ਕਿਹਾ : ਸਾਰੀਆਂ ਰਾਜਨੀਤਿਕ ਪਾਰਟੀਆਂ ਵਧਾਈ ਦੀਆਂ ਹੱਕਦਾਰ

ਨਵੀਂ ਦਿੱਲੀ/ਬਿਊਰੋ ਨਿਊਜ਼ : ਸੰਸਦ ਦੇ ਵਿਸ਼ੇਸ਼ ਸੈਸ਼ਨ ਦੇ ਚੌਥੇ ਦਿਨ ਅੱਜ ਵੀਰਵਾਰ ਨੂੰ ਲੋਕ ਸਭਾ ’ਚ ਮਹਿਲਾ ਰਾਖਵਾਂਕਰਨ ਬਿਲ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਨੇ 5 ਮਿੰਟ ਦਾ ਭਾਸ਼ਣ ਦਿੱਤਾ। ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਭਾਰਤੀ ਸੰਸਦੀ ਯਾਤਰਾ ਦਾ ਇਹ ਇਕ ਸੁਨਹਿਰਾ ਪਲ’ ਹੈ। ਇਸ ਪਲ ਦੀਆਂ ਹੱਕਦਾਰ ਸਾਰੀਆਂ ਰਾਜਨੀਤਿਕ ਪਾਰਟੀ ਅਤੇ ਸਦਨ ਦੇ ਸਾਰੇ ਮੈਂਬਰ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਗੇ ਕਿਹਾ ਕਿ ਇਸ ਪਵਿੱਤਰ ਕਾਰਜ ’ਚ ਤੁਹਾਡਾ ਸਾਰਿਆਂ ਦਾ ਯੋਗਦਾਨ ਹੈ ਅਤੇ ਸਾਰਥਕ ਚਰਚਾ ਲਈ ਵੀ ਮੈਂ ਅੱਜ ਸੱਚੇ ਦਿਲ ਤੋਂ ਸਭ ਦਾ ਧੰਨਵਾਦ ਕਰਦਾ ਹਾਂ। ਉਧਰ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਚੰਦਰਯਾਨ-3 ਦੀ ਕਾਮਯਾਬੀ ਦਾ ਜ਼ਿਕਰ ਕੀਤਾ ਅਤੇ ਚੰਦਰਯਾਨ-3 ਦੀ ਕਾਮਯਾਬੀ ਸਬੰਧੀ ਵੀ ਸਾਰੇ ਸੰਸਦ ਮੈਂਬਰਾਂ ਨੇ ਆਪਣੇ-ਆਪਣੇ ਵਿਚਾਰ ਰੱਖੇ। ਉਧਰ ਰਾਜ ਸਭਾ ’ਚ ਕੇਂਦਰੀ ਮੰਤਰੀ ਅਰਜੁਨ ਸਿੰਘ ਮੇਘਵਾਲ ਨੇ ਮਹਿਲਾ ਰਾਖਵਾਂਕਰਨ ਬਿਲ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਇਹ ਭਾਰਤ ਨੂੰ ਵਿਕਸਿਤ ਬਣਾਉਣ ਵੱਲ ਇਕ ਮਹੱਤਵਪੂਰਨ ਕਦਮ ਹੈ। ਇਹ ਬਿਲ 20 ਸਤੰਬਰ ਨੂੰ ਲੋਕ ਸਭਾ ’ਚ ਪਾਸ ਹੋ ਚੁੱਕਿਆ ਹੈ। ਬਿਲ ਦੇ ਹੱਕ ’ਚ 454 ਵੋਟਾਂ ਪਈਆਂ ਜਦਕਿ ਬਿਲ ਦੇ ਖਿਲਾਫ 2 ਵੋਟਾਂ ਪਈਆਂ। ਪਰਚੀ ਰਾਹੀਂ ਹੋਈ ਵੋਟਿੰਗ ਦੌਰਾਨ ਏਆਈਐਮਆਈਐਮ ਪਾਰਟੀ ਦੇ ਦੋ ਸੰਸਦ ਮੈਂਬਰਾਂ ਅਸਉਦੀਨ ਓਵੈਸੀ ਅਤੇ ਇਮਤਿਆਜ਼ ਜਲੀਲ ਨੇ ਬਿਲ ਦੇ ਵਿਰੋਧ ’ਚ ਵੋਟ ਪਾਈ।