Breaking News
Home / ਹਫ਼ਤਾਵਾਰੀ ਫੇਰੀ / ਭਾਰਤ ਦੇ ਪੰਜ ਰਾਜਾਂ ‘ਚ ਵਿਧਾਨ ਸਭਾ ਚੋਣਾਂ ਲਈ ਤਰੀਕਾਂ ਦਾ ਐਲਾਨ

ਭਾਰਤ ਦੇ ਪੰਜ ਰਾਜਾਂ ‘ਚ ਵਿਧਾਨ ਸਭਾ ਚੋਣਾਂ ਲਈ ਤਰੀਕਾਂ ਦਾ ਐਲਾਨ

ਛੱਤੀਸਗੜ੍ਹ, ਮੱਧ ਪ੍ਰਦੇਸ਼, ਰਾਜਸਥਾਨ, ਤੇਲੰਗਾਨਾ ਤੇ ਮਿਜ਼ੋਰਮ ‘ਚ 7 ਨਵੰਬਰ ਤੋਂ 30 ਨਵੰਬਰ ਤੱਕ ਪੈਣਗੀਆਂ ਵੋਟਾਂ
ਨੋਟੀਫਿਕੇਸ਼ਨ ਜਾਰੀ ਹੋਣ ਮਗਰੋਂ ਪੰਜ ਰਾਜਾਂ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਦੇ ਚੋਣ ਕਮਿਸ਼ਨ ਨੇ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਮੰਚ ਤਿਆਰ ਕਰਦਿਆਂ ਦੇਸ਼ ਦੇ ਪੰਜ ਰਾਜਾਂ- ਛੱਤੀਸਗੜ੍ਹ, ਮੱਧ ਪ੍ਰਦੇਸ਼, ਰਾਜਸਥਾਨ, ਤਿਲੰਗਾਨਾ ਤੇ ਮਿਜ਼ੋਰਮ ਵਿਧਾਨ ਸਭਾ ਲਈ ਚੋਣ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਪੰਜ ਰਾਜਾਂ ਦੀਆਂ ਵਿਧਾਨ ਸਭਾਵਾਂ ਲਈ 7 ਤੋਂ 30 ਨਵੰਬਰ ਦੌਰਾਨ ਵੱਖੋਵੱਖਰੇ ਦਿਨਾਂ ਨੂੰ ਵੋਟਾਂ ਪੈਣਗੀਆਂ ਜਦੋਂਕਿ ਵੋਟਾਂ ਦੀ ਗਿਣਤੀ ਤੇ ਨਤੀਜਿਆਂ ਦਾ ਐਲਾਨ ਇਕੋ ਦਿਨ 3 ਦਸੰਬਰ ਨੂੰ ਹੋਵੇਗਾ। ਛੱਤੀਸਗੜ੍ਹ ਵਿੱਚ ਦੋ ਪੜਾਵਾਂ (7 ਤੇ 17 ਨਵੰਬਰ) ਜਦੋਂਕਿ ਬਾਕੀ ਚਾਰ ਰਾਜਾਂ- ਮਿਜ਼ੋਰਮ (7 ਨਵੰਬਰ), ਮੱਧ ਪ੍ਰਦੇਸ਼ (17 ਨਵੰਬਰ), ਰਾਜਸਥਾਨ (25 ਨਵੰਬਰ) ਤੇ ਤਿਲੰਗਾਨਾ (30 ਨਵੰਬਰ) ਵਿੱਚ ਇਕਹਿਰੇ ਗੇੜ ਤਹਿਤ ਵੋਟਾਂ ਪੈਣਗੀਆਂ। ਮੁੱਖ ਚੋਣ ਕਮਿਸ਼ਨਰ (ਸੀਈਸੀ) ਰਾਜੀਵ ਕੁਮਾਰ ਨੇ ਚੋਣ ਪ੍ਰੋਗਰਾਮ ਦਾ ਐਲਾਨ ਕਰਨ ਲਈ ਸੱਦੀ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਕਰੀਬ 16 ਕਰੋੜ ਵੋਟਰ ਆਪਣੀ ਵੋਟ ਪਾਉਣ ਦੇ ਯੋਗ ਹੋਣਗੇ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਨਿਰਪੱਖ ਚੋਣਾਂ ਯਕੀਨੀ ਬਣਾਉਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਚੋਣ ਪ੍ਰੋਗਰਾਮ ਦੇ ਐਲਾਨ ਨਾਲ ਇਨ੍ਹਾਂ ਰਾਜਾਂ ਵਿੱਚ ਆਦਰਸ਼ ਚੋਣ ਜ਼ਾਬਤਾ ਫੌਰੀ ਲਾਗੂ ਹੋ ਗਿਆ ਹੈ। ਮਿਜ਼ੋਰਮ ਦੀਆਂ ਸਾਰੀਆਂ 40 ਅਸੈਂਬਲੀ ਸੀਟਾਂ ਲਈ 7 ਨਵੰਬਰ ਨੂੰ ਵੋਟਾਂ ਪੈਣਗੀਆਂ ਜਦੋਂਕਿ ਇਸੇ ਦਿਨ ਛੱਤੀਸਗੜ੍ਹ ਵਿੱਚ ਪਹਿਲੇ ਪੜਾਅ ਤਹਿਤ 20 ਸੀਟਾਂ ਲਈ ਪੋਲਿੰਗ ਹੋਵੇਗੀ। ਛੱਤੀਸਗੜ੍ਹ ਦੀਆਂ ਬਾਕੀ ਬਚਦੀਆਂ 70 ਸੀਟਾਂ ਲਈ 17 ਨਵੰਬਰ ਨੂੰ ਮੱਧ ਪ੍ਰਦੇਸ਼ ਦੀਆਂ ਸਾਰੀਆਂ 230 ਸੀਟਾਂ ਨਾਲ ਵੋਟਾਂ ਪੈਣਗੀਆਂ। ਰਾਜਸਥਾਨ ਦੀਆਂ ਸਾਰੀਆਂ 200 ਅਸੈਂਬਲੀ ਸੀਟਾਂ 25 ਨਵੰਬਰ ਤੇ 119 ਮੈਂਬਰੀ ਤਿਲੰਗਾਨਾ ਅਸੈਂਬਲੀ ਲਈ ਸਭ ਤੋਂ ਅਖੀਰ ਵਿੱਚ 30 ਨਵੰਬਰ ਨੂੰ ਪੋਲਿੰਗ ਦਾ ਅਮਲ ਸਿਰੇ ਚੜ੍ਹੇਗਾ। ਪੰਜ ਰਾਜਾਂ ਲਈ ਵੋਟਾਂ ਦੀ ਗਿਣਤੀ 3 ਦਸੰਬਰ ਨੂੰ ਕੀਤੀ ਜਾਵੇਗੀ। ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਸੈਂਬਲੀ ਚੋਣਾਂ ਦਾ ਇਹ ਆਖਰੀ ਸੈੱਟ ਹੋਵੇਗਾ।
ਕਾਂਗਰਸ ਜਿੱਥੇ ਰਾਜਸਥਾਨ ਤੇ ਛੱਤੀਸਗੜ੍ਹ ‘ਚ ਸੱਤਾ ਵਿਚ ਹੈ, ਉਥੇ ਮੱਧ ਪ੍ਰਦੇਸ਼ ਵਿਚ ਭਾਜਪਾ, ਤਿਲੰਗਾਨਾ ਵਿੱਚ ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ) ਤੇ ਮਿਜ਼ੋਰਮ ਵਿਚ ਮਿਜ਼ੋ ਨੈਸ਼ਨਲ ਫਰੰਟ (ਐੱਮਐੱਨਐੱਫ) ਪਾਰਟੀ ਦੀ ਸਰਕਾਰ ਹੈ। ਸੀਈਸੀ ਨੇ ਕਿਹਾ ਕਿ ਇਨ੍ਹਾਂ ਪੰਜ ਰਾਜਾਂ ਵਿੱਚ 1.77 ਲੱਖ ਪੋਲਿੰਗ ਸਟੇਸ਼ਨ ਸਥਾਪਤ ਕੀਤੇ ਜਾਣਗੇ ਤੇ ਇਨ੍ਹਾਂ ਵਿਚੋਂ 1.01 ਲੱਖ ਵਿੱਚ ਵੈੱਬਕਾਸਟਿੰਗ ਦੀ ਸਹੂਲਤ ਉਪਲੱਬਧ ਰਹੇਗੀ। ਉਨ੍ਹਾਂ ਕਿਹਾ ਕਿ ਅੱਠ ਹਜ਼ਾਰ ਤੋਂ ਵੱਧ ਪੋਲਿੰਗ ਸਟੇਸ਼ਨਾਂ ਦਾ ਪ੍ਰਬੰਧ ਮਹਿਲਾਵਾਂ ਹੱਥ ਰਹੇਗਾ।
ਰਾਜੀਵ ਕੁਮਾਰ ਨੇ ਕਿਹਾ, ”ਅਸੀਂ ਛੇ ਮਹੀਨਿਆਂ ਦੇ ਵਕਫ਼ੇ ਮਗਰੋਂ ਇਥੇ ਇਕੱਠੇ ਹੋਏ ਹਾਂ। ਇਹ ਚੋਣਾਂ ਦੇਸ਼ ਲਈ ਬਹੁਤ ਅਹਿਮ ਹਨ ਅਤੇ ਇਸ ਮਗਰੋਂ, ਅਸੀਂ ਲੋਕ ਸਭਾ ਚੋਣਾਂ ਦੇ ਐਲਾਨ ਲਈ ਮਿਲਾਂਗੇ।” ਉਨ੍ਹਾਂ ਕਿਹਾ, ”ਮਿਜ਼ੋਰਮ, ਛੱਤੀਸਗੜ੍ਹ, ਰਾਜਸਥਾਨ, ਮੱਧ ਪ੍ਰਦੇਸ਼ ਤੇ ਤਿਲੰਗਾਨਾ ਵਿਚ ਅਸੈਂਬਲੀ ਚੋਣਾਂ ਦੀ ਤਿਆਰੀ ਮੌਕੇ ਅਸੀਂ ਸਿਆਸੀ ਪਾਰਟੀਆਂ ਤੇ ਐੱਨਫੋਰਸਮੈਂਟ ਏਜੰਸੀਆਂ ਸਣੇ ਸਾਰੇ ਸਬੰਧਤ ਭਾਈਵਾਲਾਂ ਨੂੰ ਮਿਲੇ।” ਉਨ੍ਹਾਂ ਕਿਹਾ ਕਿ ਛੱਤੀਸਗੜ੍ਹ, ਰਾਜਸਥਾਨ, ਮੱਧ ਪ੍ਰਦੇਸ਼, ਤਿਲੰਗਾਨਾ ਤੇ ਮਿਜ਼ੋਰਮ ਵਿੱਚ 8.2 ਕਰੋੜ ਪੁਰਸ਼ ਤੇ 7.8 ਕਰੋੜ ਮਹਿਲਾ ਵੋਟਰ ਹਨ। ਪਹਿਲੀ ਵਾਰ ਵੋਟ ਪਾਉਣ ਵਾਲਿਆਂ ਦਾ ਅੰਕੜਾ 60.2 ਲੱਖ ਹੈ। ਉਨ੍ਹਾਂ ਕਿਹਾ ਕਿ ਨਿਰਪੱਖ ਚੋਣਾਂ ਯਕੀਨੀ ਬਣਾਉਣ ਲਈ ਅਸੈਂਬਲੀ ਚੋਣਾਂ ਵਾਸਤੇ ਨਵਾਂ ਇਲੈਕਸ਼ਨ ਸੀਜ਼ਰ ਮੈਨੇਜਮੈਂਟ ਸਿਸਟਮ ਲਿਆਂਦਾ ਗਿਆ ਹੈ।
ਭਾਜਪਾ ਤੇ ਭਾਈਵਾਲਾਂ ਦੀ ਸਿਆਸੀ ਵਿਦਾਇਗੀ ਦਾ ਐਲਾਨ ਹੋਇਆ : ਖੜਗੇ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਪੰਜ ਰਾਜਾਂ ਛੱਤੀਸਗੜ੍ਹ, ਮੱਧ ਪ੍ਰਦੇਸ਼, ਰਾਜਸਥਾਨ, ਤੇਲੰਗਾਨ ਅਤੇ ਮਿਜ਼ੋਰਮ ਵਿੱਚ ਚੋਣਾਂ ਦੇ ਐਲਾਨ ਨਾਲ ਭਾਰਤੀ ਜਨਤਾ ਪਾਰਟੀ ਅਤੇ ਇਸ ਦੇ ਭਾਈਵਾਲਾਂ ਦੀ ਸਿਆਸੀ ਵਿਦਾਇਗੀ ਦਾ ਵੀ ਐਲਾਨ ਹੋ ਗਿਆ ਹੈ। ਮਲਿਕਾਰਜੁਨ ਖੜਗੇ ਨੇ ਐਕਸ ਯਾਨੀ ਟਵਿੱਟਰ ‘ਤੇ ‘ਤੇ ਇਕ ਪੋਸਟ ਵਿੱਚ ਕਿਹਾ ਕਿ ਕਾਂਗਰਸ ਪਾਰਟੀ ਆਪਣੀ ਪੂਰੀ ਤਾਕਤ ਨਾਲ ਲੋਕਾਂ ਕੋਲ ਜਾਵੇਗੀ ਅਤੇ ਉਨ੍ਹਾਂ ਨੂੰ ਲੋਕ ਭਲਾਈ, ਸਮਾਜਿਕ ਨਿਆਂ ਤੇ ਪ੍ਰਗਤੀਸ਼ਾਲੀ ਵਿਕਾਸ ਬਾਰੇ ਆਪਣੀਆਂ ਗਾਰੰਟੀਆਂ ਤੋਂ ਜਾਣੂ ਕਰਵਾਏਗੀ।
ਭਾਜਪਾ ਸਾਰੇ ਰਾਜਾਂ ‘ਚ ਵੱਡੇ ਬਹੁਮਤ ਨਾਲ ਸਰਕਾਰ ਬਣਾਏਗੀ : ਨੱਢਾ : ਭਾਜਪਾ ਪ੍ਰਧਾਨ ਜੇ.ਪੀ.ਨੱਢਾ ਨੇ ਪੰਜ ਰਾਜਾਂ ਵਿੱਚ ਅਸੈਂਬਲੀ ਚੋਣਾਂ ਦੇ ਐਲਾਨ ਦਾ ਸਵਾਗਤ ਕਰਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਵੱਡੇ ਬਹੁਮਤ ਨਾਲ ਇਨ੍ਹਾਂ ਰਾਜਾਂ ਵਿੱਚ ਸਰਕਾਰ ਬਣਾਏਗੀ। ਨੱਢਾ ਨੇ ਚੋਣ ਕਮਿਸ਼ਨ ਦੇ ਐਲਾਨ ਮਗਰੋਂ ਐਕਸ ‘ਤੇ ਇਕ ਪੋਸਟ ਵਿੱਚ ਕਿਹਾ, ”ਭਾਜਪਾ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਵੱਡੇ ਬਹੁਮਤ ਨਾਲ ਸਾਰੇ ਰਾਜਾਂ ਵਿੱਚ ਸਰਕਾਰ ਬਣਾਏਗੀ ਤੇ ਲੋਕਾਂ ਦੀਆਂ ਇੱਛਾਵਾਂ ਪੂਰੀ ਕਰਨ ਲਈ ਅਗਲੇ ਪੰਜ ਸਾਲ ਵਚਨਬੱਧਤਾ ਨਾਲ ਕੰਮ ਕਰੇਗੀ।”
ਜੰਮੂ ਕਸ਼ਮੀਰ ‘ਚ ਸੁਰੱਖਿਆ ਹਾਲਾਤ ਦੀ ਸਮੀਖਿਆ ਮਗਰੋਂ ਕਰਾਵਾਂਗੇ ਚੋਣਾਂ : ਚੋਣ ਕਮਿਸ਼ਨ : ਚੋਣ ਕਮਿਸ਼ਨ ਨੇ ਕਿਹਾ ਕਿ ਜੰਮੂ ਕਸ਼ਮੀਰ ‘ਚ ਸੁਰੱਖਿਆ ਹਾਲਾਤ ਨੂੰ ਧਿਆਨ ‘ਚ ਰੱਖਦਿਆਂ ਸਹੀ ਸਮੇਂ ‘ਤੇ ਚੋਣਾਂ ਕਰਾਈਆਂ ਜਾਣਗੀਆਂ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਕਰਨ ਲਈ ਪੱਤਰਕਾਰ ਸੰਮੇਲਨ ਦੌਰਾਨ ਇਹ ਟਿੱਪਣੀ ਕੀਤੀ। ਉੱਧਰ ਨੈਸ਼ਨਲ ਕਾਨਫਰੰਸ ਦੇ ਮੀਤ ਪ੍ਰਧਾਨ ਉਮਰ ਅਬਦੁੱਲ੍ਹਾ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਜੰਮੂ ਕਸ਼ਮੀਰ ‘ਚ ਵਿਧਾਨ ਸਭਾ ਚੋਣਾਂ ਦੀਆਂ ਤਾਰੀਕਾਂ ਦਾ ਐਲਾਨ ਨਾ ਕੀਤੇ ਜਾਣ ਕਾਰਨ ਲੋਕਾਂ ਨੂੰ ਚੁਣੀ ਹੋਈ ਸਰਕਾਰ ਦਾ ਆਪਣਾ ਹੱਕ ਹਾਸਲ ਕਰਨ ਲਈ ਸੜਕਾਂ ‘ਤੇ ਉੱਤਰਨ ਲਈ ਮਜਬੂਰ ਹੋਣਾ ਪੈ ਸਕਦਾ ਹੈ।
ਪੰਜਾਬ ਦੀਆਂ 5 ਨਗਰ ਨਿਗਮਾਂ ‘ਚ 15 ਨਵੰਬਰ ਤੱਕ ਹੋਣਗੀਆਂ ਚੋਣਾਂ
ਚੰਡੀਗੜ੍ਹ : ਪੰਜਾਬ ਵਿਚ ਨਗਰ ਨਿਗਮ ਚੋਣਾਂ ਦਾ ਬਿਗੁਲ ਵੱਜ ਗਿਆ ਹੈ। ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੇ ਚੋਣ ਕਮਿਸ਼ਨ ਨੂੰ ਸੂਬੇ ਵਿਚ ਪੰਜ ਨਗਰ ਨਿਗਮਾਂ ਦੀਆਂ ਚੋਣਾਂ ਕਰਵਾਉਣ ਲਈ ਪੱਤਰ ਲਿਖਿਆ ਹੈ। ਇਹ ਪੱਤਰ ਸਥਾਨਕ ਸਰਕਾਰਾਂ ਵਿਭਾਗ ਵਲੋਂ ਚੋਣ ਕਮਿਸ਼ਨ ਨੂੰ ਲਿਖਿਆ ਗਿਆ ਹੈ ਅਤੇ ਵਿਭਾਗ ਨੇ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਨਿਰਦੇਸ਼ਾਂ ਤੋਂ ਬਾਅਦ ਪੰਜਾਬ ਸਰਕਾਰ ਇਨ੍ਹਾਂ ਚੋਣਾਂ ਨੂੰ ਲੈ ਕੇ ਹਰਕਤ ਵਿਚ ਆ ਗਈ ਹੈ। ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ ਅਤੇ ਫਗਵਾੜਾ ਵਿਚ ਨਗਰ ਨਿਗਮ ਚੋਣਾਂ ਹੋਣੀਆਂ ਹਨ ਅਤੇ ਰਾਜਪਾਲ ਨੇ ਪੰਜਾਬ ਸਰਕਾਰ ਨੂੰ ਇਹ ਚੋਣਾਂ 15 ਨਵੰਬਰ ਤੋਂ ਪਹਿਲਾਂ ਕਰਵਾਉਣ ਲਈ ਕਿਹਾ ਹੈ। ਦਰਅਸਲ ਮਾਰਚ 2023 ਤੋਂ ਇਹ ਚੋਣਾਂ ਪੈਂਡਿੰਗ ਚੱਲ ਰਹੀਆਂ ਸਨ ਅਤੇ ਵਾਰਡਬੰਦੀ ਦਾ ਕੰਮ ਪੂਰਾ ਨਾ ਹੋਣ ਦੇ ਕਾਰਣ ਇਹ ਚੋਣਾਂ ਲਗਾਤਾਰ ਲੇਟ ਹੋ ਰਹੀਆਂ ਸਨ। ਪੰਜਾਬ ਦੇ ਰਾਜਪਾਲ ਨੇ ਸੂਬੇ ਵਿਚ ਨਗਰ ਨਿਗਮ ਚੋਣਾਂ ਤੋਂ ਇਲਾਵਾ 27 ਨਗਰ ਪਰਿਸ਼ਦਾਂ ਦੀਆਂ ਚੋਣਾਂ ਕਰਵਾਉਣ ਨੂੰ ਵੀ ਮਨਜੂਰੀ ਦੇ ਦਿੱਤੀ ਹੈ।

Check Also

ਲਿਬਰਲ ਪਾਰਟੀ ਵੱਲੋਂ ਪੇਸ਼ ਕੀਤੇ ਗਏ ਬਜਟ ਤੋਂ ਬਹੁਤੇ ਕੈਨੇਡਾ ਵਾਸੀ ਨਾ ਖੁਸ਼

ਓਟਵਾ/ਬਿਊਰੋ ਨਿਊਜ਼ : ਇੱਕ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਲਿਬਰਲਾਂ ਵੱਲੋਂ ਪੇਸ਼ ਕੀਤੇ …