Breaking News
Home / ਹਫ਼ਤਾਵਾਰੀ ਫੇਰੀ / ਬਰੈਂਪਟਨ ਵਿਚ ਬਣੇਗਾ ਦੂਸਰਾ ਹਸਪਤਾਲ ਤੇ ਮੈਡੀਕਲ ਕਾਲਜ : ਪ੍ਰਭਮੀਤ ਸਰਕਾਰੀਆ

ਬਰੈਂਪਟਨ ਵਿਚ ਬਣੇਗਾ ਦੂਸਰਾ ਹਸਪਤਾਲ ਤੇ ਮੈਡੀਕਲ ਕਾਲਜ : ਪ੍ਰਭਮੀਤ ਸਰਕਾਰੀਆ

ਬਰੈਂਪਟਨ/ਪਰਵਾਸੀ ਬਿਊਰੋ
ਬੀਤੇ ਵੀਰਵਾਰ ਨੂੰ ਓਨਟਾਰੀਓ ਦੇ ਛੋਟੇ ਕਾਰੋਬਾਰਾਂ ਦੇ ਮੰਤਰੀ ਪ੍ਰਭਮੀਤ ਸਰਕਾਰੀਆ ਨੇ ‘ਪਰਵਾਸੀ ਰੇਡੀਓ’ ਉਤੇ ਬੋਲਦਿਆਂ ਐਲਾਨ ਕੀਤਾ ਕਿ ਬੁੱਧਵਾਰ ਨੂੰ ਓਨਟਾਰੀਓ ਦੇ ਵਿੱਤ ਮੰਤਰੀ ਵੱਲੋਂ ਪੇਸ਼ ਕੀਤੇ ਗਏ ਬਜਟ ਵਿੱਚ ਬਰੈਂਪਟਨ ਲਈ ਇੱਕ ਹੋਰ ਮੁਕੰਮਲ ਹਸਪਤਾਲ ਬਣਾਏ ਜਾਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਨਾਲ ਹੀ ਦੱਸਿਆ ਕਿ ਰਾਇਰਸਨ ਯੂਨੀਵਰਸਿਟੀ ਨਾਲ ਮਿਲ ਕੇ ਬਰੈਂਪਟਨ ਵਿੱਚ ਇੱਕ ਮੈਡੀਕਲ ਕਾਲਜ ਵੀ ਸਥਾਪਤ ਕੀਤਾ ਜਾਏਗਾ। ਉਨ੍ਹਾਂ ਦੱਸਿਆ ਕਿ ਇਹ ਹਸਪਤਾਲ ਪੀਲ ਮੈਮੋਰੀਅਲ ਹਸਪਤਾਲ ਦੀ ਥਾਂ ‘ਤੇ ਹੀ ਉਸਾਰਿਆ ਜਾਏਗਾ, ਜਿੱਥੇ ਅਰਜੈਂਟ ਹੈਲਥ ਕੇਅਰ ਦੀਆਂ ਸੇਵਾਵਾਂ ਪਹਿਲਾਂ ਹੀ ਦਿੱਤੀਆਂ ਜਾ ਰਹੀਆਂ ਹਨ।
ਮੈਡੀਕਲ ਕਾਲਜ ਬਾਰੇ ਉਨ੍ਹਾਂ ਦੱਸਿਆ ਕਿ ਇਸ ਵਿੱਚ ਨਾ ਸਿਰਫ਼ ਵਿਦਿਆਰਥੀਆਂ ਲਈ ਨਵੀਆਂ ਸੀਟਾਂ ਹੀ ਹੋਣਗੀਆਂ, ਬਲਕਿ ਰਿਸਰਚ ਦਾ ਵੀ ਵੱਡੇ ਪੱਧਰ ‘ਤੇ ਕੰਮ ਹੋਏਗਾ।
ਜ਼ਿਕਰਯੋਗ ਹੈ ਕਿ ਬਰੈਂਪਟਨ ਵਾਸੀਆਂ ਦੀ 2006 ਤੋਂ ਇਹ ਮੰਗ ਚਲਦੀ ਆ ਰਹੀ ਹੈ ਕਿ ਬਰੈਂਪਟਨ ਸਿਵਿਕ ਹਸਪਤਾਲ ਵਿੱਚ ਬੈੱਡ ਬਹੁਤ ਘੱਟ ਹਨ ਅਤੇ ਬਰੈਂਪਟਨ ਦੀ ਦਿਨੋਂ-ਦਿਨ ਵਧਦੀ ਆਬਾਦੀ ਨੂੰ ਦੇਖਦਿਆਂ ਇੱਕ ਹੋਰ ਮੁਕੰਮਲ ਹਸਪਤਾਲ ਜਲਦੀ ਤੋਂ ਜਲਦੀ ਉਸਾਰਿਆ ਜਾਏ।
ਹਾਲਾਂਕਿ, ਬਜਟ ਵਿੱਚ ਇਸ ਹਸਪਤਾਲ ਲਈ ਵੱਖਰੇ ਤੌਰ ‘ਤੇ ਫੰਡਿੰਗ ਦਾ ਕੋਈ ਜ਼ਿਕਰ ਨਹੀਂ ਹੈ, ਅਤੇ ਨਾ ਹੀ ਇਸ ਲਈ ਕੋਈ ਸਮੇਂ ਦੀ ਸੀਮਾ ਨਿਰਧਾਰਤ ਕੀਤੀ ਗਈ ਹੈ, ਪ੍ਰੰਤੂ ਮੰਤਰੀ ਸਰਕਾਰੀਆ ਨੇ ਦੱਸਿਆ ਕਿ ਬੜੀ ਜਲਦੀ ਪ੍ਰੀਮੀਅਰ ਫੋਰਡ ਬਰੈਂਪਟਨ ਵਿੱਚ ਆ ਕੇ ਇਸ ਬਾਰੇ ਖ਼ੁਦ ਵਿਸ਼ੇਸ਼ ਐਲਾਨ ਕਰਨਗੇ।
ਓਧਰ ਵੀਰਵਾਰ ਨੂੰ ਬਰੈਂਪਟਨ ਦੇ ਤਿੰਨ ਐਨਡੀਪੀ ਐਮ ਪੀ ਪੀਜ਼ ਦੀ ਹਾਜ਼ਰੀ ਵਿੱਚ ਪੀਲ ਮੈਮੋਰੀਅਲ ਹਸਪਤਾਲ ਦੇ ਪਾਰਕਿੰਗ ਲਾਟ ਵਿੱਚ ਖੜ੍ਹੇ ਹੋ ਕੇ ਐਨ ਡੀ ਪੀ ਲੀਡਰ ਐਂਡਰੀਆ ਹਾਰਵਥ ਨੇ ਐਲਾਨ ਕੀਤਾ ਕਿ ਜਦੋਂ ਤੱਕ ਫੋਰਡ ਸਰਕਾਰ ਇਸ ਹਸਪਤਾਲ ਲਈ ਫੰਡਿਗ ਦਾ ਐਲਾਨ ਨਹੀਂ ਕਰ ਦਿੰਦੀ ਅਤੇ ਸਾਈਟ ‘ਤੇ ਬਕਾਇਦਾ ਕੰਮ ਸ਼ੁਰੂ ਨਹੀਂ ਹੋ ਜਾਂਦਾ, ਉਹ ਸਰਕਾਰ ਦੇ ਇਸ ਐਲਾਨ ਤੇ ਵਿਸ਼ਵਾਸ ਕਰਨ ਨੂੰ ਤਿਆਰ ਨਹੀਂ ਹਨ। ਉਨ੍ਹਾਂ ਨੇ ਬਰੈਂਪਟਨ ਲਈ ਇੱਕ ਤੀਸਰੇ ਮੁਕੰਮਲ ਹਸਪਤਾਲ ਦੀ ਮੰਗ ਵੀ ਕੀਤੀ ਹੈ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …