ਚੀਨ ਨਾਲ ਲਗਦੀ ਸਰਹੱਦ ਤੋਂ ਮਿਲਿਆ ਮਲਬਾ, ਪਾਇਲਟਾਂ ਦੀ ਭਾਲ ਜਾਰੀ
ਈਟਾਨਗਰ/ਬਿਊਰੋ ਨਿਊਜ਼ : ਅਰੁਣਾਚਲ ਪ੍ਰਦੇਸ਼ ’ਚ ਚੀਨ ਨਾਲ ਲਗਦੀ ਸਰਹੱਦ ਨੇੜੇ ਵੀਰਵਾਰ ਨੂੰ ਭਾਰਤੀ ਫੌਜ ਦਾ ਹੈਲੀਕਾਪਟਰ ਚੀਤਾ ਕਰੈਸ਼ ਹੋ ਗਿਆ। ਮੀਡੀਆ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਹੈਲੀਕਾਪਟਰ ਮੰਡਲਾ ਹਿਲਜ਼ ਇਲਾਕੇ ’ਚ ਹਾਦਸਾਗ੍ਰਸਤ ਹੋਇਆ। ਇਸ ਵਿਚ ਲੈਫਟੀਨੈਂਟ ਕਰਨਲ ਅਤੇ ਮੇਜਰ ਰੈਂਕ ਦੇ ਅਧਿਕਾਰੀ ਸਵਾਰ ਸਨ। ਅਧਿਕਾਰੀਆਂ ਦੇ ਨਾਲ-ਨਾਲ ਪਾਇਲਟਾਂ ਦੀ ਭਾਲ ਲਈ ਸਰਚ ਅਪ੍ਰੇਸ਼ਨ ਜਾਰੀ ਹੈ। ਡਿਫੈਂਸ ਗੁਵਾਹਾਟੀ ਦੇ ਪੀਆਰਓ ਲੈਫਟੀਨੈਂਟ ਕਰਨਲ ਮਹਿੰਦਰ ਰਾਵਤ ਨੇ ਦੱਸਿਆ ਕਿ ਆਰਮੀ ਏਵੀਏਸ਼ਨ ਦਾ ਚੀਤਾ ਹੈਲੀਕਾਪਟਰ ਅਰੁਣਾਂਚਲ ਪ੍ਰਦੇਸ਼ ਦੇ ਬੋਮਿਡਿਆਲ ਦੇ ਕੋਲ ਅਪ੍ਰੇਸ਼ਨਲ ਉਡਾਣ ’ਤੇ ਸੀ ਅਤੇ ਉਸ ਦਾ ਸਵੇਰੇ 9:15 ਵਜੇ ਏਅਰ ਟ੍ਰੈਫਿਕ ਕੰਟਰੋਲ ਨਾਲੋਂ ਸੰਪਰਕ ਟੁੱਟ ਗਿਆ ਸੀ। ਇਸ ਤੋਂ ਪਹਿਲਾਂ 21 ਅਕਤੂਬਰ 2022 ਨੂੰ ਅਰੁਣਾਚਲ ਪ੍ਰਦੇਸ਼ ਦੇ ਸਿਆਂਗ ਜ਼ਿਲ੍ਹੇ ’ਚ ਫੌਜ ਦਾ ਹੈਲੀਕਾਪਟਰ ‘ਰੁਦਰ’ ਕਰੈਸ਼ ਹੋ ਗਿਆ ਸੀ। ਇਹ ਹਾਦਸਾ ਟੂਟਿੰਗ ਹੈਡਕੁਆਰਟਰ ਤੋਂ 25 ਕਿਲੋਮੀਟਰ ਦੂਰ ਸਿਗਿੰਗ ਪਿੰਡ ਦੇ ਕੋਲ ਵਾਪਰਿਆ ਸੀ ਅਤੇ ਇਸ ਹਾਦਸੇ ਦੌਰਾਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਸੀ।