ਕਿਹਾ : ਇਕਜੁੱਟ ਹੋਣਾ ਸਮੇਂ ਦੀ ਵੱਡੀ ਲੋੜ
ਕੋਲਕਾਤਾ/ਬਿਊਰੋ ਨਿਊਜ਼ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸਾਰੇ ਗੈਰਭਾਜਪਾ ਮੁੱਖ ਮੰਤਰੀਆਂ ਅਤੇ ਵਿਰੋਧੀ ਧਿਰ ਦੇ ਆਗੂਆਂ ਨੂੰ ਇਕ ਚਿੱਠੀ ਲਿਖੀ ਹੈ। ਇਸ ਚਿੱਠੀ ਰਾਹੀਂ ਉਨ੍ਹਾਂ ਭਾਜਪਾ ਖਿਲਾਫ਼ ਲੜਾਈ ਲਈ ਸਾਰਿਆਂ ਨੂੰ ਇਕਜੁੱਟ ਹੋਣ ਲਈ ਕਿਹਾ ਹੈ। ਮਮਤਾ ਬੈਨਰਜੀ ਨੇ ਭਾਜਪਾ ਦੇ ਖਿਲਾਫ਼ ਲੜਾਈ ‘ਤੇ ਚਰਚਾ ਕਰਨ ਦੇ ਲਈ ਇਕ ਮੀਟਿੰਗ ਰੱਖਣ ਦੀ ਵੀ ਸਾਰੇ ਗੈਰ ਭਾਜਪਾ ਦਲਾਂ ਨੂੰ ਅਪੀਲ ਕੀਤੀ ਹੈ। ਉਨ੍ਹਾਂ ਚਿੱਠੀ ‘ਚ ਲਿਖਿਆ ਕਿ ਅੱਤਿਆਚਾਰੀ ਕੇਂਦਰ ਸਰਕਾਰ ਖਿਲਾਫ਼ ਲੜਾਈ ‘ਚ ਸਾਰੀਆਂ ਪ੍ਰਗਤੀਸ਼ੀਲ ਤਾਕਤਾਂ ਦਾ ਇਕਜੁੱਟ ਹੋਣਾ ਸਮੇਂ ਦੀ ਵੱਡੀ ਲੋੜ ਹੈ। ਮਮਤਾ ਬੈਨਰਜੀ ਨੇ ਅੱਗੇ ਕਿਹਾ ਕਿ ਸਾਰੀਆਂ ਵਿਰੋਧੀ ਧਿਰਾਂ ਭਾਜਪਾ ਦਾ ਵਿਰੋਧ ਕਰਨ ਲਈ ਇਕੱਠੀਆਂ ਹੋਣ ਤਾਂ ਜੋ ਦੇਸ਼ ‘ਚ ਨਿਕੰਮੀ ਅਤੇ ਹੰਕਾਰੀ ਸਰਕਾਰ ਨੂੰ ਚਲਦਾ ਕੀਤਾ ਜਾ ਸਕੇ। ਉਨ੍ਹਾਂ ਚਿੱਠੀ ‘ਚ ਲਿਖਿਆ ਕਿ ਕੇਂਦਰ ਸਰਕਾਰ ਈਡੀ, ਸੀਬੀਆਈ ਅਤੇ ਇਨਕਮ ਟੈਕਸ ਵਿਭਾਗ ਵਰਗੀਆਂ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ। ਭਾਜਪਾ ਵੱਲੋਂ ਇਨ੍ਹਾਂ ਏਜੰਸੀਆਂ ਦੀ ਵਰਤੋਂ ਕਰਕੇ ਬਦਲਾਖੋਰੀ ਦੀ ਰਾਜਨੀਤੀ ਕਰ ਰਹੀ ਹੈ ਅਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ।
ਮਮਤਾ ਨੇ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਦੇ ਏਜੰਸੀਆਂ ਦੀ ਦੁਰਵਰਤੋਂ ਕਰਨ ਦੇ ਇਰਾਦਿਆਂ ਨੂੰ ਠੱਲ੍ਹ ਪਾਉਣ। ਉਨ੍ਹਾਂ ਇਹ ਵੀ ਆਰੋਪ ਲਾਇਆ ਕਿ ਭਾਜਪਾ ਨਿਆਂਪਾਲਿਕਾ ਨੂੰ ਵੀ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮਮਤਾ ਦੀ ਇਹ ਅਪੀਲ ਉਸ ਸਮੇਂ ਆਈ ਹੈ ਜਦੋਂ ਉਸ ਦੀ ਪਾਰਟੀ ਬੀਰਮੂਭ ਹੱਤਿਆ ਕਾਂਡ ਕਾਰਨ ਸਿਆਸੀ ਘੁੰਮਣ-ਘੇਰੀ ‘ਚ ਫਸੀ ਹੋਈ ਹੈ।
ਮਮਤਾ ਦੇ ਰਾਜ ‘ਚ ਲੋਕਤੰਤਰ ਦੀ ਹੱਤਿਆ ਹੋ ਰਹੀ ਹੈ: ਭਾਜਪਾ
ਨਵੀਂ ਦਿੱਲੀ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ‘ਤੇ ਬੀਰਭੂਮ ਹੱਤਿਆ ਕਾਂਡ ਲਈ ਵਰ੍ਹਦਿਆਂ ਭਾਜਪਾ ਨੇ ਆਰੋਪ ਲਾਇਆ ਕਿ ਉਸ ਦੇ ਰਾਜ ‘ਚ ਲੋਕਤੰਤਰ ਦੀ ਹੱਤਿਆ ਕੀਤੀ ਜਾ ਰਹੀ ਹੈ। ਭਾਜਪਾ ਮੁਤਾਬਕ ਉਹ ਆਪਣੇ ਗਲਤ ਕਾਰਿਆਂ ਨੂੰ ਛਿਪਾਉਣ ਲਈ ਹੋਰ ਮੁੱਖ ਮੰਤਰੀਆਂ ਨੂੰ ਚਿੱਠੀਆਂ ਲਿਖ ਰਹੀ ਹੈ। ਭਾਜਪਾ ਤਰਜਮਾਨ ਸੰਬਿਤ ਪਾਤਰਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਟੀਐੱਮਸੀ ਵਿਧਾਇਕ ਨਰੇਂਦਰ ਚੱਕਰਵਰਤੀ ਦੇ ਵੀਡੀਓ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਟੀਐੱਮਸੀ ਦਾ ਕਿਰਦਾਰ ਹੈ। ‘ਪਾਰਟੀ ਰੋਜ਼ ਲੋਕਤੰਤਰ ਦੀ ਹੱਤਿਆ ਕਰਕੇ ਸੂਬੇ ‘ਤੇ ਰਾਜ ਕਰ ਰਹੀ ਹੈ।’ ਪਾਤਰਾ ਨੇ ਕਿਹਾ ਕਿ ਉਹ ਨਿਰਾਸ਼ ਹੋ ਚੁੱਕੀ ਹੈ ਕਿਉਂਕਿ ਉਹ ਯੂਪੀ ‘ਚ ਅਖਿਲੇਸ਼ ਯਾਦਵ ਨਾਲ ਮਿਲ ਕੇ ਭਾਜਪਾ ਨੂੰ ਹਰਾ ਨਹੀਂ ਸਕੀ।