ਨਿਊਯਾਰਕ/ਬਿਊਰੋ ਨਿਊਜ਼
ਇਕ ਆਮ ਹੀ ਕਹਾਵਤ ਹੈ ਕਿ ਮੁਸੀਬਤ ਸਮੇਂ ਪੰਜਾਬੀ ਸਭ ਤੋਂ ਮੂਹਰੇ ਹੁੰਦੇ ਹਨ। ਹੁਣ ਕਰੋਨਾ ਵਾਇਰਸ ਨਾਮੀ ਮੁਸੀਬਤ ਨੇ ਦੁਨੀਆ ਭਰ ਨੂੰ ਘੇਰਿਆ ਹੋਇਆ ਹੈ। ਇਸ ਸਮੇਂ ਵੀ ਪੰਜਾਬੀ ਡਟ ਕੇ ਇਸ ਦਾ ਮੁਕਾਬਲਾ ਕਰ ਰਹੇ ਹਨ ਚਾਹੇ ਉਹ ਲੰਗਰ ਦੇ ਰੂਪ ਵਿਚ ਹੋਵੇ, ਗਰੀਬਾਂ ਨੂੰ ਰਾਸ਼ਨ ਦੇਣ ਦੇ ਰੂਪ ਵਿਚ ਹੋਵੇ ਜਾਂ ਡਾਕਟਰੀ ਸਹਾਇਤਾ ਦੇ ਰੂਪ ਵਿਚ। ਅਜਿਹੇ ‘ਚ ਸਾਬਕਾ ਓਲੰਪੀਅਨ ਫਲਾਇੰਗ ਮਿਲਖਾ ਸਿੰਘ ਦੀ ਬੇਟੀ ਵੀ ਕਿਸੇ ਨਾਲੋਂ ਘੱਟ ਨਹੀਂ। ਫਲਾਇੰਗ ਸਿੱਖ ਮਿਲਖਾ ਸਿੰਘ ਦੀ ਬੇਟੀ ਮੋਨਾ ਮਿਲਖਾ ਸਿੰਘ ਅਮਰੀਕਾ ‘ਚ ਕਰੋਨਾ ਪੀੜਤ ਮਰੀਜ਼ਾਂ ਦਾ ਇਲਾਜ ਕਰਨ ‘ਚ ਲੱਗੀ ਹੋਈ ਹੈ। ਮਿਲਖਾ ਸਿੰਘ ਨੇ ਖ਼ੁਦ ਇਸ ਬਾਰੇ ਜਾਣਕਾਰੀ ਦਿੱਤੀ ਹੈ। ਮਿਲਖਾ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਆਪਣੀ ਧੀ ‘ਤੇ ਮਾਣ ਹੈ। ਮੋਨਾ ਮਿਲਖਾ ਸਿੰਘ ਨਿਊਯਾਰਕ ਦੇ ਮੈਟਰੋਪੋਲੀਟਨ ਹਸਪਤਾਲ ਸੈਂਟਰ ‘ਚ ਡਾਕਟਰ ਹੈ। ਉਹ ਕਰੋਨਾ ਦੇ ਐਮਰਜੈਂਸੀ ਮਰੀਜ਼ਾਂ ਦਾ ਇਲਾਜ ਕਰ ਰਹੀ ਹੈ ਜੋ ਕਿ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ।