ਇਸਲਾਮਾਬਾਦ, ਲਹੌਰ ਅਤੇ ਕਰਾਚੀ ਵੀ ਕਈ ਘੰਟੇ ਹਨ੍ਹੇਰੇ ’ਚ ਡੁੱਬੇ ਰਹੇ
ਇਸਲਾਮਾਬਾਦ/ਬਿਊਰੋ ਨਿਊਜ : ਮਹਿੰਗਾਈ ਅਤੇ ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਦੇ ਸਾਹਮਣੇ ਹੁਣ ਬਿਜਲੀ ਸੰਕਟ ਖੜ੍ਹਾ ਹੋ ਗਿਆ ਹੈ। ਅੱਜ ਸੋਮਵਾਰ ਨੂੰ ਸਵੇਰੇ ਪਾਕਿਸਤਾਨ ’ਚ ਨੈਸ਼ਨਲ ਗਰਿੱਡ ਦੇ ਫੇਲ੍ਹ ਹੋਣ ਕਾਰਨ ਹਨੇਰਾ ਛਾ ਗਿਆ। ਇਸ ਸੰਕਟ ਦੇ ਚਲਦਿਆਂ ਪਾਕਿਸਤਾਨ ਦੇ ਇਸਲਾਮਾਬਾਦ, ਲਾਹੌਰ ਅਤੇ ਕਰਾਚੀ ਵਰਗੇ ਵੱਡੇ-ਵੱਡੇ ਸ਼ਹਿਰ ਵੀ ਹਨ੍ਹੇਰੇ ’ਚ ਡੁੱਬ ਗਏ। ਪਾਕਿਸਤਾਨ ਦੇ ਊਰਜਾ ਮੰਤਰਾਲੇ ਨੇ ਕਿਹਾ ਕਿ ਨੈਸ਼ਨਲ ਗਰਿੱਡ ਸੋਮਵਾਰ ਨੂੰ 7:34 ਵਜੇ ਡਾਊਨ ਹੋ ਗਿਆ ਜਿਸ ਦੇ ਚਲਦਿਆਂ ਪਾਵਰ ਸਿਸਟਮ ਫੇਲ੍ਹ ਹੋ ਗਿਆ। ਊਰਜਾ ਮੰਤਰਾਲੇ ਨੇ ਦੱਸਿਆ ਕਿ ਸਿਸਟਮ ਨੂੰ ਠੀਕ ਕਰਨ ਲਈ ਤੇਜੀ ਨਾਲ ਕੰਮ ਚੱਲ ਰਿਹਾ ਹੈ ਅਤੇ ਜਲਦੀ ਹੀ ਇਸ ਨੂੰ ਠੀਕ ਕਰ ਲਿਆ ਜਾਵੇਗਾ। ਮੀਡੀਆ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਊਰਜਾ ਮੰਤਰੀ ਖੁਰਮ ਦਸਤਵੀਰ ਨੇ ਦੱਸਿਆ ਕਿ ਪਾਕਿਸਤਾਨ ’ਚ ਸਰਦੀਆਂ ਦੌਰਾਨ ਬਿਜਲੀ ਬਚਾਉਣ ਲਈ ਪਾਵਰ ਜਨਰੇਸ਼ਨ ਯੂਨਿਟਸ ਨੂੰ ਬੰਦ ਰੱਖਿਆ ਜਾਂਦਾ ਹੈ। ਸਵੇਰੇ ਸਾਢੇ ਸੱਤ ਵਜੇ ਜਦੋਂ ਸਿਸਟਮ ਨੂੰ ਜਦੋਂ ਆਨ ਕੀਤਾ ਗਿਆ ਤਾਂ ਵੋਲਟੇਜ ’ਚ ਕਈ ਬਦਲਾਅ ਹੋਏ ਜਿਸ ਤੋਂ ਬਾਅਦ ਇਕਦਮ ਪੂਰਾ ਸਿਸਟਮ ਠੱਪ ਹੋ ਗਿਆ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਊਰਜਾ ਮੰਤਰੀ ਖੁਰਮ ਨੇ ਦੱਸਿਆ ਕਿ ਪਾਵਰ ਗਰਿੱਡ ਨੂੰ ਠੀਕ ਕਰਨ ਲਈ 12 ਘੰਟੇ ਦਾ ਸਮਾਂ ਲੱਗੇਗਾ।

