Breaking News
Home / ਮੁੱਖ ਲੇਖ / ਕਿਸਾਨ ਅੰਦੋਲਨ ਬਣ ਗਿਆ ਜਨ ਅੰਦੋਲਨ

ਕਿਸਾਨ ਅੰਦੋਲਨ ਬਣ ਗਿਆ ਜਨ ਅੰਦੋਲਨ

ਹਰਚੰਦ ਸਿੰਘ ਬਾਸੀ
ਜਦ ਤੋਂ ਮੋਦੀ ਸਰਕਾਰ ਨੇ ਕਿਸਾਨਾਂ ਲਈ ਮਾਰੂ ਕਾਨੂੰਨ ਬਣਾਏ ਉਦੋਂ ਤੋਂ ਸਤੰਬਰ 2020 ਤੋਂ ਹੀ ਕਿਸਾਨਾਂ ਨੇ ਇਨ੍ਹਾਂ ਮਾਰੂ ਕਾਨੂੰਨਾਂ ਬਾਰੇ ਵਿਸ਼ਾਲ ਧਰਨੇ ਮੁਜ਼ਾਹਰੇ ਕਰਕੇ ਆਪਣਾ ਜ਼ੋਰਦਾਰ ਵਿਰੋਧ ਪਰਗਟ ਕਰਨਾ ਸ਼ੁਰੂ ਕੀਤਾ। ਪਹਿਲਾਂ ਇਹ ਅੰਦੋਲਨ ਪੰਜਾਬ ਵਿੱਚ ਲੱਗਪੱਗ ਤਿੰਨ ਮਹੀਨੇ ਜ਼ੋਰਦਾਰ ਚੱਲਦਾ ਰਿਹਾ। ਕਿਸਾਨਾਂ ਨੇ ਰੇਲਾਂ ਰੋਕ ਕੇ ਆਪਣੀ ਅਵਾਜ਼ ਉਠਾਈ। ਇਹਨਾਂ ਧਰਨੇ ਮੁਜਾਹਰਿਆਂ ਵਿੱਚ ਆਦਮੀ ਔਰਤਾਂ ਅਤੇ ਬੱਚਿਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਕਿਸਾਨਾਂ ਨੇ ਇਹਨਾਂ ਮਾਰੂ ਕਾਨੂੰਨਾਂ ਨੂੰ ਆਪਣੀ ਅਤੇ ਆਉਣ ਵਾਲੀਆਂ ਆਪਣੀਆਂ ਪੀੜ੍ਹੀਆਂ ਦੀ ਹੋਂਦ ਨੂੰ ਸਹੀ ਅਰਥਾਂ ਵਿੱਚ ਵੱਡਾ ਗੰਭੀਰ ਖਤਰਾ ਸਮਝਿਆ। ਸਰਕਾਰ ਨੇ ਇਸ ਮਸਲੇ ਨੂੰ ਸੁਲਝਾਉਣ ਦੀ ਥਾਂ ਅੰਦੋਲਨ ਦੇ ਖਿਲਾਫ ਇਕ ਪਾਸੜ ਦੁਸ਼ਟ ਪਰਚਾਰ ਕੀਤਾ। ਕਿਸਾਨਾਂ ਨੇ ਕੇਂਦਰ ਸਰਕਾਰ ਦੇ ਕੰਨਾਂ ਤੱਕ ਅਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਕੀ ਮਜਾਲ ਕਿ ਅੰਨੀ ਬੋਲੀ ਹੈਂਕੜਬਾਜ ਸਰਕਾਰ ਦੇ ਕੰਨਾਂ ‘ਤੇ ਜੂੰ ਸਰਕੀ ਹੋਵੇ। ਆਪਣੇ ਮਿੱਤਰਾਂ ਅੰਡਾਨੀ ਅੰਬਾਨੀ ਕੋਲ ਦੇਸ਼ ਨੂੰ ਵੇਚਣ ਲਈ ਜਿਵੇਂ ਤਹੱਈਆ ਹੀ ਕੀਤਾ ਹੈ। ਸਾਰਾ ਦੇਸ਼ ਗੁਜਰਾਤੀ ਸਰਮਾਏਦਾਰ ਭਾਈਆਂ ਕੋਲ ਵੇਚਣ ਦਾ ਅਹਿਦ ਲਿਆ ਹੈ। ਹਰ ਗੱਲ ਹਉਮੇ ਹੰਕਾਰ ਨਾਲ ਦੇਸ਼ ਦੇ ਲੋਕਾਂ ‘ਤੇ ਥੋਪੀ ਜਾ ਰਹੀ ਹੈ। ਨੋਟਬੰਦੀ ਕੀਤੀ ਸੀ ਤਾਂ ਪ੍ਰਧਾਨ ਮੰਤਰੀ ਕਹਿੰਦਾ ਸੀ ਜੇ ਇਸ ਵਿਚ ਮੇਰੀ ਗਲਤੀ ਲੱਗੀ ਤਾਂ ਮੈਨੂੰ ਜੋ ਮਰਜ਼ੀ ਸਜ਼ਾ ਦਿਉ। ਨੋਟਬੰਦੀ ਨੇ ਦੇਸ਼ ਦੀ ਆਰਥਿਕਤਾ ਬੁਰੀ ਤਰ੍ਹਾਂ ਤਬਾਹ ਕਰ ਦਿੱਤੀ । ਨੋਟ ਬਦਲਾਉਣ ਲਈ ਸੈਂਕੜੇ ਆਮ ਲੋਕਾਂ ਨੇ ਕਤਾਰਾਂ ਵਿਚ ਲੱਗਿਆਂ ਨੇ ਜਾਨਾਂ ਗਵਾ ਲਈਆਂ। ਦੇਸ਼ ਦੇ ਲੋਕ ਹੁਣ ਤੱਕ ਉਸ ਦੀ ਮਾਰ ਝੱਲ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਤੇ ਵੀ ਜਨਤਾ ਅੱਗੇ ਆਪਣੇ ਆਪ ਨੂੰ ਸਜ਼ਾ ਲਈ ਪੇਸ਼ ਨਹੀਂ ਕੀਤਾ। ਲੋਕਾਂ ਦੇ ਸਜ਼ਾ ਦੇਣ ਤੋਂ ਪਹਿਲਾਂ ਜੇ ਨੈਤਿਕਤਾ ਹੁੰਦੀ ਤਾਂ ਆਪਣੀ ਗਲਤੀ ਕਾਰਨ ਅਸਤੀਫਾ ਦੇ ਦਿੱਤਾ ਹੁੰਦਾ ਅਤੇ ਦੇਸ਼ ਦੇ ਲੋਕਾਂ ਤੋਂ ਮੁਆਫੀ ਮੰਗ ਲੈਂਦਾ। ਇਹ ਹੁੰਦੀ ਪ੍ਰਧਾਨ ਮੰਤਰੀ ਦੀ ਜਬਾਨ ਦੀ ਸਚਾਈ। ਪਰ ਝੂਠ ‘ਤੇ ਝੂਠ ਬੋਲਣਾ ਸਰਕਾਰ ਦਾ ਕਿਰਦਾਰ ਰਿਹਾ ਹੈ। ਆਪ ਸਜ਼ਾ ਤਾਂ ਕੀ ਲੈਣੀ ਸੀ ਸਗੋਂ ਜਨਤਾ ਨੂੰ ਸਜ਼ਾ ਦੇ ਕੇ ਕੰਗਾਲ ਕਰ ਦਿੱਤਾ। ਜੋ ਕੁੱਝ ਕਸਰ ਰਹਿ ਗਈ ਸੀ ਤਾਂ ਜੀ ਐਸ ਟੀ ਲਗਾ ਕੇ ਦੇਸ਼ ਦੀ ਆਰਥਿਕਤਾ ਨੂੰ ਮੂਧੇ ਮੂੰਹ ਸੁੱਟ ਦਿੱਤਾ। ਦੇਸ਼ ਦੇ ਬੁੱਧੀਜੀਵੀਆਂ ਅਰਥ ਸਾਸ਼ਤਰੀਆਂ ਨੇ ਇਨ੍ਹਾਂ ਗੰਭੀਰ ਮਸਲਿਆਂ ‘ਤੇ ਆਪਣਾ ਵਿਰੋਧ ਨੋਟ ਕਰਵਾਇਆ। ਉਹਨਾਂ ਦੀਆਂ ਨੇਕ ਸਲਾਹਾਂ ‘ਤੇ ਗੌਰ ਕਰਨ ਦੀ ਬਜਾਏ ਉਹਨਾਂ ‘ਤੇ ਮੁਕੱਦਮੇ ਦਰਜ ਕਰਾਏ। ਦੇਸ਼ ਦੀ ਆਮ ਜਨਤਾ ਨੇ ਇਹਨਾਂ ਮਸਲਿਆਂ ਦੀ ਗੰਭੀਰਤਾ ਨੂੰ ਨਾ ਸਮਝਦਿਆਂ ਹੋਇਆਂ ਚੁੱਪ ਵੱਟੀ ਰੱਖੀ। ਪਹਿਲੀਆਂ ਰਾਜ ਭਾਗ ਭੋਗਦੀਆਂ ਸਰਕਾਰਾਂ ਚਾਹੇ ਕੇਂਦਰ ਦੀ ਕਾਂਗਰਸ ਸਰਕਾਰ ਹੋਵੇ ਜਾਂ ਰਾਜਾਂ ਦੀਆਂ ਸਰਕਾਰਾਂ ਹੋਣ ਉਹ ਆਪਣੇ ਭ੍ਰਿਸ਼ਟਾਚਾਰੀ ਕਿਰਦਾਰ ਵਿਚ ਲਿਪਤ ਹੋਣ ਕਾਰਨ ਆਪਣੇ ਚਿੱਠੇ ਖੁੱਲ੍ਹਣ ਡਰੋਂ ਸਰਕਾਰ ਦੇ ਤਸ਼ੱਦਦ ਤੋਂ ਡਰਦੇ ਅੰਦਰੀਂ ਵੜ ਗਏ। ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਵਿਚ ਸ਼ਾਮਲ ਅਕਾਲੀ ਦਲ ਨੇ ਤਾਂ ਇਸ ਕਾਨੂੰਨ ਦੇ ਸਹੀ ਹੋਣ ਦੇ ਬੜੇ ਸੋਹਲੇ ਗਾਏ। ਵੱਡੇ ਬਾਦਲ ਸਹਿਬ ਨੇ ਤਾਂ ਇਹਨਾਂ ਕਾਨੂਨਾਂ ਨੂੰ ਕਿਸਾਨਾਂ ਲਈ ਕੀਮਤੀ ਤੋਹਫਾ ਕਹਿ ਦਿੱਤਾ। ਅੰਦਰੇ ਅੰਦਰ ਕਾਂਗਰਸੀ ਸਰਕਾਰਾਂ ਨੇ ਵੀ ਚੁੱਪ ਵੱਟੀ ਰੱਖੀ। ਜਦ ਕਿਸਾਨਾਂ ਦਾ ਰੋਹ ਆਪ ਮੁਹਾਰੇ ਵਧ ਗਿਆ ਅਤੇ ਅੰਦੋਲਨ ਦੇ ਰਾਹ ਪਏ ਤਾਂ ਸਿਆਸੀ ਲੋਕ ਡੱਡੂਆਂ ਤਰ੍ਹਾਂ ਗੜੈਂ ਗੜੈਂ ਕਰਨ ਲੱਗੇ। ਪਰ ਕਿਸਾਨਾਂ ਨੇ ਇਹਨਾਂ ਨੂੰ ਆਪਣੇ ਅੰਦੋਲਨ ਦੀ ਸਟੇਜ ਤੋਂ ਪਰ੍ਹੇ ਹੀ ਰੱਖਿਆ। ਕਿਸਾਨਾਂ ਦਾ ਇਹ ਫੈਸਲਾ ਸਲਾਹੁਣ ਯੋਗ ਰਿਹਾ। ਜੇ ਇਹਨਾਂ ਨੂੰ ਕਮੇਟੀ ਵਿਚ ਪਾ ਲੈਂਦੇ ਹੁਣ ਤੱਕ ਅੰਦੋਲਨ ਦਾ ਭੋਗ ਪਿਆ ਹੁੰਦਾ।
ਕੌਣ ਜਨਤਾ ਦੀ ਸਾਰ ਲਏ। ਜਿਸ ਦਾ ਨਤੀਜਾ ਇਹ ਹੋਇਆ ਕਿ ਮੋਦੀ ਸਰਕਾਰ ਨੇ ਆਪਣਾ ਡੰਗ ਹੋਰ ਤਿੱਖਾ ਕਰ ਲਿਆ। ਇੱਕ ਕਰਕੇ ਦੇਸ਼ ਦੀ ਪੂੰਜੀ ਰੇਲਵੇ, ਹਵਾਈ ਅੱਡੇ, ਤੇਲ ਕੰਪਨੀ, ਰੱਖਿਆ ਸਮਾਨ ਬਣਾਉਣ ਵਾਲਾ ਅਦਾਰਾ ਐਚ ਏ ਐਲ, ਸੜਕਾਂ, ਬੀਮਾ ਕੰਪਨੀਆਂ, ਦੂਰ ਸੰਚਾਰ ਵਿਭਾਗ ਬੀ ਐਸ ਐਨ ਐਲ, ਗੱਲ ਕੀ ਦੇਸ ਦਾ ਹਰ ਅਦਾਰਾ ਅੰਡਾਨੀ ਅੰਬਾਨੀ ਕੋਲ ਵੇਚ ਦਿੱਤਾ। ਬੈਂਕਾਂ ਤੋਂ ਧੜਾ-ਧੜ ਉਹਨਾਂ ਦੇ ਕਰਜ਼ ਮੁਆਫ ਕਰ ਦਿੱਤੇ। ਲਗਾਤਾਰ ਦੇਸ਼ ਦੀ ਨਿਲਾਮੀ ਕਰਦਿਆਂ ਹੋਇਆ ਜੋ ਇੱਕ ਖੇਤੀ ਸੈਕਟਰ ਬਚਿਆ ਸੀ ਉਸ ਤੇ ਵੀ ਕੁਹਾੜਾ ਚਲਾ ਦਿਤਾ। ਧੱਕੇ ਨਾਲ ਅੰਡਾਨੀ-ਅੰਬਾਨੀ ਕੋਲ ਕਿਸਾਨਾਂ ਦੀ ਰੋਟੀ, ਖੇਤੀ ਸੈਕਟਰ ਖੋਹਣ ਲਈ ਤਿੰਨ ਮਾਰੂ ਕਾਨੂੰਨ ਬਣਾ ਕੇ ਵੇਚ ਦੇਣ ਦੇ ਮਨਸੂਬਿਆਂ ਨੂੰ ਅਮਲੀ ਰੂਪ ਦੇ ਦਿੱਤਾ। ਅੰਡਾਨੀ-ਅੰਬਾਨੀ ਦੀ ਪੰਜਾਬ ਦੀ ਉਪਜਾਊ ਜ਼ਮੀਨ ‘ਤੇ ਜੋ ਅੱਖ ਰੱਖੀ ਸੀ ਉਹ ਹਥਿਆ ਲਈ।
ਇਹਨਾਂ ਕਾਨੂੰਨਾਂ ਨਾਲ ਹੌਲੀ-ਹੌਲੀ ਕਿਸਾਨ ਨੂੰ ਜ਼ਮੀਨ ਤੋਂ ਬਾਹਰ ਕਰਨ ਦੇਣਾ ਸੀ। ਅੰਡਾਨੀ ਅੰਬਾਨੀ ਨੂੰ ਸੈਂਕੜੇ ਏਕੜ ਅਨਾਜ ਸਟੋਰ ਕਰਨ ਵਾਸਤੇ ਗੁਦਾਮ ਬਣਾਉਣ ਲਈ ਦੇ ਦਿੱਤੇ। ਉਹਨਾਂ ਨੂੰ ਮਨ ਮਰਜ਼ੀ ਦੇ ਭੰਡਾਰ ਕਰਨ ‘ਤੇ ਕੋਈ ਪਾਬੰਦੀ ਨਹੀਂ। ਮੰਡੀਆਂ ਦਾ ਖਾਤਮਾ ਕਰਕੇ ਸਸਤੇ ਭਾਅ ‘ਤੇ ਅਨਾਜ ਖਰੀਦ ਕੇ ਫਿਰ ਮਨ ਮਰਜ਼ੀ ਦੇ ਭਾਅ ਨਾਲ ਵੇਚੇਗਾ। ਇਸ ਨਾਲ ਆਮ ਆਦਮੀ ਵਾਸਤੇ ਆਟਾ ਦਾਲ ਲੈਣੀ ਬੇਹੱਦ ਮਹਿੰਗੀ ਹੋਵੇਗੀ। ਜਦ ਅਤਿ ਹੋ ਗਈ ਪੰਜਾਬ ਦੇ ਅਣਖੀਲੇ ਕਿਸਾਨਾਂ ਦਾ ਰੋਹ ਜਾਗ ਪਿਆ। ਕਿਸਾਨ ਆਗੂਆਂ ਹੋਕਾ ਦਿੱਤਾ ਕਿਸਾਨੋ ਤੁਹਾਡੇ ਘਰ ਚੋਰ ਡਾਕੂ ਆ ਗਏ। ਆਉ ਰਲ ਕੇ ਇਹਨਾਂ ਨੂੰ ਰੋਕੀਏ। ਕਿਸਾਨਾਂ ਨੇ ਉਹਨਾਂ ਦੀ ਗੱਲ ਦਾ ਇਤਬਾਰ ਕੀਤਾ ਅਤੇ ਘਰਾਂ ਵਿਚੋਂ ਵਾਹੋ ਦਾਹੀ ਇਕੱਠੇ ਹੋਣ ਲੱਗੇ। ਆਗੂਆਂ ਦੇ ਹੁਕਮ ‘ਤੇ ਹਰ ਐਕਸ਼ਨ ਲਈ ਪਹਿਰਾ ਦੇਣ ਲੱਗੇ।
ਡਾਕਟਰ ਜਗਤਾਰ ਦਾ ਇੱਕ ਸ਼ਿਅਰ ਹੈ
”ਕਿੰਨੀ ਕੁ ਦੇਰ ਆਖਰ ਇਹ ਧਰਤ ਨ੍ਹੇਰ ਜਰਦੀ ਕਿੰਨਾ ਕੁ ਚਿਰ ਖੂਨ ਖਾਮੋਸ਼ ਰਹਿੰਦਾ ਮੇਰਾ।
ਨਚਦੇ ਨੇ ਲੋਕ ਜਿਉਂ ਜਿਉ ਪਾ ਪਾ ਕੇ ਬੇੜੀਆਂ ਨੂੰ ਉਡ ਰਿਹਾ ਤਿਉਂ ਤਿਉਂ ਚੇਹਰੇ ਦਾ ਰੰਗ ਤੇਰਾ।”
ਜਦ ਪੰਜਾਬ ਵਿਚ ਰੋਸ ਦੀ ਗੱਲ ਨਹੀਂ ਸੁਣੀ ਤਾਂ ਖੇਤੀ ਕਾਨੂੰਨਾਂ ਖਿਲ਼ਾਫ ਪੰਜਾਬ ਤੋਂ ਉਠਿਆ ਵਿਦਰੋਹ ਦਿੱਲੀ ਦੀਆਂ ਬਰੂਹਾਂ ਤੱਕ ਪਹੁੰਚ ਗਿਆ ਹੈ। ਹੁਣ ਇਹ ਵਿਦਰੋਹ ਪੰਜਾਬ ਦਾ ਨਹੀਂ ਪੂਰੇ ਭਾਰਤ ਦੇ ਕਿਸਾਨਾਂ ਦਾ ਵਿਦਰੋਹ ਬਣ ਗਿਆ ਹੈ। ਪਹਿਲਾਂ ਜੋ ਭਾਰਤ ਦੇ ਹੋਰ ਪ੍ਰਾਂਤਾਂ ਦੇ ਕਿਸਾਨ ਸਰਕਾਰ ਦੀਆਂ ਜ਼ਿਆਦਤੀਆਂ ਨੂੰ ਚੁੱਪ ਚਾਪ ਸਹਿ ਰਹੇ ਸਨ। ਆਪੋ ਆਪਣੇ ਸੂਬਿਆਂ ਦੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਕੰਗਾਲ ਹੋ ਰਹੇ ਸਨ। ਬੋਲਦੇ ਸਨ ਤਾਂ ਡਾਂਗਾਂ ਮਾਰ ਕੇ ਅੰਦਰ ਵਾੜ ਦਿੰਦੇ ਸਨ। ਹੁਣ ਇਸ ਵਿਦਰੋਹ ਨੇ ਕਿਸਾਨ ਜਾਗਰੂਕ ਕਰ ਦਿੱਤੇ। ਹਰ ਪ੍ਰਾਂਤ ਦੇ ਕਿਸਾਨਾਂ ਦਾ ਖੂਨ ਵੀ ਸੁਲਘਣ ਲੱਗਾ। ਉਹਨਾਂ ਦੇ ਪਿੰਡਿਆਂ ‘ਤੇ ਸਰਕਾਰਾਂ ਵੱਲੋਂ ਪਾਈਆਂ ਲਾਸ਼ਾਂ ਅਤੇ ਜ਼ਖਮਾਂ ਵਿਚਲਾ ਦਰਦ ਟਸ-ਟਸ ਕਰਨ ਲੱਗ ਪਿਆ। ਜ਼ਮੀਰ ਨੂੰ ਹਲੂਣਾ ਦੇਣ ਲੱਗਾ ਕਿ ਐਨਾ ਚਿਰ ਆਪਣੀ ਵੋਟਾਂ ਰਾਹੀਂ ਚੁਣੀਆਂ ਸਰਕਾਰਾਂ ਤੋਂ ਲੁਟੇ ਜਾ ਰਹੇ ਹਾਂ ਕੁਟੇ ਜਾ ਰਹੇ ਹਾਂ। ਅੱਜ ਦੂਰ ਦਰਾਜ ਦੇ ਹਰ ਪ੍ਰਾਂਤ ਤੋਂ ਆਪਣੀਆਂ ਵਾਜਬ ਮੰਗਾਂ ਲਈ ਕਿਸਾਨਾਂ ਨੇ ਵਿਦਰੋਹ ਕਰਕੇ ਅਪਣਾ ਰੋਸ ਜ਼ਾਹਰ ਕਰਨ ਲਈ ਦਿੱਲੀ ਵਲ ਕੂਚ ਕੀਤਾ ਹੈ। ਇਸ ਵਿੱਚ ਉਹਨਾਂ ਕਿਸੇ ਕਿਸਮ ਦੀ ਹਿੰਸਾ ਨਹੀਂ ਕੀਤੀ। ਆਗੂਆਂ ਦੇ ਹੁਕਮ ਅਨੁਸਾਰ 26 ਦਸੰਬਰ ਤੋਂ ਬੜਾ ਹੀ ਅਨੁਸਾਸ਼ਤ ਸ਼ਾਂਤਮਈ ਖੇਤੀ ਸਬੰਧੀ ਮਾਰੂ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦਿੱਲੀ ਦੇ ਬਾਰਡਰਾਂ ‘ਤੇ ਡੇਰੇ ਲਾਏ ਹੋਏ ਹਨ। ਸ਼ਾਇਦ ਹੀ ਇਤਿਹਾਸ ਵਿਚ ਕਿਸਾਨਾਂ ਵੱਲੋਂ ਐਡਾ ਵੱਡਾ ਅੰਦੋਲਨ ਕੀਤਾ ਗਿਆ ਹੋਵੇ। ਸਰਕਾਰ ਨੇ ਟਾਲ ਮਟੋਲ ਦੀ ਨੀਤੀ ਅਪਣਾ ਰੱਖੀ ਹੈ। ਸਰਕਾਰ ਮੰਨਦੀ ਵੀ ਹੈ ਕਿ ਇਹ ਕਾਨੂੰਨ ਨੁਕਸਦਾਰ ਹਨ, ਫਿਰ ਵੀ ਰੱਦ ਕਰਨ ਨੂੰ ਹੇਠੀ ਸਮਝਦੀ ਹੈ। ਸਰਕਾਰ ਦੇ ਮੂੰਹ ਕੋਹੜ ਕਿਰਲੀ ਵਾਲੀ ਗੱਲ ਹੈ। ਸਰਕਾਰ ਨੇ ਜੋ ਪਿਛਲੇ ਸਮੇਂ ਵਿਚ ਆਪਣਾ ਹਉਮੇ ਭਰਿਆ ਨਕਾਰਾਤਮਕ ਵਤੀਰਾ ਧਾਰਨ ਕੀਤਾ ਹੋਇਆ ਹੈ, ਉਸ ਨੂੰ ਛੱਡਣਾ ਨਹੀਂ ਚਾਹੁੰਦੀ। ਇਸ ਅੰਦੋਲਨ ਨਾਲ ਪਹਿਲਾਂ ਹੀ ਉਸ ਦੀ ਸਾਖ਼ ਨੂੰ ਦੇਸ਼ ਵਿਦੇਸ਼ ਵਿਚ ਗਹਿਰਾ ਧੱਕਾ ਲੱਗਾ ਹੈ ਅਤੇ ਕਾਨੂੰਨ ਵਾਪਸ ਲੈਣ ਨਾਲ ਆਪਣੀ ਹੇਠੀ ਸਮਝਦੀ ਹੈ। ਇਕ ਦੋ ਲੋਕਾਂ ਦੀ ਇਸ ਫੋਕੀ ਹਉਮੇ ਨਾਲ ਕਿਸਾਨਾਂ ਦੇ ਕਰੋੜਾਂ ਆਦਮੀ, ਔਰਤਾਂ, ਬੱਚਿਆਂ ਦੇ ਮਾਨ ਸਨਮਾਨ ਅਤੇ ਆਉਣ ਵਾਲੀਆਂ ਪੀੜੀਆ ਤੱਕ ਨੂੰ ਗਹਿਰੀ ਚੋਟ ਲੱਗਦੀ ਹੈ। ਪ੍ਰਧਾਨ ਮੰਤਰੀ ਅਤੇ ਉਸ ਦੇ ਸਲਾਹਕਾਰ ਕੋਈ ਅੰਬਰੋਂ ਨਹੀਂ ਉਤਰੇ। ਉਹ ਲੋਕਾਂ ਵਿਚੋਂ ਹੀ ਹਨ। ਨੁਕਸਾਨ ਹੋਣ ਤੋਂ ਪਹਿਲਾਂ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਦੇਸ਼ ਨੂੰ ਕਿਸੇ ਵੱਡੇ ਨੁਕਸਾਨ ਤੋਂ ਬਚਾ ਲੈਣ ਵਿੱਚ ਸਿਆਣਪ ਹੋਏਗੀ। ਇਹ ਅੰਦੋਲਨ ਸਿਰਫ ਕਿਸਾਨਾਂ ਦਾ ਹੀ ਨਹੀਂ ਰਹਿ ਗਿਆ ਸਗੋਂ ਸਰਕਾਰ ਦੇ ਮਾੜੇ ਦਾਬੇ ਵਾਲੇ, ਭ੍ਰਿਸ਼ਟਾਚਾਰੀ, ਇਕ ਪਾਸੜ ਫਿਰਕੂ ਨਫਰਤ ਫੈਲਾਉਣਾ, ਲੋਕ ਹੱਕਾਂ ਤੇ ਡਾਕੇ ਮਾਰਨ, ਸਰਕਾਰੀ ਕਰਮਚਾਰੀਆਂ ਪ੍ਰਤੀ ਰਵਈਏ, ਮਜ਼ਦੂਰਾਂ ਖਿਲਾਫ ਬਣਾਏ ਕਾਨੂੰਨਾਂ ਕਾਰਨ ਲੋਕਾਂ ਅੰਦਰ ਸੁਲਘ ਰਿਹਾ ਗੁੱਸਾ ਬਾਹਰ ਆ ਰਿਹਾ ਹੈ ਜਿਸ ਕਾਰਨ ਇਹ ਜਨ ਅੰਦੋਲਨ ਬਣਦਾ ਜਾ ਰਿਹਾ ਹੈ। ਕਿਸਾਨਾਂ ਲਈ ਇਹ ਹੋਂਦ ਦਾ ਸੁਆਲ ਹੈ। ਉਹ ਆਪਣੇ ਹੋਦ ਨੂੰ ਖਤਮ ਨਹੀਂ ਹੋਣ ਦੇਣਗੇ। ਜਿੰਨਾ ਚਿਰ ਕਾਨੂੰਨ ਰੱਦ ਨਹੀਂ ਹੁੰਦੇ ਉਹ ਪਿੱਛੇ ਨਹੀਂ ਮੁੜਨਗੇ। ਕਿਸਾਨਾਂ ਦਾ ਇਹ ਸੌ ਪ੍ਰਤੀਸ਼ਤ ਵਾਜਬ ਅੰਦੋਲਨ ਹੈ। ਕਿਸਾਨਾਂ ਦੇ ਘਰਾਂ ਅੰਦਰ ਤੱਕ ਦਾ ਜ਼ਮੀਨ ਅਤੇ ਅਨਾਜ ਖੋਹਣ ਵਾਲਾ ਕਾਨੂੰਨ ਹੈ। ਸਰਕਾਰ ਦਾ ਸੌ ਪ੍ਰਤੀਸ਼ਤ ਕੂੜ ਪਰਚਾਰ ਹੈ। ਸਰਕਾਰ ਹਠ ਧਰਮੀ ਛੱਡ ਕੇ ਖੁਲ ਦਿਲੀ ਦਾ ਸਬੂਤ ਦੇਵੇ ਜਿਸ ਨਾਲ ਦੇਸ਼ ਦਾ ਮਹੌਲ ਠੀਕ ਬਣਿਆ ਰਹੇ। ਆਪਣੇ ਅੰਦਰ ਰਾਜ ਧਰਮ ਵਾਲੀ ਬਿਰਤੀ ਨੂੰ ਜਨਮ ਦੇਵੇ। ਚਿੰਤਨ ਕਰੇ। ਆਪਣੇ ਰਾਜ ਕਰਨ ਦੇ ਤੌਰ ਤਰੀਕਿਆਂ ਨੂੰ ਬਦਲ ਕੇ ਲੋਕਾਂ ਵਿੱਚ ਪਿਆਰ ਮੁਹੱਬਤ, ਸੱਭ ਦੀ ਤਰੱਕੀ ਖੁਸ਼ਹਾਲੀ ਕੰਮ ਕਰਕੇ ਲੋਕਾਂ ਦਾ ਮਨ ਜਿੱਤੇ। ਸਾਸ਼ਕ ਵੱਡਾ ਨਹੀਂ ਹੁੰਦਾ ਲੋਕ ਵੱਡੇ ਹਨ। ਪੂਰਨ ਆਸ ਕਰਦੇ ਹਾਂ ਕਿ ਨਵੇਂ ਸਾਲ ਵਿੱਚ ਕਿਸਾਨ ਜਿੱਤ ਪਰਾਪਤ ਕੇ ਘਰ ਪਰਤਣਗੇ। ਜਿਨ੍ਹਾਂ ਇਸ ਅੰਦੋਲਨ ਵਿੱਚ ਜਾਨਾਂ ਦਿੱਤੀਆਂ ਉਹਨਾਂ ਦੀ ਕੁਰਬਾਨੀ ਵਿਅੱਰਥ ਨਹੀਂ ਜਾਏਗੀ।
ਜੈ ਕਿਸਾਨ ਜੈ ਕਿਸਾਨ ਅੰਦੋਲਨ।

Check Also

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਫਲਸਫੇ ਦੀ ਪ੍ਰਸੰਗਿਕਤਾ

ਤਲਵਿੰਦਰ ਸਿੰਘ ਬੁੱਟਰ ਸੰਸਾਰ ਇਤਿਹਾਸ ਵਿਚ ਆਪਣੇ ਅਕੀਦੇ ਅਤੇ ਵਿਸ਼ਵਾਸਾਂ ਦੀ ਸਲਾਮਤੀ ਲਈ ਕੁਰਬਾਨ ਹੋਏ …