ਸਵਾਮੀ ਮੌਰਿਆ ਦੇ ਸਮਰਥਨ ’ਚ 3 ਹੋਰ ਭਾਜਪਾ ਵਿਧਾਇਕਾਂ ਦਾ ਅਸਤੀਫਾ
ਲਖਨਊ/ਬਿਊਰੋ ਨਿਊਜ਼
ਯੂਪੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਭਾਜਪਾ ਦੀ ਯੋਗੀ ਅੱਤਿਆਨਾਥ ਸਰਕਾਰ ’ਚ ਮੰਤਰੀ ਸਵਾਮੀ ਪ੍ਰਸਾਦ ਮੌਰਿਆ ਨੇ ਕੈਬਨਿਟ ’ਚੋਂ ਅਸਤੀਫਾ ਦੇ ਦਿੱਤਾ ਹੈ ਅਤੇ ਇਸ ਤੋਂ ਕੁਝ ਹੀ ਦੇਰ ਬਾਅਦ ਉਹ ਸਮਾਜਵਾਦੀ ਪਾਰਟੀ ਵਿਚ ਸ਼ਾਮਲ ਹੋ ਗਏ। ਸਵਾਮੀ ਪ੍ਰਸਾਦ ਮੌਰਿਆ ਦੇ ਸਮਰਥਨ ਵਿਚ ਭਾਜਪਾ ਦੇ ਤਿੰਨ ਹੋਰ ਵਿਧਾਇਕਾਂ ਨੇ ਵੀ ਅਸਤੀਫੇ ਦੇ ਦਿੱਤੇ ਹਨ। ਇਸੇ ਦੌਰਾਨ ਚਰਚਾ ਇਹ ਵੀ ਚੱਲ ਰਹੀ ਹੈ ਕਿ 4 ਹੋਰ ਵਿਧਾਇਕ ਭਾਜਪਾ ਦਾ ਸਾਥ ਛੱਡ ਕੇ ਸਮਾਜਵਾਦੀ ਪਾਰਟੀ ’ਚ ਜਾ ਸਕਦੇ ਹਨ। ਯੂਪੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਲਈ ਇਹ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਇਸੇ ਦੌਰਾਨ ਮੌਰਿਆ ਨੇ ਦਲਿਤਾਂ, ਪੱਛੜੇ ਵਰਗਾਂ, ਕਿਸਾਨਾਂ ਅਤੇ ਬੇਰੁਜ਼ਗਾਰਾਂ ਦੀ ਹੋ ਰਹੀ ਅਣਦੇਖੀ ਨੂੰ ਆਪਣੇ ਅਸਤੀਫੇ ਦਾ ਕਾਰਨ ਦੱਸਿਆ। ਸਵਾਮੀ ਪ੍ਰਸਾਦ ਮੌਰਿਆ ਨੇ ਕਿਹਾ ਕਿ ਭਾਜਪਾ ਦੇ ਦਰਜਨ ਦੇ ਕਰੀਬ ਹੋਰ ਵਿਧਾਇਕ ਅਸਤੀਫੇ ਦੇ ਸਕਦੇ ਹਨ।
ਇਸੇ ਦੌਰਾਨ ਸਮਾਜਵਾਦੀ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸਵਾਮੀ ਪ੍ਰਸਾਦ ਮੌਰਿਆ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ। ਅਖਿਲੇਸ਼ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਸਮਾਜਿਕ ਨਿਆਂ ਦੀ ਲੜਾਈ ਲੜਨ ਵਾਲੇ ਆਗੂ ਸਵਾਮੀ ਪ੍ਰਸਾਦ ਮੌਰਿਆ ਅਤੇ ਉਨ੍ਹਾਂ ਦੇ ਨਾਲ ਆਉਣ ਵਾਲੇ ਹੋਰ ਆਗੂਆਂ ਅਤੇ ਸਮਰਥਕਾਂ ਦਾ ਸਮਾਜਵਾਦੀ ਪਾਰਟੀ ਵਿਚ ਸਵਾਗਤ ਹੈ। ਜ਼ਿਕਰਯੋਗ ਹੈ ਕਿ ਮੌਰਿਆ ਬਸਪਾ ਦੇ ਰਸਤੇ ਭਾਜਪਾ ਵਿਚ ਹੁੰਦੇ ਹੋਏ ਸਮਾਜਵਾਦੀ ਪਾਰਟੀ ਵਿਚ ਪਹੁੰਚੇ ਹਨ।