17.5 C
Toronto
Monday, August 24, 2026
spot_img
Homeਭਾਰਤਆਮ ਆਦਮੀ ਪਾਰਟੀ ਨੇ ਹੁਣ ਹਿਮਾਚਲ 'ਚ ਵਜਾਇਆ ਚੋਣ ਬਿਗੁਲ

ਆਮ ਆਦਮੀ ਪਾਰਟੀ ਨੇ ਹੁਣ ਹਿਮਾਚਲ ‘ਚ ਵਜਾਇਆ ਚੋਣ ਬਿਗੁਲ

ਆਮ ਆਦਮੀ ਪਾਰਟੀ ਨੇ ਹੁਣ ਹਿਮਾਚਲ ‘ਚ ਵਜਾਇਆ ਚੋਣ ਬਿਗੁਲਕੇਜਰੀਵਾਲ ਅਤੇ ਭਗਵੰਤ ਮਾਨ ਨੇ ਮੰਡੀ ‘ਚ ਕੀਤਾ ਰੋਡ ਸ਼ੋਅ
ਮੰਡੀ : ਪੰਜਾਬ ਚੋਣਾਂ ‘ਚ ਮਿਲੀ ਵੱਡੀ ਜਿੱਤ ਤੋਂ ਉਤਸ਼ਾਹਿਤ ਆਮ ਆਦਮੀ ਪਾਰਟੀ (ਆਪ) ਨੇ ਹੁਣ ਆਪਣਾ ਰੁਖ਼ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵੱਲ ਕਰ ਲਿਆ ਹੈ ਅਤੇ ਮੰਡੀ ਵਿਚ ਚੋਣ ਬਿਗੁਲ ਵੀ ਵਜਾ ਦਿੱਤਾ। ਦੱਸਣਯੋਗ ਹੈ ਕਿ ਪਹਾੜੀ ਸੂਬੇ ਵਿਚ ਚੋਣਾਂ ਇਸ ਸਾਲ ਨਵੰਬਰ ਵਿਚ ਹੋਣਗੀਆਂ। ਪਾਰਟੀ ਨੇ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਬੁੱਧਵਾਰ ਨੂੰ ਮੰਡੀ ਵਿਚ ਰੋਡ ਸ਼ੋਅ ਨਾਲ ਕੀਤੀ। ਜ਼ਿਕਰਯੋਗ ਹੈ ਕਿ ਮੰਡੀ ਭਾਜਪਾ ਦੇ ਮੌਜੂਦਾ ਮੁੱਖ ਮੰਤਰੀ ਜੈਰਾਮ ਠਾਕੁਰ ਦਾ ਜੱਦੀ ਸ਼ਹਿਰ ਹੈ। ‘ਆਪ’ ਨੇ ਇੱਥੇ ‘ਹਿਮਾਚਲ ਪ੍ਰਦੇਸ਼ ਵਿਚੋਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਪੁੱਟਣ ਦਾ ਸੱਦਾ ਦਿੱਤਾ।’ ਇਸ ਮੌਕੇ ਪਾਰਟੀ ਦੇ ਦੋ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (ਦਿੱਲੀ) ਤੇ ਭਗਵੰਤ ਮਾਨ (ਪੰਜਾਬ) ਮੌਜੂਦ ਸਨ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ‘ਪਾਰਟੀ ਜੇ ਸੱਤਾ ਵਿਚ ਆਈ ਤਾਂ ਹਿਮਾਚਲ ‘ਚੋਂ ਵੀ ਭ੍ਰਿਸ਼ਟਾਚਾਰ ਖ਼ਤਮ ਕਰ ਦੇਵੇਗੀ।’ ਕੇਜਰੀਵਾਲ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘ਤੁਸੀਂ 30 ਸਾਲ ਕਾਂਗਰਸ ਤੇ 17 ਸਾਲ ਭਾਜਪਾ ਨੂੰ ਦਿੱਤੇ ਹਨ, ਸਾਰਿਆਂ ਨੇ ਹਿਮਾਚਲ ਨੂੰ ਲੁੱਟਿਆ ਹੈ। ਮੈਨੂੰ ਬਸ ਪੰਜ ਸਾਲ ਦਿਓ। ਜੇ ਤੁਸੀਂ ਸੰਤੁਸ਼ਟ ਨਾ ਹੋਏ ਤਾਂ ਤੁਸੀਂ ਸਾਨੂੰ ਵੀ ਬਦਲ ਦੇਣਾ।’ ਕੇਜਰੀਵਾਲ ਨੇ ਕਿਹਾ ਕਿ ਪਹਿਲਾਂ ‘ਆਪ’ ਨੇ ਦਿੱਲੀ ਤੇ ਹੁਣ ਪੰਜਾਬ ਵਿਚੋਂ ਵੀ ਭ੍ਰਿਸ਼ਟਾਚਾਰ ਖ਼ਤਮ ਕੀਤਾ ਹੈ। ਉਨ੍ਹਾਂ ਨਾਲ ਹੀ ਕਿਹਾ, ‘ਅਸੀਂ ਆਮ ਲੋਕ ਹਾਂ, ਸਾਨੂੰ ਰਾਜਨੀਤੀ ਨਹੀਂ ਆਉਂਦੀ। ਬਲਕਿ ਅਸੀਂ ਜਾਣਦੇ ਹਾਂ ਕਿ ਲੋਕਾਂ ਲਈ ਕੰਮ ਕਿਵੇਂ ਕਰਨਾ ਹੈ, ਸਕੂਲ ਕਿਵੇਂ ਬਣਾਉਣੇ ਹਨ ਤੇ ਭ੍ਰਿਸ਼ਟਚਾਰ ਕਿਵੇਂ ਮਿਟਾਉਣਾ ਹੈ। ਪੰਜਾਬ ਵਿਚ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਦੇ 20 ਦਿਨਾਂ ਦੇ ਅੰਦਰ ਹੀ ਅਸੀਂ ਭ੍ਰਿਸ਼ਟਾਚਾਰ ਖ਼ਤਮ ਕਰ ਦਿੱਤਾ ਹੈ। ਹੁਣ ਹਿਮਾਚਲ ਪ੍ਰਦੇਸ਼ ਵਿਚ ਵੀ ਕ੍ਰਾਂਤੀ ਹੋਣੀ ਚਾਹੀਦੀ ਹੈ।’ ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ‘ਤੇ ਜ਼ਿਆਦਾਤਰ ਕਾਂਗਰਸ ਹੀ ਕਾਬਜ਼ ਰਹੀ ਹੈ। ਇੱਥੇ ਪਹਿਲੀ ਗੈਰ-ਕਾਂਗਰਸ ਸਰਕਾਰ 1977 ਵਿਚ ਸ਼ਾਂਤਾ ਕੁਮਾਰ ਦੀ ਅਗਵਾਈ ਵਿਚ ਬਣੀ ਸੀ ਜਦ ਜਨਤਾ ਪਾਰਟੀ ਸੱਤਾ ‘ਚ ਆਈ ਸੀ।
ਭਾਜਪਾ ਤੇ ਕਾਂਗਰਸ ਨੇ ਵੰਸ਼ਵਾਦ ਦੀ ਸਿਆਸਤ ਨੂੰ ਅੱਗੇ ਵਧਾਇਆ: ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਰੋਪ ਲਾਇਆ ਕਿ ਭਾਜਪਾ ਤੇ ਕਾਂਗਰਸ ਨੇ ਵੰਸ਼ਵਾਦ ਦੀ ਸਿਆਸਤ ਨੂੰ ਹੀ ਅੱਗੇ ਵਧਾਇਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਸਿਆਸਤ ਵਿਚ ਆਮ ਲੋਕਾਂ ਨੂੰ ਅੱਗੇ ਲਿਆਉਂਦੀ ਹੈ ਤੇ ਲੋਕਾਂ ਦਾ ਵਿਕਾਸ ਯਕੀਨੀ ਬਣਾਉਂਦੀ ਹੈ। ਮਾਨ ਨੇ ਲੋਕਾਂ ਦੇ ਇਕੱਠ ਵਿਚ ਕਿਹਾ, ‘ਅਜਿਹਾ ਜਾਪ ਰਿਹਾ ਹੈ ਜਿਵੇਂ ਮੈਂ ਸੰਗਰੂਰ ਵਿਚ ਹੋਵਾਂ, ਮੰਡੀ ਵਿਚ ਨਹੀਂ।’

RELATED ARTICLES
POPULAR POSTS