Breaking News
Home / ਮੁੱਖ ਲੇਖ / ਕਿਹੋ-ਜਿਹੇ ਹਨ ਪਾਕਿਸਤਾਨ ‘ਚ ਵੱਸਦੇ ਸਿੱਖਾਂ ਦੇ ਹਾਲਾਤ?

ਕਿਹੋ-ਜਿਹੇ ਹਨ ਪਾਕਿਸਤਾਨ ‘ਚ ਵੱਸਦੇ ਸਿੱਖਾਂ ਦੇ ਹਾਲਾਤ?

ਤਲਵਿੰਦਰ ਸਿੰਘ ਬੁੱਟਰ
ਪਿਛਲੇ ਦਿਨੀਂ ਪਾਕਿਸਤਾਨ ਸਥਿਤ ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਨਗਰੀ ਸ੍ਰੀ ਨਨਕਾਣਾ ਸਾਹਿਬ ‘ਚ ਇਕ 19 ਸਾਲਾ ਸਿੱਖ ਕੁੜੀ ਨੂੰ ਅਗਵਾ ਕਰਕੇ ਜਬਰੀ ਧਰਮ ਤਬਦੀਲ ਕਰਨ ਅਤੇ ਮੁਸਲਮਾਨ ਨਾਲ ਨਿਕਾਹ ਕਰਵਾਉਣ ਦੀ ਹਿਰਦੇਵੇਦਕ ਘਟਨਾ ਨੇ ਸਮੁੱਚੇ ਸੰਸਾਰ ‘ਚ ਵੱਸਦੇ ਸਿੱਖਾਂ ਦਾ ਧਿਆਨ ਪਾਕਿਸਤਾਨ ਦੇ ਸਿੱਖਾਂ ਦੇ ਹਾਲਾਤਾਂ ਵੱਲ ਕੇਂਦਰਿਤ ਕਰ ਦਿੱਤਾ ਹੈ। ਬੇਸ਼ੱਕ ਪਾਕਿਸਤਾਨ ‘ਚ ਵੱਸਦੇ ਸਿੱਖਾਂ ਅਤੇ ਦੇਸ਼-ਵਿਦੇਸ਼ ਦੇ ਸਿੱਖ ਭਾਈਚਾਰੇ ਵਲੋਂ ਇਕਮੁਠਤਾ ਨਾਲ ਪਾਕਿਸਤਾਨ ਸਰਕਾਰ ‘ਤੇ ਬਣਾਏ ਦਬਾਅ ਕਾਰਨ ਆਖ਼ਰਕਾਰ ਪਾਕਿਸਤਾਨੀ ਪੰਜਾਬ ਦੇ ਗਵਰਨਰ ਚੌਧਰੀ ਸਰਵਰ ਵਲੋਂ ਇਸ ਮਾਮਲੇ ਦਾ ਸੁਖਾਵਾਂ ਹੱਲ ਕਰ ਦਿੱਤਾ ਗਿਆ। ਪਾਕਿਸਤਾਨ ‘ਚ ਇਸ ਕਿਸਮ ਦੇ ਮਾਮਲੇ ‘ਚ ਇਹ ਪਹਿਲੀ ਵਾਰ ਹੋਇਆ ਹੈ ਕਿ ਘੱਟ-ਗਿਣਤੀ ਭਾਈਚਾਰੇ ਨਾਲ ਸਬੰਧਿਤ ਅਗਵਾ ਹੋਈ ਕੋਈ ਕੁੜੀ ਵਾਪਸ ਆਪਣੇ ਘਰ ਪਰਤ ਰਹੀ ਹੈ।
ਉਪਰੋਕਤ ਘਟਨਾ ਕਰਕੇ ਦੁਨੀਆ ਭਰ ‘ਚ ਪਾਕਿਸਤਾਨ ਦੀ ਹੋਈ ਫ਼ਜ਼ੀਹਤ ਕਾਰਨ, ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕਿ ਭਵਿੱਖ ‘ਚ ਪਾਕਿਸਤਾਨ ਵਿਚ ਕਿਸੇ ਵੀ ਧਰਮ ਨਾਲ ਸਬੰਧਿਤ ਕਿਸੇ ਵੀ ਵਿਅਕਤੀ ਦਾ ਜਬਰੀ ਧਰਮ ਤਬਦੀਲ ਨਾ ਹੋਵੇ, ਇਕ ਸੰਵਿਧਾਨਿਕ ਕਮੇਟੀ ਬਣਾਉਣ ਦਾ ਵੀ ਐਲਾਨ ਕੀਤਾ ਗਿਆ। ਇਸ ਕਮੇਟੀ ਵਿਚ ਹਿੰਦੂ, ਸਿੱਖ ਤੇ ਇਸਾਈ ਘੱਟ-ਗਿਣਤੀਆਂ ਨਾਲ ਸਬੰਧਿਤ ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਭਵਿੱਖ ਵਿਚ ਕਿਸੇ ਵਲੋਂ ਜੇਕਰ ਆਪਣਾ ਧਰਮ ਤਬਦੀਲ ਕਰਨਾ ਹੋਵੇਗਾ ਤਾਂ ਪਹਿਲਾਂ ਵਾਂਗ ਕੋਈ ਵੀ ਆਪਣੇ ਪੱਧਰ ‘ਤੇ ਅਜਿਹਾ ਫ਼ੈਸਲਾ ਨਹੀਂ ਲੈ ਸਕੇਗਾ, ਸਗੋਂ ਘੱਟੋ-ਘੱਟ ਡਿਪਟੀ ਕਮਿਸ਼ਨਰ ਦੇ ਪੱਧਰ ‘ਤੇ ਅਜਿਹਾ ਹੋ ਸਕੇਗਾ ਅਤੇ ਉਸ ਤੋਂ ਵੀ ਪਹਿਲਾਂ ਧਰਮ ਤਬਦੀਲ ਕਰਨ ਵਾਲੇ ਵਿਅਕਤੀ ਦੀ ਕੌਂਸਲਿੰਗ ਕੀਤੀ ਜਾਵੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਵਿਅਕਤੀ ਕਿਸੇ ਡਰ, ਦਬਾਅ, ਲਾਲਚ ਜਾਂ ਜਬਰੀ ਧਰਮ ਤਬਦੀਲ ਤੇ ਨਹੀਂ ਕਰ ਰਿਹਾ।
ਕੁਝ ਮਹੀਨੇ ਪਹਿਲਾਂ ਅਮਰੀਕਾ ਦੇ ਕੌਮਾਂਤਰੀ ਧਾਰਮਿਕ ਆਜ਼ਾਦੀ ਕਮਿਸ਼ਨ ਦੀ ਰਿਪੋਰਟ ਵਿਚ ਸਾਲ 2018 ਦੌਰਾਨ ਪਾਕਿਸਤਾਨ ਅੰਦਰ ਧਾਰਮਿਕ ਆਜ਼ਾਦੀ ਬਾਰੇ ਨਾਕਾਰਾਤਮਕ ਰੁਝਾਨ ‘ਤੇ ਚਿੰਤਾ ਜ਼ਾਹਰ ਕੀਤੀ ਗਈ ਸੀ। ਰਿਪੋਰਟ ਨੇ ਤਸਦੀਕ ਕੀਤਾ ਸੀ ਕਿ ਪਿਛਲੇ ਪੂਰੇ ਸਾਲ ਦੌਰਾਨ ਕੱਟੜਪੰਥੀ ਸਮੂਹ ਤੇ ਖ਼ੁਦ ਨੂੰ ਮਜ਼੍ਹਬ ਦੇ ਅਲੰਬਰਦਾਰ ਸਮਝਣ ਵਾਲੇ ਲੋਕਾਂ ਨੇ ਘੱਟ-ਗਿਣਤੀ ਹਿੰਦੂ, ਇਸਾਈ, ਸਿੱਖ ਅਤੇ ਇੱਥੋਂ ਤੱਕ ਕਿ ਅਹਿਮਦੀਆਂ ਤੇ ਸ਼ੀਆ ਮੁਸਲਮਾਨਾਂ ‘ਤੇ ਵੀ ਧਰਮ ਤਬਦੀਲੀ ਲਈ ਜਬਰ ਕੀਤਾ ਹੈ। ਸਾਲ 2018 ‘ਚ ਬਰਮਿੰਘਮ ਯੂਨੀਵਰਸਿਟੀ ਵਲੋਂ ਜਾਰੀ ਕੀਤੀ ਇਕ ਰਿਪੋਰਟ ‘ਚ ਕਿਹਾ ਗਿਆ ਸੀ ਕਿ ਪਾਕਿਸਤਾਨ ਅੰਦਰ ਹਰ ਸਾਲ ਇਕ ਹਜ਼ਾਰ ਦੇ ਲਗਭਗ ਘੱਟ-ਗਿਣਤੀ ਧਰਮਾਂ ਦੀਆਂ ਔਰਤਾਂ ਤੇ ਕੁੜੀਆਂ ਨਾਲ ਅਗਵਾ, ਜਬਰੀ ਧਰਮ ਤਬਦੀਲੀ ਅਤੇ ਨਿਕਾਹ ਕਰਨ ਦੀਆਂ ਘਟਨਾਵਾਂ ਵਾਪਰਦੀਆਂ ਹਨ। ਪਾਕਿਸਤਾਨ ਦੇ ਕਬਾਇਲੀ ਖੇਤਰਾਂ ‘ਚ ਤਾਂ ਹਰ ਮਹੀਨੇ ਔਸਤਨ 20-25 ਹਿੰਦੂ ਕੁੜੀਆਂ ਨਾਲ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ। ਕਬਾਇਲੀ ਖੇਤਰ ‘ਚ ਸਿੱਖਾਂ ਦੀਆਂ ਕੁੜੀਆਂ ਦੇ ਅਗਵਾ, ਧਰਮ ਤਬਦੀਲ ਤੇ ਜਬਰੀ ਨਿਕਾਹ ਦੀਆਂ ਘਟਨਾਵਾਂ ਭਾਵੇਂ ਵਿਕੋਲਿਤਰੀਆਂ ਹੀ ਵਾਪਰਦੀਆਂ ਹੋਣ ਪਰ ਅਕਸਰ ਫ਼ਿਰੌਤੀ ਲਈ ਅਗਵਾ ਅਤੇ ਕਤਲ ਵਰਗੀਆਂ ਘਟਨਾਵਾਂ ਦਾ ਸਿੱਖਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ।
ਸਾਲ 2014 ‘ਚ ਜਦੋਂ ਪਾਕਿਸਤਾਨ ਦੇ ਕਬਾਇਲੀ ਤੇ ਅਸ਼ਾਂਤ ਖੇਤਰ ਪਿਸ਼ਾਵਰ ਤੇ ਖੈਬਰ ਪਖਤੂਨਖਵਾ ‘ਚ ਫ਼ਿਰੌਤੀ ਲਈ ਸਿੱਖਾਂ ਨੂੰ ਅਗਵਾ ਕਰਨ ਅਤੇ ਕਤਲੇਆਮ ਦੀਆਂ ਲਗਾਤਾਰ ਘਟਨਾਵਾਂ ਵਾਪਰੀਆਂ ਸਨ ਤਾਂ, ਉਦੋਂ ਵੱਡੀ ਪੱਧਰ ‘ਤੇ ਉੱਥੋਂ ਸਿੱਖ ਪਰਿਵਾਰ ਹਿਜਰਤ ਕਰਕੇ ਪਾਕਿਸਤਾਨੀ ਪੰਜਾਬ ਨੂੰ ਆਪਣੇ ਲਈ ਸੁਰੱਖਿਅਤ ਮੰਨ ਕੇ ਸ੍ਰੀ ਨਨਕਾਣਾ ਸਾਹਿਬ, ਪੰਜਾ ਸਾਹਿਬ ਤੇ ਲਾਹੌਰ ‘ਚ ਆ ਕੇ ਵੱਸ ਗਏ ਸਨ। ਇਕੱਲੇ ਸ੍ਰੀ ਨਨਕਾਣਾ ਸਾਹਿਬ ‘ਚ ਇਸ ਵੇਲੇ 400 ਦੇ ਲਗਭਗ ਸਿੱਖਾਂ ਦੇ ਘਰ ਹਨ ਤੇ ਸਿੱਖ ਆਬਾਦੀ 2500 ਤੋਂ 3000 ਦੇ ਵਿਚਕਾਰ ਹੈ। ਸੰਨ 1995 ‘ਚ ਸ੍ਰੀ ਨਨਕਾਣਾ ਸਾਹਿਬ ‘ਚ ਸਿੱਖਾਂ ਦੇ ਸਿਰਫ਼ 105 ਘਰ ਸਨ। ਕਬਾਇਲੀ ਖੇਤਰਾਂ ਦਾ ਮਾਹੌਲ ਖ਼ਰਾਬ ਹੋਣ ਕਾਰਨ ਪਿਛਲੇ ਸਾਲਾਂ ਦੌਰਾਨ ਵੱਡੀ ਗਿਣਤੀ ਸਿੱਖ ਪਿਸ਼ਾਵਰ ਤੋਂ ਆ ਕੇ ਸ੍ਰੀ ਨਨਕਾਣਾ ਸਾਹਿਬ ਵੱਸੇ ਹੋਏ ਹਨ। ਪਾਕਿਸਤਾਨ ‘ਚ ‘ਪੰਜਾਬੀ ਲਹਿਰ’ ਵੈੱਬ ਮੀਡੀਆ ਚਲਾ ਰਹੇ ਭੁਪਿੰਦਰ ਸਿੰਘ ਲਵਲੀ ਅਨੁਸਾਰ ਉਨ੍ਹਾਂ ਦੇ ਦਾਦਾ ਜੀ ਤਿੰਨ ਭਰਾ, ਪਾਕਿਸਤਾਨ-ਅਫ਼ਗਾਨਿਸਤਾਨ ਦੀ ਸਰਹੱਦ ‘ਤੇ ਸਥਿਤ ਕਬਾਇਲੀ ਖੇਤਰ ਫਾਟਾ ਤੋਂ ਆ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਪੰਜਵੀਂ ਸ਼ਤਾਬਦੀ ਮੌਕੇ 1969 ‘ਚ ਸ੍ਰੀ ਨਨਕਾਣਾ ਸਾਹਿਬ ਆ ਵੱਸੇ ਸਨ। ਉਸ ਵੇਲੇ ਸ੍ਰੀ ਨਨਕਾਣਾ ਸਾਹਿਬ ਦੇ ਆਸਪਾਸ ਕੁਝ ਕੁ ਸਿੱਖ ਪਰਿਵਾਰ ਹੀ ਰਹਿੰਦੇ ਸਨ। ਉਨ੍ਹਾਂ ਦੱਸਿਆ ਕਿ ਸ੍ਰੀ ਨਨਕਾਣਾ ਸਾਹਿਬ ‘ਚ ਜਦੋਂ ਪਿਸ਼ਾਵਰ ਖੇਤਰ ਤੋਂ ਸਿੱਖ ਆ ਕੇ ਵੱਸਣ ਲੱਗੇ ਤਾਂ ਸ੍ਰੀ ਨਨਕਾਣਾ ਸਾਹਿਬ ਦੇ ਆਸਪਾਸ ਗੁੰਮਨਾਮ ਰਹਿ ਰਹੇ ਸਿੱਖ ਵੀ ਸਾਹਮਣੇ ਆਉਣ ਲੱਗੇ ਅਤੇ ਇੱਥੇ ਸਿੱਖ ਭਾਈਚਾਰਾ ਇਕ ਸਮਾਜਿਕ ਇਕਾਈ ਦਾ ਰੂਪ ਧਾਰਨ ਕਰਨ ਲੱਗਾ।
ਪਾਕਿਸਤਾਨ ‘ਚ ਸਿੱਖ ਭਾਈਚਾਰਾ ਇਸ ਵੇਲੇ ਬੇਹੱਦ ਘੱਟ-ਗਿਣਤੀ ਵਿਚ ਹੈ। ਭਾਵੇਂਕਿ 1947 ਦੀ ਵੰਡ ਵੇਲੇ ਪਾਕਿਸਤਾਨ ‘ਚ ਘੱਟ-ਗਿਣਤੀਆਂ ਦੀ ਆਬਾਦੀ 23 ਫ਼ੀਸਦੀ ਸੀ ਜੋ ਕਿ ਹੁਣ ਕੁਲ ਮਿਲਾ ਕੇ 4-5 ਫ਼ੀਸਦੀ ਹੀ ਰਹਿ ਗਈ ਹੈ, ਪਰ ਇਸ ਵਿਚੋਂ ਸਿੱਖਾਂ ਦੀ ਆਬਾਦੀ ਸਿਰਫ਼ 0.02 ਫ਼ੀਸਦੀ, ਜੋ ਕਿ ਲਗਭਗ 18 ਹਜ਼ਾਰ ਦੇ ਲਗਭਗ ਦੱਸੀ ਜਾਂਦੀ ਹੈ। ਇਕ ਮਜ਼੍ਹਬ ਆਧਾਰਤ ਦੇਸ਼ ‘ਚ ਇਕ ਬੇਹੱਦ ਘੱਟ-ਗਿਣਤੀ ਭਾਈਚਾਰੇ ਦੇ ਜੀਵਨ ਦੀ ਸਥਿਤੀ ਬਾਰੇ ਅੰਦਾਜ਼ਾ ਲਗਾਉਣਾ ਬਹੁਤਾ ਔਖਾ ਨਹੀਂ ਹੈ।
ਪਿਛਲੇ ਮਹੀਨੇ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸ੍ਰੀ ਨਨਕਾਣਾ ਸਾਹਿਬ ਤੋਂ ਅੰਤਰਰਾਸ਼ਟਰੀ ਨਗਰ ਕੀਰਤਨ ਦੀ ਆਰੰਭਤਾ ‘ਚ ਸ਼ਾਮਲ ਹੋਣ ਲਈ ਸ਼੍ਰੋਮਣੀ ਕਮੇਟੀ ਵਲੋਂ ਪਾਕਿਸਤਾਨ ਦੀ ਤਿੰਨ ਦਿਨਾਂ ਯਾਤਰਾ ‘ਤੇ ਜਾ ਕੇ ਆਏ ਹਾਂ। ਉੱਥੇ ਵੀ ਅਸੀਂ ਬਹੁਤ ਸਾਰੇ ਸਿੱਖਾਂ ਨੂੰ ਉੱਥੋਂ ਦੇ ਬਹੁਗਿਣਤੀ ਮੁਸਲਮਾਨ ਭਾਈਚਾਰੇ ਦਰਮਿਆਨ ਸਿੱਖਾਂ ਦੀ ਸਥਿਤੀ ਅਤੇ ਧਾਰਮਿਕ ਆਜ਼ਾਦੀ ਦੇ ਹਾਲਾਤਾਂ ਬਾਰੇ ਪੁੱਛਿਆ ਤਾਂ ਸਾਰੇ ਇਕੋ ਜਵਾਬ ਦਿੰਦੇ ਰਹੇ, ‘ਅਸੀਂ ਇੱਥੇ ਬਹੁਤ ਖ਼ੁਸ਼ ਹਾਂ, ਸਾਨੂੰ ਸਾਰੇ ਬਹੁਤ ਪਿਆਰ ਕਰਦੇ ਹਨ। ਸਾਨੂੰ ਆਪਣਾ ਧਾਰਮਿਕ ਅਕੀਦਾ ਨਿਭਾਉਣ ‘ਚ ਕੋਈ ਸਮੱਸਿਆ ਨਹੀਂ ਹੈ।’ ਪਰ ਸਾਨੂੰ ਇਵੇਂ ਮਹਿਸੂਸ ਹੋਇਆ ਜਿਵੇਂ ਉਹ ਸਿੱਖ ਸਾਡੇ ਕੋਲੋਂ ਕੁਝ ਲੁਕਾਉਣ ਦੇ ਯਤਨਾਂ ‘ਚ ਫ਼ਰਜ਼ੀ ਜਿਹੀ ਤਸੱਲੀ ਦਾ ਦਿਖਾਵਾ ਅਤੇ ਦਾਅਵੇ ਕਰ ਰਹੇ ਹੋਣ। ਸ੍ਰੀ ਨਨਕਾਣਾ ਸਾਹਿਬ ‘ਚ ਸਿੱਖ ਕੁੜੀ ਦੇ ਅਗਵਾ ਤੇ ਜਬਰੀ ਧਰਮ ਤਬਦੀਲੀ ਦੀ ਘਟਨਾ ਤੋਂ ਬਾਅਦ ਪਾਕਿਸਤਾਨ ਸਿੱਖ ਕੌਂਸਲ ਦੇ ਚੇਅਰਮੈਨ ਮਸਤਾਨ ਸਿੰਘ ਨੇ ਪਾਕਿਸਤਾਨੀ ਸਿੱਖਾਂ ਵਲੋਂ ਚਿਰਾਂ ਤੋਂ ਲੁਕਾਇਆ ਜਾ ਰਿਹਾ ਦਰਦ ਬਿਆਨ ਕਰ ਦਿੱਤਾ ਕਿ, ‘ਪਾਕਿਸਤਾਨ ‘ਚ ਉੱਪਰੋਂ ਦਿਖਾਵੇ ਦੇ ਤੌਰ ‘ਤੇ ਭਾਵੇਂ ਸਿੱਖ ਸੁਰੱਖਿਅਤ ਨਜ਼ਰ ਆ ਰਹੇ ਹਨ, ਜਦਕਿ ਅਸਲ ‘ਚ ਅਜਿਹਾ ਨਹੀਂ ਹੈ। ਫ਼ਿਰੌਤੀਆਂ ਲਈ ਸਿੱਖਾਂ ਦੀਆਂ ਹੱਤਿਆਵਾਂ ਦਾ ਸਿਲਸਿਲਾ ਆਮ ਹੈ। ਨਿੱਕੀ ਉਮਰ ਦੀਆਂ ਸਕੂਲ ਪੜ੍ਹਦੀਆਂ ਸਿੱਖ ਕੁੜੀਆਂ ਨੂੰ ਜਾਣ ਬੁੱਝ ਕੇ ਨਿਸ਼ਾਨਾ ਬਣਾਇਆ ਜਾਂਦਾ ਹੈ।’
ਸ੍ਰੀ ਨਨਕਾਣਾ ਸਾਹਿਬ ਦੇ ਸਮਾਜ ਸੇਵੀ ਇਕ ਸਿੱਖ ਨੌਜਵਾਨ ਨੇ ਦੱਸਿਆ ਕਿ, ‘ਸਿੱਖਾਂ ਨਾਲ ਪਾਕਿਸਤਾਨ ਦੇ ਸਾਰੇ ਮੁਸਲਮਾਨ ਮਾੜੇ ਵੀ ਨਹੀਂ ਹਨ ਤੇ ਸਿੱਖਾਂ ਲਈ ਇੱਥੇ ਸਾਰਾ ਕੁਝ ਠੀਕ ਵੀ ਨਹੀਂ ਹੈ। ਪਹਿਲਾਂ ਵੀ ਤੇ ਹੁਣ ਵੀ ਬਿਪਤਾ ਵੇਲੇ ਬਹੁਤ ਸਾਰੇ ਮੁਸਲਮਾਨ ਭਾਈਚਾਰੇ ਦੇ ਲੋਕ ਸਿੱਖਾਂ ਦੇ ਨਾਲ ਵੀ ਖੜ੍ਹੇ ਹਨ। ਕਬਾਇਲੀ ਖੇਤਰਾਂ ‘ਚ ਕੱਟੜ੍ਹ ਤੇ ਮੂਲਵਾਦੀ ਤਾਕਤਾਂ ਦਾ ਬੋਲਬਾਲਾ ਹੋਣ ਕਾਰਨ ਉੱਥੇ ਘੱਟ-ਗਿਣਤੀ ਭਾਈਚਾਰਿਆਂ ਦੀ ਜ਼ਿੰਦਗੀ ਦਾ ਕੋਈ ਹੱਜ ਨਹੀਂ ਹੈ। ਪਾਕਿਸਤਾਨੀ ਪੰਜਾਬ ਤੇ ਸ੍ਰੀ ਨਨਕਾਣਾ ਸਾਹਿਬ ‘ਚ ਪਿਛਲੇ ਦਿਨੀਂ ਸਿੱਖ ਕੁੜੀ ਦੇ ਅਗਵਾ ਦੀ ਘਟਨਾ ਤੋਂ ਪਹਿਲਾਂ ਕਦੇ ਕੋਈ ਅਜਿਹੀ ਘਟਨਾ ਨਹੀਂ ਵਾਪਰੀ, ਜਿਸ ਦੇ ਨਾਲ ਸਿੱਖ-ਮੁਸਲਮਾਨ ਭਾਈਚਾਰੇ ‘ਚ ਕੋਈ ਫ਼ਰਕ ਪਵੇ। ਕਬਾਇਲੀ ਖੇਤਰਾਂ ‘ਚ ਸਰਗਰਮ ਕੱਟੜ੍ਹ ਮੂਲਵਾਦੀ ਤਾਕਤਾਂ ਨਾਲ ਜੁੜੇ ਕੁਝ ਸਮੂਹ ਹੀ ਹੁਣ ਸ੍ਰੀ ਨਨਕਾਣਾ ਸਾਹਿਬ ‘ਚ ਵੀ ਭਾਈਚਾਰਕ ਮਾਹੌਲ ਖ਼ਰਾਬ ਕਰਨ ਲਈ ਯਤਨਸ਼ੀਲ ਹਨ।’
ਸ੍ਰੀ ਨਨਕਾਣਾ ਸਾਹਿਬ ਦੇ ਸਿੱਖ ਬੇਸ਼ੱਕ ਉੱਥੇ ਬੇਹੱਦ ਘੱਟ-ਗਿਣਤੀ ਦੀ ਸਥਿਤੀ ਵਿਚ ਹਨ ਪਰ ਇਸ ਦੇ ਬਾਵਜੂਦ ਉਹ ਆਪਣੇ ਧਰਮ, ਸੱਭਿਆਚਾਰ ਤੇ ਭਾਈਚਾਰਕ ਏਕਤਾ ਦੀਆਂ ਅਜਿਹੀਆਂ ਪਰੰਪਰਾਵਾਂ ਨੂੰ ਪਾਲ ਰਹੇ ਹਨ ਜੋ ਸਾਰੇ ਵਿਸ਼ਵ ‘ਚ ਵੱਸਦੇ ਸਿੱਖਾਂ ਲਈ ਮਿਸਾਲ ਹਨ। ਸ੍ਰੀ ਨਨਕਾਣਾ ਸਾਹਿਬ ਦੇ ਬਹੁਤੇ ਸਿੱਖ ਕਾਰੋਬਾਰੀ ਹਨ ਅਤੇ ਉਹ ਕਾਸਮੈਟਿਕ, ਕੱਪੜਾ, ਹਿਕਮਤ (ਦਵਾਖ਼ਾਨਾ) ਅਤੇ ਕਰਿਆਨੇ ਦੇ ਕਾਰੋਬਾਰ ਕਰਦੇ ਹਨ। ਉੱਥੋਂ ਦੇ ਵੱਡੀ ਗਿਣਤੀ ਸਿੱਖ ਰੋਜ਼ਾਨਾ ਸ਼ਾਮ ਨੂੰ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਇਕੱਤਰ ਹੁੰਦੇ ਹਨ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰੇ ਸਿੱਖ, ਜਨਮ ਅਸਥਾਨ ਵਿਖੇ ਨਤਮਸਤਕ ਹੋਣ ਤੋਂ ਬਾਅਦ ਪਿਛਲੇ ਪਾਸੇ ਬਣੇ ਇਕ ਵੱਡੇ ਹਾਲ ‘ਚ ਚਲੇ ਜਾਂਦੇ ਹਨ, ਜਿੱਥੇ ਗੁਰਬਾਣੀ ਦੀਆਂ ਪੋਥੀਆਂ ਅਤੇ ਗੁਟਕਾ ਸਾਹਿਬ ਰੱਖੇ ਹੁੰਦੇ ਹਨ। ਵੱਡੇ-ਛੋਟੇ ਸਾਰੇ ਉੱਥੇ ਬੈਠ ਕੇ ਆਪਣੀ ਸਮਰੱਥਾ ਅਨੁਸਾਰ ਗੁਰਬਾਣੀ ਪੜ੍ਹਦੇ ਹਨ ਅਤੇ ਜਨਮ ਅਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁੱਖ ਗ੍ਰੰਥੀ ਗਿਆਨੀ ਪ੍ਰੇਮ ਸਿੰਘ ਨਾਲੋ-ਨਾਲ ਸਿੱਖ ਬੱਚਿਆਂ ਨੂੰ ਗੁਰਬਾਣੀ ਸੰਥਿਆ ਵੀ ਦਿੰਦੇ ਹਨ। ਉਸ ਤੋਂ ਬਾਅਦ ਸਾਰੇ ਸਿੱਖ ਸਾਂਝੇ ਰੂਪ ‘ਚ ਲੰਗਰ ਹਾਲ ਅੰਦਰ ਪੰਗਤ ‘ਚ ਇਕੱਠੇ ਬੈਠ ਕੇ ਰਾਤ ਦਾ ਭੋਜਨ ਛਕਦੇ ਹਨ, ਜਿਸ ਵਿਚ ਰੋਟੀਆਂ ਉਨ੍ਹਾਂ ਨੇ ਘਰਾਂ ਤੋਂ ਬਣਾ ਕੇ ਲਿਆਂਦੀਆਂ ਹੁੰਦੀਆਂ ਹਨ ਅਤੇ ਦਾਲ-ਭਾਜੀ ਉਹ ਗੁਰਦੁਆਰਾ ਸ੍ਰੀ ਜਨਮ ਅਸਥਾਨ ਦੇ ਲੰਗਰ ਹਾਲ ‘ਚ ਬਣਾਉਂਦੇ ਹਨ। ਇਸ ਪਰੰਪਰਾ ਬਾਰੇ ਇਕ ਸਿੱਖ ਨੂੰ ਪੁੱਛਣ ‘ਤੇ ਉਸ ਨੇ ਦੱਸਿਆ ਕਿ, ‘ਸਾਨੂੰ ਪਤਾ ਹੈ ਕਿ ਅਸੀਂ ਪਾਕਿਸਤਾਨ ‘ਚ ਬੇਹੱਦ ਘੱਟ-ਗਿਣਤੀ ਹਾਂ। ਇਸ ਕਰਦੇ ਇਕ ਤਾਂ ਇਕੱਠੇ ਬੈਠ ਕੇ ਰੋਜ਼ਾਨਾ ਲੰਗਰ ਛਕਣ ਨਾਲ ਸਾਡੇ ਅੰਦਰ ਭਾਈਚਾਰਕ ਏਕਤਾ ਤੇ ਪਿਆਰ ਵਧਦਾ ਹੈ ਅਤੇ ਦੂਜਾ ਬਹੁ-ਗਿਣਤੀ ਭਾਈਚਾਰੇ ਅੰਦਰ ਸਾਡੀ ਇਕਮੁਠਤਾ ਤੇ ਭਾਈਚਾਰਕ ਸਾਂਝ ਦਾ ਚੰਗਾ ਪ੍ਰਭਾਵ ਪੈਂਦਾ ਹੈ।’
ਪਾਕਿਸਤਾਨ ‘ਚ ਸਿੱਖਾਂ ਦੇ ਬੱਚਿਆਂ ਨੂੰ ਗੁਰਮੁਖੀ ਦੀ ਪੜ੍ਹਾਈ ਲਈ ਕਾਫ਼ੀ ਮੁਸ਼ਕਲ ਪੇਸ਼ ਆਉਂਦੀ ਹੈ, ਪਰ ਹੁਣ ਸਿੱਖਾਂ ਨੇ ਆਪਣੇ ਪੱਧਰ ‘ਤੇ ਯਤਨ ਕਰਕੇ ਸਿੱਖ ਸਕੂਲ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ। ਸ੍ਰੀ ਨਨਕਾਣਾ ਸਾਹਿਬ ਵਿਖੇ ਸਿੱਖਾਂ ਵਲੋਂ ਗੁਰੂ ਨਾਨਕ ਜੀ ਮਾਡਲ ਹਾਈ ਸਕੂਲ ਚਲਾਇਆ ਜਾ ਰਿਹਾ ਹੈ, ਜਿੱਥੇ ਸਿੱਖ ਬੱਚਿਆਂ ਨੂੰ ਉੱਥੋਂ ਦੀ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਆਪਣੇ ਧਰਮ ਦੀ ਸਿੱਖਿਆ-ਦੀਖਿਆ ਵੀ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਦਾ ਇਕ ਸਕੂਲ ਪਿਸ਼ਾਵਰ ਵਿਚ ਵੀ ਚੱਲ ਰਿਹਾ ਹੈ। ਪਾਕਿਸਤਾਨ ਦੇ ਸਿੱਖਾਂ ਦਾ ਕੋਈ ਵੀ ਬੱਚਾ ਪਤਿਤ ਨਜ਼ਰ ਨਹੀਂ ਆਉਂਦਾ। ਸਿੱਖ ਮਰਦ ਕਾਰੋਬਾਰੀ ਹੋਣ ਕਾਰਨ ਜ਼ਿਆਦਾਤਰ ਸਿੱਖ ਬੀਬੀਆਂ ਘਰਾਂ ਦੇ ਕੰਮਕਾਜ ਵੇਖਦੀਆਂ ਹਨ ਅਤੇ ਫ਼ੁਰਸਤ ਦੇ ਸਮੇਂ ‘ਚ ਗੁਰਬਾਣੀ ਪੜ੍ਹਨ ‘ਚ ਦਿਲਚਸਪੀ ਰੱਖਦੀਆਂ ਹਨ। ਇਸੇ ਕਾਰਨ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਿਆਂ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਕੇ ਸਹਿਜ ਪਾਠ ਕਰਦੀਆਂ ਬੀਬੀਆਂ ਆਮ ਹੀ ਵੇਖਣ ਨੂੰ ਮਿਲਦੀਆਂ ਹਨ। ਉੱਥੋਂ ਦੇ ਸਿੱਖਾਂ ਦੀ ਇੱਛਾ ਹੈ ਕਿ ਉਹ ਆਪਣੇ ਧੀਆਂ-ਪੁੱਤਰਾਂ ਦੇ ਰਿਸ਼ਤੇ-ਨਾਤੇ ਭਾਰਤ ‘ਚ ਵੱਸਦੇ ਸਿੱਖਾਂ ਨਾਲ ਕਰ ਸਕਣ। ਕੁਝ ਸਾਲ ਪਹਿਲਾਂ ਇਹ ਇੱਛਾ ਪਾਕਿਸਤਾਨ ਗਏ ਪੰਜਾਬ ਦੇ ਪੱਤਰਕਾਰਾਂ ਦੇ ਇਕ ਵਫ਼ਦ ਕੋਲ ਵੀ ਉੱਥੋਂ ਦੇ ਸਿੱਖਾਂ ਨੇ ਪ੍ਰਮੁੱਖਤਾ ਨਾਲ ਉਠਾਈ ਸੀ।
ਬੇਹੱਦ ਘੱਟ-ਗਿਣਤੀ ਹੋਣ ਦੇ ਬਾਵਜੂਦ ਆਪਣੇ ਧਰਮ, ਸੱਭਿਆਚਾਰ ਅਤੇ ਧਾਰਮਿਕ ਪਰੰਪਰਾਵਾਂ ਪ੍ਰਤੀ ਨਿਸ਼ਚੇਵਾਨ ਪਾਕਿਸਤਾਨੀ ਸਿੱਖਾਂ ਨੂੰ ਇਕ ਰੰਜ ਹੈ ਕਿ ਸਿੱਖ ਧਰਮ ਦੇ ਨਾਮਵਰ ਪ੍ਰਚਾਰਕ, ਰਾਗੀ, ਢਾਡੀ ਅਤੇ ਮਹਾਂਪੁਰਖ ਅਕਸਰ ਧਰਮ ਪ੍ਰਚਾਰ ਲਈ ਪੱਛਮੀ ਤੇ ਵਿਕਸਿਤ ਦੇਸ਼ਾਂ ਨੂੰ ਤਰਜੀਹ ਦਿੰਦੇ ਹਨ ਪਰ ਪਾਕਿਸਤਾਨ ‘ਚ ਵੱਸਦੇ ਸਿੱਖਾਂ ਵੱਲ ਕੋਈ ਵੀ ਧਿਆਨ ਨਹੀਂ ਦਿੰਦਾ। ਜਿਵੇਂ ਭਾਰਤੀ ਸਿੱਖਾਂ ਨੂੰ ਪਾਕਿਸਤਾਨ ਵਿਚਲੇ ਗੁਰਦੁਆਰਿਆਂ ਦੇ ਵਿਛੋੜੇ ਦਾ ਮਲਾਲ ਰਹਿੰਦਾ ਹੈ, ਉਸੇ ਤਰ੍ਹਾਂ ਪਾਕਿਸਤਾਨੀ ਸਿੱਖਾਂ ਦੇ ਦਿਲਾਂ ਅੰਦਰ ਵੀ ਆਪਣੇ ਪੰਥ ਦੇ ਭਗਤੀ-ਸ਼ਕਤੀ ਦੇ ਸੋਮੇ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਭਾਰਤੀ ਸਿੱਖਾਂ ਤੋਂ ਦੂਰ ਹੋਣ ਦਾ ਬਿਰਹੋਂ-ਪੀੜੀ ਅਹਿਸਾਸ ਸਦਾ ਮਘਦਾ ਰਹਿੰਦਾ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਪਿਛਲੇ ਮਹੀਨੇ ਸ੍ਰੀ ਨਨਕਾਣਾ ਸਾਹਿਬ ਤੋਂ ਅੰਤਰ-ਰਾਸ਼ਟਰੀ ਨਗਰ ਕੀਰਤਨ ਦੀ ਆਰੰਭਤਾ ਲਈ, ਪਹਿਲੀ ਵਾਰ ਵੱਡੀ ਪੱਧਰ ‘ਤੇ ਸਿੰਘ ਸਾਹਿਬਾਨ, ਤਖ਼ਤ ਸਾਹਿਬਾਨ ਦੇ ਜਥੇਦਾਰ, ਕਥਾਵਾਚਕਾਂ ਤੇ ਹੋਰ ਧਾਰਮਿਕ ਸ਼ਖ਼ਸੀਅਤਾਂ ਦੇ ਪਾਕਿਸਤਾਨ ਪਹੁੰਚਣ ‘ਤੇ ਪਾਕਿਸਤਾਨੀ ਸਿੱਖਾਂ ਅੰਦਰ ਜੋ ਚਾਅ ਅਤੇ ਉਤਸ਼ਾਹ ਸੀ, ਉਹ ਵੇਖਿਆਂ ਹੀ ਪਤਾ ਲੱਗਦਾ ਸੀ। ਫੁੱਲਾਂ ਦੀ ਵਰਖਾ ਨਾਲ ਭਾਰਤੀ ਸਿੱਖਾਂ ਦੇ ਜਥੇ ਦੇ ਸਵਾਗਤ ਅਤੇ ਵਿਦਾਇਗੀ ਵੇਲੇ ਵੈਰਾਗ ਤੇ ਭਾਵੁਕਤਾ ਵਾਲੇ ਮਾਹੌਲ ਵਿਚ ਪਾਕਿਸਤਾਨੀ ਸਿੱਖਾਂ ਅੰਦਰਲਾ ਪੰਥਕ ਜਜ਼ਬਾ ਅਤੇ ਸਿੱਖੀ ਪ੍ਰੇਮ ਆਪ-ਮੁਹਾਰਾ ਡੁੱਲ੍ਹ-ਡੁੱਲ੍ਹ ਪੈ ਰਿਹਾ ਸੀ। 1 ਅਗਸਤ ਨੂੰ ਨਗਰ ਕੀਰਤਨ ਦੀ ਆਰੰਭਤਾ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਵਿਹੜੇ ‘ਚ ਪਾਕਿਸਤਾਨੀ ਸਿੱਖਾਂ ਅਤੇ ਭਾਰਤ ਤੋਂ ਗਏ ਸਿੱਖ ਜਥੇ ਦੇ ਠਾਠਾਂ ਮਾਰਦੇ ਇਕੱਠ ਦੌਰਾਨ ਪਾਕਿਸਤਾਨੀ ਸਿੱਖ ਆਗੂਆਂ ਦੀਆਂ ਤਕਰੀਰਾਂ ‘ਚੋਂ ਪੰਥਕ ਏਕਤਾ ਅਤੇ ਸਿੱਖਾਂ ਵਿਚ ਆਪਸੀ ਮਤਭੇਦਾਂ ਨੂੰ ਮਿਟਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਅਤੇ ਮਰਯਾਦਾ ਤਹਿਤ ਜਥੇਬੰਦ ਹੋਣ ਦੀ ਤਾਂਘ ਵੀ ਜਲਵਾਗਰ ਹੋ ਰਹੀ ਸੀ।
ਬੇਸ਼ੱਕ ਪਾਕਿਸਤਾਨ ‘ਚ ਸਿੱਖਾਂ ਦਾ ਪਿਛਲੇ 70-72 ਸਾਲਾਂ ਦਾ ਅਤੀਤ ਬਹੁਤਾ ਚੰਗਾ ਨਹੀਂ ਰਿਹਾ ਪਰ ਭਵਿੱਖ ਕਾਫ਼ੀ ਸੰਭਾਵਨਾਵਾਂ ਭਰਪੂਰ ਨਜ਼ਰ ਆ ਰਿਹਾ ਹੈ। ਪਾਕਿਸਤਾਨੀ ਸਿੱਖਾਂ ਦੀ ਭਾਈਚਾਰਕ ਏਕਤਾ ਅਤੇ ਮਿਹਨਤ ਤੇ ਯੋਗਤਾ ਜ਼ਰੀਏ ਸਿਵਲ/ ਪ੍ਰਸ਼ਾਸਨਿਕ ਅਹੁਦਿਆਂ ‘ਤੇ ਬੈਠਣ ਕਾਰਨ ਹੁਣ ਹਾਲਾਤ ਬਦਲਦੇ ਜਾਪ ਰਹੇ ਹਨ। ਸ੍ਰੀ ਨਨਕਾਣਾ ਸਾਹਿਬ ‘ਚ ਹੁਣੇ-ਹੁਣੇ ਸਿੱਖ ਕੁੜੀ ਦੇ ਅਗਵਾ ਦੀ ਵਾਪਰੀ ਘਟਨਾ ਦੇ ਸੁਖਾਵੇਂ ਹੱਲ ਤੋਂ ਹੀ ਪਤਾ ਲੱਗਦਾ ਹੈ ਕਿ ਪਾਕਿਸਤਾਨ ਦੇ ਸਿੱਖ, ਧਰਮ, ਗਿਣਤੀ ਤੇ ਸੱਭਿਆਚਾਰ ਦੇ ਆਧਾਰ ‘ਤੇ ਹੋਣ ਵਾਲੀਆਂ ਵਧੀਕੀਆਂ ਖ਼ਿਲਾਫ਼ ਕਾਫ਼ੀ ਜਾਗਰੂਕ ਹੋ ਰਹੇ ਹਨ ਅਤੇ ਪਾਕਿਸਤਾਨ ਦੀ ਸਰਕਾਰ ਵੀ ਦੁਨੀਆ ‘ਚ ਆਪਣਾ ਅਕਸ ਵਧੇਰੇ ਨਿਰਪੱਖ, ਮਨੁੱਖਤਾ-ਪੱਖੀ ਅਤੇ ਸਦਭਾਵਨਾ ਵਾਲਾ ਬਣਾਉਣ ਲਈ ਘੱਟ-ਗਿਣਤੀਆਂ ਦਾ ਭਰੋਸਾ ਜਿੱਤਣਾ ਚਾਹੁੰਦੀ ਹੈ। ਅਸੀਂ ਵੀ ਆਸ ਕਰਦੇ ਹਾਂ ਕਿ ਪਾਕਿਸਤਾਨ ਦੀ ਸਰਕਾਰ, ਮੂਲਵਾਦੀ ਤੇ ਕੱਟੜ੍ਹ ਤਾਕਤਾਂ ਨੂੰ ਵਧੇਰੇ ਪ੍ਰਭਾਵੀ ਤਰੀਕੇ ਨਾਲ ਨੱਥ ਪਾ ਕੇ ਘੱਟ-ਗਿਣਤੀ ਭਾਈਚਾਰਿਆਂ ਦੇ ਜਿਊਣ ਲਈ ਆਜ਼ਾਦ, ਸੁਰੱਖਿਅਤ ਤੇ ਸੁਨਹਿਰਾ ਭਵਿੱਖ ਸਿਰਜਣ ਵੱਲ ਧਿਆਨ ਦੇਵੇਗੀ। ਸਿੱਖ ਪੰਥ ਦੀਆਂ ਸਮਰੱਥ ਸੰਸਥਾਵਾਂ, ਸੰਪਰਦਾਵਾਂ ਤੇ ਪ੍ਰਚਾਰ ਸਭਾਵਾਂ ਨੂੰ ਵੀ ਅਣਗੌਲੇ ਪਾਕਿਸਤਾਨੀ ਸਿੱਖਾਂ ਦੀ ਸਾਰ ਲੈਣੀ ਚਾਹੀਦੀ ਹੈ ਅਤੇ ਅਣਸੁਖਾਵੇਂ ਹਾਲਾਤਾਂ ਵਿਚ ਰਹਿੰਦਿਆਂ ਵੀ ਆਪਣੇ ਧਰਮ, ਸੱਭਿਆਚਾਰ ਅਤੇ ਪਰੰਪਰਾਵਾਂ ਨਾਲ ਜੁੜੇ ਹੋਏ ਇਨ੍ਹਾਂ ਸਿਦਕਵਾਨ ਸਿੱਖਾਂ ਦਾ ਮਨੋਬਲ ਉੱਚਾ ਕਰਨਾ ਚਾਹੀਦਾ ਹੈ।

Check Also

ਵਿਕਸਤ ਭਾਰਤ ਦੇ ਸੁਫਨੇ ਦੀ ਹਕੀਕਤ

ਕ੍ਰਿਸ਼ਨਾ ਰਾਜ ਭਾਰਤ ਸਾਲ 2047 ਤੱਕ ਉਚ ਆਮਦਨ ਵਾਲਾ ਵਿਕਸਤ ਮੁਲਕ ਬਣਨ ਦੀ ਲੋਚਾ ਰੱਖਦਾ …