ਮੁੱਖ ਸਕੱਤਰ ਨਾਲ ਕੁੱਟਮਾਰ ਦਾ ਮਾਮਲਾ
ਨਵੀਂ ਦਿੱਲੀ/ : ਦਿੱਲੀ ਪੁਲਿਸ ਵੱਲੋਂ ਦਿੱਲੀ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਮਾਮਲੇ ਦੀ ਚਾਰਜਸ਼ੀਟ ਅਦਾਲਤ ਵਿੱਚ ਦਾਖ਼ਲ ਕਰ ਦਿੱਤੀ ਗਈ ਜਿਸ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ 11 ਵਿਧਾਇਕਾਂ ਦੇ ਨਾਂ ਸ਼ਾਮਲ ਹਨ। ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਵੱਲੋਂ ਫਰਵਰੀ 2018 ਨੂੰ ਕੇਜਰੀਵਾਲ ਦੇ ਸਰਕਾਰੀ ਨਿਵਾਸ ‘ਤੇ ਉਨ੍ਹਾਂ ਨਾਲ ਕਥਿਤ ਬਦਸਲੂਕੀ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕਰਵਾਇਆ ਗਿਆ ਸੀ। ਇਸ 1300 ਸਫ਼ੇ ਦੀ ਚਾਰਜਸ਼ੀਟ ਵਿੱਚ ਜ਼ਿਕਰ ਕੀਤਾ ਗਿਆ ਕਿ ਕੇਜਰੀਵਾਲ, ਸਿਸੋਦੀਆ ਤੇ ਹੋਰ ਵਿਧਾਇਕਾਂ ਨੇ ਮਿਲ ਕੇ ਸਾਜ਼ਿਸ਼ ਰਚੀ ਤੇ ਮੁੱਖ ਸਕੱਤਰ ਨੂੰ ਧਮਕਾਇਆ। ਇਨ੍ਹਾਂ ਆਗੂਆਂ ਖ਼ਿਲਾਫ਼ ਧਾਰਾ 149 ਸਮੇਤ ਹੋਰ ਗੰਭੀਰ ਧਾਰਾਵਾਂ ਚਾਰਜਸ਼ੀਟ ਵਿੱਚ ਲਾਈਆਂ ਗਈਆਂ ਹਨ ਜਿਸ ਵਿੱਚ ਸਾਜ਼ਿਸ਼ ਰਚਣ, ਬੇਇੱਜ਼ਤ ਕਰਨ ਤੇ ਝਗੜੇ ਲਈ ਉਕਸਾਉਣਾ ਆਦਿ ਸ਼ਾਮਲ ਹਨ। ਅਦਾਲਤ ਵੱਲੋਂ ਇਸ ਮਾਮਲੇ ਵਿੱਚ 25 ਅਗਸਤ ਨੂੰ ਸੁਣਵਾਈ ਕੀਤੀ ਜਾਵੇਗੀ। ਦਿੱਲੀ ਪੁਲਿਸ ਨੇ ਮਾਮਲਾ ਦਰਜ ਕਰਕੇ 18 ਮਈ ਨੂੰ 3 ਘੰਟੇ ਤੱਕ ਮੁੱਖ ਮੰਤਰੀ ਤੋਂ ਜਾਂਚ ਕੀਤੀ ਸੀ ਤੇ ਦੋ ਵਿਧਾਇਕਾਂ ਅਮਾਨਤਉੱਲਾ ਖ਼ਾਂ ਤੇ ਪ੍ਰਕਾਸ਼ ਜਰਵਾਲ ਨੂੰ ਜੇਲ੍ਹ ਜਾਣਾ ਪਿਆ ਸੀ। ਅੰਸ਼ੂ ਪ੍ਰਕਾਸ਼ ਨੇ ਦੋਸ਼ ਲਾਇਆ ਸੀ 19 ਫਰਵਰੀ ਨੂੰ ਰਾਤ ਸਮੇਂ ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਉਨ੍ਹਾਂ ‘ਤੇ ਹਮਲਾ ਕੀਤਾ ਗਿਆ ਸੀ। ਇਸ ਘਟਨਾ ਮਗਰੋਂ ਆਈਏਐਸ ਲਾਬੀ ਨੇ ਮੰਤਰੀਆਂ ਦੀਆਂ ਬੈਠਕਾਂ ਦਾ ਅਣਐਲਾਨਿਆ ਬਾਈਕਾਟ ਕਰ ਦਿੱਤਾ ਸੀ। ਨਾਮਜ਼ਦ ਕੀਤੇ ਵਿਧਾਇਕ : ਇਸ ਮਾਮਲੇ ਵਿੱਚ ਅਮਾਨਤਉੱਲ੍ਹਾ ਖ਼ਾਂ, ਪ੍ਰਕਾਸ਼ ਜਰਵਾਲ, ਰਾਜੇਸ਼ ਗੁਪਤਾ, ਮਦਨ ਲਾਲ, ਪ੍ਰਵੀਨ ਕੁਮਾਰ, ਦਿਨੇਸ਼ ਮੋਹਨੀਆ, ਨਿਤਨ ਤਿਆਗੀ, ਰਿਤੂਰਾਜ ਗੋਵਿੰਦ, ਸੰਜੀਵ ਝਾਅ, ਅਜੈ ਦੱਤ, ਰਾਜੇਸ਼ ਰਿਸ਼ੀ ਨਾਮਜ਼ਦ ਕੀਤੇ ਗਏ ਹਨ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …