ਅਗਲੇ ਚਾਰ ਹਫ਼ਤਿਆਂ ਲਈ ਪੂਰੇ ਓਨਟਾਰੀਓ ਵਿਚ ਸੰਪੂਰਨ ਲੌਕਡਾਊਨ : ਡਗ ਫੋਰਡ
ਟੋਰਾਂਟੋ/ਪਰਵਾਸੀ ਬਿਊਰੋ : ਦਿਨੋਂ ਦਿਨ ਮੁੜ ਤੋਂ ਕੋਵਿਡ-19 ਦੇ ਵਧਦੇ ਕੇਸਾਂ ਨੂੰ ਦੇਖਦਿਆਂ ਓਨਟਾਰੀਓ ਸਰਕਾਰ ਨੇ ਸਾਰੇ ਸੂਬੇ ਵਿੱਚ ਲੌਕਡਾਊਨ ਦੇ ਹੁਕਮ ਦੇ ਦਿੱਤੇ ਹਨ। ਵੀਰਵਾਰ ਦੁਪਹਿਰ ਨੂੰ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਪ੍ਰੀਮੀਅਰ ਫੋਰਡ ਨੇ ਐਲਾਨ ਕੀਤਾ ਕਿ ਸ਼ੁੱਕਰਵਾਰ ਅੱਧੀ ਰਾਤ ਤੋਂ ਬਾਅਦ 4 ਹਫਤਿਆਂ ਲਈ ਇਹ ਹੁਕਮ ਲਾਗੂ ਰਹਿਣਗੇ।
ਜ਼ਿਕਰਯੋਗ ਹੈ ਕਿ ਟੋਰਾਂਟੋ, ਪੀਲ ਅਤੇ ਹਮਿਲਟਨ ਪਹਿਲਾਂ ਹੀ ਲੌਕਡਾਊਨ ਅਧੀਨ ਸਨ, ਪੰਤੂ ਇੱਥੇ ਪੈਟੀਓ ਅਤੇ ਆਊਟਡੋਰ ਫਿਟਨੈਸ ਕੈਂਦਰਾਂ ਨੂੰ ਦਿੱਤੀ ਗਈ ਢਿੱਲ ਨੂੰ ਵਾਪਸ ਲੈ ਲਿਆ ਗਿਆ ਹੈ। ਜਿਨ੍ਹਾਂ ਸਟੋਰਾਂ ਉੱਤੇ 50 ਫੀਸਦੀ ਅਤੇ 25 ਫੀਸਦੀ ਗ੍ਰਾਹਕਾਂ ਦੀ ਇਜਾਜ਼ਤ ਦਿੱਤੀ ਗਈ ਸੀ, ਉਸ ਨੂੰ ਉਂਝ ਹੀ ਜਾਰੀ ਰੱਖਿਆ ਜਾਏਗਾ। ਪ੍ਰੀਮੀਅਰ ਫੋਰਡ ਨੇ ਦੱਸਿਆ ਕਿ ਪਿਛਲੇ 7 ਦਿਨਾਂ ਦੌਰਾਨ ਲਗਾਤਾਰ 2000 ਤੋਂ ਵੱਧ ਕੇਸ ਆ ਰਹੇ ਹਨ ਅਤੇ ਇਨ੍ਹਾਂ ਵਿੱਚ ਵੇਰੀਐਂਟ ਕੇਸਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਜੇਕਰ ਇਂਝ ਹੀ ਜਾਰੀ ਰਿਹਾ ਤਾਂ ਅਪ੍ਰੈਲ ਦੇ ਅੱਧ ਤੋਂ ਬਾਅਦ ਇਹ ਗਿਣਤੀ 10,000 ਤੋਂ ਵਧ ਸਕਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਇਸ ਨਾਲ ਕਾਰੋਬਾਰਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਲੋਕ ਮਾਨਸਿਕ ਸਮੱਸਿਆਵਾਂ ‘ਚੋਂ ਗੁਜ਼ਰ ਹਰੇ ਹਨ, ਪ੍ਰੰਤੂ ਜਦ ਤੱਕ ਸਾਡੇ ਕੋਲ ਵੱਡੀ ਮਾਤਰਾ ਵਿੱਚ ਵੈਕਸੀਨ ਨਹੀਂ ਪਹੁੰਚ ਜਾਂਦੀ, ਸਾਨੂੰ ਹਰ ਸੰਭਵ ਤਰੀਕੇ ਨਾਲ ਆਪਣਾ ਬਚਾਅ ਕਰਨਾ ਪਏਗਾ। ਓਧਰ ਵਿਆਹਾਂ, ਫਿਊਨਰਲ ਅਤੇ ਹੋਰ ਧਾਰਮਿਕ ਸਮਾਗਮਾਂ ਲਈ ਇਨਡੋਰ ਗਿਣਤੀ 15 ਫੀਸਦੀ ਤੱਕ ਸੀਮਤ ਕਰ ਦਿੱਤੀ ਗਈ ਹੈ। ਜਦਕਿ ਬਾਹਰ ਵਿਅਕਤੀਆਂ ਦੀ ਗਿਣਤੀ 10 ਤੋਂ 5 ਕਰ ਦਿੱਤੀ ਗਈ ਹੈ। ਘਰਾਂ ਅੰਦਰ ਵੀ ਦੂਸਰੇ ਵਿਅਕਤੀਆਂ ਨੂੰ ਜਾਣ ਦੀ ਇਜਾਜ਼ਤ ਨਹੀਂ ਹੋਏਗੀ।
ਓਧਰ ਸਿਖਿਆ ਮੰਤਰੀ ਸਟੀਵਨ ਲੈਚੇ ਨੇ ਐਲਾਨ ਕੀਤਾ ਹੈ ਕਿ ਇਸ ਸਭ ਦੇ ਬਾਵਜੂਦ ਵੀ ਸਕੂਲਾਂ ਨੂੰ ਬੰਦ ਨਹੀਂ ਕੀਤਾ ਜਾਏਗਾ ਅਤੇ ਪਹਿਲਾਂ ਵਾਂਗ ਹੀ ਬੱਚੇ ਕਲਾਸਾਂ ਵਿੱਚ ਪੜ੍ਹਾਈ ਜਾਰੀ ਰੱਖਣਗੇ। 12 ਅਪ੍ਰੈਲ ਨੂੰ ਸ਼ੁਰੂ ਹੋਣ ਵਾਲੀਆਂ ਛੁੱਟੀਆਂ ਵਿੱਚ ਵੀ ਕੋਈ ਤਬਦੀਲੀ ਨਹੀਂ ਹੋਏਗੀ।
ਓਨਟਾਰੀਓ ਵਿੱਚ ਇਸ ਸਮੇਂ ਹਸਪਤਾਲਾਂ ਵਿੱਚ, ਆਈ ਸੀ ਯੂ ਅਤੇ ਵੈਂਟੀਲੇਟਰ ઑਤੇ ਮਰੀਜ਼ਾਂ ਦੀ ਗਿਣਤੀ ਚਿੰਤਾਜਨਕ ਸਥਿਤੀ ਵਿੱਚ ਪਹੂੰਚ ਚੁੱਕੀ ਹੈ, ਜਿਸ ਲਈ ਸਰਕਾਰ ਇਸ ਸਖ਼ਤ ਕਦਮ ਲਈ ਮਜਬੂਰ ਹੈ। ਜਿੱਥੇ ਕੁਝ ਰੀਜ਼ਨਾਂ ਵਿੱਚ ਵੈਕਸੀਨ ਲਈ ਉਮਰ ਦੀ ਹੱਦ 65 ਸਾਲ ਕਰ ਦਿੱਤੀ ਗਈ ਹੈ, ਉਥੇ ਐਸਟਰਾ ਜ਼ਨੈਕਾ ਦੇ ਟੀਕੇ 55 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਸ਼ਨੀਵਾਰ ਤੋਂ ਲਗਾਏ ਜਾਣਗੇ।