ਨਿਮਰਤਾ ਸਾਹਿਤ ਸਿੱਧੂ ਤੋਂ ਪੁੱਛਿਆ ਜਾ ਸਕਦਾ ਹੈ ਕਿ ਉਹ ਕਾਂਗਰਸ ਵਿੱਚ ਸ਼ਾਮਿਲ ਹੋਣ ਉਪਰੰਤ ਹੁਣ ਵੀ ਮੋਦੀ ਦੀ ਸਿਫ਼ਤ ਕਰਨ ਲੱਗਿਆਂ ਪਹਿਲਾਂ ਵਾਂਗ ਉਸ ਦੇ ਨਾਮ ਨਾਲ ੩੨ ਵਿਸ਼ੇਸ਼ਣ ਲਾਏਗਾ। ਜਿਸ ਨੂੰ ਦੇਸ਼ ਦੇ ਕਰੋੜਾਂ ਲੋਕਾਂ ਨੇ ਖੁਦ ਅੱਖੀਂ ਦੇਖਿਆ ਅਤੇ ਕੰਨੀ ਸੁਣਿਆ ਸੀ।
ਅਸਲ ਵਿੱਚ ਹੁਣ ਸਿਆਸੀ ਲੋਕ ‘ਸਿਆਣੇ’ ਹੋ ਗਏ ਹਨ ਇਨ੍ਹਾਂ ਵੱਲੋਂ ਅਜੋਕੇ ਪਦਾਰਥਵਾਦੀ ਯੁੱਗ ਵਿੱਚ ਨੈਤਿਕਤਾ ਦੇ ਨਾਂ ‘ਤੇ ਆਪਣੀ ਪਾਰਟੀ ਜਾਂ ਪਾਰਟੀ ਦੇ ਸਿਧਾਂਤ ਨਾਲ ਜ਼ਿੰਦਗੀ ਭਰ ਜੁੜੇ ਰਹਿਣਾ ਹੁਣ ਪੁਰਾਣੀ ਗੱਲ ਹੋ ਗਈ ਹੈ। ਪ੍ਰਸਿੱਧ ਗ਼ਜ਼ਲਗੋ ਸੁਲੱਖਣ ਸਰਹੱਦੀ ਦੀ ਗਜ਼ਲ ਦਾ ਇੱਕ ਸ਼ੇਅਰ ਵੀ ਹੈ:-
ਸਿਰ ਤਲੀ ‘ਤੇ ਧਰਕੇ ਤੁਰਨਾ ਕੰਮ ਹੁੰਦੈ ਸਿਰਲੱਥਾਂ ਦਾ
ਸਾਰੀ ਉਮਰੇ ਤੁਰਦੇ ਰਹਿਣਾ ਕੰਮ ਨ੍ਹੀਂ ਹਾਰੀ ਸਾਰੀ ਦਾ
ਸੋ ਇਹ ਗੱਲਾਂ ਭਲੇ ਵੇਲਿਆਂ ਦੀਆਂ ਸਨ। ਜਦੋਂ ਸਿਆਸਤ ਨੂੰ ਲੋਕ-ਸੇਵਾ ਦਾ ਨਾਂ ਹੀ ਨਹੀਂ ਸੀ ਦਿੱਤਾ ਜਾਂਦਾ, ਸਗੋਂ ਅਸਲ ਵਿੱਚ ਲੋਕਾਂ ਦੀ ਸੇਵਾ ਕੀਤੀ ਜਾਂਦੀ ਸੀ। ਪਰ ਹੁਣ ਸਿਆਸਤ ਸੇਵਾ ਨਹੀਂ ਰਹੀ, ਸਗੋਂ ਸੇਵਾ ਦੇ ਨਾਂ ਉੱਪਰ ਸਿਆਸਤ ਹੋ ਰਹੀ ਹੈ। ਸਿਰਫ਼ ਸਿਆਸਤ ਹੀ ਨਹੀਂ ਹੋ ਰਹੀ, ਸਗੋ ਹੁਣ ਇਹ ਲਾਭਦਾਇਕ ਧੰਦਾ ਬਣ ਚੁੱਕੀ ਹੈ। ਜਿਵੇਂ ਹਰ ਧੰਦੇ ਦਾ ਅਸੂਲ ਹੈ ਕਿ ਪਹਿਲਾਂ ਉਸ ਵਿੱਚੋਂ ਕੁਝ ਨਿਵੇਸ਼ ਕਰਨਾ ਪੈਂਦਾ ਹੈ। ਨਿਵੇਸ਼ ਤਨ, ਮਨ ਅਤੇ ਧਨ ਦਾ ਹੋ ਸਕਦਾ ਹੈ। ਮਾਤੜ੍ਹ ਬੰਦੇ ਕੋਲ ਧਨ ਦੀ ਬਜਾਏ ਸਿਰਫ਼ ਤਨ ਤੇ ਮਨ ਹੀ ਬਚਦਾ ਹੈ। ਇਸ ਲਈ ਉਹ ਤਨ ਦਾ ਨਿਵੇਸ਼ ਤਾਂ ਰਾਜਸੀ ਇਕੱਠਾਂ ਵਿੱਚ ਹਾਜ਼ਰੀ ਭਰਕੇ ਕਰ ਸਕਦਾ ਹੈ, ਪਰ ਮਨ ਕਈ ਵਾਰ ਮਾਰਿਆ ਨਹੀਂ ਜਾ ਸਕਦਾ। ਜ਼ਮੀਰ ਨਾਂ ਦੀ ਸ਼ੈਅ ਸਾਹਮਣੇ ਆ ਖਲੋਂਦੀ ਹੈ। ਉੱਪਰਲੇ ਆਗੂ ਦੀ ਹਾਂ ਵਿੱਚ ਹਾਂ ਮਿਲਾਉਣ ਸਮੇਂ ਕਦੇ-ਕਦੇ ਇਹ ਜਾਗ ਉੱਠਦੀ ਹੈ। ਸੋ ਅਜਿਹੇ ਮਨ ਵਾਲਾ ਥੋੜ੍ਹ-ਦਿਲਾ ਬੰਦਾ ਸਿਆਸਤ ਦੇ ਇਸ ਧੰਦੇ ਵਿੱਚ ਸਫ਼ਲ ਨਹੀਂ ਹੋ ਸਕਦਾ। ਤਨ ਤੇ ਮਨ ਨਾਲੋਂ ਧਨ ਨਿਵੇਸ਼, ਕਰਨ ਵਾਲਾ ਬੰਦਾ ਹਮੇਸ਼ਾ ਲਾਹੇ ਵਿੱਚ ਰਹਿੰਦਾ ਹੈ। ਸਾਡੇ ਵਰਗੇ ਅਜੇ ਵੀ ਵਿਚਾਰਾਂ ਦੀ ਸਾਂਝ ਨੂੰ ਸਭ ਤੋਂ ਪਵਿੱਤਰ ਸਮਝ ਕੇ ਐਂਵੇ ਗਲ ਨਾਲ ਲਾਈ ਬੈਠੇ ਹਨ। ਜ਼ਿੰਦਗੀ ਦੇ ਸੱਤਵੇਂ ਦਹਾਕੇ ਵਿਚ ਪੈਰ ਰੱਖਣ ਦੇ ਬਾਵੂਜਦ ਵੀ ਮੈਨੂੰ ਮੁਹਾਵਰੇ ‘ਜੇਹਾ ਰਾਜਾ ਤੇਹੀ ਪਰਜਾ’ ਜਾਂ ‘ਜੇਹੀ ਪਰਜਾ ਤੇਹਾ ਰਾਜਾ’, ਭਾਵ ਰਾਜੇ ਵੱਲ ਦੇਖ ਕੇ ਲੋਕ ਬਦਲਦੇ ਹਨ ਜਾਂ ਪਰਜਾ ਵੱਲ ਦੇਖ ਕੇ ਰਾਜਾ ਬਦਲ ਜਾਂਦਾ ਹੈ, ਵਿੱਚੋਂ ਕਿਹੜਾ ਠੀਕ ਹੈ, ਸਮਝ ਨਹੀਂ ਆਇਆ।
ਵੈਸੇ ਸੱਤਰਵਿਆਂ ਵਿੱਚ ਸਰਗਰਮ ਮੋਗੇ ਲਾਗੇ ਦੇ ਇੱਕ ਆਗੂ ਗੁਰਚਰਨ ਸਿੰਘ ਨਿਹਾਲ ਸਿੰਘ ਵਾਲਾ ਦੀ ਦਲੀਲ ਵਿੱਚ ਦਮ ਲੱਗਦਾ ਹੈ। ਜਿਸ ਨੇ ਦਲਬਦਲੀ ਕਰਨ ਸਮੇਂ ਕਿਹਾ ਸੀ-ਲੋਕੋ ਮੈਨੂੰ ਇੱਕ ਗੱਲ ਦੱਸੋ-ਜਿਸ ਬੱਸ ਵਿਚ ਤੁਸੀਂ ਸਵਾਰ ਹੋ, ਜੇ ਉਹ ਰਾਹ ਵਿਚ ਪੈਂਚਰ ਹੋ ਜਾਵੇ ਜਾਂ ਖਰਾਬ ਹੋ ਜਾਵੇ ਤਾਂ ਤੁਸੀਂ ਉਸ ਬੱਸ ਦੇ ਠੀਕ ਹੋਣ ਜਾਂ ਪੈਂਚਰ ਲੱਗਣ ਤੱਕ ਉਡੀਕ ਕਰਨ ਦੀ ਮੂਰਖਤਾ ਕਰੋਗੇ ਜਾਂ ਪਹਿਲੀ ਬੱਸ ਵਿੱਚੋਂ ਛਾਲ ਮਾਰਕੇ, ਝੱਟ ਪਿੱਛੇ ਆ ਰਹੀ ਦੂਸਰੀ ਬੱਸ ਵਿਚ ਸਵਾਰ ਹੋ ਕੇ ਸਮੇਂ ਸਿਰ ਆਪਣੀ ਮੰਜ਼ਿਲ ‘ਤੇ ਪਹੁੰਚਣ ਦੀ ਸਿਆਣਪ ਕਰੋਗੇ ? ਇਹ ਗੱਲ ਪਾਠਕਾਂ ਉੱਪਰ ਛੱਡੀ ਜਾ ਸਕਦੀ ਹੈ ਕਿ ਉਨ੍ਹਾਂ ਦਲਬਦਲੀ ਕਰਨ ਵਾਲਿਆਂ ਵਾਂਗ ਦਿਲ ਬਦਲਣਾ ਹੈ ਜਾਂ ਜ਼ਮੀਰ ਨਾਂ ਦੀ ਸ਼ੈਅ ਦਾ ਬੋਝ ਮਨ ਉੱਪਰ ਪਾਈ ਰੱਖਣਾ ਹੈ।

Check Also

ਭਾਰਤ ਦੀਆਂ ਖੇਤੀ ਨੀਤੀਆਂ ਵਿਚ ਤਬਦੀਲੀ ਦੀ ਜ਼ਰੂਰਤ

ਡਾ. ਗਿਆਨ ਸਿੰਘ ਭਾਰਤ ਦੇ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਅਸ਼ਵਨੀ ਵੈਸ਼ਨਵ ਨੇ 19 ਜੂਨ …