ਕਾਂਗਰਸੀ ਆਗੂਆਂ ਦਾ ਵਫਦ ਵਿਜੀਲੈਂਸ ਕਮਿਸ਼ਨਰ ਨੂੰ ਮਿਲਿਆ, ਭ੍ਰਿਸ਼ਟਾਚਾਰ ਦਾ ਕੇਸ ਦਰਜ ਕਰਨ ਦੀ ਮੰਗ
ਨਵੀਂ ਦਿੱਲੀ/ਬਿਊਰੋ ਨਿਊਜ਼ : ਸੀਨੀਅਰ ਕਾਂਗਰਸ ਆਗੂਆਂ ਦਾ ਇਕ ਵਫ਼ਦ ਕੇਂਦਰੀ ਵਿਜੀਲੈਂਸ ਕਮਿਸ਼ਨਰ (ਸੀਵੀਸੀ) ਨੂੰ ਮਿਲਿਆ ਤੇ ਮੰਗ ਕੀਤੀ ਕਿ ਰਾਫੇਲ ਲੜਾਕੂ ਜਹਾਜ਼ਾਂ ਦੇ ਸੌਦੇ ਵਿੱਚ ਭ੍ਰਿਸ਼ਟਾਚਾਰ ਸਬੰਧੀ ਕੇਸ ਦਰਜ ਕੀਤਾ ਜਾਵੇ। ਕੁਝ ਦਿਨ ਪਹਿਲਾਂ ਕਾਂਗਰਸ ਦਾ ਇਕ ਵਫ਼ਦ ਮਹਾਂਲੇਖਾਕਾਰ (ਕੈਗ) ਨੂੰ ਮਿਲਿਆ ਸੀ ਤੇ ਉਸ ਨੇ ਮੰਗ ਕੀਤੀ ਸੀ ਕਿ ਰਾਫੇਲ ਸੌਦੇ ਵਿਚ ਹੋਈਆਂ ਬੇਨੇਮੀਆਂ ਬਾਰੇ ਇਕ ਰਿਪੋਰਟ ਤਿਆਰ ਕਰਕੇ ਸੰਸਦ ਵਿੱਚ ਪੇਸ਼ ਕੀਤੀ ਜਾਵੇ।
ਵਫ਼ਦ ਨੇ ਸੀਵੀਸੀ ਕੇ ਵੀ ਚੌਧਰੀ ਨੂੰ ਮਿਲ ਕੇ ਇਕ ਤਫ਼ਸੀਲੀ ਮੰਗ ਪੱਤਰ ਸੌਂਪਿਆ ਜਿਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਸਰਕਾਰ ਨੇ ਪਰਤਵੇਂ ਮੁਆਹਿਦੇ ਲਈ ਆਪਣੇ ਚਹੇਤੇ ਸਰਮਾਏਦਾਰਾਂ ਦੇ ਹਿੱਤ ਪੂਰਨ ਲਈ ਸਰਕਾਰ ਦੀ ਆਪਣੀ ਕੰਪਨੀ ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ (ਐਚਏਐਲ) ਨੂੰ ਲਾਂਭੇ ਕੀਤਾ ਤੇ ਇੰਜ ਸਰਕਾਰੀ ਖਜ਼ਾਨੇ ਤੇ ਕੌਮੀ ਸੁਰੱਖਿਆ ਨੂੰ ਵੱਡੀ ਢਾਹ ਲਾਈ।
ਮੰਗ-ਪੱਤਰ ਵਿੱਚ ਕਿਹਾ ਗਿਆ ”ਰਾਫੇਲ ਘੁਟਾਲਾ ਹੁਣ ਭਾਰਤ ਦਾ ਸਭ ਤੋਂ ਵੱਡਾ ਘੁਟਾਲਾ ਉਭਰ ਕੇ ਸਾਹਮਣੇ ਆ ਰਿਹਾ ਹੈ। ਨਿੱਤ ਨਵੇਂ ਖੁਲਾਸੇ ਹੋ ਰਹੇ ਹਨ ਤੇ ਮੌਜੂਦਾ ਸਰਕਾਰ ਤੇ ਰੱਖਿਆ ਮੰਤਰਾਲੇ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ। ਰਾਫੇਲ ਸੌਦੇ ਵਿੱਚ ਭ੍ਰਿਸ਼ਟਾਚਾਰ ਤੇ ਚਹੇਤੇ ਸਰਮਾਏਦਾਰਾਂ ਦੀ ਹਿੱਤ ਪੂਰਤੀ ਦੀ ਬਦਬੂ ਫੈਲਦੀ ਜਾ ਰਹੀ ਹੈ। ਲਿਹਾਜਾ ਆਪ ਨੂੰ ਇਸ ਵੱਲ ਫੌਰੀ ਧਿਆਨ ਦੇ ਕੇ ਦਖ਼ਲ ਦੇਣ ਦੀ ਲੋੜ ਹੈ।” ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਰਕਾਰ ਰਾਫੇਲ ਸੌਦੇ ਬਾਰੇ ਸੀਵੀਸੀ ਨੂੰ ਸਾਰੇ ਵੇਰਵੇ ਦੇਣ ਲਈ ਵਚਨਬੱਧ ਹੈ।
ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੱਸਿਆ ਚੋਰਾਂ ਦਾ ਸਰਗਣਾ
ਰਾਫੇਲ ਸੌਦੇ ਦਾ ਵਿਵਾਦ ਦਿਨੋਂ-ਦਿਨ ਹੋਰ ਭਖਦਾ ਜਾ ਰਿਹਾ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ‘ਤੇ ਨਿਸ਼ਾਨਾ ਲਗਾਉਂਦੇ ਹੋਏ ਮੋਦੀ ਨੂੰ ਚੋਰਾਂ ਦਾ ਸਰਗਣਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਅਨਿਲ ਅੰਬਾਨੀ ਕੋਲੋਂ ਚੋਰੀ ਕਰਵਾਈ। ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਰਾਹੁਲ ਗਾਂਧੀ ਅਤੇ ਫਰਾਂਸ ਦੇ ਰਾਸ਼ਟਰਪਤੀ ਵਿਚਕਾਰ ਗੰਢਤੁੱਪ ਹੈ। ਜੇਤਲੀ ਨੇ ਕਿਹਾ ਕਿ ਰਾਫੇਲ ਡੀਲ ਰੱਦ ਨਹੀਂ ਹੋ ਸਕਦੀ। ਧਿਆਨ ਰਹੇ ਕਿ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਫਰਾਂਸਵਾ ਓਲਾਂਦ ਦੇ ਬਿਆਨ ਤੋਂ ਬਾਅਦ ਹੀ ਕਾਂਗਰਸ ਕੇਂਦਰ ਸਰਕਾਰ ‘ਤੇ ਹਮਲਾਵਰ ਹੋਈ ਹੈ। ਓਲਾਂਦ ਨੇ ਰਾਫੇਲ ਸੌਦੇ ਸਬੰਧੀ ਬਿਆਨ ਦਿੱਤਾ ਸੀ ਕਿ ਆਫਸੈਟ ਭਾਈਵਾਲ ਚੁਣਨ ਲਈ ਉਨ੍ਹਾਂ ਕੋਲ ਹੋਰ ਕੋਈ ਆਪਸ਼ਨ ਨਹੀਂ ਸੀ ਕਿਉਂਕਿ ਉਨ੍ਹਾਂ ਨੂੰ ਕੇਵਲ ਇੱਕ ਹੀ ਬਦਲ ਦਿੱਤਾ ਗਿਆ ਸੀ।
Check Also
ਸ਼ਰਧਾਲੂਆਂ ਦੇ ਲਈ ਬੰਦ ਹੋਏ ਗੰਗੋਤਰੀ ਧਾਮ ਦੇ ਕਿਵਾੜ
17 ਨਵੰਬਰ ਨੂੰ ਬੰਦ ਕੀਤੇ ਜਾਣਗੇ ਬਦਰੀਨਾਥ ਧਾਮ ਦੇ ਕਿਵਾੜ ਗੜ੍ਹਵਾਲ : ਗੰਗੋਤਰੀਧਾਮ ਦੇ ਕਿਵਾੜ …