ਮਹਿਲਾ ਵਿਧਾਇਕਾਂ ਵਿਚੋਂ ਨਵਜੋਤ ਕੌਰ ਸਿੱਧੂ ਅੱਗੇ, ਕੇਂਦਰੀ ਵਜ਼ੀਰਾਂ ਵਿਚੋਂ ਹਰਸਿਮਰਤ ਕੌਰ ਕੋਲ 6.02 ਕਰੋੜ ਦੇ ਗਹਿਣੇ
ਬਠਿੰਡਾ/ਬਿਊਰੋ ਨਿਊਜ਼ : ਪੰਜਾਬ ਦੇ ਵਜ਼ੀਰਾਂ ਕੋਲ 4.19 ਕਰੋੜ ਦਾ ਸੋਨਾ ਹੈ, ਜਦੋਂਕਿ ਮਹਿਲਾ ਵਿਧਾਇਕਾਂ ਕੋਲ 2.80 ਕਰੋੜ ਦੇ ਗਹਿਣੇ ਹਨ। ਉਧਰ ਕੇਂਦਰੀ ਮਹਿਲਾ ਵਜ਼ੀਰਾਂ ਕੋਲ 8.11 ਕਰੋੜ ਦਾ ਸੋਨਾ ਹੈ, ਜਿਨ੍ਹਾਂ ਵਿੱਚੋਂ 6.02 ਕਰੋੜ ਦੇ ਗਹਿਣੇ ਇਕੱਲੇ ਹਰਸਿਮਰਤ ਕੌਰ ਬਾਦਲ ਕੋਲ ਹਨ। ਕੇਂਦਰ ਸਰਕਾਰ ਦੇ ਨਵੇਂ ਫ਼ੈਸਲੇ ਮਗਰੋਂ ਇਨ੍ਹਾਂ ਵਜ਼ੀਰਾਂ ਅਤੇ ਵਿਧਾਇਕਾਂ ਨੂੰ ਸੋਨੇ ਬਾਰੇ ਹਿਸਾਬ ਦੇਣਾ ਪਵੇਗਾ। ਹਾਲਾਂਕਿ ਇਨ੍ਹਾਂ ਵਜ਼ੀਰਾਂ ਨੇ ਚੋਣ ਲੜਨ ਸਮੇਂ ਸੋਨੇ ਦੇ ਵੇਰਵੇ ਨਸ਼ਰ ਕੀਤੇ ਹਨ ਪਰ ਹੁਣ ਇਨ੍ਹਾਂ ਨੂੰ ਸਬੂਤ ਜੁਟਾਉਣੇ ਪੈ ਸਕਦੇ ਹਨ। ਸਰਕਾਰੀ ਅੰਕੜਿਆਂ ਅਨੁਸਾਰ ਪੰਜਾਬ ਦੇ ਵਜ਼ੀਰ ਤੋਤਾ ਸਿੰਘ ਅਤੇ ਅਜੀਤ ਸਿੰਘ ਕੋਹਾੜ ਕੋਲ ਸੋਨੇ ਦਾ ਕੋਈ ਗਹਿਣਾ ਨਹੀਂ ਹੈ। ਪੰਜਾਬ ਦੇ ਵਜ਼ੀਰਾਂ ਵਿੱਚੋਂ ਸਭ ਤੋਂ ਵੱਧ ਸੋਨਾ ਲੋਕ ਨਿਰਮਾਣ ਮੰਤਰੀ ਜਨਮੇਜਾ ਸਿੰਘ ਸੇਖੋਂ ਕੋਲ ਹੈ, ਜਿਸ ਦੀ ਕੀਮਤ ਕਰੀਬ 1.02 ਕਰੋੜ ਰੁਪਏ ਬਣਦੀ ਹੈ।
ਉਨ੍ਹਾਂ ਕੋਲ ਆਪਣਾ ਸੋਨਾ 22.70 ਲੱਖ ਦਾ ਹੈ ਅਤੇ ਬਾਕੀ ਸੋਨਾ ਪਤਨੀ ਦਾ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲ ਸਿਰਫ਼ 3.42 ਲੱਖ ਰੁਪਏ ਦਾ ਸੋਨਾ ਹੈ, ਜਦੋਂਕਿ ਉਪ ਮੁੱਖ ਮੰਤਰੀ ਕੋਲ 6.02 ਕਰੋੜ ਦਾ ਸੋਨਾ ਹੈ। ਇਸ ਵਿੱਚੋਂ ਖ਼ੁਦ ਦਾ ਸੋਨਾ 7.25 ਲੱਖ ਦਾ ਹੈ ਅਤੇ ਬਾਕੀ ਗਹਿਣੇ ਉਨ੍ਹਾਂ ਦੀ ਪਤਨੀ ਦੇ ਹਨ। ਬਿਕਰਮ ਸਿੰਘ ਮਜੀਠੀਆ ਕੋਲ 50.70 ਲੱਖ ਅਤੇ ਆਦੇਸ਼ਪ੍ਰਤਾਪ ਸਿੰਘ ਕੈਰੋਂ ਕੋਲ 18 ਲੱਖ ਦਾ ਸੋਨਾ ਹੈ। ਸੁਰਜੀਤ ਕੁਮਾਰ ਜਿਆਣੀ ਕੋਲ 51 ਲੱਖ ਦਾ ਸੋਨਾ ਹੈ, ਜਿਸ ਵਿੱਚੋਂ ਡੇਢ ਕਿਲੋ ਸੋਨਾ ਉਨ੍ਹਾਂ ਦੀ ਪਤਨੀ ਦਾ ਹੈ। ਵਜ਼ੀਰ ਚੁੰਨੀ ਲਾਲ ਭਗਤ ਕੋਲ 50 ਹਜ਼ਾਰ, ਸਿਕੰਦਰ ਸਿੰਘ ਮਲੂਕਾ ਕੋਲ 28.75 ਲੱਖ, ਸੁਰਜੀਤ ਰੱਖੜਾ ਕੋਲ 45.50 ਲੱਖ, ਪਰਮਿੰਦਰ ਢੀਂਡਸਾ ਕੋਲ 46.96 ਲੱਖ, ਡਾ. ਦਲਜੀਤ ਚੀਮਾ ਕੋਲ 23.50 ਲੱਖ ਤੇ ਅਨਿਲ ਜੋਸ਼ੀ ਕੋਲ 15 ਲੱਖ ਦਾ ਸੋਨਾ ਹੈ। ਪੰਜਾਬ ਦੀਆਂ ਮਹਿਲਾ ਵਿਧਾਇਕਾਂ ਵਿੱਚੋਂ ਸਭ ਤੋਂ ਵੱਧ ਸੋਨਾ ਡਾ.ਨਵਜੋਤ ਕੌਰ ਸਿੱਧੂ ਕੋਲ ਹੈ, ਜਿਸ ਦੀ ਕੀਮਤ 53 ਲੱਖ ਰੁਪਏ ਬਣਦੀ ਹੈ।
ਦੂਜਾ ਨੰਬਰ ਵਨਿੰਦਰ ਕੌਰ ਲੂਬਾ ਦਾ ਹੈ, ਜਿਨ੍ਹਾਂ ਕੋਲ 50.97 ਲੱਖ ਦਾ ਸੋਨਾ ਹੈ। ਵਿਧਾਇਕ ਹਰਪ੍ਰੀਤ ਕੌਰ ਮੁਖਮੈਲਪੁਰ ਅਤੇ ਕਰਨ ਕੌਰ ਮੁਕਤਸਰ ਕੋਲ 42-42 ਲੱਖ ਦਾ ਸੋਨਾ ਹੈ। ਰਜਿੰਦਰ ਕੌਰ ਭੱਠਲ ਕੋਲ ਸਿਰਫ਼ ਪੰਜ ਲੱਖ ਦੇ ਗਹਿਣੇ ਹਨ, ਜਦੋਂਕਿ ਬੀਬੀ ਜਗੀਰ ਕੌਰ ਕੋਲ 20 ਲੱਖ ਰੁਪਏ ਦਾ ਸੋਨਾ ਹੈ। ਸਭ ਤੋਂ ਘੱਟ ਸੋਨਾ ਰਾਜਵਿੰਦਰ ਕੌਰ ਭਾਗੀਕੇ ਕੋਲ 1.96 ਲੱਖ ਅਤੇ ਸੀਮਾ ਦੇਵੀ ਕੋਲ 1.30 ਲੱਖ ਦਾ ਹੈ।
ਪ੍ਰਧਾਨ ਮੰਤਰੀ ਦਫ਼ਤਰ ਦੇ ਵੇਰਵਿਆਂ ਅਨੁਸਾਰ ਕੇਂਦਰੀ ਮਹਿਲਾ ਵਜ਼ੀਰਾਂ ਵਿੱਚੋਂ ਹਰਸਿਮਰਤ ਕੌਰ ਬਾਦਲ ਅੱਗੇ ਹੈ, ਜਦੋਂਕਿ ਮੇਨਕਾ ਗਾਂਧੀ ਕੋਲ 1.24 ਕਰੋੜ ਦਾ ਸੋਨਾ ਹੈ। ਮੇਨਕਾ ਗਾਂਧੀ ਕੋਲ 3.41 ਕਿਲੋ ਸੋਨਾ ਅਤੇ 85 ਕਿਲੋ ਚਾਂਦੀ ਹੈ। ਸਮ੍ਰਿਤੀ ਇਰਾਨੀ ਕੋਲ 12.36 ਲੱਖ ਦੇ ਗਹਿਣੇ ਹਨ ਅਤੇ ਸੁਸ਼ਮਾ ਸਵਰਾਜ ਕੋਲ 30.48 ਲੱਖ ਦੇ ਗਹਿਣੇ ਹਨ। ਉਮਾ ਭਾਰਤੀ ਕੋਲ 6 ਕਿਲੋ ਸੋਨੇ-ਚਾਂਦੀ ਦੇ ਬਰਤਨ ਅਤੇ ਗਹਿਣੇ ਹਨ, ਜਿਨ੍ਹਾਂ ਦੀ ਕੀਮਤ 35 ਲੱਖ ਰੁਪਏ ਹੈ। ਨਿਰਮਲਾ ਸੀਤਾਰਮਨ ਕੋਲ 7.87 ਲੱਖ ਦੇ ਗਹਿਣੇ ਹਨ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …