ਰੂਪ ਸਿੰਘ
ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਵਰੋਸਾਏ ਪਾਵਨ ਪਵਿੱਤਰ ਇਤਿਹਾਸਕ ਸ਼ਹਿਰ ਅੰਮ੍ਰਿਤਸਰ ਦੀ ਆਪਣੀ ਮਹੱਤਤਾ ਤੇ ਪਛਾਣ ਹੈ। ਇਸ ਨੂੰ ਪੰਜਾਬ ਦਾ ਦਿਲ ਤੇ ਗੁਰਸਿੱਖਾਂ ਦੀ ਜਿੰਦ-ਜਾਨ ਕਿਹਾ ਜਾਣਾ ਕੋਈ ਅਤਿਕਥਨੀ ਨਹੀਂ ਹੋਵੇਗੀ। ਅੰਮ੍ਰਿਤਸਰ ਸਿਰਫ਼ ਸਿੱਖਾਂ ਲਈ ਹੀ ਨਹੀਂ, ਸਗੋਂ ਵਿਸ਼ਵ ਦੇ ਲੋਕਾਂ ਲਈ ਵਿਸ਼ਵ-ਧਰਮ ਮੰਦਰ, ਸ੍ਰੀ ਹਰਿਮੰਦਰ ਸਾਹਿਬ ਕਰਕੇ ਖਿੱਚ ਦਾ ਕੇਂਦਰ ਹੈ। ਸੰਸਾਰ ਦੇ ਕਿਸੇ ਵੀ ਕੋਨੇ ਵਿੱਚੋਂ ਕੋਈ ਵੀ, ਕਿਸੇ ਸਮੇਂ ਬਿਨਾਂ ਕਿਸੇ ਰੋਕ-ਟੋਕ ਦੇ ਅੰਮ੍ਰਿਤਸਰ ਦੇ ਦਰਸ਼ਨ-ਇਸ਼ਨਾਨ ਕਰ ਸਕਦਾ ਹੈ। ਜਾਤੀ, ਨਸਲ ਜਾਂ ਖੇਤਰੀ ਭਿੰਨ-ਭੇਦ ਇੱਥੇ ਨਹੀਂ ਪੁੱਛਿਆ ਜਾਂਦਾ। ਇਹੀ ਕਾਰਨ ਹੈ ਕਿ ਹਰ ਫਿਰਕੇ, ਹਰ ਧਰਮ ਨਾਲ਼ ਸਬੰਧਤ ਲੋਕ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ-ਇਸ਼ਨਾਨ ਕਰ ਕੇ ਆਪਣੇ ਆਪ ਨੂੰ ਵਡਭਾਗਾ ਸਮਝਦੇ ਹਨ। ਸ੍ਰੀ ਗੁਰੂ ਰਾਮਦਾਸ ਜੀ ਨੇ ਪਾਵਨ ਸਰੋਵਰ ਦਾ ਕਾਰਜ ਆਰੰਭ ਕੀਤਾ ਤੇ ਗੁਰੂ ਅਰਜਨ ਦੇਵ ਜੀ ਨੇ ਸਰੋਵਰ ਨੂੰ ਪੱਕਾ ਕਰਕੇ ਇਸ ਦੇ ਵਿਚਕਾਰ ‘ਹਰਿਮੰਦਰ’ ਦਾ ਨਿਰਮਾਣ ਕਰਵਾਇਆ। ਅੰਮ੍ਰਿਤ-ਸਰੋਵਰ ਤੇ ਹਰਿਮੰਦਰ ਦੀ ਸਿਰਜਣਾ ਦਾ ਉਦੇਸ਼ ਚਹੁੰ ਵਰਨਾਂ ਨੂੰ ਸਾਂਝਾ ਉਪਦੇਸ਼ ਦੇਣ ਦਾ ਸੀ। ਹਰਿਮੰਦਰ ਦੀ ਸਿਰਜਣਾ ਤੇ ਇਮਾਰਤ-ਕਲਾ ਅਲੌਕਿਕ, ਅਨੂਠੀ ਤੇ ਵਿਲੱਖਣ ਹੈ। ਇਸੇ ਲਈ ਤਾਂ ਸ਼ਹੀਦਾਂ ਦੇ ਸਿਰਤਾਜ , ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਇਸ ਦੇ ਅਦੁੱਤੀ ਹੋਣ ਬਾਰੇ ਫਰਮਾਨ ਕਰਦੇ ਹਨ :
ਡਿਠੇ ਸਭੇ ਥਾਵ ਨਹੀਂ ਤੁਧੁ ਜੇਹਿਆ॥ ਬਧੋਹੁ ਪੁਰਖਿ ਬਿਧਾਤੈ ਤਾਂ ਤੂ ਸੋਹਿਆ॥
1604 ਈਸਵੀ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੀ ਪਾਵਨ ਬੀੜ ਤਿਆਰ ਕਰ, ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਕੀਤਾ ਤੇ ਬਾਬਾ ਬੁੱਢਾ ਜੀ ਨੂੰ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਹੋਣ ਦਾ ਮਾਣ ਬਖ਼ਸ਼ਿਆ। ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਸਿੱਖ-ਧਰਮ ਦੇ ਕੇਂਦਰੀ ਅਸਥਾਨ ਦਾ ਨਿਰਮਾਣ ਕਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਤਿਆਰ ਕਰ ਕੇ ਸਿੱਖ ਧਰਮ ਨੂੰ ਪੱਕੇ ਪੈਰੀਂ ਖੜ੍ਹਾ ਕਰ ਦਿੱਤਾ। ਸਰਵ-ਸਾਂਝੇ ਧਰਮ ਮੰਦਰ ਦੀ ਉਸਾਰੀ ਤੇ ਸਰਬ-ਸਾਂਝੀਵਾਲਤਾ ਦਾ ਉਪਦੇਸ਼ ਦੇਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪ੍ਰਕਾਸ਼ ਹੋ ਜਾਣ ਨਾਲ਼ ਬਹੁਤ ਸਾਰੇ ਹਿੰਦੂ ਮੁਸਲਮਾਨ ਗੁਰੂ-ਘਰ ਵੱਲ ਪ੍ਰੇਰਿਤ ਹੋਏ। ਹਰਿਮੰਦਰ ਸਾਹਿਬ- ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥- ਦਾ ਉਪਦੇਸ਼ ਮਾਨਵਤਾ ਨੂੰ ਦਿੰਦਾ ਆ ਰਿਹਾ ਹੈ। ਇਸ ਲਈ ਮੌਲਾਨਾ ਜਫ਼ਰ ਅਲੀ ਨੇ ਕਿਹਾ ਸੀ, ਹਰਿਮੰਦਰ ਕੀ ਬੁਨਿਆਦ ਕੀ ਈਂਟ ਦੇ ਰਹੀ ਹੈ ਗਵਾਹੀ, ਕਿ ਕਬੀ ਅਹਿਲੇ ਮਜ਼ਹਬ ਮੇਂ ਦੋਸਤੀ ਮੁਸਕਰਾਈ ਥੀ। ਸਿੱਖਾਂ ਲਈ ਅੰਮ੍ਰਿਤਸਰ ਦੀ ਧਾਰਮਿਕ-ਇਤਿਹਾਸਕ ਮਹੱਤਤਾ ਤੇ ਮਾਨਤਾ ਦਾ ਅੰਦਾਜ਼ਾ ਇਸ ਗੱਲ ਤੋਂ ਸਹਿਜੇ ਹੀ ਲੱਗ ਸਕਦਾ ਹੈ ਕਿ ਵਿਸ਼ਵ ਦੇ ਕੋਨੇ-ਕੋਨੇ ਵਿੱਚ ਬੈਠੇ ਗੁਰਸਿੱਖ ਰੋਜ਼ਾਨਾ ਸਵੇਰੇ-ਸ਼ਾਮ ਅਰਦਾਸ ਦੇ ਇਹ ਸ਼ਬਦ ਦਿਲ ਦੀਆਂ ਗਹਿਰਾਈਆਂ ਵਿੱਚੋਂ ਉਚਾਰਦੇ ਹਨ, ‘ਦਾਨਾ ਸਿਰ ਦਾਨ ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ’। ਹਰਿਮੰਦਰ ਸਾਹਿਬ ਕਿਸੇ ਵਿਅਕਤੀ-ਵਿਸ਼ੇਸ਼ ਮਹਾਨਤਾ ਨੂੰ ਨਹੀਂ ਪ੍ਰਗਟਾਉਂਦਾ, ਇਹ ਤਾਂ ਪ੍ਰਮਾਤਮਾ ਦੀ ਏਕਤਾ, ਮਨੁੱਖੀ ਬਰਾਬਰੀ, ਸਰਵ-ਸਾਂਝੀਵਾਲਤਾ ਦਾ ਉਪਦੇਸ਼ ਸਮੁੱਚੀ ਮਾਨਵਤਾ ਨੂੰ ਦੇ ਰਿਹਾ ਹੈ। ਸ੍ਰੀ ਹਰਿਮੰਦਰ ਸਾਹਿਬ ਵਿਖੇ ਸਤਿਗੁਰਾਂ ਦੇ ਪ੍ਰਕਾਸ਼-ਗੁਰਪੁਰਬ, ਗੁਰ-ਗੱਦੀ ਦਿਵਸ, ਜੋਤੀ ਜੋਤ ਸਮਾਉਣ ਦੇ ਦਿਹਾੜੇ, ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼-ਦਿਵਸ ਤੇ ਗੁਰ-ਗੱਦੀ ਦਿਵਸ ਮਨਾਏ ਜਾਂਦੇ ਹਨ। ਇਹਨਾਂ ਪਾਵਨ ਇਤਿਹਾਸਕ ਗੁਰਪੁਰਬਾਂ ਨੂੰ ਮਨਾਉਣ ਦਾ ਢੰਗ ਵੀ ਅਲੌਕਿਕ ਹੈ। ਸਬੰਧਤ ਗੁਰਪੁਰਬ ਸਬੰਧੀ ਗੁਰਬਾਣੀ ਦੇ ਸ਼ਬਦਾਂ ਦਾ ਗਾਇਨ ਕੀਤਾ ਜਾਂਦਾ ਹੈ ਤੇ ਅਰਦਾਸ ਵਿੱਚ ਵੱਖਰੇ ਤੌਰ ‘ਤੇ ਵਿਸ਼ੇਸ਼ ਜ਼ਿਕਰ ਕੀਤਾ ਜਾਂਦਾ ਹੈ। ਇਹਨਾਂ ਸਾਰਿਆਂ ਗੁਰਪੁਰਬਾਂ ਸਬੰਧੀ ਧਾਰਮਿਕ ਸਮਾਗਮ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗੁਰਦਵਾਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਕੀਤੇ ਜਾਂਦੇ ਹਨ, ਜਿਥੇ ਵਿਦਵਾਨ ਬੁਲਾਰੇ, ਇਤਿਹਾਸਕਾਰ, ਵਿਆਖਿਆਕਾਰ, ਰਾਗੀ, ਢਾਡੀ, ਕਵੀਸ਼ਰ ਗੁਰਪੁਰਬਾਂ ਤੋਂ ਇਲਾਵਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਖਾਲਸੇ ਦਾ ਸਾਜਨਾ ਦਿਵਸ ‘ਵਿਸਾਖੀ’ ਅਤੇ ‘ਦੀਵਾਲੀ’ ਦਾ ਦਿਨ ‘ਬੰਦੀ-ਛੋੜ ਦਿਵਸ’ ਦੇ ਰੂਪ ਵਿੱਚ ਪੰਥਕ ਤੌਰ ‘ਤੇ ਮਨਾਇਆ ਜਾਂਦਾ ਹੈ। ਦੀਵਾਲੀ ਦੀਪ-ਪੂਜਾ ਤੇ ਲੱਛਮੀ-ਪੂਜਾ ਦੇ ਰੂਪ ਵਿਚ ਮਨਾਈ ਜਾਂਦੀ ਹੈ, ਪਰ ਸਿੱਖ ਇਹ ਦਿਹਾੜਾ ਆਪਣੇ ਗੌਰਵਮਈ ਵਿਰਸੇ ਨੂੰ ਯਾਦ ਕਰਨ ਲਈ ਮਨਾਉਂਦੇ ਹਨ। ਸਿੱਖ ਦੀਵਾਲੀ ਵਾਲੇ ਦਿਨ, ਬੰਦੀ-ਛੋੜ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸ੍ਰੀ ਅੰਮ੍ਰਿਤਸਰ ਆਗਮਨ ਦੀ ਖ਼ੁਸ਼ੀ ਵਿੱਚ ਦੀਵੇ ਜਗਾਉਂਦੇ ਹਨ। ਰੌਸ਼ਨੀ ਕਰ ਕੇ, ਆਤਿਸ਼ਬਾਜ਼ੀ ਚਲਾ ਕੇ ਆਪਣੇ ਪਿਆਰੇ ਸਤਿਗੁਰੂ ਨੂੰ ਸਤਿਕਾਰ ਭੇਟ ਕਰਦੇ ਹਨ। ਇਸ ਤ੍ਹਰਾਂ ਸਿੱਖਾਂ ਨੇ ਦੀਵਾਲੀ ਵਾਲੇ ਦਿਨ ਨੂੰ ਬੰਦੀ-ਛੋੜ ਦਿਵਸ ਦੇ ਰੂਪ ਵਿੱਚ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਾਰ ਵਿਖੇ ਮਨਾਉਣਾ ਸ਼ੁਰੂ ਕਰ ਦਿੱਤਾ ਤੇ ਫਿਰ ਇਹ ਲੋਕ-ਉਕਤੀ ਪ੍ਰਚੱਲਤ ਹੋ ਗਈ :
ਦਾਲ ਰੋਟੀ ਘਰ ਦੀ, ਦੀਵਾਲੀ ਅੰਬਰਸਰ ਦੀ ਬਾਦਸ਼ਾਹ ਜਹਾਂਗੀਰ ਨੂੰ ਸਿੱਖਾਂ ਵਧਦੀ ਹੋਈ ਸ਼ਕਤੀ ਕਿਸੇ ਤਰ੍ਹਾਂ ਦੀ ਸਖਾਵੀਂ ਨਹੀਂ ਸੀ ਲੱਗਦੀ। ਇਹੀ ਕਾਰਨ ਸੀ ਕਿ ਬਾਣੀ ਦੇ ਬੋਹਿਥ, ਸ਼ਾਂਤੀ ਦੇ ਪੁੰਜ, ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦੀ ਦੇਣੀ ਪਈ। ਬਾਦਸ਼ਾਹ ਜਹਾਂਗੀਰ ਨੂੰ ਖਿਆਲ ਸੀ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਪਿੱਛੋਂ, ”ਦਲਿ ਭੰਜਨ ਗੁਰੂ ਸੂਰਮਾ’ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰ-ਗੱਦੀ ‘ਤੇ ਬਿਰਾਜਮਾਨ ਹੁੰਦਿਆਂ ਹੀ ਮੀਰੀ-ਪੀਰੀ ਦੀਆਂ ਤਲਵਾਰਾਂ ਪਹਿਨ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕਰ, ਚੰਗੇ ਘੋੜੇ ਤੇ ਸ਼ਸਤਰ ਭੇਟਾ ਹਿੱਤ ਲਿਆਉਣ ਲਈ ਹੁਕਮਨਾਮੇ ਜਾਰੀ ਕਰ ਕੇ ਇਹ ਸਪੱਸ਼ਟ ਕਰ ਦਿੱਤਾ ਕਿ ਸੱਚ ਦਾ ਚੰਦਰਮਾ ਜ਼ਬਰ-ਜ਼ੁਲਮ ਦੀ ਸ਼ਕਤੀ ਨਾਲ਼ ਢੱਕਿਆ ਨਹੀਂ ਗਿਅ, ਸਗੋਂ ਸੱਚ ਦਾ ਪ੍ਰਕਾਸ਼ ਕਰਨ ਲਈ ਹੋਰ ਚਮਕੇਗਾ। ਜਹਾਂਗੀਰ ਇਹ ਸਭ ਦੇਖ ਹੈਰਾਨ-ਪ੍ਰੇਸ਼ਾਨ ਹੋਇਆ। ਉਹ ਤਾਂ ਪਹਿਲਾਂ ਹੀ ਨਾਨਕ ਨਿਰਮਲ ਪੰਥ ਨੂੰ ਬੰਦ ਕਰਨ ਬਾਰੇ ਸੋਚ ਰਿਹਾ ਸੀ, ਜਿਹੜਾ ਕਿ ਉਸ ਲਈ ਇਕ ਵੰਗਾਰ ਬਣ ਕੇ ਪ੍ਰਗਟ ਹੋ ਰਿਹਾ ਸੀ।
ਬਾਦਸ਼ਾਹ ਜਹਾਂਗੀਰ ਨੇ ਗੁਰੂ ਜੀ ਨੂੰ ਦਿੱਲੀ ਬੁਲਾਇਆ ਤੇ ਹੱਕ-ਸੱਚ ਦੀ ਆਵਾਜ਼ ਤੋਂ ਵਿਸ਼ੇਸ਼ ਖ਼ਤਰਾ ਮਹਿਸੂਸ ਕਰਦਿਆਂ ਗੁਰੂ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਬੰਦੀ ਬਣਾ ਲਿਆ, ਜਿੱਥੇ ਕਿ ਪਹਿਲਾਂ ਹੀ ਹਿੰਦੂ ਰਾਜੇ ਬੰਦੀ (ਕੈਦੀ)ਬਣਾਏ ਹੋਏ ਸਨ। ਗੁਰੂ ਜੀ ਦੀ ਗ੍ਰਿਫ਼ਤਾਰੀ ਨਾਲ਼ ਗੁਰੂ-ਘਰ ਦੇ ਪ੍ਰੀਤਵਾਨ ਗੁਰਸਿੱਖਾਂ ਵਿੱਚ ਇਹ ਤੌਖਲਾ ਤੇ ਬੇਚੈਨੀ ਵਧ ਗਈ ਕਿ ਗੁਰੂ ਅਰਜਨ ਦੇਵ ਜੀ ਵਾਂਗ ਕਿਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਵੀ ਸ਼ਹੀਦ ਨਾ ਕਰ ਦਿੱਤਾ ਜਾਵੇ। ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਦੀ ਅਗਵਾਈ ਵਿੱਚ ਸੰਗਤਾਂ ਮਸ਼ਾਲਾਂ ਜਗਾ ਕੇ ਗੁਰਬਾਣੀ ਪੜ੍ਹਦਿਆ ਗੁਰੂ ਜੀ ਦੀ ਰਿਹਾਈ ਲਈ ਸ਼ਾਂਤਮਈ ਪ੍ਰਦਰਸ਼ਨ ਕਰਦੀਆਂ। ਕਦੇ-ਕਦੇ ਗਵਾਲੀਅਰ ਪਹੁੰਚ ਸੰਗਤਾਂ ਕਿਲ੍ਹੇ ਦੀ ਪਰਿਕਰਮਾ ਕਰ ਆਪਣੇ ਸਤਿਕਾਰਤ ਗੁਰੂ ਪ੍ਰਤੀ ਸਤਿਕਾਰ ਪ੍ਰਗਟ ਕਰਦੀਆਂ। ਸਿੱਖ ਸੰਗਤਾਂ ਵਲੋਂ ਹੋ ਰਹੇ ਸ਼ਾਂਤਮਈ ਪ੍ਰਦਰਸ਼ਨ ਤੇ ਸਾਈਂ ਮੀਆਂ ਮੀਰ ਵਰਗੇ ਇਨਸਾਫ਼-ਪਸੰਦ ਮੁਸਲਮਾਨਾਂ ਦੇ ਦਖ਼ਲ ਨਾਲ਼ ਗੁਰੂ ਸਾਹਿਬ ਜੀ ਦੀ ਰਿਹਾਈ ਸੰਭਵ ਹੋਈ। ਗੁਰੂ ਜੀ ਨੇ ਆਪਣੈ ਨਾਲ਼ ਬੰਦੀ 52 ਹਿੰਦੂ ਰਾਜਿਆਂ ਨੂੰ ਵੀ ਬਾਦਸ਼ਾਹ ਦੀ ਕੈਦ ਤੋਂ ਮੁਕਤ ਕਰਵਾਇਆ, ਜਿਸ ਕਰਕੇ ਗੁਰੂ ਜੀ ਨੂੰ ‘ਬੰਦੀ-ਛੋੜ’ ਕਿਹਾ ਜਾਣ ਲੱਗਿਆ। ਰਿਹਾਈ ਉਪਰੰਤ ਜਦੋਂ ਗੁਰੂ ਜੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ‘ਤੇ ਪਹੁੰਚੇ ਤਾਂ ਗੁਰੂ-ਘਰ ਦੇ ਪ੍ਰੀਤਵਾਨ ਗੁਰਸਿੱਖਾਂ ਨੇ ਘਿਉ ਦੇ ਦੀਵੇ ਜਗਾ, ਆਓ ਭਗਤੀ ਤੇ ਖ਼ੁਸ਼ੀ ਦਾ ਇਜ਼ਹਾਰ ਕੀਤਾ।
ਸਮੇਂ ਦੀਆਂ ਸਰਕਾਰਾਂ ਨੇ ਸਿੱਖ ਧਰਮ ‘ਤੇ ਕੲੀਂ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ। ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਤੇ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਜਦ ਸਿੰਘ ਜੰਗਲਾਂ, ਪਹਾੜਾਂ ਅਤੇ ਰੇਗਿਸਤਾਨਾਂ ਵਿੱਚ ਰਹਿ ਕੇ ਜ਼ਾਲਮ ਹਕੂਮਤ ਨਾਲ਼ ਟੱਕਰ ਲੈ ਰਹੇ ਸਨ, ਉਸ ਸਮੇਂ ਤੁਰਕਾਂ ਵਲੋਂ ਸਿੰਘਾਂ ਦੇ ਸ੍ਰੀ ਅੰਮ੍ਰਿਤਸਰ ਦਾਖ਼ਲੇ ‘ਤੇ ਪਾਬੰਦੀ ਲਾਈ ਹੋਈ ਸੀ। ਪੱਤਾ-ਪੱਤਾ ਸਿੰਘਾਂ ਦਾ ਵੈਰੀ ਸੀ। ਸਿੰਘਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ ਸਨ। ਅਜਿਹੇ ਬਿਖੜੇ ਵੇਲੇ ਵੀ ਗੁਰੂ-ਘਰ ਦੇ ਪ੍ਰੀਤਵਾਨ ਗੁਰਸਿੱਖ ਜਾਨ ‘ਤੇ ਖੇਡ ਕੇ ਗੁਰੂ-ਘਰ ਦੇ ਦਰਸ਼ਨ-ਇਸ਼ਨਾਨ ਕਰ ਜਾਂਦੇ ਅਤੇ ਸ੍ਰੀ ਹਰਿਮੰਦਰ ਸਾਹਿਬ ਅੰਦਰ ‘ਜੋਤਿ’ ਜਗਾਉਣ ਦੀ ਖਾਤਰ ‘ਸ਼ਹੀਦੀ’ ਤਕ ਵੀ ਪਾ ਜਾਂਦੇ। ਮੱਸੇ ਤੋਂ ਲੈ ਕੇ ਮੀਰ ਮੰਨੂੰ, ਅਦੀਨਾ ਬੇਗ, ਅਬਦਾਲੀ ਆਦਿ ਕਈਆਂ ਨੇ ਸਿੱਖਾਂ ਨੂੰ ਆਪਣੇ ਸੋਮੇ ਨਾਲੋਂ ਤੋੜਨ ਲਈ ਹਰ ਹੀਲਾ ਕੀਤਾ ਗਿਆ। ਜ਼ਕਰੀਆ ਖਾਂ ਨੇ ਨਾਦਰ ਸ਼ਾਹ ਨੂੰ ਦੱਸਿਆ ਕਿ ਸਿੱਖਾਂ ਦੀ ਸ਼ਕਤੀ ਦਾ ਸੋਮਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਹੈ ਤਾਂ ਨਾਦਰ ਸ਼ਾਹ ਨੇ ਉਸ ਨੂੰ ਸਲਾਹ ਦਿੱਤੀ ਕਿ ਇਹਨਾਂ ਦੇ ਇਸ ਰੂਹਾਨੀ ਸੋਮੇ ਨੂੰ ਹੀ ਮੁਕਾ ਦਿਓ। ਨਾਦਰ ਸ਼ਾਹ ਤੇ ਜ਼ਕਰੀਆ ਖਾਨ ਦੇ ਇਤਿਹਾਸਕ ਵਾਰਤਾਲਾਪ ਤੋਂ ਸਪੱਸ਼ਟ ਹੈ ਕਿ ਘੋਰ ਯੁੱਧਾਂ, ਭਾਜੜਾਂ ਤੇ ਹਮਲਿਆਂ ਵੇਲੇ ਵੀ ਸਿੱਖ ਵੱਧ ਤੋਂ ਵੱਧ ਗਿਣਤੀ ਵਿੱਚ ਦੀਵਾਲੀ ਦੇ ਮੌਕੇ ਅੰਮ੍ਰਿਤਸਰ ਇਕੱਠੇ ਹੁੰਦੇ ਸਨ।
Check Also
ਜੇ ਦਿਲਾਂ ਵਿੱਚ ਦੀਵੇ ਬਾਲੇ ਦੀਵਾਲੀ
ਪਰਮਜੀਤ ਕੌਰ ਸਰਹਿੰਦ ਦੀਵਾਲੀ ਹਰ ਸਾਲ ਅਕਤੂਬਰ ਦੇ ਅਖੀਰ, ਸ਼ੁਰੂ ਨਵੰਬਰ ਜਾਂ ਅੱਧੇ ਕੁ ਨਵੰਬਰ …