-1.1 C
Toronto
Sunday, February 15, 2026
spot_img
Homeਭਾਰਤਦਿੱਲੀ 'ਚ ਲੜਕੀ ਦੀ ਹੱਤਿਆ, ਸਰੀਰ ਦੇ 35 ਟੁਕੜੇ ਕੀਤੇ

ਦਿੱਲੀ ‘ਚ ਲੜਕੀ ਦੀ ਹੱਤਿਆ, ਸਰੀਰ ਦੇ 35 ਟੁਕੜੇ ਕੀਤੇ

ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਵਿੱਚ ਇੱਕ ਨੌਜਵਾਨ ਨੇ ਆਪਣੇ ਨਾਲ ਲਿਵ-ਇਨ ਰਿਲੇਸ਼ਨ ਵਿੱਚ ਰਹਿ ਰਹੀ 29 ਸਾਲਾ ਲੜਕੀ ਦੀ ਕਥਿਤ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਉਸ ਦੇ ਸਰੀਰ ਦੇ 35 ਟੁਕੜੇ ਕਰਕੇ ਇਨ੍ਹਾਂ ਨੂੰ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ‘ਤੇ ਸੁੱਟ ਦਿੱਤਾ। ਅਜਿਹਾ ਕਰਨ ਤੋਂ ਪਹਿਲਾਂ ਉਸ ਨੇ ਲਾਸ਼ ਨੂੰ 20 ਦਿਨ ਫਰਿੱਜ ਵਿੱਚ ਰੱਖੀ ਰੱਖਿਆ। ਇਹ ਘਟਨਾ ਮਈ ਮਹੀਨੇ ਦੀ ਹੈ। ਇਸ ਕਤਲ ਦੇ ਦਿਲ ਦਹਿਲਾਊ ਵੇਰਵੇ ਛੇ ਮਹੀਨਿਆਂ ਮਗਰੋਂ ਸਾਹਮਣੇ ਆਏ ਹਨ।
ਪੁਲਿਸ ਨੇ ਇਸ ਮਾਮਲੇ ਵਿੱਚ ਮੁੰਬਈ ਦੇ ਆਫ਼ਤਾਬ ਪੂਨਾਵਾਲਾ (28) ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਮ੍ਰਿਤਕ ਸ਼ਰਧਾ ਵਾਕਰ ਦੇ ਸਰੀਰ ਦੇ ਕੁੱਝ ਕੱਟੇ ਹੋਏ ਅੰਗ ਬਰਾਮਦ ਕੀਤੇ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਵਾਰਦਾਤ ਸਮੇਂ ਵਰਤੇ ਗਏ ਹਥਿਆਰ ਦਾ ਅਜੇ ਪਤਾ ਨਹੀਂ ਲੱਗ ਸਕਿਆ।
ਦੱਖਣੀ ਜ਼ਿਲ੍ਹੇ ਦੇ ਵਧੀਕ ਡੀਸੀਪੀ-1 ਅੰਕਿਤ ਚੌਹਾਨ ਨੇ ਦੱਸਿਆ ਕਿ ਮੁੰਬਈ ਵਿੱਚ ਕੰਮ ਕਰਦੇ ਸਮੇਂ ਦੋਵਾਂ ਵਿੱਚ ਪ੍ਰੇਮ ਹੋ ਗਿਆ ਸੀ। ਆਪਣੇ ਪਰਿਵਾਰਾਂ ਦੇ ਵਿਰੋਧ ਕਾਰਨ ਉਹ ਅਪਰੈਲ-ਮਈ ਵਿੱਚ ਦਿੱਲੀ ਆ ਗਏ। ਕੌਮੀ ਰਾਜਧਾਨੀ ਰਹਿੰਦਿਆਂ ਵਿਆਹ ਨੂੰ ਲੈ ਕੇ ਦੋਵਾਂ ਵਿੱਚ ਝਗੜਾ ਹੋਇਆ, ਜੋ ਕਾਫ਼ੀ ਵਧ ਗਿਆ ਅਤੇ ਅਫ਼ਤਾਬ ਨੇ ਉਸ ਦੀ ਕਥਿਤ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਚੌਹਾਨ ਨੇ ਦੱਸਿਆ ਕਿ ਗ੍ਰਿਫ਼ਤਾਰੀ ਤੋਂ ਬਚਣ ਲਈ ਉਸਨੇ ਕਥਿਤ ਤੌਰ ‘ਤੇ ਲਾਸ਼ ਨੂੰ ਵੱਖ-ਵੱਖ ਹਿੱਸਿਆਂ ਵਿੱਚ ਕੱਟ ਦਿੱਤਾ ਤੇ ਅਗਲੇ ਕੁਝ ਹਫ਼ਤਿਆਂ ‘ਚ ਲਾਸ਼ ਦੇ ਟੁੱਕੜੇ ਵੱਖ-ਵੱਖ ਥਾਵਾਂ ‘ਤੇ ਖਿੰਡਾ ਦਿੱਤੇ। ਇਸ ਤੋਂ ਪਹਿਲਾਂ ਮੁਲਜ਼ਮ ਨੇ ਕਈ ਦਿਨਾਂ ਤੱਕ ਲਾਸ਼ ਨੂੰ ਦੱਖਣੀ ਦਿੱਲੀ ਦੇ ਮਹਿਰੌਲੀ ਸਥਿਤ ਆਪਣੇ ਘਰ ਵਿੱਚ ਰੱਖਿਆ ਹੋਇਆ ਸੀ। ਆਫਤਾਬ ਬੇਰੁਜ਼ਗਾਰ ਸੀ ਅਤੇ ਖਰਚਿਆਂ ਤੇ ਪਰਿਵਾਰਕ ਮੁੱਦਿਆਂ ਕਾਰਨ ਦੋਵਾਂ ਵਿੱਚ ਹਮੇਸ਼ਾ ਝਗੜਾ ਰਹਿੰਦਾ ਸੀ।
ਦਿੱਲੀ ਮਹਿਲਾ ਕਮਿਸ਼ਨ ਨੇ ਘਟਨਾ ਦਾ ਨੋਟਿਸ ਲਿਆ
ਦਿੱਲੀ ਮਹਿਲਾ ਕਮਿਸ਼ਨ (ਡੀਸੀਡਬਲਯੂ) ਨੇ ਮਹਿਰੌਲੀ ਵਿੱਚ ਨੌਜਵਾਨ ਵੱਲੋਂ ਆਪਣੇ ਨਾਲ ਲਿਵ-ਇਨ ਰਿਲੇਸ਼ਨ ਵਿੱਚ ਰਹਿ ਰਹੀ ਔਰਤ ਦੀ ਬੇਰਹਿਮੀ ਨਾਲ ਹੱਤਿਆ ਕੀਤੇ ਜਾਣ ਦਾ ਖੁਦ ਨੋਟਿਸ ਲਿਆ ਹੈ। ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੇ ਇਸ ਕਤਲ ਸਬੰਧੀ ਮਹਿਰੌਲੀ ਦੇ ਐੱਸਐੱਚਓ ਤੋਂ ਵੇਰਵੇ ਮੰਗੇ ਹਨ। ਉਧਰ, ਦਿੱਲੀ ਦੀ ਅਦਾਲਤ ਨੇ ਮੁਲਜ਼ਮ ਨੂੰ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ।

 

RELATED ARTICLES
POPULAR POSTS