Breaking News
Home / Special Story / ਸਿੱਧੂ ਮੂਸੇਵਾਲਾ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਸਿੱਧੂ ਮੂਸੇਵਾਲਾ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਸ਼ਮਸ਼ਾਨਘਾਟ ਦੀ ਥਾਂ ਖੇਤ ਵਿੱਚ ਕੀਤਾ ਸਸਕਾਰ, 5911 ਟਰੈਕਟਰ ‘ਤੇ ਕੱਢੀ ਗਈ ਗਾਇਕ ਦੀ ਅੰਤਿਮ ਯਾਤਰਾ
ਵੱਡੀ ਗਿਣਤੀ ਲੋਕ ਪਹੁੰਚੇ
ਮਾਨਸਾ/ਬਿਊਰੋ ਨਿਊਜ਼ : ਮਾਨਸਾ ਨੇੜਲੇ ਪਿੰਡ ਜਵਾਹਰਕੇ ਵਿੱਚ ਪਿਛਲੇ ਦਿਨੀਂ ਅਣਪਛਾਤੇ ਵਿਅਕਤੀਆਂ ਵੱਲੋਂ ਅੰਨ੍ਹੇਵਾਹ ਫਾਇਰਿੰਗ ਕਰਕੇ ਕਤਲ ਕੀਤੇ ਨੌਜਵਾਨ ਪੰਜਾਬੀ ਗਾਇਕ ਅਤੇ ਅਦਾਕਾਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਮੰਗਲਵਾਰ ਨੂੰ ਪਿੰਡ ਮੂਸਾ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸਸਕਾਰ ਪਿੰਡ ਦੇ ਸ਼ਮਸ਼ਾਨਘਾਟ ਦੀ ਬਜਾਏ ਸਿੱਧੂ ਪਰਿਵਾਰ ਦੇ ਖੇਤ ਵਿੱਚ ਕੀਤਾ ਗਿਆ। ਗਾਇਕ ਦੀ ਅੰਤਿਮ ਯਾਤਰਾ 5911 ਟਰੈਕਟਰ-ਟਰਾਲੀ ਉੱਤੇ ਕੱਢੀ ਗਈ। ਅੰਤਿਮ ਸੰਸਕਾਰ ਮੌਕੇ ਪਿੰਡ ਮੂਸਾ ਵਿੱਚ ਲੋਕਾਂ ਦਾ ਸੈਲਾਬ ਉਮੜ ਆਇਆ। ਪੰਜਾਬ, ਹਰਿਆਣਾ ਤੇ ਰਾਜਸਥਾਨ ਤੋਂ ਲੋਕ ਵੱਡੀ ਗਿਣਤੀ ਗਾਇਕ ਦੀ ਇਕ ਆਖਰੀ ਝਲਕ ਵੇਖਣ ਲਈ ਪੁੱਜੇ। ਇਸ ਮੌਕੇ ਫਿਲਮ ਅਦਾਕਾਰ ਤੇ ਸਿਆਸਤਦਾਨ ਵੀ ਮੌਜੂਦ ਸਨ। ਸਿੱਧੂ ਮੂਸੇਵਾਲਾ ਦੀ ਅੰਤਿਮ ਯਾਤਰਾ ਮੌਕੇ ਨੌਜਵਾਨਾਂ ਨੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਸਿੱਧੂ ਮੂਸੇਵਾਲਾ ਅਮਰ ਰਹੇ ਦੇ ਨਾਅਰੇ ਲਗਾਏ। ਕਈ ਮਹਿਲਾਵਾਂ ਨੇ ਗਾਇਕ ਦੇ ਕਤਲ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਨੂੰ ਭੰਡਿਆ।
ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ ਮੰਗਲਵਾਰ ਸਵੇਰੇ ਜਦੋਂ ਉਨ੍ਹਾਂ ਦੇ ਘਰ ਪਿੰਡ ਮੂਸਾ ਪਹੁੰਚੀ ਤਾਂ ਉਸ ਦੇ ਹਜ਼ਾਰਾਂ ਪ੍ਰਸ਼ੰਸਕ ਅਤੇ ਪੂਰਾ ਪਿੰਡ ਭੁੱਬਾਂ ਮਾਰ ਕੇ ਰੋ ਪਿਆ। ਵੈਣ ਪਾਉਂਦੀ ਮਾਂ ਚਰਨ ਕੌਰ ਨੇ ਆਪਣੇ ਪੁੱਤ ਸਿੱਧੂ ਮੂਸੇਵਾਲਾ ਦਾ ਜੂੜਾ ਕੀਤਾ। ਪਿਤਾ ਬਲਕੌਰ ਸਿੰਘ ਨੇ ਨਾਭੀ ਰੰਗ ਦੀ ਪੱਗ ਬੰਨ੍ਹ ਕੇ ਆਪਣੇ ਪੁੱਤਰ ਦੇ ਸਿਹਰਾ ਸਜਾਇਆ ਅਤੇ ਉਸ ਨੂੰ ਅੰਤਿਮ ਵਿਦਾਇਗੀ ਦੇਣ ਤੋਂ ਪਹਿਲਾਂ ਆਪਣੇ ਪੁੱਤ ਦੀ ਲਾਸ਼ ਨੂੰ ਜੱਫੀ ਪਾ ਕੇ ਵੈਣ ਪਾਏ। ਸਿੱਧੂ ਮੂਸੇਵਾਲਾ ਟਰੈਕਟਰ 5911 ਦਾ ਸ਼ੌਕੀਨ ਸੀ। ਉਸ ਦੇ ਗੀਤਾਂ ਦੇ ਬੋਲ ਵਿੱਚ ਵੀ 5911 ਦਾ ਅਕਸਰ ਜ਼ਿਕਰ ਮਿਲਦਾ ਸੀ। ਇਸ ਕਰਕੇ ਸਿੱਧੂ ਮੂਸੇਵਾਲਾ ਦੀ ਅੰਤਿਮ ਯਾਤਰਾ ਮੌਕੇ ਟਰੈਕਟਰ 5911 ਤੇ ਟਰਾਲੀ ਨੂੰ ਫੋਟੋਆਂ ਅਤੇ ਹਾਰਾਂ ਨਾਲ ਸਜਾਇਆ ਗਿਆ, ਜਿਸ ‘ਤੇ ਸਵਾਰ ਹੋ ਕੇ ਉਸ ਦੀ ਅੰਤਿਮ ਯਾਤਰਾ ਕੱਢੀ ਗਈ।
ਯਾਤਰਾ ਦੌਰਾਨ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਆਪਣੇ ਪੁੱਤਰ ਸਿੱਧੂ ਮੂਸੇਵਾਲਾ ਲਈ ਉਮੜੇ ਪਿਆਰ ਅਤੇ ਭੀੜ ਨੂੰ ਹੱਥ ਜੋੜੇ। ਪਿਤਾ ਨੇ ਪੱਗ ਲਾਹ ਕੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਆਪਣੇ ਪੁੱਤਰ ਨੂੰ ਇਨ੍ਹਾਂ ਵੱਡਾ ਪਿਆਰ ਦੇਣ ਲਈ ਲੋਕਾਂ ਦਾ ਧੰਨਵਾਦ ਕਰਦੇ ਹਨ। ਇਸ ਮੌਕੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਉਸ ਦੀਆਂ ਫੋਟੋਆਂ ਹੱਥਾਂ ਵਿੱਚ ਫੜ੍ਹੀਆਂ ਹੋਈਆਂ ਸਨ। ਕਈ ਥਾਵਾਂ ‘ਤੇ ਉਸ ਦੇ ਗੀਤ ਵੀ ਵੱਜਦੇ ਨਜ਼ਰ ਆਏ। ਸਿੱਧੂ ਮੂਸੇਵਾਲਾ ਦਾ ਅੰਤਿਮ ਸੰਸਕਾਰ ਪਿੰਡ ਦੀ ਸ਼ਮਸ਼ਾਨਘਾਟ ਦੀ ਬਜਾਏ ਉਸ ਦੇ ਖੇਤ ਵਿੱਚ ਕੀਤਾ ਗਿਆ। ਗਾਇਕ ਨੂੰ ਖੇਤਾਂ ਨਾਲ ਬਹੁਤ ਪਿਆਰ ਸੀ, ਜਿਸ ਕਰਕੇ ਪਰਿਵਾਰ ਅਤੇ ਪ੍ਰਸ਼ੰਸਕਾਂ ਦੀ ਮੰਗ ‘ਤੇ ਉਸ ਦਾ ਅੰਤਿਮ ਸੰਸਕਾਰ ਪਿੰਡ ਦੇ ਖੇਤ ਵਿੱਚ ਹੀ ਕੀਤਾ ਗਿਆ।
ਅੰਤਿਮ ਸਸਕਾਰ ਤੋਂ ਬਾਅਦ ਵੱਡੀ ਗਿਣਤੀ ਵਿੱਚ ਪਹੁੰਚੇ ਪ੍ਰਸ਼ੰਸਕ ਨਮ ਅੱਖਾਂ ਨਾਲ ਉੱਥੋਂ ਵਿਦਾ ਹੋਏ ਅਤੇ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਅਮਰ ਰਹੇ ਦੇ ਨਾਅਰੇ ਵੀ ਲਗਾਏ। ਪਿੰਡ ਦੀਆਂ ਮਹਿਲਾਵਾਂ ਨੇ ਵੈਣ ਪਾ ਕੇ ਪੰਜਾਬ ਸਰਕਾਰ ਨੂੰ ਕੋਸਿਆ ਅਤੇ ਕਿਹਾ ਕਿ ਅੱਜ ਪੰਜਾਬ ਦੀ ਫਿਜ਼ਾ ਖ਼ਰਾਬ ਹੋ ਚੁੱਕੀ ਹੈ। ਕੋਈ ਵਿਅਕਤੀ ਬਿਨਾਂ ਸੁਰੱਖਿਆ ਤੋਂ ਬਾਹਰ ਨਹੀਂ ਜਾ ਸਕਦਾ ਹੈ। ਭਗਵੰਤ ਮਾਨ ਸਰਕਾਰ ਨੂੰ ਇਸ ਦਾ ਜਵਾਬ ਦੇਣਾ ਬਣਦਾ ਹੈ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਭਾਰਤ ਭੂਸ਼ਣ ਆਸ਼ੂ, ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ, ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ, ਕੁਲਵੀਰ ਸਿੰਘ ਜੀਰਾ, ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਫਿਲਮ ਅਦਾਕਾਰ ਗਿੱਪੀ ਗਰੇਵਾਲ, ਕੋਰਵਾਲਾ ਮਾਨ, ਆਰ.ਨੇਤ, ਐਮੀ ਵਿਰਕ, ਗਿੱਲ ਰੌਂਤਾ, ਅਫਸਾਨਾ ਖਾਨ ਆਦਿ ਮੌਜੂਦ ਸਨ। ਇਸ ਦੌਰਾਨ ਫਰੀਦਕੋਟ ਰੇਂਜ ਦੇ ਆਈ.ਜੀ ਪ੍ਰਦੀਪ ਕੁਮਾਰ ਯਾਦਵ, ਮਾਨਸਾ ਦੇ ਐਸਐਸਪੀ ਗੌਰਵ ਤੂਰਾ ਅਤੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਨੇ ਚੱਪੇ-ਚੱਪੇ ‘ਤੇ ਪਹਿਰਾ ਬਿਠਾਇਆ ਹੋਇਆ ਸੀ।
ਇਕ ਮਹੀਨੇ ਬਾਅਦ ਸੀ ਵਿਆਹ
ਸਿੱਧੂ ਮੂਸੇਵਾਲਾ ਦੀ ਮੰਗਣੀ ਸੰਗਰੂਰ ਜ਼ਿਲ੍ਹੇ ਦੇ ਪਿੰਡ ਸੰਘਰੇੜੀ ਵਿੱਚ ਹੋਈ ਸੀ। ਪਹਿਲਾਂ ਚੋਣਾਂ ਵਿੱਚ ਖੜ੍ਹੇ ਹੋਣ ਕਰਕੇ ਇਸ ਵਿਆਹ ਨੂੰ ਅੱਗੇ ਪਾ ਦਿੱਤਾ ਗਿਆ ਸੀ, ਪਰ ਹੁਣ ਸਿੱਧੂ ਮੂਸੇਵਾਲਾ ਦਾ ਕਤਲ ਹੋ ਜਾਣ ਤੋਂ ਬਾਅਦ ਇਹ ਸਾਰੇ ਅਰਮਾਨ ਵਿੱਚ ਹੀ ਰਹਿ ਗਏ। ਪਰਿਵਾਰ ਨੇ ਉਸ ਨੂੰ ਨਾਭੀ ਪੱਗ ਅਤੇ ਸਿਹਰਾ ਬੰਨ੍ਹ ਕੇ ਹੰਝੂਆਂ ਨਾਲ ਵਿਦਾ ਕੀਤਾ। ਇਸ ਦੌਰਾਨ ਹਰ ਅੱਖ ਰੋਈ। ਸਿੱਧੂ ਮੂਸੇਵਾਲਾ ਦੇ ਅੰਤਿਮ ਦਰਸ਼ਨ ਲਈ ਦੇਸ਼-ਵਿਦੇਸ਼ ਵਿੱਚੋਂ ਹਜ਼ਾਰਾਂ ਪ੍ਰਸ਼ੰਸਕ ਪਿੰਡ ਮੂਸਾ ਪੁੱਜੇ। ਅੰਤਿਮ ਵਿਦਾਇਗੀ ਦੌਰਾਨ ਭਾਵੁਕ ਹੋਏ ਮਾਪਿਆਂ ਦਾ ਸਿਰ ਪੁੱਤ ਦੇ ਚਾਹੁਣ ਵਾਲਿਆਂ ਅੱਗੇ ਝੁਕ ਗਿਆ। ਮਾਂ ਨੇ ਦੋਵੇਂ ਹੱਥ ਜੋੜ ਕੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਅਤੇ ਪਿਤਾ ਨੇ ਸਤਿਕਾਰ ਵਜੋਂ ਆਪਣੀ ਪੱਗ ਸਿਰ ਤੋਂ ਲਾਹ ਕੇ ਉਨ੍ਹਾਂ ਦਾ ਧੰਨਵਾਦ ਕੀਤਾ।
ਸਿੱਧੂ ਮੂਸੇਵਾਲਾ ਦੇ ਕਤਲ ਦੀ ਜਾਂਚ ਕੌਮਾਂਤਰੀ ਏਜੰਸੀ ਤੋਂ ਕਰਵਾਈ ਜਾਵੇ: ਸਿਮਰਨਜੀਤ ਸਿੰਘ ਮਾਨ
ਸੰਗਰੂਰ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਪੰਜਾਬੀ ਲੋਕ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜਾਂਚ ਕੌਮਾਂਤਰੀ ਪੱਧਰ ਦੀ ਏਜੰਸੀ ਤੋਂ ਕਰਵਾਈ ਜਾਵੇ, ਕਿਉਂਕਿ ਕੇਂਦਰ ਅਤੇ ਰਾਜ ਸਰਕਾਰਾਂ ਤੋਂ ਇਸ ਮਾਮਲੇ ਵਿੱਚ ਨਿਰਪੱਖ ਜਾਂਚ ਦੀ ਉਮੀਦ ਨਹੀਂ ਹੈ। ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਇੱਕ ਵੱਡੀ ਸਾਜਿਸ਼ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਉਪਰ ਭਰੋਸਾ ਨਹੀਂ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੀ ਜਾਂਚ ਨਿਰਪੱਖ ਜਾਂਚ ਹੋਵੇਗੀ। ਉਨ੍ਹਾਂ ਕਿਹਾ ਕਿ ਉਹ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਪਾਰਟੀ ਉਮੀਦਵਾਰ ਵਜੋਂ 4 ਜੂਨ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕਰਾਉਣਗੇ।
ਫਿਲਮ ਤੇ ਸੰਗੀਤ ਜਗਤ ਦੀਆਂ ਹਸਤੀਆਂ ਵੱਲੋਂ ਮੂਸੇਵਾਲਾ ਨੂੰ ਸ਼ਰਧਾਂਜਲੀ
ਮੁੰਬਈ : ਫਿਲਮ ਅਦਾਕਾਰ ਰਣਵੀਰ ਸਿੰਘ ਤੇ ਵਿੱਕੀ ਕੌਸ਼ਲ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦੇਹਾਂਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਰਣਵੀਰ ਸਿੰਘ ਤੇ ਵਿੱਕੀ ਕੌਸ਼ਲ ਨੇ ਮਰਹੂਮ ਗਾਇਕ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸੇ ਤਰ੍ਹਾਂ ਗਾਇਕ ਤੇ ਅਦਾਕਾਰ ਹਰਭਜਨ ਮਾਨ, ਅਦਾਕਾਰ ਬੀਨੂ ਢਿੱਲੋਂ, ਗਾਇਕ ਜਸਬੀਰ ਜੱਸੀ, ਪਰਮੀਸ਼ ਵਰਮਾ ਤੇ ਗਿੱਪੀ ਗਰੇਵਾਲ ਤੇ ਹੋਰ ਕਈ ਹਸਤੀਆਂ ਨੇ ਵੀ ਸਿੱਧੂ ਮੂਸੇਵਾਲਾ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਹੈ।
ਸਿੱਧੂ ਮੂਸੇਵਾਲਾ ਦੀਆਂ ਅਸਥੀਆਂ ਕੀਰਤਪੁਰ ਸਾਹਿਬ ‘ਚ ਜਲ ਪ੍ਰਵਾਹ
ਕੀਰਤਪੁਰ ਸਾਹਿਬ/ਬਿਊਰੋ ਨਿਊਜ਼ : ਗਾਇਕ ਸਿੱਧੂ ਮੂਸੇਵਾਲਾ ਦੀਆਂ ਅਸਥੀਆਂ ਪਰਿਵਾਰਕ ਮੈਂਬਰਾਂ ਵੱਲੋਂ ਬੁੱਧਵਾਰ ਨੂੰ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਨੇੜੇ ਸਤਲੁਜ ਦਰਿਆ ‘ਤੇ ਬਣੇ ਅਸਥਘਾਟ ‘ਤੇ ਜਲ ਪ੍ਰਵਾਹ ਕੀਤੀਆਂ ਗਈਆਂ। ਇਸ ਮੌਕੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ, ਮਾਤਾ ਚਰਨ ਕੌਰ ਸਿੱਧੂ, ਤਾਇਆ ਚਮਕੌਰ ਸਿੰਘ, ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ, ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਡਾ. ਦਲਜੀਤ ਸਿੰਘ ਚੀਮਾ, ਸਾਬਕਾ ਵਿਧਾਇਕ ਕੁਲਬੀਰ ਜ਼ੀਰਾ, ਸਾਬਕਾ ਵਿਧਾਇਕ ਦਰਸ਼ਨ ਬਰਾੜ, ਕੈਪਟਨ ਸੰਦੀਪ ਸੰਧੂ, ਨਾਮੀ ਗੀਤਕਾਰ ਗਿੱਲ ਰੌਂਤਾ, ਹਰਫ ਚੀਮਾ ਸਮੇਤ ਵੱਡੀ ਗਿਣਤੀ ਵਿਅਕਤੀ ਹਾਜ਼ਰ ਸਨ। ਗੁਰੂ ਚਰਨਾਂ ਵਿੱਚ ਅਰਦਾਸ ਕਰਨ ਮਗਰੋਂ ਸਿੱਧੂ ਮੂਸੇਵਾਲਾ ਦੀਆਂ ਅਸਥੀਆਂ ਜਲ ਪ੍ਰਵਾਹ ਕੀਤੀਆਂ ਗਈਆਂ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਅਸਥੀਆਂ ਜਲ ਪ੍ਰਵਾਹ ਕਰਨ ਤੋਂ ਪਹਿਲਾਂ ਉਸ ਗੰਢ ਨੂੰ ਚੁੰਮਿਆ ਤੇ ਆਪਣੇ ਪੁੱਤ ਨੂੰ ਪਿਆਰ ਦਿੱਤਾ। ਇਸ ਮਗਰੋਂ ਅਸਥੀਆਂ ਜਲ ਪ੍ਰਵਾਹ ਕਰ ਦਿੱਤੀਆਂ ਗਈਆਂ। ਉਨ੍ਹਾਂ ਅਸਥੀਆਂ ਜਲ ਪ੍ਰਵਾਹ ਕਰਨ ਲਈ ਜੁੜੀ ਸੰਗਤ ਦਾ ਹੱਥ ਜੋੜ ਕੇ ਧੰਨਵਾਦ ਕੀਤਾ। ਇਸ ਮਗਰੋਂ ਗੁਰਦੁਆਰਾ ਪਤਾਲਪੁਰੀ ਸਾਹਿਬ ਵਿੱਚ ਸਿੱਧੂ ਮੁਸੇਵਾਲਾ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ।
ਪੰਜਾਬੀ ਗਾਇਕੀ ‘ਚ ਵੱਡਾ ਨਾਮ ਸੀ ਮੂਸੇਵਾਲਾ ਦਾ
ਚੰਡੀਗੜ੍ਹ/ਬਿਊਰੋ ਨਿਊਜ਼ : ਸਿੱਧੂ ਮੂਸੇਵਾਲਾ ਨੇ 28 ਸਾਲ ਦੀ ਉਮਰ ਅਤੇ 6 ਸਾਲ ਦੇ ਮਿਊਜ਼ਿਕ ਇੰਡਸਟਰੀ ‘ਚ ਕਰੀਅਰ ਦੇ ਨਾਲ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਪਰ ਲੰਘੇ 6 ਸਾਲ ਉਸ ਨੇ ਕਿੰਗ ਆਫ ਮਿਊਜ਼ਿਕ ਇੰਡਸਟਰੀ ਦੇ ਤੌਰ ‘ਤੇ ਗੁਜ਼ਾਰੇ। 2022 ਵਿਚ ਸਿੱਧੂ ਮੂਸੇਵਾਲਾ ਦੀ ਨੈਟਵਰਥ 5 ਮਿਲੀਅਨ ਡਾਲਰ ਸੀ। ਏਨਾ ਹੀ ਨਹੀਂ, 2020-21 ਵਿਚ ਉਸ ਨੇ 3 ਕਰੋੜ ਤੋਂ ਵੱਧ ਰੁਪਏ ਸਿਰਫ ਇਨਕਮ ਟੈਕਸ ਦੇ ਤੌਰ ‘ਤੇ ਹੀ ਸਰਕਾਰ ਨੂੰ ਦਿੱਤੇ ਸਨ। ਸਿੱਧੂ ਮੂਸੇਵਾਲਾ ਦੇ ਤੌਰ ‘ਤੇ ਫੇਮਸ ਹੋਏ ਮਿਊਜ਼ਿਕ ਇੰਡਸਟਰੀ ਦੇ ਸਟਾਰ ਦਾ ਅਸਲੀ ਨਾਮ ਸ਼ੁਭਦੀਪ ਸਿੰਘ ਸਿੱਧੂ ਸੀ। 30 ਅਕਤੂਬਰ 2017 ਨੂੰ ਮੂਸੇਵਾਲਾ ਨੇ ਆਪਣਾ ਯੂ ਟਿਊਬ ਚੈਨਲ ਲਾਂਚ ਕੀਤਾ। ਜਿਸਦੇ ਸਬਸਕਰਾਈਬਰਾਂ ਦੀ ਗਿਣਤੀ 11 ਮਿਲੀਅਨ ਤੋਂ ਵੀ ਜ਼ਿਆਦਾ ਹੈ। ਛੇ ਸਾਲ ਦੇ ਮਿਊਜ਼ਿਕ ਇੰਡਸਟਰੀ ਦੇ ਕਰੀਅਰ ਦੌਰਾਨ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਲਈ ਲੋਕ ਇੰਤਜ਼ਾਰ ਕਰਦੇ ਸਨ। ਰਿਕਾਰਡਸ ਦੇ ਅਨੁਸਾਰ ਸਿੱਧੂ ਮੂਸੇਵਾਲਾ ਦੀ ਨੈਟਵਰਥ ਭਾਰਤੀ ਕਰੰਸੀ ਦੇ ਅਨੁਸਾਰ 29 ਕਰੋੜ ਰੁਪਏ ਸੀ। ਭਾਰਤ ਵਿਚ ਸਭ ਤੋਂ ਮਹਿੰਗਾ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੀ ਸੀ। ਪ੍ਰਤੀ ਮਹੀਨਾ ਉਹ 35 ਲੱਖ ਰੁਪਏ ਫਿਲਮਾਂ, ਟੀਵੀ ਸ਼ੋਅ ਅਤੇ ਲਾਈਵ ਸ਼ੋਅ ਕਰਕੇ ਕਮਾ ਲੈਂਦਾ ਸੀ। ਸਿੱਧੂ ਮੂਸੇਵਾਲਾ ਹਰ ਗੀਤ ਲਈ 6 ਤੋਂ 8 ਲੱਖ ਰੁਪਏ ਫਿਲਮ ਪ੍ਰੋਡਿਊਸਰਾਂ ਕੋਲੋਂ ਲੈਂਦਾ ਸੀ। ਇਸ ਤੋਂ ਇਲਾਵਾ ਉਹ ਲਾਈਵ ਸ਼ੋਅ ਵੀ ਕਰਦਾ ਸੀ, ਜਿਸਦੇ ਲਈ ਪ੍ਰਤੀ ਸ਼ੋਅ 20 ਲੱਖ ਰੁਪਏ ਲੈਂਦਾ ਸੀ।
ਪੰਜਾਬ ‘ਚ ਅਹਿਮ ਸਖਸ਼ੀਅਤਾਂ ਦੀ ਸੁਰੱਖਿਆ ਵਾਪਸ ਲੈ ਕੇ ਘਿਰੀ ਭਗਵੰਤ ਮਾਨ ਸਰਕਾਰ
ਚੰਡੀਗੜ੍ਹ/ਬਿਊਰੋ ਨਿਊਜ਼ : ਚੋਣਾਂ ਨੂੰ ਦੇਖਦੇ ਹੋਏ ਨੇਤਾਵਾਂ ਦੀ ਸੁਰੱਖਿਆ ਵਾਪਸੀ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਨੂੰ ਆਪਣਾ ਚੋਣ ਹਥਿਆਰ ਬਣਾਇਆ ਸੀ ਪਰ ਹੁਣ ਸਰਕਾਰ ਉਸ ‘ਚ ਹੀ ਘਿਰਦੀ ਨਜ਼ਰ ਆ ਰਹੀ ਹੈ।
ਨੇਤਾਵਾਂ ਅਤੇ ਅਫਸਰਾਂ ਆਦਿ ਨੂੰ ਸੁਰੱਖਿਆ ਮੁਲਾਜ਼ਮ ਦੇਣ ਨੂੰ ਲੈ ਕੇ ਪੰਜਾਬ ‘ਚ ਲੰਬੇ ਸਮੇਂ ਤੋਂ ਮੁੱਦਾ ਉੱਭਰਦਾ ਰਿਹਾ ਹੈ ਅਤੇ ਹਰ ਨਵੀਂ ਬਣਨ ਵਾਲੀ ਸਰਕਾਰ ਇਸ ਨੂੰ ਘੱਟ ਕਰਨ ਦੇ ਦਾਅਵੇ ਕਰਦੀ ਹੈ ਪਰ ਬਾਅਦ ਵਿਚ ਫਿਰ ਉਹੀ ਆ ਜਾਂਦੀ ਹੈ। ਪੰਜਾਬ ਵਿਚ ਅੱਠ ਹਜ਼ਾਰ ਦੇ ਲਗਪਗ ਸੁਰੱਖਿਆ ਮੁਲਾਜ਼ਮ ਨੇਤਾਵਾਂ, ਗਾਇਕਾਂ, ਅਫਸਰਾਂ ਆਦਿ ਦੀ ਸੁਰੱਖਿਆ ‘ਚ ਲੱਗੇ ਹਨ ਜਿਨ੍ਹਾਂ ਵਿਚੋਂ ਪੰਜਾਬ ਸਰਕਾਰ ਨੇ 700 ਮੁਲਾਜ਼ਮਾਂ ਨੂੰ ਵਾਪਸ ਬੁਲਾ ਲਿਆ ਹੈ ਅਤੇ ਇਨ੍ਹਾਂ ਨੂੰ ਥਾਣਿਆਂ ‘ਚ ਡਿਊਟੀ ਕਰਨ ਲਈ ਕਿਹਾ ਗਿਆ ਹੈ। ਇਸ ਵਿਚ ਇਕ ਕੁਤਾਹੀ ਹੋ ਗਈ ਹੈ ਅਤੇ ਪਾਰਟੀ ਨੇ ਇਨ੍ਹਾਂ ਸਾਰੇ 700 ਵਿਅਕਤੀਆਂ ਦੀਆਂ ਸੂਚੀਆਂ ਜਾਰੀ ਕਰ ਦਿੱਤੀਆਂ ਕਿ ਉਨ੍ਹਾਂ ਕੋਲ ਕਿੰਨੇ ਸੁਰੱਖਿਆ ਮੁਲਾਜ਼ਮ ਸਨ ਅਤੇ ਕਿੰਨੇ ਸੁਰੱਖਿਆ ਮੁਲਾਜ਼ਮ ਅਤੇ ਸੁਰੱਖਿਆ ਗੱਡੀਆਂ ਵਾਪਸ ਲੈ ਲਈਆਂ ਗਈਆਂ ਹਨ।
ਹੈਰਾਨੀਜਨਕ ਗੱਲ ਇਹ ਹੈ ਕਿ ਸੁਰੱਖਿਆ ਮੁਲਾਜ਼ਮਾਂ ਸਬੰਧੀ ਗਿਣਤੀ ਨੂੰ ਜਨਤਕ ਨਹੀਂ ਕੀਤਾ ਜਾ ਸਕਦਾ। ਇਥੋਂ ਤਕ ਕਿ ਆਰਟੀਆਈ ਵਿਚ ਜਾਣਕਾਰੀ ਲੈਣ ‘ਤੇ ਵੀ ਪੁਲਿਸ ਵਿਭਾਗ ਵੱਲੋਂ ਇਹੀ ਕਿਹਾ ਜਾਂਦਾ ਹੈ ਕਿ ਸੁਰੱਖਿਆ ਕਾਰਨਾਂ ਕਾਰਨ ਨਾਂ ਅਤੇ ਉਨ੍ਹਾਂ ਦੇ ਸੁਰੱਖਿਆ ਮੁਲਾਜ਼ਮਾਂ ਦੀ ਗਿਣਤੀ ਜਨਤਕ ਨਹੀਂ ਕੀਤੀ ਜਾ ਸਕਦੀ।
ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਨੇਤਾਵਾਂ, ਅਫਸਰਾਂ ਅਤੇ ਗਾਇਕਾਂ, ਇਥੋਂ ਤਕ ਕਿ ਤਖਤਾਂ ਦੇ ਜਥੇਦਾਰਾਂ ਅਤੇ ਹੋਰ ਧਾਰਮਿਕ ਆਗੂਆਂ ਆਦਿ ਨੂੰ ਮਿਲੀ ਸੁਰੱਖਿਆ ਨੂੰ ਵੀ ਵਾਪਸ ਲੈ ਲਿਆ ਗਿਆ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸੁਰੱਖਿਆ ਵੀ ਵਾਪਸ ਹੋਈ ਸੀ ਪਰ ਸਰਕਾਰ ਨੇ ਫਿਰ ਬਹਾਲ ਕਰ ਦਿੱਤੀ। ਹਾਲਾਂਕਿ ਜਥੇਦਾਰ ਨੇ ਸੁਰੱਖਿਆ ਲੈਣੋਂ ਇਨਕਾਰ ਕਰ ਦਿੱਤਾ ਹੈ।
ਸੁਰੱਖਿਆ ‘ਚ ਕਟੌਤੀ ਕਰਨ ਦਾ ਕੰਮ ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਉਸ ਸਮੇਂ ਸ਼ੁਰੂ ਕੀਤਾ ਸੀ ਜਦੋਂ ਉਹ ਪਹਿਲੀ ਵਾਰ 2002 ‘ਚ ਮੁੱਖ ਮੰਤਰੀ ਬਣੇ ਸਨ। ਕੈਪਟਨ ਨੇ ਆਪਣੀ ਸੁਰੱਖਿਆ ‘ਚ 25 ਫ਼ੀਸਦੀ ਕਟੌਤੀ ਕਰਨ ਦਾ ਐਲਾਨ ਕੀਤਾ ਸੀ। ਪਿਛਲੀ ਸਰਕਾਰ ‘ਚ ਮੁੱਖ ਮੰਤਰੀ ਰਹੇ ਚਰਨਜੀਤ ਸਿੰਘ ਚੰਨੀ ਨੇ ਵੀ ਆਪਣੀ ਸੁਰੱਖਿਆ ‘ਚ ਕਟੌਤੀ ਕਰਨ ਸਬੰਧੀ ਪੁਲਿਸ ਮਹਿਕਮੇ ਨੂੰ ਕਿਹਾ ਪਰ ਪੁਲਿਸ ਅਧਿਕਾਰੀਆਂ ਨੇ ਅਜਿਹਾ ਕਰਨੋਂ ਇਨਕਾਰ ਕਰ ਦਿੱਤਾ।
ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਮਿਲੀ ਸੁਰੱਖਿਆ ਨੂੰ ਵਾਪਸ ਲੈਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਵੀ ਸਿਆਸੀ ਫ਼ੈਸਲਾ ਜ਼ਿਆਦਾ ਹੈ ਕਿਉਂਕਿ ਅਜਿਹਾ ਸੁਰੱਖਿਆ ਨੂੰ ਲੈ ਕੇ ਬਣੀ ਕਮੇਟੀ ਦੀ ਮੀਟਿੰਗ ਕੀਤੇ ਬਗੈਰ ਕੀਤਾ ਜਾ ਰਿਹਾ ਹੈ।
ਸੁਖਬੀਰ ਬਾਦਲ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ
ਕਿਹਾ , ਭਗਵੰਤ ਮਾਨ ਅਹੁਦੇ ਲਈ ਫਿੱਟ ਨਹੀਂ
ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੂ ਮੂਸੇਵਾਲਾ ਦੀ ਮੌਤ ਲਈ ਸਿੱਧੇ ਤੌਰ ‘ਤੇ ਜ਼ਿੰਮੇਵਾਰ ਦੱਸਿਆ ਹੈ। ਅਕਾਲੀ ਦਲ ਦੇ ਵਫਦ ਨੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕਰਕੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਅਹੁਦੇ ਤੋਂ ਬਰਖਾਸਤ ਕਰਨ ਦੀ ਮੰਗ ਕੀਤੀ। ਉਨ੍ਹਾਂ ਮੂਸੇਵਾਲਾ ਦੇ ਕਤਲ ਮਾਮਲੇ ਦੀ ਕੌਮੀ ਜਾਂਚ ਏਜੰਸੀ ਐੱਨਆਈਏ ਕੋਲੋਂ ਜਾਂਚ ਕਰਵਾਉਣ ਦੀ ਮੰਗ ਕੀਤੀ। ਸੁਖਬੀਰ ਬਾਦਲ, ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਡਾ. ਦਲਜੀਤ ਸਿੰਘ ਚੀਮਾ ਨੇ ਰਾਜਪਾਲ ਨੂੰ ਬੇਨਤੀ ਕੀਤੀ ਕਿ ਉਹ ਰਾਜ ਸਰਕਾਰ ਨੂੰ ਹਦਾਇਤ ਦੇਣ ਕਿ ਪ੍ਰਮੁੱਖ ਸ਼ਖਸੀਅਤਾਂ ਦੀ ਸੁਰੱਖਿਆ ਵਾਪਸ ਲੈਣ ਦੇ ਹੁਕਮ ਦੇਣ ਦੇ ਮਾਮਲੇ ਵਿਚ ਹੋਈ ਕੁਤਾਹੀ ਦੀ ਵੀ ਨਿਆਇਕ ਜਾਂਚ ਕਰਵਾਈ ਜਾਵੇ। ਵਫਦ ਨੇ ਕਿਹਾ ਕਿ ਮੁੱਖ ਮੰਤਰੀ ਰਾਜ ਦੀ ਸੁਰੱਖਿਆ ਸਮੀਖਿਆ ਕਮੇਟੀ ਦੀ ਮੀਟਿੰਗ ਤੋਂ ਬਗੈਰ ਆਪ ਹੀ ਇਕਪਾਸੜ ਫੈਸਲੇ ਲੈ ਰਹੇ ਹਨ। ਇਹ ਵੀ ਮੰਗ ਕੀਤੀ ਕਿ ਇਸ ਕੁਤਾਹੀ ਲਈ ਜ਼ਿੰਮੇਵਾਰ ਅਫਸਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਸੁਖਬੀਰ ਨੇ ਕਿਹਾ ਕਿ ਪੰਜਾਬ ਦੇ ਆਗੂਆਂ ਤੋਂ ਸੁਰੱਖਿਆ ਵਾਪਸ ਲਈ ਜਾ ਰਹੀ ਹੈ ਜਦਕਿ ਪੰਜਾਬ ਪੁਲਿਸ ਦੇ 80 ਮੁਲਾਜ਼ਮ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਤਾਇਨਾਤ ਕਰ ਦਿੱਤੇ ਗਏ ਹਨ। ਚਾਰ ਸੁਰੱਖਿਆ ਵਾਹਨ ਆਮ ਆਦਮੀ ਪਾਰਟੀ ਦੇ ਐੱਮਪੀ ਰਾਘਵ ਚੱਢਾ ਨੂੰ ਧੱਕੇ ਨਾਲ ਦਿੱਤੇ ਹੋਏ ਹਨ। ਬਾਦਲ ਨੇ ਕਿਹਾ ਕਿ ਕਦੇ ਵੀ ਮੁਹਾਲੀ ਵਿਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈਡਕੁਆਰਟਰ ‘ਤੇ ਆਰਪੀਜੀ ਰਾਕਟ ਹਮਲੇ ਵਰਗੀਆਂ ਘਟਨਾਵਾਂ ਸੂਬੇ ਦੇ ਇਤਿਹਾਸ ਵਿਚ ਨਹੀਂ ਵਾਪਰੀਆਂ। ਆਮ ਆਦਮੀ ਪਾਰਟੀ ਦੇ ਰਾਜ ਵਿਚ ਫਿਰਕੂ ਸਦਭਾਵਨਾ ਭੰਗ ਹੋ ਰਹੀ ਹੈ ਤੇ ਪਹਿਲੀ ਵਾਰ ਹਿੰਦੂ ਸਿੱਖ ਝਡ ਹੋ ਰਹੀਆਂ ਹਨ।
ਪੰਜਾਬ ਕਾਂਗਰਸ ਦਾ ਵਫਦ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮਿਲਿਆ
ਮੂਸੇਵਾਲਾ ਕਤਲ ਕਾਂਡ ਦੀ ਜਾਂਚ ਕੇਂਦਰੀ ਏਜੰਸੀ ਸੀਬੀਆਈ ਜਾਂ ਐੱਨਆਈਏ ਤੋਂ ਕਰਵਾਉਣ ਦੀ ਮੰਗ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਆਗੂਆਂ ਦੇ ਵਫਦ ਨੇ ਚੰਡੀਗੜ੍ਹ ਵਿੱਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ।
ਵਫਦ ਨੇ ਕਾਂਗਰਸੀ ਆਗੂ ਅਤੇ ਮਕਬੂਲ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਜਾਂਚ ਕੇਂਦਰੀ ਏਜੰਸੀ ਸੀਬੀਆਈ ਜਾਂ ਐੱਨਆਈਏ ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਵਫਦ ਨੇ ਕਿਹਾ ਕਿ ਸੂਬਾ ਸਰਕਾਰ ‘ਤੇ ਕਿਸੇ ਨੂੰ ਭਰੋਸਾ ਨਹੀਂ ਹੈ। ਇਸ ਮੌਕੇ ਵਫ਼ਦ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ, ਵਿਰੋਧੀ ਧਿਰ ਦੇ ਉਪ ਨੇਤਾ ਡਾ. ਰਾਜਕੁਮਾਰ ਚੱਬੇਵਾਲ, ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਹਾਜ਼ਰ ਸਨ। ਰਾਜਾ ਵੜਿੰਗ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ‘ਆਪ’ ਨੂੰ ਫਤਵਾ ਮਿਲਿਆ ਹੈ ਪਰ ਇਹ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ।
ਕੌਮਾਂਤਰੀ ਪ੍ਰਸਿੱਧੀ ਵਾਲੇ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਹੋਇਆ ਕਤਲ ਸਾਰਿਆਂ ਲਈ ਚਿਤਾਵਨੀ ਹੈ। ਇਹ ਕਤਲ ਦਾ ਕੋਈ ਆਮ ਮਾਮਲਾ ਨਹੀਂ ਹੈ, ਸਗੋਂ ਕਾਤਲਾਂ ਵੱਲੋਂ ਬਿਨਾ ਕਿਸੇ ਕਾਨੂੰਨ ਦੇ ਡਰ ਤੋਂ ਵੱਡੀ ਸਾਜਿਸ਼ ਨੂੰ ਅੰਜਾਮ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ‘ਚ ਅਮਨ ਅਤੇ ਕਾਨੂੰਨ ਦੇ ਵਿਗੜ ਰਹੇ ਹਾਲਾਤ ਨੂੰ ਸੰਜੀਦਗੀ ਨਾਲ ਲਵੇ।
ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਧਾਰਮਿਕ ਤੇ ਰਾਜਨੀਤਿਕ ਹਸਤੀਆਂ ਨੇ ਕੀਤਾ ਦੁੱਖ ਸਾਂਝਾ
ਵਿੱਤ ਮੰਤਰੀ ਹਰਪਾਲ ਚੀਮਾ ਬੋਲੇ-ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਕੇ ਦਿੱਤੀ ਜਾਵੇਗੀ ਸਖਤ ਸਜ਼ਾ
ਮਾਨਸਾ/ਬਿਊਰੋ ਨਿਊਜ਼ : ਵਿਸ਼ਵ ਪ੍ਰਸਿੱਧ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਹੋਏ ਕਤਲ ਤੋਂ ਬਾਅਦ ਉਨ੍ਹਾਂ ਦੇ ਗ੍ਰਹਿ ਵਿਖੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਧਾਰਮਿਕ ਅਤੇ ਰਾਜਨੀਤਿਕ ਪਾਰਟੀਆਂ ਦੇ ਵੱਖ-ਵੱਖ ਆਗੂ ਪਹੁੰਚੇ। ਜਿਨ੍ਹਾਂ ਵਿਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਭਾਜਪਾ ਆਗੂ ਗਜੇਂਦਰ ਸ਼ੇਖਾਵਤ, ਸੁਨੀਲ ਜਾਖੜ, ਅਸ਼ਵਨੀ ਸ਼ਰਮਾ, ਹਰਜੀਤ ਗਰੇਵਾਲ, ਅਰਵਿੰਦ ਖੰਨਾ, ਸੁਖਬੀਰ ਸਿੰਘ ਬਾਦਲ ਅਤੇ ਬੀਬੀ ਰਜਿੰਦਰ ਕੌਰ ਭੱਠਲ ਵਲੋਂ ਅੱਜ ਸਿੱਧੂ ਮੂਸੇਵਾਲਾ ਦੇ ਘਰ ਪਹੁੰਚ ਕੇ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਸਮੇਤ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ।
ਇਸ ਮੌਕੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਦੁੱਖ ਦੀ ਘੜੀ ‘ਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਉਨ੍ਹਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਇਹ ਵੀ ਵਿਸ਼ਵਾਸ ਦਿਵਾਇਆ ਕਿ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਲੰਘੇ ਕੱਲ੍ਹ ਬਲਜੀਤ ਸਿੰਘ ਦਾਦੂਵਾਲ, ਸਿਕੰਦਰ ਸਿੰਘ ਮਲੂਕਾ, ਕੁੰਵਰ ਪ੍ਰਤਾਪ ਸਿੰਘ ਨੇ ਵੀ ਪਰਿਵਾਰ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ ਸੀ।

Check Also

ਕੇਜਰੀਵਾਲ ਦੀ ਗ੍ਰਿਫ਼ਤਾਰੀ ਵਿਰੁੱਧ ਦੇਸ਼-ਵਿਦੇਸ਼ਾਂ ‘ਚ ਭੁੱਖ ਹੜਤਾਲ

ਭਾਰਤ ਦੀ ਆਜ਼ਾਦੀ ਅਤੇ ਸੰਵਿਧਾਨ ਖ਼ਤਰੇ ‘ਚ : ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ : ਪੰਜਾਬ …