Breaking News
Home / ਮੁੱਖ ਲੇਖ / ਪੰਜਾਬ ਨੂੰ ਅਜੋਕੀ ਸਥਿਤੀ ਵਿਚੋਂ ਕਿਵੇਂ ਉਭਾਰਿਆ ਜਾਵੇ?

ਪੰਜਾਬ ਨੂੰ ਅਜੋਕੀ ਸਥਿਤੀ ਵਿਚੋਂ ਕਿਵੇਂ ਉਭਾਰਿਆ ਜਾਵੇ?

ਸਤਨਾਮ ਸਿੰਘ ਮਾਣਕ
ਅਜੋਕੇ ਪੰਜਾਬ ਵਿਚ ਵਾਪਰਦੇ ਬਹੁਤ ਸਾਰੇ ਵਰਤਾਰਿਆਂ ਨੂੰ ਜੇਕਰ ਗੰਭੀਰਤਾ ਨਾਲ ਦੇਖਦੇ ਹਾਂ ਤਾਂ ਬੇਹੱਦ ਚਿੰਤਾ ਪੈਦਾ ਹੁੰਦੀ ਹੈ। ਕਿਸੇ ਵੀ ਸਮਾਜ ਦੀ ਮੁੱਖ ਚਾਲਕ ਸ਼ਕਤੀ ਉਸ ਦੇ ਨੌਜਵਾਨ ਹੀ ਹੁੰਦੇ ਹਨ। ਜੇਕਰ ਪੰਜਾਬ ਦੇ ਨੌਜਵਾਨਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਵਿਚ ਇਸ ਸਮੇਂ ਕਈ ਤਰ੍ਹਾਂ ਦੀਆਂ ਅਨੈਤਿਕ ਅਲਾਮਤਾਂ ਉੱਭਰ ਆਈਆਂ ਹਨ। ਨੌਜਵਾਨਾਂ ਦਾ ਇਕ ਵਰਗ ਅਜਿਹਾ ਵੀ ਹੈ ਜਿਨ੍ਹਾਂ ਦੇ ਮਾਪੇ ਔਖੇ-ਸੌਖੇ ਹੋ ਕੇ ਉਨ੍ਹਾਂ ਨੂੰ ਚੰਗੇ ਸਕੂਲਾਂ ਵਿਚ ਸਿੱਖਿਆ ਦਿਵਾਉਣ ਵਿਚ ਕਾਮਯਾਬ ਹੋ ਰਹੇ ਹਨ ਪਰ ਇਨ੍ਹਾਂ ਨੂੰ ਵੀ ਆਪਣੇ ਇਸ ਦੇਸ਼ ਅਤੇ ਖਾਸ ਕਰਕੇ ਆਪਣੇ ਇਸ ਰਾਜ ਵਿਚ 10+2 ਤੋਂ ਬਾਅਦ ਆਪਣਾ ਕੋਈ ਭਵਿੱਖ ਨਜ਼ਰ ਨਹੀਂ ਆਉਂਦਾ। ਇਸ ਕਰਕੇ ਉਹ ਆਇਲੈਟਸ ਕਰਕੇ ਵਿਦੇਸ਼ਾਂ ਨੂੰ ਉਡਾਰੀਆਂ ਮਾਰੀ ਜਾ ਰਹੇ ਹਨ। ਸਾਲ ਵਿਚ ਲਗਭਗ ਡੇਢ ਤੋਂ ਦੋ ਲੱਖ ਤੱਕ ਨੌਜਵਾਨ ਵਿਦਿਆਰਥੀ ਵਿਦੇਸ਼ਾਂ ਨੂੰ ਹਿਜਰਤ ਕਰ ਰਹੇ ਹਨ। ਇਸ ਕਾਰਨ ਆਉਣ ਵਾਲੇ ਸਮੇਂ ਵਿਚ ਪੰਜਾਬ ਨੂੰ ਅਨੇਕਾਂ ਪਹਿਲੂਆਂ ਤੋਂ ਨੁਕਸਾਨ ਉਠਾਉਣੇ ਪੈਣਗੇ।
ਨੌਜਵਾਨਾਂ ਤੋਂ ਬਾਅਦ ਜੇਕਰ ਕਿਸਾਨਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਹਾਲਤ ਵੀ ਬੇਹੱਦ ਮਾੜੀ ਨਜ਼ਰ ਆ ਰਹੀ ਹੈ। ਪਿਛਲੇ ਕਈ ਦਹਾਕਿਆਂ ਤੋਂ ਕਿਸਾਨੀ ਤੇ ਖੇਤੀ ਸੰਕਟ ਦਾ ਸ਼ਿਕਾਰ ਹਨ। ਲੋੜ ਤਾਂ ਇਸ ਗੱਲ ਦੀ ਸੀ ਕਿ 70ਵਿਆਂ ਵਿਚ ਜਦੋਂ ਹਰੀ ਕ੍ਰਾਂਤੀ ਆਪਣੀ ਸਿਖ਼ਰ ‘ਤੇ ਪਹੁੰਚ ਗਈ ਸੀ ਤਾਂ ਰਾਜ ਵਿਚ ਵੱਡੀ ਪੱਧਰ ‘ਤੇ ਖੇਤੀ ਆਧਾਰਿਤ ਸਨਅਤਾਂ ਲਾਈਆਂ ਜਾਂਦੀਆਂ ਅਤੇ ਇਸ ਤਰ੍ਹਾਂ ਰਾਜ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੁੰਦੇ ਅਤੇ ਖੇਤੀ ਵਿਚ ਵਿਭਿੰਨਤਾ ਬਣੀ ਰਹਿੰਦੀ ਅਤੇ ਇਹ ਚਿਰਹੰਢਣੀ ਵੀ ਹੁੰਦੀ।
ਖੇਤੀ ਫਲ, ਸਬਜ਼ੀਆਂ ਤੇ ਅਨਾਜ ਖੇਤੀ ਜੋ ਕੁਝ ਵੀ ਪੈਦਾ ਕਰਦੀ ਸਨਅਤਾਂ ਉਸ ਦੀ ਪ੍ਰੋਸੈਸਿੰਗ ਕਰਕੇ ਖ਼ੁਰਾਕੀ ਵਸਤਾਂ ਬਣਾ ਸਕਦੀਆਂ ਸਨ ਅਤੇ ਉਨ੍ਹਾਂ ਵਸਤਾਂ ਨੂੰ ਦੇਸ਼-ਵਿਦੇਸ਼ ਵਿਚ ਵੱਡੀ ਮਾਰਕੀਟ ਮਿਲ ਸਕਦੀ ਸੀ। ਪਰ ਸਮੇਂ ਦੀਆਂ ਕੇਂਦਰੀ ਸਰਕਾਰਾਂ ਅਤੇ ਰਾਜ ਸਰਕਾਰਾਂ ਨੇ ਹਰੀ ਕ੍ਰਾਂਤੀ ਤੋਂ ਬਾਅਦ ਰਾਜ ਵਿਚ ਸਨਅਤਾਂ ਨੂੰ ਹੁਲਾਰਾ ਦੇਣ ਲਈ ਕੋਈ ਪ੍ਰਭਾਵੀ ਯੋਜਨਾਵਾਂ ਤਿਆਰ ਨਹੀਂ ਕੀਤੀਆਂ, ਜਿਸ ਕਾਰਨ ਕਿਸਾਨਾਂ ਲਈ ਆਪਣੀਆਂ ਫ਼ਸਲਾਂ ਦੇ ਮੰਡੀਕਰਨ ਦੀਆਂ ਮੁਸ਼ਕਲਾਂ ਪੈਦਾ ਹੋਈਆਂ। ਫਲ, ਸਬਜ਼ੀਆਂ, ਦਾਲਾਂ, ਤੇਲ ਬੀਜ ਆਦਿ ਦਾ ਉਤਪਾਦਨ ਕਿਸਾਨ ਇਸ ਕਰਕੇ ਘੱਟ ਕਰਦੇ ਰਹੇ, ਕਿਉਂਕਿ ਇਨ੍ਹਾਂ ਦੇ ਮੰਡੀਕਰਨ ਦੀਆਂ ਸੰਭਾਵਨਾਵਾਂ ਬਹੁਤ ਘੱਟ ਸਨ। ਕਣਕ ਅਤੇ ਝੋਨੇ ਦੀ ਕਿਉਂਕਿ ਸਰਕਾਰੀ ਖ਼ਰੀਦ ਹੁੰਦੀ ਸੀ ਇਸ ਕਰਕੇ ਬਹੁਤੇ ਕਿਸਾਨ ਇਹ ਦੋ ਫ਼ਸਲਾਂ ਹੀ ਬੀਜਦੇ ਰਹੇ। ਦਹਾਕਿਆਂ ਤੱਕ ਇਨ੍ਹਾਂ ਦੋ ਫ਼ਸਲਾਂ ਦੀ ਹੀ ਕਾਸ਼ਤ ਹੁੰਦੀ ਰਹਿਣ ਕਰਕੇ ਪੰਜਾਬ ਦੀ ਧਰਤੀ ਦੀ ਉਪਜਾਊ ਸ਼ਕਤੀ ਵੀ ਘਟੀ ਅਤੇ ਇਸ ਦੇ ਨਾਲ ਹੀ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦਾ ਗੰਭੀਰ ਸੰਕਟ ਵੀ ਪੈਦਾ ਹੋਇਆ। ਜਿਸ ਕਾਰਨ ਹੁਣ ਖ਼ਤਰੇ ਦੀਆਂ ਘੰਟੀਆਂ ਵੱਜ ਰਹੀਆਂ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਰਾਜ ਵਿਚ ਧਰਤੀ ਹੇਠਲਾ ਪਾਣੀ ਸਿਰਫ਼ 15-20 ਸਾਲਾਂ ਤੱਕ ਹੀ ਚੱਲ ਸਕੇਗਾ, ਇਸ ਤੋਂ ਬਾਅਦ ਖੇਤੀ, ਸਨਅਤਾਂ ਅਤੇ ਹੋਰ ਵਪਾਰਕ ਲੋੜਾਂ ਪੂਰੀਆਂ ਕਰਨੀਆਂ ਤਾਂ ਇਕ ਪਾਸੇ ਰਹੀਆਂ ਲੋਕਾਂ ਨੂੰ ਪੀਣ ਲਈ ਪਾਣੀ ਦੇ ਲਾਲ਼ੇ ਵੀ ਪੈ ਸਕਦੇ ਹਨ।
ਰਾਜ ਦੇ ਜੇਕਰ ਧਾਰਮਿਕ ਅਤੇ ਸੱਭਿਆਚਾਰਕ ਵਰਤਾਰਿਆਂ ਨੂੰ ਦੇਖੀਏ ਤਾਂ ਉਹ ਵੀ ਘੱਟ ਚਿੰਤਾਜਨਕ ਨਹੀਂ ਹਨ। ਧਰਮਾਂ ਦੇ ਨਾਂਅ ‘ਤੇ ਵੱਖ-ਵੱਖ ਡੇਰੇ ਬਣ ਗਏ ਹਨ, ਜੋ ਲੋਕਾਂ ਦਾ ਆਰਥਿਕ, ਮਾਨਸਿਕ ਅਤੇ ਸਰੀਰਕ ਸੋਸ਼ਣ ਕਰਦੇ ਹਨ। ਗ਼ਰੀਬੀ ਅਤੇ ਬੇਰੁਜ਼ਗਾਰੀ ਕਾਰਨ ਲੋਕਾਂ ਦਾ ਇਕ ਵੱਡਾ ਵਰਗ ਮਾਨਸਿਕ ਤੌਰ ‘ਤੇ ਦਬਾਅ ਵਿਚ ਹੈ। ਅਜਿਹੇ ਵਰਗ ਨੂੰ ਵੱਖ-ਵੱਖ ਧਰਮਾਂ ‘ਤੇ ਆਧਾਰਿਤ ਡੇਰੇ ਆਪਣੇ ਵੱਲ ਖਿੱਚਣ ਵਿਚ ਕਾਮਯਾਬ ਹੋ ਜਾਂਦੇ ਹਨ ਜਾਂ ਅਜਿਹੇ ਕਿਸਮਤ ਮਾਰੇ ਲੋਕ ਖ਼ੁਦ ਹੀ ਡੇਰਿਆਂ ਦਾ ਰੁਖ਼ ਕਰਦੇ ਹਨ। ਗੰਭੀਰ ਬਿਮਾਰੀਆਂ ਦਾ ਗ਼ਰੀਬ ਲੋਕ ਮਹਿੰਗੇ ਹਸਪਤਾਲਾਂ ਵਿਚ ਇਲਾਜ ਨਹੀਂ ਕਰਵਾ ਸਕਦੇ, ਦੂਜੇ ਪਾਸੇ ਸਰਕਾਰੀ ਹਸਪਤਾਲਾਂ ਵਿਚ ਪਹਿਲਾਂ ਹੀ ਇਲਾਜ ਦੀਆਂ ਬਿਹਤਰ ਸਹੂਲਤਾਂ ਮੌਜੂਦ ਨਹੀਂ ਹਨ। ਅਜਿਹੀ ਸਥਿਤੀ ਵਿਚ ਵੱਖ-ਵੱਖ ਡੇਰਿਆਂ ਦੇ ਸੰਚਾਲਕ ਉਨ੍ਹਾਂ ਨੂੰ ਕਰਾਮਾਤਾਂ ਰਾਹੀਂ ਛੂਹ ਕੇ ਜਾਂ ਉਨ੍ਹਾਂ ਲਈ ਵਿਸ਼ੇਸ਼ ਪ੍ਰਾਰਥਨਾਵਾਂ ਕਰਕੇ ਉਨ੍ਹਾਂ ਨੂੰ ਸਿਹਤਯਾਬ ਕਰਨ ਦੇ ਸਬਜ਼ਬਾਗ਼ ਦਿਖਾਉਂਦੇ ਹਨ। ਥੋੜ੍ਹੀਆਂ-ਬਹੁਤੀਆਂ ਮਾਨਸਿਕ ਬਿਮਾਰੀਆਂ ਤਾਂ ਸ਼ਾਇਦ ਇਸ ਤਰ੍ਹਾਂ ਠੀਕ ਹੋ ਸਕਦੀਆਂ ਹੋਣ ਪਰ ਗੰਭੀਰ ਬਿਮਾਰੀਆਂ ਦੇ ਇਲਾਜ ਇਸ ਤਰ੍ਹਾਂ ਦੇ ਉਪਚਾਰਾਂ ਨਾਲ ਬਿਲਕੁਲ ਹੀ ਸੰਭਵ ਨਹੀਂ ਹਨ। ਅਜਿਹੇ ਡੇਰੇਦਾਰਾਂ ਤੋਂ ਗੁੰਮਰਾਹ ਹੋ ਕੇ ਵੀ ਬਹੁਤ ਸਾਰੇ ਲੋਕ ਆਪਣੀਆਂ ਗੰਭੀਰ ਬਿਮਾਰੀਆਂ ਦੇ ਇਲਾਜ ਨਹੀਂ ਕਰਵਾਉਂਦੇ, ਸਗੋਂ ਡੇਰਿਆਂ ਦੀ ਪਰਿਕਰਮਾ ਕਰਕੇ ਡੇਰੇਦਾਰਾਂ ਹੱਥੋਂ ਹੀ ਆਪਣੀ ਲੁੱਟ-ਖਸੁੱਟ ਕਰਵਾਉਂਦੇ ਰਹਿੰਦੇ ਹਨ। ਅਜਿਹੇ ਵੱਖ-ਵੱਖ ਡੇਰੇ ਬਹੁਤ ਸਾਰੇ ਲੋਕਾਂ ਨੂੰ ਇਹ ਵੀ ਆਖਦੇ ਹਨ ਕਿ ਉਨ੍ਹਾਂ ‘ਤੇ ਈਸ਼ਵਰ ਦੀ ਕਿਰਪਾ ਤਾਂ ਹੀ ਹੋਵੇਗੀ ਜੇਕਰ ਉਹ ਆਪਣਾ ਧਰਮ ਬਦਲ ਲੈਣ। ਲੋਕਾਂ ਨੂੰ ਸਿਹਤਯਾਬ ਹੋਣ ਦੇ ਸੁਪਨੇ ਦਿਖਾ ਕੇ ਰਾਜ ਵਿਚ ਅੱਜਕਲ੍ਹ ਵੱਡੀ ਪੱਧਰ ‘ਤੇ ਲੋਕਾਂ ਦੇ ਧਰਮ ਬਦਲੇ ਜਾ ਰਹੇ ਹਨ। ਸਿਰਫ਼ ਬਿਮਾਰੀਆਂ ਦੇ ਇਲਾਜ ਦੇ ਬਹਾਨੇ ਹੀ ਨਹੀਂ ਸਗੋਂ ਵਿਦੇਸ਼ ਜਾਣ ਲਈ ਵੀਜ਼ੇ ਲਵਾਉਣ, ਨੌਕਰੀਆਂ ਦਿਵਾਉਣ ਅਤੇ ਘਰਾਂ ਦੀਆਂ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਹੱਲ ਕਰਵਾਉਣ ਦੇ ਨਾਂਅ ‘ਤੇ ਵੀ ਲੋਕਾਂ ਨੂੰ ਧਰਮ ਬਦਲਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਪੰਜਾਬ ਦੀਆਂ ਅਜੋਕੀਆਂ ਆਰਥਿਕ, ਧਾਰਮਿਕ, ਸਮਾਜਿਕ ਅਤੇ ਸੱਭਿਆਚਾਰਕ ਸਥਿਤੀਆਂ ਮੰਗ ਕਰਦੀਆਂ ਹਨ ਕਿ ਰਾਜ ਨੂੰ ਯੋਗ ਰਾਜਨੀਤਕ ਅਗਵਾਈ ਮਿਲੇ। ਕੇਂਦਰ ਅਤੇ ਰਾਜ ਸਰਕਾਰ ਮਿਲ ਕੇ ਰਾਜ ਦੀ ਆਰਥਿਕਤਾ ਨੂੰ ਮਜ਼ਬੂਤ ਬਣਾਉਣ ਲਈ ਪ੍ਰਭਾਵੀ ਕਾਰਜ ਯੋਜਨਾ ਤਿਆਰ ਕਰਨ। ਖ਼ਾਸ ਕਰਕੇ ਫੌਰੀ ਤੌਰ ‘ਤੇ ਰਾਜ ਵਿਚ ਖੇਤੀ ਆਧਾਰਿਤ ਅਤੇ ਹੋਰ ਸਨਅਤਾਂ ਲਗਾਈਆਂ ਜਾਣੀਆਂ ਚਾਹੀਦੀਆਂ ਹਨ ਅਤੇ ਅਜਿਹੀਆਂ ਸਨਅਤਾਂ ਨੂੰ ਪਹਾੜੀ ਰਾਜਾਂ ਦੀ ਤਰ੍ਹਾਂ ਹੀ ਘੱਟੋ-ਘੱਟ 30-40 ਸਾਲ ਲਈ ਵੱਖ-ਵੱਖ ਤਰ੍ਹਾਂ ਦੇ ਟੈਕਸਾਂ ਤੋਂ ਛੋਟਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਇਸ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਪ੍ਰਾਂਤ ਵਿਚ ਆਪਣਾ ਭਵਿੱਖ ਨਜ਼ਰ ਆਵੇਗਾ ਅਤੇ ਉਹ 10+2 ਤੋਂ ਬਾਅਦ ਵਿਦੇਸ਼ਾਂ ਨੂੰ ਉਡਾਰੀਆਂ ਮਾਰਨ ਦੀ ਥਾਂ ਇਥੇ ਰਹਿ ਕੇ ਆਪਣਾ ਭਵਿੱਖ ਬਣਾਉਣ ਲਈ ਪ੍ਰੇਰਿਤ ਹੋਣਗੇ।
ਇਸ ਦੇ ਨਾਲ ਹੀ ਇਹ ਬੇਹੱਦ ਜ਼ਰੂਰੀ ਹੈ ਕਿ ਰਾਜ ਵਿਚ ਬਿਹਤਰ ਸਿਹਤ ਅਤੇ ਸਿੱਖਿਆ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਵੇ। ਇਨ੍ਹਾਂ ਖੇਤਰਾਂ ਵਿਚ ਬੁਨਿਆਦੀ ਢਾਂਚੇ ਵਿਚ ਸੁਧਾਰ ਕਰਕੇ ਅਤੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿਚ ਲੋੜੀਂਦਾ ਅਮਲਾ ਭਰਤੀ ਕਰਕੇ ਅਤੇ ਇਸੇ ਹੀ ਤਰ੍ਹਾਂ ਹਸਪਤਾਲਾਂ ਵਿਚ ਡਾਕਟਰ, ਨਰਸਾਂ ਅਤੇ ਹੋਰ ਸਟਾਫ਼ ਦੀ ਭਰਤੀ ਕਰਕੇ ਹੀ ਇਨ੍ਹਾਂ ਦੋਵਾਂ ਖੇਤਰਾਂ ਵਿਚ ਸੁਧਾਰ ਕੀਤੇ ਜਾ ਸਕਦੇ ਹਨ।
ਗੱਲਾਂਬਾਤਾਂ ਨਾਲ ਜਾਂ ਪ੍ਰਚਾਰ ਕਰਕੇ ਪਿਛਲੇ ਲੰਮੇ ਸਮੇਂ ਤੋਂ ਨਜ਼ਰਅੰਦਾਜ਼ ਰਹੇ ਇਨ੍ਹਾਂ ਖੇਤਰਾਂ ਵਿਚ ਸੁਧਾਰ ਨਹੀਂ ਹੋ ਸਕਦੇ। ਜੇਕਰ ਨੌਜਵਾਨਾਂ ਨੂੰ ਚੰਗੀ ਅਤੇ ਵਿਗਿਆਨਕ ਦ੍ਰਿਸ਼ਟੀ ਤੋਂ ਬਿਹਤਰ ਸਿੱਖਿਆ ਮਿਲੇਗੀ ਤਾਂ ਵੱਖ-ਵੱਖ ਡੇਰਿਆਂ ਦੇ ਸੰਚਾਲਕ ਉਨ੍ਹਾਂ ਨੂੰ ਅੰਧ-ਵਿਸ਼ਵਾਸ ਦੇ ਹਨ੍ਹੇਰਿਆਂ ਵਿਚ ਧੱਕਣ ਵਿਚ ਕਾਮਯਾਬ ਨਹੀਂ ਹੋ ਸਕਣਗੇ। ਜੇਕਰ ਇਸੇ ਤਰ੍ਹਾਂ ਲੋਕਾਂ ਨੂੰ ਮਾਨਸਿਕ ਅਤੇ ਹੋਰ ਗੰਭੀਰ ਬਿਮਾਰੀਆਂ ਦੇ ਸਸਤੇ ਅਤੇ ਮਿਆਰੀ ਇਲਾਜ ਸਰਕਾਰੀ ਹਸਪਤਾਲਾਂ ਤੋਂ ਮਿਲ ਸਕਣਗੇ ਤਾਂ ਉਹ ਵੀ ਕਰਾਮਾਤਾਂ ਵਾਲੇ ਢੰਗਾਂ-ਤਰੀਕਿਆਂ ਨਾਲ ਇਲਾਜ ਕਰਵਾਉਣ ਲਈ ਡੇਰਿਆਂ ਦਾ ਰੁਖ਼ ਨਹੀਂ ਕਰਨਗੇ।
ਰਾਜਨੀਤਕ ਅਤੇ ਪ੍ਰਸ਼ਾਸਨਿਕ ਪੱਧਰ ‘ਤੇ ਉਪਰੋਕਤ ਕਦਮ ਉਠਾਉਣ ਦੇ ਨਾਲ-ਨਾਲ ਵੱਖ-ਵੱਖ ਧਰਮਾਂ ਦੇ ਸੁਹਿਰਦ ਲੋਕਾਂ ਤੇ ਸੁਹਿਰਦ ਸੰਗਠਨਾਂ ਨੂੰ ਵੀ ਧਰਮਾਂ ਦੇ ਨਾਂਅ ‘ਤੇ ਫੈਲਾਏ ਜਾ ਰਹੇ ਪਾਖੰਡਾਂ ਅਤੇ ਅੰਧ-ਵਿਸ਼ਵਾਸਾਂ ਦਾ ਵਿਰੋਧ ਕਰਨ ਲਈ ਖ਼ੁਦ ਵੀ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਨੂੰ ਅਜਿਹੇ ਡੇਰਿਆਂ ਅਤੇ ਡੇਰੇਦਾਰਾਂ ਦਾ ਵਿਰੋਧ ਕਰਨਾ ਚਾਹੀਦਾ ਹੈ ਜਿਹੜੇ ਧਰਮਾਂ ਦੇ ਨਾਂਅ ‘ਤੇ ਅੰਧ-ਵਿਸ਼ਵਾਸ ਫੈਲਾਅ ਕੇ ਲੋਕਾਂ ਦਾ ਸ਼ੋਸ਼ਣ ਕਰਦੇ ਹਨ ਅਤੇ ਉਨ੍ਹਾਂ ਨੂੰ ਧਰਮ-ਪਰਿਵਤਨ ਕਰਨ ਲਈ ਪ੍ਰੇਰਿਤ ਕਰਦੇ ਹਨ। ਵਿਸ਼ੇਸ਼ ਤੌਰ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਪੰਥਕ ਧਾਰਮਿਕ ਸੰਗਠਨਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਹੀ ਸਿੱਖ ਸਿਧਾਂਤਾਂ ਨੂੰ ਲੋਕਾਂ ਵਿਚ ਲੈ ਕੇ ਜਾਣ, ਕਿਉਂਕਿ ਗੁਰੂ ਸਾਹਿਬਾਨ ਨੇ ਸਭ ਤਰ੍ਹਾਂ ਦੇ ਧਾਰਮਿਕ ਪਾਖੰਡਾਂ, ਕਰਾਮਾਤਾਂ ਅਤੇ ਅੰਧ-ਵਿਸ਼ਵਾਸਾਂ ‘ਚੋਂ ਲੋਕਾਂ ਨੂੰ ਬਾਹਰ ਕੱਢਿਆ ਸੀ।
ਉਨ੍ਹਾਂ ਨੂੰ ਕਿਰਤ ਕਰਨ ਤੇ ਵੰਡ ਛਕਣ ਲਈ ਪ੍ਰੇਰਿਤ ਕੀਤਾ ਸੀ। ਇਸ ਦੇ ਨਾਲ ਹੀ ਗੁਰੂ ਸਾਹਿਬਾਨ ਨੇ ਲੋਕਾਂ ਨੂੰ ਹੱਕ, ਸੱਚ ਲਈ ਸੰਘਰਸ਼ ਕਰਨ ਅਤੇ ਜ਼ੁਲਮ ਅਤੇ ਜਬਰ ਦਾ ਵਿਰੋਧ ਕਰਨ ਲਈ ਵੀ ਖ਼ਾਲਸੇ ਦੀ ਸਿਰਜਣਾ ਕਰਕੇ ਤਿਆਰ ਕੀਤਾ ਸੀ। ਗੁਰੂ ਸਾਹਿਬਾਨ ਨੇ ਜਾਤ-ਪਾਤ ਅਤੇ ਸੌੜੀਆਂ ਵਲਗਣਾਂ ਤੋਂ ਉਪਰ ਉਠ ਕੇ ਲੋਕਾਂ ਨੂੰ ਸਰਬੱਤ ਦੇ ਭਲੇ ਦੀ ਵੀ ਸਿੱਖਿਆ ਤੇ ਦੀਖਿਆ ਦਿੱਤੀ ਸੀ। ਇਹੋ ਜਿਹੇ ਸਿਧਾਂਤਾਂ ਅਤੇ ਅਸੂਲਾਂ ਦੀ ਅਜੋਕੇ ਪੰਜਾਬੀ ਸਮਾਜ ਨੂੰ ਅੱਜ ਵੀ ਬੇਹੱਦ ਜ਼ਰੂਰਤ ਹੈ। ਆਖਰ ਵਿਚ ਇਹੀ ਕਹਿ ਸਕਦੇ ਹਾਂ ਕਿ ਜੇਕਰ ਪੰਜਾਬ ਨੂੰ ਅਜੋਕੀਆਂ ਸਥਿਤੀਆਂ ਵਿਚ ਸਹੀ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਅਗਵਾਈ ਨਹੀਂ ਮਿਲਦੀ ਤਾਂ ਇਹ ਹੋਰ ਵੀ ਰਸਾਤਲ ਵੱਲ ਚਲਾ ਜਾਵੇਗਾ। ਪੰਜਾਬ ਦੇ ਸਾਰੇ ਸੰਵੇਦਨਸ਼ੀਲ ਅਤੇ ਸੂਝਵਾਨ ਲੋਕਾਂ ਨੂੰ ਸੋਚਣ ਦੀ ਲੋੜ ਹੈ ਕਿ ਇਸ ਨੂੰ ਅਜੋਕੀਆਂ ਸਥਿਤੀਆਂ ਵਿਚੋਂ ਕਿਵੇਂ ਉਭਾਰਿਆ ਜਾ ਸਕਦਾ ਹੈ ਅਤੇ ਇਸ ਨੂੰ ਮੁੜ ਪਹਿਲਾਂ ਦੀ ਤਰ੍ਹਾਂ ਨੰਬਰ ਇਕ ਸੂਬਾ ਕਿਵੇਂ ਬਣਾਇਆ ਜਾ ਸਕਦਾ ਹੈ?
(‘ਅਜੀਤ’ ਵਿਚੋਂ ਧੰਨਵਾਦ ਸਹਿਤ)

Check Also

ਜੋ ਬੀਜਿਆ ਹੈ, ਉਹੀ ਵੱਢ ਰਿਹਾ ਹੈ ਮਾਨ ‘ਬੱਤੀਆਂ ਵਾਲਾ’

ਡਾ. ਗੁਰਵਿੰਦਰ ਸਿੰਘ ਹੁਣ ਇਹ ਕਹਿਣਾ ਭੋਰਾ-ਭਰ ਵੀ ਗ਼ਲਤ ਨਹੀਂ ਹੋਵੇਗਾ ਕਿ ਕਿਸੇ ਸਮੇਂ ‘ਪੰਜਾਬੀ …