ਲੰਘੇ ਕੱਲ੍ਹ ਜਨਤਕ ਸੁਣਵਾਈ ਦੌਰਾਨ ਰੇਖਾ ਗੁਪਤਾ ’ਤੇ ਹੋ ਗਿਆ ਸੀ ਹਮਲਾ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਕੇਂਦਰ ਸਰਕਾਰ ਨੇ ਸੀ.ਆਰ.ਪੀ.ਐਫ. ਜਵਾਨਾਂ ਵਾਲੀ ਜੈਡ ਸਕਿਉਰਿਟੀ ਦੀ ਵੀ.ਆਈ.ਪੀ. ਸੁਰੱਖਿਆ ਦੇ ਦਿੱਤੀ ਹੈ। ਸੀ.ਐਮ. ਸਕਿਉਰਿਟੀ ਵਿਚ 22 ਤੋਂ 25 ਹਥਿਆਰਬੰਦ ਜਵਾਨ 24 ਘੰਟੇ ਤੈਨਾਤ ਰਹਿਣਗੇ। ਧਿਆਨ ਰਹੇ ਕਿ ਰੇਖਾ ਗੁਪਤਾ ’ਤੇ ਲੰਘੇ ਕੱਲ੍ਹ ਬੁੱਧਵਾਰ ਨੂੰ ਉਨ੍ਹਾਂ ਦੀ ਰਿਹਾਇਸ਼ ਉਤੇ ਜਨਤਕ ਸੁਣਵਾਈ ਦੌਰਾਨ ਗੁਜਰਾਤ ਦੇ ਇਕ ਵਿਅਕਤੀ ਨੇ ਹਮਲਾ ਕਰ ਦਿੱਤਾ ਸੀ। ਉਹ ਵਿਅਕਤੀ ਸ਼ਿਕਾਇਤਕਰਤਾ ਵਜੋਂ ਪੇਸ਼ ਹੋ ਕੇ ਜਨਤਕ ਮੀਟਿੰਗ ਵਿਚ ਸ਼ਾਮਲ ਹੋਣ ਲਈ ਆਇਆ ਸੀ। ਦਿੱਲੀ ਪੁਲਿਸ ਨੇ ਉਸ ਵਿਅਕਤੀ ’ਤੇ ਕਤਲ ਦੀ ਕੋਸ਼ਿਸ਼ ਦੇ ਆਰੋਪ ਲਗਾਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਹਮਲਾਵਰ ਨੇ ਇਕ ਦਿਨ ਪਹਿਲਾਂ ਸੀ.ਐਮ. ਰੇਖਾ ਗੁਪਤਾ ਦੀ ਸ਼ਾਲੀਮਾਰ ਬਾਗ ਸਥਿਤ ਰਿਹਾਇਸ਼ ਦੀ ਰੇਕੀ ਵੀ ਕੀਤੀ ਸੀ। ਆਰੋਪੀ ਨੂੰ ਅਦਾਲਤ ਨੇ 5 ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਸੀ। ਜ਼ਿਕਰਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਰੇਖਾ ਗੁਪਤਾ ਨੂੰ ਮੁੱਖ ਮੰਤਰੀ ਬਣਾਇਆ ਸੀ।