Breaking News
Home / ਮੁੱਖ ਲੇਖ / ਆਬਾਦੀ, ਮੁਲਕ ਦਾ ਵਿਕਾਸ ਅਤੇ ਚੁਣੌਤੀਆਂ

ਆਬਾਦੀ, ਮੁਲਕ ਦਾ ਵਿਕਾਸ ਅਤੇ ਚੁਣੌਤੀਆਂ

ਡਾ. ਸੁਖਦੇਵ ਸਿੰਘ
ਸੰਨ 2600 ਤੱਕ ਦੁਨੀਆ ਦੀ ਆਬਾਦੀ ਇਨਸਾਨ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਣ ਤੇ ਪਹੁੰਚ ਜਾਵੇਗੀ ਅਤੇ ਬਿਜਲੀ ਦੀ ਖ਼ਪਤ ਧਰਤੀ ਨੂੰ ਲਾਲ ਸੂਹੀ ਤਪਸ਼ ਨਾਲ ਚਮਕਾਏਗੀ। -ਸਟਿਫਨ ਹਾਕਿੰਗ
ਐਤਕੀਂ 15 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਾਦੀ ਦਿਵਸ ਮੌਕੇ ਲਾਲ ਕਿਲੇ ਤੋਂ ਤਕਰੀਰ ਕਰਦਿਆਂ ਹੋਰ ਮੁੱਦਿਆਂ ਤੋਂ ਇਲਾਵਾ, ਦੇਸ਼ ਵਿਚ ਵਸੋਂ ਵਿਸਫੋਟ ਅਤੇ ਇਸ ਦੇ ਦੇਸ਼ ਵਿਕਾਸ ਵਿਚ ਨਕਾਰਾਤਮਕ ਅਸਰਾਂ ਬਾਰੇ ਅਗਾਹ ਕਰਦਿਆਂ ਦੇਸ਼ ਵਾਸੀਆਂ ਨੂੰ ਆਬਾਦੀ ਕੰਟਰੋਲ ਕਰਨ ਦੀ ਨਸੀਹਤ ਦਿੱਤੀ ਅਤੇ ਸਮਾਜ ਵਿਚ ਚੇਤਨਾ ਜਗਾਉਣ ਦਾ ਹੋਕਾ ਦਿੱਤਾ। ਉਨਾਂ ਨੇ ਸੀਮਤ ਪਰਿਵਾਰ ਰੱਖਣ ਵਾਲਿਆਂ ਨੂੰ ਦੇਸ਼ ਭਗਤਾਂ ਦੇ ਤੁਲ ਦੱਸਿਆ ਕਿਉਂਕਿ ਅਜਿਹੇ ਲੋਕ ਸਿਰਫ਼ ਆਪਣੇ ਪਰਿਵਾਰ ਦਾ ਭਲਾ ਹੀ ਨਹੀਂ ਕਰਦੇ ਬਲਿਕ ਦੇਸ਼ ਦੇ ਵਿਕਾਸ ਦੇ ਭਾਗੀਦਾਰ ਵੀ ਬਣਦੇ ਹਨ। ਛੋਟੇ ਪਰਿਵਾਰਾਂ ਦੇ ਮਾਪਿਆਂ ਨੂੰ ਸਲਾਹਉਂਦਿਆਂ ਉਨਾਂ ਅਪੀਲ ਕੀਤੀ ਕਿ ਉਹ ਮਾਡਲ ਪਰਿਵਾਰ ਬਣਨ ਤਾਂ ਜੋ ਦੂਸਰਿਆਂ ਲਈ ਪ੍ਰਰੇਨਾ ਸ੍ਰੋਤ ਬਣਨ।
ਵਸੋਂ ਦੀ ਵਿਧੀਵਤ ਖੋਜ ਅਤੇ ਇਸ ਦੇ ਪ੍ਰਭਾਵਾਂ ਬਾਰੇ ਮੁਢਲਾ ਯਤਨ ਬ੍ਰਿਟੇਨ ਦੇ ਜਾਨ ਗਰੌਂਟ ਨੂੰ ਜਾਂਦਾ ਹੈ ਜਿਸ ਨੇ 1662 ਵਿਚ ‘ਨੇਚੁਰਲ ਐਂਡ ਪੁਲੀਟੀਕਲ ਆਬਜ਼ਰਵੇਸ਼ਨ ਮੇਡ ਅਪਾਨ ਦਿ ਬਿਲਸ ਆਫ਼ ਮਾਰਟੈਲਟੀ’ ਸਿਰਲੇਖ ਹੇਠ ਲੇਖ ਲਿਖਿਆ। ਇਸ ਤੋਂ ਬਾਅਦ ਬ੍ਰਿਟੇਨ ਦੇ ਥਾਮਸ ਰਾਬਰਟ ਮਾਲਥਸ ਨੇ ਆਬਾਦੀ ਬਾਰੇ ਖੋਜ ਕਰਨ ਅਤੇ ਸਿਧਾਂਤਕ ਗਿਆਨ ਉਪਜਾਇਆ। ਉਸ ਨੇ 1798 ਵਿਚ ‘ਆਨ ਐਸੇਜ਼ ਆਨ ਦਿ ਪ੍ਰਿੰਸੀਪਲਜ਼ ਆਫ ਪਾਪੂਲੇਸ਼ਨ’ ਲੇਖ ਲਿਖਿਆ ਜੋ ਬਾਅਦ ਵਿਚ ਪੁਸਤਕ ਦਾ ਰੂਪ ਬਣਿਆ ਅਤੇ ਆਬਾਦੀ ਦੀ ਪੜਾਈ ਲਈ ਮੀਲ ਪੱਥਰ ਸਾਬਤ ਹੋਇਆ। ਮਾਲਥਸ ਮੁਤਾਬਿਕ ਜੀਵਨ ਨਿਰਬਾਹ ਵਾਲੇ ਸਾਧਨ ਓਨੀ ਮਾਤਰਾ ਵਿਚ ਨਹੀਂ ਵਧਦੇ ਜਿੰਨੀ ਮਾਤਰਾ ਵਿਚ ਆਬਾਦੀ। ਇਹ 1, 2, 4, 8, 16, 32, 64, 256 (ਰੇਖਾ ਗਣਿਤਕ) ਅਨੁਪਾਤ ਵਿਚ ਵਧਦੀ ਹੈ ਅਤੇ ਜੀਵਨ ਨਿਰਬਾਹ ਦੇ ਸਾਧਨ 1, 2, 3, 4, 5, 6, 7, 8 (ਸਿੱਧੇ ਹਿਸਾਬ) ਵਧਦੇ ਹਨ। ਇਸ ਲਈ ਇਨਾਂ ਦਾ ਅਸਾਵਾਂਪਣ ਮੁਸ਼ਕਿਲਾਂ ਪੈਦਾ ਕਰਦਾ ਹੈ।
ਭਾਰਤ ਦੀ ਆਬਾਦੀ ਜਿੰਨੀ ਰਫਤਾਰ ਨਾਲ ਪਿਛਲੀ ਸਦੀ ਵਿਚ ਵਧੀ, ਉਹ ਸ਼ਾਹਿਦ ਪਹਿਲਾਂ ਕਦੇ ਨਹੀਂ ਸੀ। ਇਹ ਵਧੇਰੇ ਕਰਕੇ ਸਿਹਤ ਸਹੂਲਤਾਂ ਦੀ ਘਾਟ ਅਤੇ ਘਾਤਕ ਬਿਮਾਰੀਆਂ ਉਤੇ ਕੰਟਰੋਲ ਨਾ ਹੋਣ ਸਦਕਾ ਸੀ। ਜਿਉਂ ਜਿਉਂ ਬਿਮਾਰੀਆਂ ਤੇ ਕਾਬੂ ਪੈਂਦਾ ਗਿਆ, ਵਧੇਰੇ ਸਮਾਜਾਂ ਵਿਚ ਆਬਾਦੀ ਦਾ ਫੈਲਾਓ ਵਧਦਾ ਗਿਆ। 1901 ਵਿਚ ਭਾਰਤ ਦੀ ਕੁੱਲ ਆਬਾਦੀ 23.84 ਕਰੋੜ ਸੀ ਜੋ 1951 ਵਿਚ 36.10 ਕਰੋੜ ਹੋ ਗਈ; 2001 ਵਿਚ 1 ਅਰਬ 1 ਕਰੋੜ; 2011 ਵਿਚ 1 ਅਰਬ 21 ਕਰੋੜ ਅਤੇ ਹੁਣ ਅੰਦਾਜ਼ਨ 1 ਅਰਬ 35 ਕਰੋੜ ਦੇ ਕਰੀਬ ਹੈ। ਕਿਹਾ ਜਾ ਰਿਹਾ ਹੈ ਕਿ ਥੋੜੇ ਸਾਲਾਂ ਵਿਚ ਭਾਰਤ ਚੀਨ ਨੂੰ ਮਾਤ ਪਾ ਕੇ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਜਾਵੇਗਾ।
ਸੰਸਾਰ ਪੱਧਰ ਤੇ ਆਬਾਦੀ ਦਾ ਵਾਧਾ ਪਿਛਲੇ ਦੋ ਸੌ ਸਾਲਾਂ ਵਿਚ ਹੀ ਵਧੇਰੇ ਹੋਇਆ ਹੈ। ਅੱਜ ਤੋਂ ਦਸ ਹਜ਼ਾਰ ਸਾਲ ਪਹਿਲਾਂ ਸੰਸਾਰ ਦੀ ਕੁਲ ਆਬਾਦੀ ਸਿਰਫ 20 ਕਰੋੜ ਸੀ। ਨੌਂ ਹਜ਼ਾਰ ਸਾਲ ਬਾਅਦ, ਭਾਵ 1850 ਦੁਨੀਆ ਦੀ ਆਬਾਦੀ 2 ਅਰਬ ਤੱਕ ਪਹੁੰਚ ਗਈ; 1975 ਤੱਕ 4 ਅਰਬ; 2000 ਤੱਕ 6 ਅਰਬ ਤੇ ਹੁਣ (ਸੰਯੁਕਤ ਰਾਸ਼ਟਰ ਦੇ ਅਗਸਤ 2019 ਦੇ ਅੰਦਾਜ਼ੇ ਮੁਤਾਬਿਕ) 7.7 ਅਰਬ ਦੇ ਕਰੀਬ ਹੋ ਗਈ ਹੈ। ਸਾਡੇ ਦੇਸ਼ ਦੇ ਵੱਖ ਵੱਖ ਰਾਜਾਂ ਦੀ ਆਬਾਦੀ ਤੇ ਨਜ਼ਰ ਮਾਰੀਏ ਤਾਂ ਪਤਾ ਲਗਦਾ ਹੈ ਕਿ ਉਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼, ਰਾਜਸਥਾਨ, ਅਸਾਮ, ਛੱਤੀਸਗੜ ਅਤੇ ਝਾਰਖੰਡ ਸੱਤ ਅਜਿਹੇ ਰਾਜ ਹਨ ਜਿਹੜੇ ਦੇਸ਼ ਦੀ ਤਕਰੀਬਨ ਅੱਧੀ ਆਬਾਦੀ ਦੇ ਮਾਲਕ ਹਨ। ਇਨਾਂ ਵਿਚ ਕੁਲ ਪ੍ਰਜਨਣ ਰੇਟ (ਟੋਟਲ ਫਰਟਿਲਿਟੀ ਰੇਟ) ਸਮੁੱਚੇ ਦੇਸ਼ ਦੇ ਕੁੱਲ ਪ੍ਰਜਨਣ ਰੇਟ (2.2) ਤੋਂ ਕਾਫੀ ਵਧੇਰੇ ਹੈ। ਪੰਜਾਬ, ਕੇਰਲ ਸਮੇਤ ਕਈ ਰਾਜ ਅਜਿਹੇ ਹਨ ਜਿਥੇ ਕੁਲ ਪ੍ਰਜਨਣ ਰੇਟ ਦੇਸ਼ ਦੇ ਸਮੁੱਚੇ ਰੇਟ ਨਾਲੋਂ ਘੱਟ ਹੈ ਅਤੇ ਆਬਾਦੀ ਵਾਧਾ ਵਧੇਰੇ ਤਿੱਖੀ ਮਾਤਰਾ ਵਿਚ ਨਹੀਂ। 2017 ਦੀ ਸੈਂਪਲ ਰਜਿਸਟਰੇਸ਼ਨ ਸਿਸਟਮ ਦੀ ਰਿਪੋਰਟ ਮੁਤਾਬਿਕ ਸਮੁੱਚੇ ਦੇਸ਼ ਵਿਚ ਕੁਲ ਪ੍ਰਜਨਣ ਰੇਟ ਵਿਚ ਵੀ ਘਟਾਉਵਾਦੀ ਰੁਝਾਨ ਹੈ, ਭਾਵ 1971 ਵਿਚ 5.2, 1981 ਵਿਚ 4.5, 1991 ਵਿਚ 3.6 ਅਤੇ 2017 ਵਿਚ 2.2 ਤੇ ਪਹੁੰਚ ਗਿਆ ਹੈ। ਇਸ ਰੁਝਾਨ ਦੇ ਬਾਵਜੂਦ ਆਬਾਦੀ, ਵਾਧੇ ਦਾ ਰੁਖ ਦਿਖਾ ਰਹੀ ਹੈ ਕਿਉਂਕਿ ਸੰਘਣੀ ਆਬਾਦੀ ਵਾਲੇ ਰਾਜ ਵਧੇਰੇ ਪ੍ਰਜਨਣ ਰੇਟ (2.5 ਤੋਂ 3.2 ਤਕ ) ਦੀ ਰਫਤਾਰ ਨਾਲ ਵਾਧਾ ਦਰਜ ਕਰ ਰਹੇ ਹਨ ਅਤੇ ਆਬਾਦੀ ਵਾਧੇ ਦਾ ਅਸਰ ਸਾਰੇ ਮੁਲਕ ਵਿਚ ਪੈ ਰਿਹਾ ਹੈ।
ਆਬਾਦੀ ਵਧਣ ਕਰਕੇ ਸਭ ਤੋਂ ਵਧੇਰੇ ਅਸਰ ਰੁਜ਼ਗਾਰ ਅਤੇ ਆਰਥਿਕਤਾ ਤੇ ਪੈਂਦਾ ਹੈ ਜੋ ਅਗੇ ਹੋਰ ਸਮਾਜਿਕ, ਸੱਭਿਆਚਾਰਕ, ਮਨੋਵਿਗਿਆਨਕ ਤੇ ਵਾਤਾਵਰਨਕ ਪੱਖਾਂ ਵਿਚ ਉਲਝਣਾਂ ਪੈਦਾ ਕਰਦਾ ਹੈ। ਅੱਜ ਭਾਰਤ ਵਿਚ ਬੇਰੁਜ਼ਗਾਰੀ ਸਿਖ਼ਰਾਂ ਤੇ ਹੈ। ਵੱਖ ਵੱਖ ਸ਼ਾਖਾਵਾਂ ਵਿਚ ਉੱਚ ਸਿਖਿਅਕ, ਮੱਧ ਵਿਦਿਆ ਯਾਫਤਾ, ਤਕਨੀਕੀ ਸਿਖਿਆ ਹਾਸਲ਼ ਵਿਦਿਆਰਥੀ, ਹੋਰ ਹੁਨਰਮੰਦ ਤੇ ਅਨਪੜ ਬੇਰੁਜ਼ਗਾਰਾਂ ਦੀ ਸਮਾਜ ਵਿਚ ਫੌਜ ਖੜੀ ਹੋ ਗਈ ਹੈ। ਪਿਛਲੇ 45 ਸਾਲਾਂ ਵਿਚ ਬੇਰੁਜ਼ਗਾਰੀ ਦੀ ਦਰ ਸਭ ਤੋਂ ਉੱਚੀ ਦੱਸੀ ਗਈ ਹੈ। ਕਿਸੇ ਵੀ ਮਹਿਕਮੇ ਵਿਚ ਇਕ ਜਾਂ ਦੋ ਅਸਾਮੀਆਂ ਲਈ ਹਜ਼ਾਰਾਂ ਦੀ ਗਿਣਤੀ ਵਿਚ ਅਰਜ਼ੀਆਂ ਆਉਣਾ ਇਸ ਤੱਥ ਦਾ ਗਵਾਹ ਹੈ। ਉੱਤਰ ਪ੍ਰਦੇਸ਼ ਵਿਚ ਦਰਜਾ ਚਾਰ ਮੁਲਾਜ਼ਮਾਂ ਦੀਆਂ 328 ਅਸਾਮੀਆਂ ਲਈ 23 ਲੱਖ ਵੱਧ ਅਰਜ਼ੀਆਂ ਬੇਰੁਜ਼ਗਾਰੀ ਦਾ ਨਵਾਂ ਇਤਿਹਾਸ ਸੀ। ਇਨਾਂ ਅਸਾਮੀਆਂ ਲਈ ਕਿਤੇ ਵੱਧ ਵਿਦਿਆ ਯਾਫਤਾ ਇਥੋਂ ਤਕ ਕਿ 255 ਪੀਐੱਚਡੀ ਹਾਸਲ ਉਮੀਦਵਾਰ ਵੀ ਸਨ ਜਦਕਿ ਦਰਜਾ ਚਾਰ ਅਸਾਮੀਆਂ ਲਈ ਯੋਗਤਾ ਸਿਰਫ ਪੰਜਵੀਂ ਪਾਸ ਅਤੇ ਸਾਇਕਲ ਚਲਾਉਣਾ ਆਉਣ ਦੀ ਸੀ। ਐਮਸਟਰਡਮ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸ ਰਿਸਰਚ, ਨੈਦਰਲੈਂਡਜ਼ ਦੇ ਸਮਾਜ ਵਿਗਿਆਨੀ ਜਾਨ ਬਰੀਮੈਨ ਜਿਸ ਨੇ ਭਾਰਤ ਵਿਚ ਵਿਕਾਸ ਬਾਰੇ ਕਾਫੀ ਖੋਜ ਕੀਤੀ ਹੈ, ਨੇ ਆਪਣੀ ਕਿਤਾਬ ‘ਆਨ ਪਾਪੁਰਿਜ਼ਮ ਇਨ ਪ੍ਰੈਜੇਂਟ ਐਂਡ ਪਾਸਟ’, ਭਾਵ ਮੌਜੂਦਾ ਤੇ ਪੁਰਾਣੇ ਕੰਗਾਲਪੁਣੇ ਬਾਰੇ, ਵਿਚ ਦਸਿਆ ਹੈ ਕਿ ਭਾਰਤ ਦੀ 76 ਫੀਸਦੀ ਆਬਾਦੀ ਗਰੀਬ ਹੈ ਅਤੇ ਇਨਾਂ ਵਿਚੋਂ 25 ਫੀਸਦੀ ਕੰਗਾਲ ਹਨ ਜਿਨਾਂ ਨੂੰ ਦੋ ਵਕਤ ਦੀ ਰੋਟੀ ਦੇ ਵੀ ਲਾਲੇ ਪਏ ਰਹਿੰਦੇ ਹਨ। ਹੋਰ ਕਾਰਨਾਂ ਤੋਂ ਇਲਾਵਾ ਵਧ ਰਹੀ ਆਬਾਦੀ ਵੀ ਇਸ ਵੱਡਾ ਕਾਰਨ ਹੈ।
ਸਾਡਾ ਦੇਸ਼ ਖੇਤੀ ਪ੍ਰਧਾਨ ਅਤੇ ਪੇਂਡੂ ਸਮਾਜ ਹੈ। ਆਬਾਦੀ ਦਾ ਵਾਧਾ ਜ਼ਮੀਨੀ ਵੰਡ ਦੀ ਪ੍ਰਕਿਰਿਆ ਨੂੰ ਤੇਜ਼ੀ ਨਾਲ ਵਧਾ ਰਿਹਾ ਹੈ। ਦੇਸ਼ ਵਿਚ 80 ਫ਼ੀਸਦੀ ਛੋਟੇ ਤੇ ਸੀਮਾਂਤ ਕਿਸਾਨ ਹਨ ਜਿਨਾਂ ਕੋਲ ਔਸਤਨ ਦੋ ਹੈਕਟੇਅਰ ਤੋਂ ਵੀ ਘੱਟ ਜ਼ਮੀਨ ਹੈ। ਛੋਟੀਆਂ ਜੋਤਾਂ ਵਿਚ ਉਤਪਾਦਨ ਤੇ ਉਤਪਾਦਕਤਾ ਵੱਡੀਆਂ ਜੋਤਾਂ ਦੇ ਮੁਕਾਬਲੇ ਘੱਟ ਹੁੰਦਾ ਹੈ ਅਤੇ ਅਨਾਜ ਉਪਜਾਣ ਵਾਲੇ ਸਾਜ਼ੋ-ਸਮਾਨ ਉਪਰ ਵੱਧ ਖਰਚ ਹੁੰਦਾ ਹੈ; ਨਤੀਜੇ ਵਜੋਂ ਲਾਭ ਬਹੁਤ ਘਟ ਜਾਂਦਾ ਹੈ। ਕਿਸਾਨ ਖੁਦਕਸ਼ੀਆਂ ਕਰ ਰਹੇ ਹਨ। 1990 ਤੋਂ ਲੈ ਕੇ ਹੁਣ ਤੱਕ 3 ਲੱਖ ਤੋਂ ਵਧੇਰੇ ਕਿਸਾਨ ਆਤਮ-ਹੱਤਿਆ ਕਰ ਚੁੱਕੇ ਹਨ। ਇਸੇ ਤਰਾਂ ਹੋਰ ਸੈਕਟਰਾਂ ਵਿਚ ਵੀ ਮੰਦੀ ਦਾ ਦੌਰ ਹੋਣ ਕਰਕੇ ਲੱਖਾਂ ਲੋਕਾਂ ਦਾ ਰੁਜ਼ਗਾਰ ਜਾ ਰਿਹਾ ਹੈ ਅਤੇ ਕਈ ਮਜ਼ਦੂਰ, ਕਾਰਖਾਨੇਦਾਰ ਆਦਿ ਵੀ ਖੁਦਕੁਸ਼ੀਆਂ ਕਰ ਰਹੇ ਹਨ। ਹੋਰ ਕਾਰਨਾਂ ਤੋਂ ਇਲਾਵਾ ਆਬਾਦੀ ਦਾ ਵਾਧਾ ਵੀ ਇਸ ਦਾ ਇਕ ਕਾਰਨ ਹੈ। ਮੱਨੁਖੀ ਜੀਵਨ ਵਿਚ ਵੱਖ ਵੱਖ ਤਰਾਂ ਦੀ ਤਕਨਾਲੋਜੀ ਦੀ ਆਮਦ, ਇਸ ਦੀ ਬੇਹੱਦ ਵਰਤੋਂ ਅਤੇ ਆਬਾਦੀ ਵਧਣ ਨਾਲ ਵਾਤਾਵਰਨ ਦਾ ਜੋ ਘਾਣ ਹੋ ਰਿਹਾ ਹੈ, ਉਸ ਦੀ ਭਰਪਾਈ ਅਸੰਭਵ ਲਗਦੀ ਹੈ। ਮੰਡੀ ਸ਼ਕਤੀਆਂ ਦੇ ਜ਼ੋਰ, ਪਦਾਰਥਵਾਦੀ ਸੌੜੀ, ਥੋੜਚਿਰੀ ਤੇ ਨਿਰੋਲ ਮੁਨਾਫ਼ੇ ਵਾਲੀ ਸੋਚ ਨੇ ਵਾਤਾਵਰਨ ਨੂੰ ਆਪਣੇ ਲਾਭ ਲਈ ਹੱਦੋਂ ਵੱਧ ਵਰਤਣਾ ਸ਼ੁਰੂ ਕਰ ਦਿਤਾ ਹੈ। ਜੰਗਲਾਂ, ਬੀੜਾਂ, ਪੌਦਿਆਂ ਦਾ ਸਫਾਇਆ, ਧਰਤੀ ਦੀ ਬਣਤਰ ਨਾਲ ਛੇੜਛਾੜ ਕਾਰਨ ਆਉਣ ਵਾਲੀਆਂ ਪੁਸ਼ਤਾਂ ਅੱਜ ਦੇ ਇਨਸਾਨ ਨੂੰ ਸ਼ਾਇਦ ਕਦੇ ਮੁਆਫ ਨਾ ਕਰਨ। ਇਨਸਾਨ ਨੇ ਆਪਣੇ ਐਸ਼ੋ-ਅਰਾਮ ਲਈ ਹਵਾ, ਪਾਣੀ, ਧਰਤੀ ਨੂੰ ਪਲੀਤ ਕਰ ਦਿਤਾ ਹੈ। ਵਾਤਾਵਰਨ ਬਾਰੇ ਕੌਮਾਂਤਰੀ ਅੰਤਰ-ਸਰਕਾਰਾਂ ਦੇ ਮਾਹਿਰ ਡਵੇ ਰੀਯ ਦਾ ਕਥਨ ਹੈ- ‘ਸੀਮਤ ਜ਼ਮੀਨ ਤੇ ਆਬਾਦੀ ਦੇ ਫੈਲਾਓ ਨੇ ਗਲਘੋਟੂ ਵਾਤਾਵਰਨ ਪੈਦਾ ਕਰ ਦਿਤਾ ਹੈ। ਧਰਤੀ ਨੂੰ ਆਪਣੇ ਵਾਤਾਵਰਨ ਬਾਰੇ ਕਦੇ ਵੀ ਇੰਨੇ ਭਿਅੰਕਰ ਹਮਲੇ ਦਾ ਸਾਹਮਣਾ ਨਹੀਂ ਕਰਨਾ ਪਿਆ’।
ਹੁਣੇ ਹੀ ਬ੍ਰਾਜ਼ੀਲ ਸਮੇਤ ਦੱਖਣੀ ਅਮਰੀਕਾ ਦੇ ਕਈ ਮੁਲਕਾਂ ਵਿਚ ਫੈਲੇ ਐਮਜ਼ਨ ਜੰਗਲ, ਜਿਨਾਂ ਨੂੰ ਧਰਤੀ ਦੇ ਫੇਫ਼ੜੇ ਵੀ ਕਿਹਾ ਜਾਂਦਾ ਹੈ, ਵਿਚ ਲੱਗੀ ਅੱਗ ਨੂੰ ਵੀ ਮਨੁੱਖੀ ਸ਼ੈਤਾਨ ਮਨ ਦੀ ਕਾਢ ਕਿਹਾ ਜਾ ਰਿਹਾ ਹੈ ਕਿਉਂਕਿ ਜ਼ਮੀਨ ਪ੍ਰਾਪਤੀ ਲਈ ਅੱਗ ਨਾਲ ਝੁਲਸੇ ਇਲਾਕੇ ਦਿਖਾ ਕੇ ਉਥੋਂ ਧਰਤੀ ਨੂੰ ਸਾਫ ਕਰਵਾਇਆ ਜਾਵੇਗਾ। ਮੰਨਿਆ ਗਿਆ ਹੈ ਕਿ ਉਹ ਜੰਗਲ ਇੰਨੇ ਨਮੀ ਵਾਲੇ ਹਨ ਕਿ ਅੱਗ ਆਪਣੇ ਆਪ ਲੱਗ ਨਹੀਂ ਸਕਦੀ। ਸਾਡੇ ਦੇਸ਼ ਵਿਚ ਵੀ ਬਹੁਤੇ ਇਲਾਕੇ ਰੁੰਡ-ਮਰੁੰਡ ਕਰ ਦਿੱਤੇ ਗਏ ਹਨ, ਅਸੀਂ ਸੋਕੇ ਡੋਬੇ ਦੇ ਨਤੀਜੇ ਭੁਗਤ ਰਹੇ ਹਾਂ।
ਆਬਾਦੀ ਦੇ ਵਾਧੇ, ਸੀਮਤ ਸਾਧਨਾਂ ਅਤੇ ਆਧੁਨਿਕ ਤਕਨਾਲੋਜੀ ਕਰਕੇ ਸਮਾਜਿਕ ਅਤੇ ਮਨੋਵਿਗਿਆਨਕ ਪੱਖ ਵੀ ਹਿਲ ਗਏ ਹਨ। ਲੋਕ ਨਾ ਚਾਹੁੰਦਿਆਂ ਵੀ ਰੋਜ਼ੀ ਰੋਟੀ ਲਈ ਦੇਸ਼ ਛੱਡ ਰਹੇ ਹਨ। ਆਬਾਦੀ ਵਧਣ ਕਰਕੇ ਵਿਦਿਅਕ ਸੰਸਥਾਵਾਂ ਵਿਚ ਭਾਵੇਂ ਕਾਫ਼ੀ ਵਾਧਾ ਹੋਇਆ ਹੈ ਪਰ ਅਧਿਆਪਕ-ਵਿਦਿਆਰਥੀ ਅਨੁਪਾਤ ਵਿਚ ਵਧ ਰਹੇ ਅਸਾਵੇਂਪਣ ਕਰਕੇ ਸਿੱਖਿਆ ਦਾ ਮਿਆਰ ਕੱਖੋਂ ਹੌਲਾ ਹੋ ਰਿਹਾ ਹੈ। ਇਸੇ ਤਰਾਂ ਸਿਹਤ ਸਹੂਲਤਾਂ ਵੀ ਆਮ ਬੰਦੇ ਦੀ ਪਹੁੰਚ ਤੋਂ ਦੂਰ ਹੋ ਗਈਆਂ ਹਨ। ਜ਼ਿੰਦਗੀ ਵਿਚ ਉਪਰਾਮਤਾ, ਬੇਗਾਨਗੀ ਅਤੇ ਮਾਨਸਿਕ ਪ੍ਰੇਸ਼ਾਨੀ ਵਧ ਰਹੀ ਹੈ।
ਇਨਾਂ ਤੱਥਾਂ ਮੱਦੇਨਜ਼ਰ ਪ੍ਰਧਾਨ ਮੰਤਰੀ ਦੀ ਇਸ ਗੱਲ ਤੇ ਤਵੱਜੋ ਦੇਣੀ ਬਣਦੀ ਹੈ ਕਿ ਆਬਾਦੀ ਨੂੰ ਕੰਟਰੋਲ ਵਿਚ ਰੱਖਣ ਦੇ ਨਿੱਗਰ ਯਤਨ ਕਰਨੇ ਚਾਹੀਦੇ ਹਨ। ਉਹ ਇਲਾਕੇ ਜਾਂ ਤਬਕੇ ਜਿਨਾਂ ਵਿਚ ਆਬਾਦੀ ਘੋਰ ਸੰਘਣੀ ਹੈ, ਵਿਚ ਲੋਕਾਂ ਨੂੰ ਛੋਟੇ ਪਰਿਵਾਰਾਂ ਵੱਲ ਪ੍ਰੇਰਨ ਦੇ ਨਵੇਂ ਢੰਗ ਤਰੀਕੇ ਲੱਭਣੇ ਚਾਹੀਦੇ ਹਨ। ਜਿਥੇ ਪ੍ਰੇਰਨਾ ਦੀ ਜ਼ਰੂਰਤ ਹੈ, ਉਥੇ ਸਮਾਜਿਕ ਬੰਦਸ਼ਾਂ ਤੇ ਕਾਨੂੰਨਨ ਧਾਰਾਵਾਂ ਦਾ ਵੀ ਇਸਤੇਮਾਲ ਗੈਰ-ਵਾਜਬ ਨਹੀਂ। ਕੁਦਰਤੀ ਵਾਤਾਵਰਨ ਦੇ ਬਚਾਉ ਤੇ ਮਨੁੱਖਤਾ ਦੇ ਇੱਜ਼ਤ ਵਾਲੇ ਜੀਵਨ ਜਿਊਣ ਲਈ ਆਬਾਦੀ ਨੂੰ ਕਾਬੂ ਵਿਚ ਰੱਖਣਾ ਨਹਾਇਤ ਹੀ ਜ਼ਰੂਰੀ ਹੈ।

Check Also

ਭਾਰਤ ‘ਚ ਆਮਦਨ ਨਾ-ਬਰਾਬਰੀ ਵਿਕਾਸ ਦੇ ਰਾਹ ਦਾ ਰੋੜਾ

ਜਿੰਨਾ ਚਿਰ ਭਾਰਤ ਵਿਚ ਆਮਦਨ ਨਾ-ਬਰਾਬਰੀ ਰਹੇਗੀ, ਓਨਾ ਚਿਰ ਲਗਾਤਾਰ ਚੱਲਣ ਵਾਲਾ ਵਿਕਾਸ ਨਹੀਂ ਹੋ …