Breaking News
Home / ਸੰਪਾਦਕੀ / ਪਾਕਿਸਤਾਨ ਲਈ ਚਿੰਤਾ ਦਾ ਵਿਸ਼ਾ

ਪਾਕਿਸਤਾਨ ਲਈ ਚਿੰਤਾ ਦਾ ਵਿਸ਼ਾ

ਪਾਕਿ ਦੇ ਕਬਜ਼ੇ ਕਸ਼ਮੀਰ ਦੇ ਹਾਲਾਤ
ਪਿਛਲੇ ਕੁਝ ਦਿਨਾਂ ਤੋਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ, ਜਿਸ ਨੂੰ ‘ਮਕਬੂਜ਼ਾ ਕਸ਼ਮੀਰ’ ਵੀ ਕਿਹਾ ਜਾਂਦਾ ਹੈ, ਵਿਚ ਜੋ ਹਾਲਾਤ ਬਣੇ ਹੋਏ ਹਨ, ਉਹ ਨਾ ਕੇਵਲ ਉਥੋਂ ਦੇ ਪ੍ਰਸ਼ਾਸਨ ਲਈ ਵੱਡੀ ਸਿਰਦਰਦੀ ਵਾਲੇ ਹਨ, ਸਗੋਂ ਸਮੁੱਚੇ ਪਾਕਿਸਤਾਨ ਲਈ ਵੀ ਬੇਹੱਦ ਚਿੰਤਾ ਦਾ ਕਾਰਨ ਹਨ। ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਮੁਜ਼ੱਫਰਾਬਾਦ ਅਤੇ ਕੁਝ ਹੋਰ ਥਾਵਾਂ ‘ਤੇ ਸਮਾਜਿਕ ਜਥੇਬੰਦੀ ‘ਅਵਾਮੀ ਐਕਸ਼ਨ ਕਮੇਟੀ’ ਨੇ ਪ੍ਰਸ਼ਾਸਨ ਵਿਰੁੱਧ ਸਖ਼ਤ ਅੰਦੋਲਨ ਸ਼ੁਰੂ ਕੀਤਾ ਹੋਇਆ ਹੈ। ਕਈ ਥਾਵਾਂ ‘ਤੇ ਅੰਦੋਲਨਕਾਰੀਆਂ ਤੇ ਪੁਲਿਸ ਵਿਚਾਲੇ ਝੜਪਾਂ ਵੀ ਹੋਈਆਂ ਹਨ। ਹਾਲਤ ਇਥੋਂ ਤੱਕ ਪਹੁੰਚ ਗਈ ਹੈ ਕਿ ਪ੍ਰਸ਼ਾਸਨ ਨੂੰ ਸਥਿਤੀ ‘ਤੇ ਕਾਬੂ ਪਾਉਣ ਲਈ ਫ਼ੌਜ ਨੂੰ ਬੁਲਾਉਣਾ ਪਿਆ ਹੈ। ਫ਼ੌਜ ਵੀ ਅਜਿਹੇ ਹਾਲਾਤ ਵਿਚ ਆਪਣੇ-ਆਪ ਨੂੰ ਬਹੁਤ ਮੁਸ਼ਕਿਲ ਵਿਚ ਪਈ ਮਹਿਸੂਸ ਕਰਦੀ ਹੈ।
ਦਹਾਕਿਆਂ ਤੋਂ ਪਾਕਿਸਤਾਨ ਨੇ ਆਪਣੇ ਦੇਸ਼ ਵਿਚ ਦੁਨੀਆ ਭਰ ਦੇ ਅੱਤਵਾਦੀ ਸੰਗਠਨਾਂ ਦਾ ਜਮਾਵੜਾ ਕਰਕੇ ਉਂਝ ਹੀ ਦੇਸ਼ ਦੇ ਹਾਲਾਤ ਨੂੰ ਨਾਜ਼ੁਕ ਮੋੜ ‘ਤੇ ਲਿਆ ਖੜ੍ਹਾ ਕੀਤਾ ਹੈ। ਇਨ੍ਹਾਂ ਵਿਚੋਂ ਕਈ ਸੰਗਠਨ ਹੁਣ ਪਾਕਿਸਤਾਨ ਦੀ ਫ਼ੌਜ ਨੂੰ ਵੀ ਲਲਕਾਰਨ ਲੱਗੇ ਹੋਏ ਹਨ। ਇਨ੍ਹਾਂ ਵਿਚੋਂ ਇਕ ‘ਤਹਿਰੀਕ-ਏ-ਤਾਲਿਬਾਨ’ ਪਾਕਿਸਤਾਨ ਦੇਸ਼ ਦੇ ਕਈ ਹਿੱਸਿਆਂ ‘ਤੇ ਆਪਣਾ ਕਬਜ਼ਾ ਕਰਨ ਲਈ ਤਤਪਰ ਨਜ਼ਰ ਆਉਂਦਾ ਹੈ। ਉਸ ਨੇ ਦਹਾਕਿਆਂ ਤੋਂ ਫ਼ੌਜ ਦੇ ਖਿਲਾਫ ਜੰਗ ਛੇੜੀ ਹੋਈ ਹੈ। ਹੁਣ ਇਹ ਸੰਗਠਨ ਬਲਦੀ ‘ਤੇ ਤੇਲ ਪਾਉਣ ਲਈ ਅਵਾਮੀ ਐਕਸ਼ਨ ਕਮੇਟੀ ਦੇ ਅੰਦੋਲਨ ਵਿਚ ਵੀ ਕੁੱਦ ਪਿਆ ਹੈ। ਇਸ ਨੇ ਪ੍ਰਸ਼ਾਸਨ ਦੇ ਖਿਲਾਫ ਮੁਜ਼ਾਹਰਾਕਾਰੀਆਂ ਦੀਆਂ ਮੰਗਾਂ ਦਾ ਪੂਰਾ ਸਮਰਥਨ ਕੀਤਾ ਹੈ। ਕੁਝ ਦਿਨਾਂ ਦੀ ਗੜਬੜ ਤੋਂ ਬਾਅਦ ਪਾਕਿਸਤਾਨੀ ਹਕੂਮਤ ਨੇ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ ਲਈ ਆਰਥਿਕ ਤੌਰ ‘ਤੇ ਰਿਆਇਤਾਂ ਦੇਣ ਦਾ ਐਲਾਨ ਕੀਤਾ ਹੈ। ਜਿਸ ਤਰ੍ਹਾਂ ਪਿਛਲੇ ਦਿਨਾਂ ਤੋਂ ਇਹ ਸਾਫ਼ ਹੋ ਰਿਹਾ ਹੈ, ਉਥੇ ਲੋਕ ਬੇਰੁਜ਼ਗਾਰੀ ਅਤੇ ਮਹਿੰਗਾਈ ਦੇ ਬੇਹੱਦ ਸਤਾਏ ਹੋਏ ਹਨ। ਇਹ ਲੋਕ ਪਾਕਿਸਤਾਨ ਤੋਂ ਆਜ਼ਾਦ ਹੋਣ ਦੇ ਨਾਅਰੇ ਵੀ ਲਗਾਉਣ ਲੱਗੇ ਹਨ ਅਤੇ ਕਈ ਥਾਵਾਂ ‘ਤੇ ਇਨ੍ਹਾਂ ਨੇ ਭਾਰਤੀ ਕਸ਼ਮੀਰ ਨਾਲ ਰਲਣ ਦੀ ਗੱਲ ਵੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਸਮੇਂ ਪਾਕਿਸਤਾਨ ਬੇਹੱਦ ਆਰਥਿਕ ਮੰਦੀ ਦੇ ਦੌਰ ਵਿਚੋਂ ਵੀ ਗੁਜ਼ਰ ਰਿਹਾ ਹੈ। ਉਸ ਨੇ ਕਈ ਅਰਬ ਦੇਸ਼ਾਂ ਸਣੇ ਚੀਨ ਅਤੇ ਕੌਮਾਂਤਰੀ ਸੰਸਥਾਵਾਂ ਕੋਲ ਆਰਥਿਕ ਮਦਦ ਲਈ ਵਾਰ-ਵਾਰ ਗੁਹਾਰ ਲਗਾਈ ਹੈ। ਇਕ ਅੰਦਾਜ਼ੇ ਅਨੁਸਾਰ ਉਸ ਨੇ ਆਉਂਦੇ 5 ਸਾਲਾਂ ਲਈ ਵੱਖ-ਵੱਖ ਦੇਸ਼ਾਂ ਅਤੇ ਏਜੰਸੀਆਂ ਤੋਂ 123 ਅਰਬ ਡਾਲਰ ਦੀ ਮੰਗ ਕੀਤੀ ਹੈ।
ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਭੜਕੇ ਲੋਕਾਂ ਨੂੰ ਕਾਬੂ ਕਰਨ ਲਈ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਬਰਸਾਏ ਤੇ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਇਨ੍ਹਾਂ ਝੜਪਾਂ ਵਿਚ ਇਕ ਪੁਲਿਸ ਕਰਮੀ ਦੀ ਵੀ ਮੌਤ ਹੋ ਗਈ, ਜਦੋਂ ਕਿ ਕਈ ਹੋਰ ਜ਼ਖ਼ਮੀ ਹੋ ਗਏ, ਪਰ ਮੁਜ਼ਾਹਰਾਕਾਰੀ ਲਗਾਤਾਰ ਆਟੇ ਦੀਆਂ ਕੀਮਤਾਂ ਘਟਾਉਣ ਅਤੇ ਬਿਜਲੀ ਉਪਲਬਧ ਕਰਵਾਉਣ ਦੀ ਮੰਗ ਕਰ ਰਹੇ ਹਨ। ਜਿਥੋਂ ਤੱਕ ਕਸ਼ਮੀਰ ਦੇ ਇਸ ਹਿੱਸੇ ਦਾ ਸੰਬੰਧ ਹੈ, ਇਥੇ ਵੱਡੀ ਮਾਤਰਾ ਵਿਚ ਪਣ-ਬਿਜਲੀ ਪੈਦਾ ਹੁੰਦੀ ਹੈ, ਜਿਸ ਨੂੰ ਪੂਰੇ ਪਾਕਿਸਤਾਨ ਵਿਚ ਸਪਲਾਈ ਕੀਤਾ ਜਾਂਦਾ ਹੈ, ਪਰ ਇਥੋਂ ਦੇ ਲੋਕ ਸਰਕਾਰ ਕੋਲੋਂ ਬਿਜਲੀ ਦੇਣ ਦੀ ਮੰਗ ਕਰ ਰਹੇ ਹਨ। ਇਨ੍ਹਾਂ ਵਿਚੋਂ ਬਹੁਤੇ ਬੇਰੁਜ਼ਗਾਰ ਹਨ। ਇਕ ਤਾਜ਼ਾ ਖ਼ਬਰ ਮੁਤਾਬਿਕ ਇਥੇ ਆਟਾ 300 ਤੋਂ 500 ਰੁਪਏ ਪ੍ਰਤੀ ਕਿੱਲੋ ਮਿਲ ਰਿਹਾ ਹੈ। ਚਾਹੇ ਪਾਕਿਸਤਾਨ ਨੇ ਭਾਰਤੀ ਜੰਮੂ-ਕਸ਼ਮੀਰ ‘ਚੋਂ ਧਾਰਾ-370 ਹਟਾਉਣ ਕਾਰਨ ਭਾਰਤ ਨਾਲੋਂ ਆਪਣੇ ਸੰਬੰਧ ਵੱਡੀ ਹੱਦ ਤੱਕ ਤੋੜ ਲਏ ਸਨ, ਪਰ ਇਸ ਸਮੇਂ ਜੰਮੂ-ਕਸ਼ਮੀਰ ਵਿਚ ਜਿਥੇ ਵੱਡੀ ਪੱਧਰ ‘ਤੇ ਉਸਾਰੀ ਦੇ ਕੰਮ ਹੋ ਰਹੇ ਹਨ, ਉਥੇ ਸੜਕਾਂ ਦਾ ਨੈੱਟਵਰਕ ਵੀ ਸਰਹੱਦਾਂ ਤਕ ਫੈਲਾ ਦਿੱਤਾ ਗਿਆ ਹੈ। ਹੁਣ ਲੋਕ ਸਭਾ ਦੀਆਂ ਚੋਣਾਂ ਵਿਚ ਵੀ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਲੋਕਤੰਤਰੀ ਪ੍ਰਕਿਰਿਆ ਦੇ ਭਾਗੀ ਬਣਾਇਆ ਗਿਆ ਹੈ। ਨਵੀਂ ਸਰਕਾਰ ਆਉਣ ਤੋਂ ਬਾਅਦ ਪਿਛਲੇ ਕੁਝ ਮਹੀਨਿਆਂ ਤੋਂ ਪਾਕਿਸਤਾਨ ਦੇ ਰਵੱਈਏ ਵਿਚ ਵੱਡੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ਭਾਰਤ ਨਾਲ ਇਸ ਦੇ ਵਪਾਰਕ ਸੰਬੰਧ 2019 ਤੋਂ ਬੰਦ ਹਨ, ਪਰ ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸ਼ਾਕ ਡਾਰ ਨੇ ਇਹ ਇੱਛਾ ਜ਼ਾਹਿਰ ਕੀਤੀ ਹੈ ਕਿ ਦੋਹਾਂ ਦੇਸ਼ਾਂ ਵਿਚ ਵਪਾਰਕ ਸੰਬੰਧ ਕਾਇਮ ਹੋਣੇ ਚਾਹੀਦੇ ਹਨ। ਉਥੋਂ ਦੇ ਸਨਅਤਕਾਰ ਅਤੇ ਵਪਾਰੀ ਵੀ ਆਪਣੀ ਸਰਕਾਰ ‘ਤੇ ਇਸ ਸੰਬੰਧੀ ਲਗਾਤਾਰ ਦਬਾਅ ਬਣਾਉਂਦੇ ਆ ਰਹੇ ਹਨ।
ਚਾਹੇ ਭਾਰਤ ਨੇ ਪਾਕਿਸਤਾਨ ਨਾਲ ਕਿਸੇ ਵੀ ਤਰ੍ਹਾਂ ਦੇ ਮਿਲਵਰਤਣ ਲਈ ਪਹਿਲਾਂ ਦਹਿਸ਼ਤਗਰਦਾਂ ਨੂੰ ਭਾਰਤ ਵਿਚ ਭੇਜਣ ‘ਤੇ ਰੋਕ ਲਗਾਉਣ ਦੀ ਸ਼ਰਤ ਲਗਾਈ ਹੋਈ ਹੈ, ਪਰ ਇਸ ਦੇ ਬਾਵਜੂਦ ਦੋਹਾਂ ਦੇਸ਼ਾਂ ਨੇ ਫਰਵਰੀ, 2021 ਵਿਚ ਸਰਹੱਦਾਂ ‘ਤੇ ਜੰਗ ਨਾ ਕਰਨ ਸੰਬੰਧੀ ਸਮਝੌਤੇ ‘ਤੇ ਦੁਬਾਰਾ ਦਸਤਖ਼ਤ ਕੀਤੇ ਸਨ। ਸ਼ਹਿਬਾਜ਼ ਸ਼ਰੀਫ਼ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ਨਾਲ ਵੀ ਦੋਹਾਂ ਦੇਸ਼ਾਂ ਵਿਚ ਨੇੜਤਾ ਕੁਝ ਵਧਦੀ ਦਿਖਾਈ ਦੇ ਰਹੀ ਹੈ। ਭਾਵੇਂ ਕਿ ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਸਈਅਦ ਅਸੀਮ ਮੁਨੀਰ ਨੇ ਭਾਰਤ ਵਿਰੁੱਧ ਆਪਣੀ ਧਮਕੀ ਨੂੰ ਮੁੜ ਦੁਹਰਾਇਆ ਹੈ। ਜਨਰਲ ਮੁਨੀਰ ਨੇ ਕਸ਼ਮੀਰ ਸੰਬੰਧੀ ਆਪਣਾ ਪੁਰਾਣਾ ਰਾਗ ਮੁੜ ਅਲਾਪਿਆ ਹੈ, ਪਰ ਹੁਣ ਦੇ ਹਾਲਾਤ ਵਿਚ ਉਸ ਦੀਆਂ ਅਜਿਹੀਆਂ ਧਮਕੀਆਂ ਵਜ਼ਨ ਰਹਿਤ ਹੋਈਆਂ ਜਾਪਣ ਲੱਗੀਆਂ ਹਨ। ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਪੈਦਾ ਹੋਏ ਹਾਲਾਤ ਨੇ ਇਕ ਵਾਰ ਫਿਰ ਪਾਕਿਸਤਾਨ ਨੂੰ ਆਪਣੇ ਦੇਸ਼ ਅੰਦਰਲੀ ਅਸਲੀਅਤ ਦਾ ਅਹਿਸਾਸ ਜ਼ਰੂਰ ਕਰਵਾ ਦਿੱਤਾ ਹੈ। ਅਸਲੀਅਤ ਨੂੰ ਸਮਝਦਿਆਂ ਪਾਕਿਸਤਾਨ ਆਪਣੀ ਵਿਦੇਸ਼ ਨੀਤੀ ਨੂੰ ਬਦਲਣ ਲਈ ਮਜਬੂਰ ਹੋ ਸਕਦਾ ਹੈ। ਅਜਿਹੀ ਬਦਲੀ ਨੀਤੀ ਹੀ ਦੋਹਾਂ ਦੇਸ਼ਾਂ ਵਿਚ ਨਵੇਂ ਸੰਬੰਧ ਬਣਾਉਣ ਦੇ ਸਮਰੱਥ ਹੋ ਸਕਦੀ ਹੈ।

Check Also

ਆਸਥਾ ਬਨਾਮ ਤਰਾਸਦੀ

ਪੱਛਮੀ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਦੇ ਹੈੱਡਕੁਆਰਟਰ ਤੋਂ 47 ਕਿਲੋਮੀਟਰ ਦੂਰ ਫੁਲਰਈ ਪਿੰਡ ਵਿਚ …