Home / ਭਾਰਤ / ਪ੍ਰੱਗਿਆ ਨੇ ਲੋਕ ਸਭਾ ‘ਚ ਦੋ ਵਾਰ ਮੰਗੀ ਮੁਆਫੀ

ਪ੍ਰੱਗਿਆ ਨੇ ਲੋਕ ਸਭਾ ‘ਚ ਦੋ ਵਾਰ ਮੰਗੀ ਮੁਆਫੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਹੱਤਿਆਰੇ ਨੱਥੂਰਾਮ ਗੋਡਸੇ ਨੂੰ ‘ਦੇਸ਼ਭਗਤ’ ਆਖੇ ਜਾਣ ਤੋਂ ਘਿਰੀ ਭਾਜਪਾ ਆਗੂ ਪ੍ਰੱਗਿਆ ਠਾਕੁਰ ਨੂੰ ਲੋਕ ਸਭਾ ‘ਚ ਦੋ ਵਾਰ ਮੁਆਫ਼ੀ ਮੰਗਣੀ ਪਈ।
ਸਵੇਰੇ ਮੰਗੀ ਗਈ ਮੁਆਫ਼ੀ ਨੂੰ ਨਕਾਰਦਿਆਂ ਵਿਰੋਧੀ ਧਿਰ ਨੇ ਕਿਹਾ ਕਿ ਇਹ ‘ਬਿਨਾ ਸ਼ਰਤ’ ਨਹੀਂ ਸੀ ਕਿਉਂਕਿ ਉਸ ਨੇ ਕਾਂਗਰਸ ਆਗੂ ਰਾਹੁਲ ਗਾਂਧੀ ‘ਤੇ ਸ਼ਬਦੀ ਹਮਲਾ ਕੀਤਾ ਸੀ। ਸਪੀਕਰ ਓਮ ਬਿਰਲਾ ਨਾਲ ਸਾਰੀਆਂ ਪਾਰਟੀਆਂ ਦੇ ਆਗੂਆਂ ਦੀ ਮੀਟਿੰਗ ਮਗਰੋਂ ਭੋਪਾਲ ਤੋਂ ਸੰਸਦ ਮੈਂਬਰ ਨੇ ਲੋਕ ਸਭਾ ‘ਚ ਦੂਜੀ ਵਾਰ ਮੁਆਫ਼ੀ ਮੰਗਦਿਆਂ ਕਿਹਾ ਕਿ 27 ਨਵੰਬਰ ਨੂੰ ਐੱਸਪੀਜੀ (ਸੋਧ) ਬਿੱਲ ‘ਤੇ ਬਹਿਸ ਦੌਰਾਨ ਉਸ ਨੇ ਨੱਥੂਰਾਮ ਨੂੰ ਦੇਸ਼ਭਗਤ ਨਹੀਂ ਆਖਿਆ ਸੀ। ‘ਮੈਂ ਤਾਂ ਉਸ ਦਾ ਨਾਮ ਤੱਕ ਨਹੀਂ ਲਿਆ ਸੀ। ਫਿਰ ਵੀ ਜੇਕਰ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਅਫ਼ਸੋਸ ਜਤਾਉਂਦਿਆਂ ਮੁਆਫ਼ੀ ਮੰਗਦੀ ਹਾਂ।’
ਉਸ ਦੇ ਸਦਨ ‘ਚ ਦਾਖ਼ਲ ਹੋਣ ਤੋਂ ਪਹਿਲਾਂ ਸਪੀਕਰ ਨੇ ਕਿਹਾ ਕਿ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦੀ ਮੀਟਿੰਗ ”ਚ ਬਣੀ ਸਹਿਮਤੀ ਮੁਤਾਬਕ ਪ੍ਰੱਗਿਆ ਬਿਆਨ ਪੜ੍ਹੇਗੀ। ਉਸ ਨੇ ਆਪਣੇ ਦੁਸ਼ਮਣਾਂ ਦਾ ਹਵਾਲਾ ਦਿੰਦਿਆਂ ਬਿਆਨ ਪੜ੍ਹਨਾ ਸ਼ੁਰੂ ਕੀਤਾ ਤਾਂ ਸਪੀਕਰ ਨੇ ਦਖ਼ਲ ਦਿੰਦਿਆਂ ਉਸ ਨੂੰ ਪਹਿਲਾਂ ਹੋਏ ਫ਼ੈਸਲੇ ਮੁਤਾਬਕ ਬਿਆਨ ਪੜ੍ਹਨ ਲਈ ਕਿਹਾ।
ਇਸ ਤੋਂ ਪਹਿਲਾਂ ਜਦੋਂ ਸਵੇਰੇ ਪ੍ਰੱਗਿਆ ਨੇ ਮੁਆਫ਼ੀ ਮੰਗੀ ਸੀ ਤਾਂ ਉਸ ਨੇ ਰਾਹੁਲ ਗਾਂਧੀ ਦਾ ਨਾਮ ਲਏ ਬਿਨਾ ਉਸ ਨੂੰ ਨਿਸ਼ਾਨਾ ਬਣਾਇਆ ਅਤੇ ਦਾਅਵਾ ਕੀਤਾ ਕਿ ਉਸ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ।
ਉਸ ਨੇ ਕਿਹਾ ਕਿ ਉਹ ਮਹਾਤਮਾ ਗਾਂਧੀ ਵੱਲੋਂ ਦੇਸ਼ ਲਈ ਦਿੱਤੇ ਯੋਗਦਾਨ ‘ਤੇ ਉਨ੍ਹਾਂ ਦਾ ਸਨਮਾਨ ਕਰਦੀ ਹੈ ਅਤੇ ਸ਼ਰਧਾਂਜਲੀ ਦਿੰਦੀ ਹੈ। ਮੁਆਫ਼ੀ ਤੋਂ ਅਸੰਤੁਸ਼ਟ ਕਾਂਗਰਸ ਨੇ ਜ਼ੋਰਦਾਰ ਵਿਰੋਧ ਕੀਤਾ ਅਤੇ ਉਸ ਨੂੰ ਸਦਨ ‘ਚੋਂ ਮੁਅੱਤਲ ਕਰਨ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਕੀਤੀ। ਕਾਂਗਰਸ ਮੈਂਬਰ ਸਦਨ ਦੇ ਵਿਚਕਾਰ ਆ ਗਏ ਅਤੇ ‘ਗੋਡਸੇ ਪਾਰਟੀ ਹਾਏ-ਹਾਏ’ ਤੇ ‘ਮਹਾਤਮਾ ਗਾਂਧੀ ਦੀ ਜੈ’ ਦੇ ਨਾਅਰੇ ਲਾਉਣ ਲੱਗ ਪਏ।

Check Also

ਬੀਬੀਆਂ ਨੇ ਚਲਾਈ ‘ਕਿਸਾਨ ਸੰਸਦ’

ਜੰਤਰ-ਮੰਤਰ ’ਤੇ ਦਿਸੀ ਬੀਬੀਆਂ ਦੀ ਸ਼ਕਤੀ ਨਵੀਂ ਦਿੱਲੀ/ਬਿਊਰੋ ਨਿਊਜ਼ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ …