ਬਾਦਲ ਪਿਓ-ਪੁੱਤ ਪੰਥ ‘ਚੋਂ ਛੇਕੇ
ਤਲਵੰਡੀ ਸਾਬੋ/ਬਿਊਰੋ ਨਿਊਜ਼
ਪੰਥਕ ਧਿਰਾਂ ਨੇ 6 ਦਸੰਬਰ ਤੋਂ ਸਥਾਨਕ ਨੱਤ ਰੋਡ ‘ਤੇ ਸਰਬੱਤ ਖ਼ਾਲਸਾ ਵਾਲੀ ਜਗ੍ਹਾ ਉਪਰ ਪੁਲਿਸ ਪ੍ਰਸ਼ਾਸਨ ਨੂੰ ਝਕਾਨੀ ਦੇ ਕੇ ਆਰੰਭ ਕੀਤੇ ਅਖੰਡ ਪਾਠ ਦੇ ਭੋਗ ਵੀਰਵਾਰ ਨੂੰ ਤਣਾਅ ਭਰੇ ਮਾਹੌਲ ਵਿੱਚ ਪਾ ਦਿੱਤੇ। ਮੁਤਵਾਜ਼ੀ ਜਥੇਦਾਰਾਂ ਦੀ ਗ਼ੈਰਹਾਜ਼ਰੀ ਵਿੱਚ ਪ੍ਰਬੰਧਕਾਂ ਨੇ ਬਾਦਲ ਪਿਓ-ਪੁੱਤ ਸਣੇ ਪੂਰੇ ਬਾਦਲ ਪਰਿਵਾਰ ਨੂੰ ਪੰਥ ਵਿੱਚੋਂ ਛੇਕ ਕੇ ਬਾਈਕਾਟ ਕਰਨ ਅਤੇ ਭੋਗ ਨੂੰ ਸਰਬੱਤ ਖ਼ਾਲਸਾ ਦੱਸਦਿਆਂ ਖ਼ਾਲਿਸਤਾਨ ਦੀ ਲੋਕਤੰਤਰੀ ਢੰਗ ਨਾਲ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਇਸੇ ਦੌਰਾਨ ਸੰਗਤਾਂ ਨੇ ਮੁਤਵਾਜ਼ੀ ਜਥੇਦਾਰਾਂ ਤੇ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਰਿਹਾਈ ਲਈ ਖੰਡਾ ਚੌਕ ‘ਚ ਧਰਨਾ ਲਾ ਕੇ ਜਾਮ ਲਾਇਆ, ਜੋ ਦੇਰ ਸ਼ਾਮ ਪੁਲਿਸ ਨੇ ਮੁਤਵਾਜ਼ੀ ਜਥੇਦਾਰਾਂ ਨੂੰ ਰਿਹਾਅ ਕਰਵਾ ਕੇ ਚੁਕਾ ਦਿੱਤਾ। ਮੁਤਵਾਜ਼ੀ ਜਥੇਦਾਰਾਂ ਨੇ ਬਾਦਲ ਪਰਿਵਾਰ ਨੂੰ ਪੰਥ ‘ਚੋਂ ਛੇਕਣ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਲਈ ਵੀ ਕਿਹਾ।
ਪੁਲਿਸ ਨੇ ਵੀਰਵਾਰ ਨੂੰ ਸਰਬੱਤ ਖ਼ਾਲਸਾ ਵਾਲੀ ਜਗ੍ਹਾ ਦੀ ਘੇਰਾਬੰਦੀ ਅਤੇ ਵੱਖ-ਵੱਖ ਥਾਵਾਂ ‘ਤੇ ਨਾਕਾਬੰਦੀ ਕਰਕੇ ਸਿੱਖ ਸੰਗਤਾਂ ਨੂੰ ਜਾਣ ਤੋਂ ਰੋਕਣ ਲਈ ਪੂਰੀ ਵਾਹ ਲਾਈ, ਪਰ ਫਿਰ ਵੀ ਵੱਡੀ ਗਿਣਤੀ ਸੰਗਤਾਂ ਪੁਲਿਸ ਨੂੰ ਚਕਮਾ ਦੇ ਕੇ ਲੰਘੀ ਰਾਤ ਹੀ ਪੁੱਜ ਗਈਆਂ। ਪੁਲਿਸ ਨੇ ਕਈ ਥਾਈਂ ਸਿੱਖ ਸੰਗਤਾਂ ਨੂੰ ਹਿਰਾਸਤ ਵਿੱਚ ਵੀ ਲਿਆ, ਪਰ ਐਨ ਭੋਗ ਮੌਕੇ ਪੁਲਿਸ ਵੱਲੋਂ ਦਿੱਤੀ ਗਈ ਖੁੱਲ੍ਹ ਦੇ ਚੱਲਦਿਆਂ ਵੱਡੀ ਗਿਣਤੀ ਸੰਗਤਾਂ ਸਮਾਗਮ ਵਾਲੀ ਥਾਂ ਪੁੱਜ ਗਈਆਂ। ਹਾਲਾਂਕਿ ਪੁਲਿਸ ਨੇ ਕਿਸੇ ਵੱਡੇ ਆਗੂ ਜਾਂ ਮੁਤਵਾਜ਼ੀ ਜਥੇਦਾਰਾਂ ਨੂੰ ਸਮਾਗਮ ਦੇ ਨੇੜੇ ਤੇੜੇ ਵੀ ਨਹੀਂ ਢੁੱਕਣ ਦਿੱਤਾ। ਕਿਸੇ ਅਣਸੁਖਾਵੀਂ ਘਟਨਾ ਦੇ ਮੱਦੇਨਜ਼ਰ ਬਠਿੰਡਾ ਰੇਂਜ ਦੇ ਆਈਜੀ ਨੇ ਖੁਦ ਸੁਰੱਖਿਆ ਪ੍ਰਬੰਧਾਂ ਦੀ ਦੇਖ ਰੇਖ ਕੀਤੀ।
ਅਖੰਡ ਪਾਠ ਦੇ ਭੋਗ ਉਪਰੰਤ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਭਾਈ ਈਮਾਨ ਸਿੰਘ ਮਾਨ ਅਤੇ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਮੌਜੂਦਾ ਬਾਦਲ ਸਰਕਾਰ ਦੀ ਤੁਲਨਾ ਅਬਦਾਲੀ ਅਤੇ ਜ਼ਕਰੀਆਂ ਖਾਂ ਨਾਲ ਕੀਤੀ। ਉਨ੍ਹਾਂ ਪੰਜਾਬ ਵਿੱਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦੋਸ਼ੀ ਠਹਿਰਾਇਆ। ਉਨ੍ਹਾਂ ਬੇਅਦਬੀ ਕਾਂਡ ਦੀ ਜਾਂਚ ਲਈ ਬਣਾਏ ਜੋਰਾ ਸਿੰਘ ਕਮਿਸ਼ਨ ਅਤੇ ਸੀਬੀਆਈ ਜਾਂਚ ਨੂੰ ਅੱਖਾਂ ਵਿੱਚ ਘੱਟਾ ਪਾਉਣ ਦੇ ਤੁੱਲ ਦੱਸਿਆ। ਭਾਈ ਕਾਹਨ ਸਿੰਘ ਵਾਲਾ ਨੇ ਇਕੱਠ ਨੂੰ ਸਰਬੱਤ ਖ਼ਾਲਸਾ ਐਲਾਨਦਿਆਂ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਅਤੇ ਬਹਿਬਲ ਕਲਾਂ ਗੋਲੀਕਾਂਡ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।
ਮੁਤਵਾਜ਼ੀ ਜਥੇਦਾਰਾਂ ਦੀ ਰਿਹਾਈ ਤੱਕ ਲਾਇਆ ਧਰਨਾ
ਪੁਲਿਸ ਵੱਲੋਂ ਮੁਤਵਾਜ਼ੀ ਜਥੇਦਾਰਾਂ ਤੇ ਸਿਮਰਨਜੀਤ ਮਾਨ ਸਮੇਤ ਹੋਰਨਾਂ ਸਿੱਖ ਆਗੂਆਂ ਨੂੰ ਗ੍ਰਿਫਤਾਰ ਕਰਨ ਬਾਰੇ ਪਤਾ ਲੱਗਾ ਤਾਂ ਸੰਗਤਾਂ ਨੇ ਸਥਾਨਕ ਖੰਡਾ ਚੌਂਕ ਵਿੱਚ ਧਰਨਾ ਲਾ ਕੇ ਜਾਮ ਲਾਇਆ। ਇਸ ਦੌਰਾਨ ਸੰਗਤ ‘ਚ ਸ਼ਾਮਲ ਸਿੱਖ ਨੌਜਵਾਨਾਂ ਨੇ ਚੌਕ ਵਿੱਚ ਲੱਗੇ ਪੰਜਾਬ ਸਰਕਾਰ ਦੇ ਹੋਰਡਿੰਗਾਂ ਨੂੰ ਨੁਕਸਾਨ ਪਹੁੰਚਾਇਆ। ਪੁਲਿਸ ਵੱਲੋਂ ਮਗਰੋਂ ਤਿੰਨੋਂ ਮੁਤਵਾਜ਼ੀ ਜਥੇਦਾਰਾਂ ਨੂੰ ਧਰਨੇ ਵਾਲੀ ਥਾਂ ਲਿਆ ਕੇ ਰਿਹਾਅ ਕਰਨ ਤੋਂ ਬਾਅਦ ਸੰਗਤਾਂ ਨੇ ਧਰਨਾ ਚੁੱਕ ਦਿੱਤਾ। ਉਂਜ, ਪੁਲਿਸ ਨੇ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਮਾਨ ਦੀ ਰਿਹਾਈ ਸਬੰਧੀ ਕੁਝ ਨਹੀਂ ਦੱਸਿਆ।ਜ਼ਿਕਰਯੋਗ ਹੈ ਕਿ ਜਿਸ ਪਾਲਕੀ ਸਾਹਿਬ ਵਿਚ ਮੰਗਲਵਾਰ ਨੂੰ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸਨ ਪੁਲਿਸ ਉਸ ਗੱਡੀ ਨੂੰ ਵੀ ਜਦੋਂ ਲੈਣ ਆਈ ਤਾਂ ਸਿੱਖ ਨੌਜਵਾਨਾਂ ਨੇ ਗੱਡੀ ਦੇ ਟਾਇਰਾਂ ਦੀ ਹਵਾ ਕੱਢ ਦਿੱਤੀ ਸੀ।
ਬਾਦਲਾਂ ਨੇ ਫਿੱਕੀ ਰੈਲੀ ‘ਚ ਹੀ ਵਜਾਇਆ ਚੋਣ ਬਿਗਲ
ਮੋਗਾ : ਸ਼੍ਰੋਮਣੀ ਅਕਾਲੀ ਦਲ ਵੱਲੋਂ ਮੋਗਾ ‘ਚ ਕੀਤੀ ਗਈ ‘ਪਾਣੀ ਬਚਾਓ ਪੰਜਾਬ ਬਚਾਓ’ ਰੈਲੀ ਨੂੰ ਪੰਜਾਬੀਆਂ ਨੇ ਵੱਡਾ ਹੁੰਗਾਰਾ ਨਹੀਂ ਦਿੱਤਾ। ਅਕਾਲੀ ਦਲ ਵਲੋਂ ਇਸ ਰੈਲੀ ਵਿੱਚ ਪੰਜ ਲੱਖ ਤੋਂ ਵੱਧ ਇਕੱਠ ਕਰਨ ਦਾ ਦਾਅਵਾ ਕੀਤਾ ਗਿਆ ਸੀ ਪਰ ਰਿਪੋਰਟਾਂ ਮੁਤਾਬਕ ਇਹ ਇਕੱਠ 40 ਤੋਂ 50 ਹਜ਼ਾਰ ਦੇ ਕਰੀਬ ਸੀ।ਇੰਝ ਬਾਦਲਾਂ ਦੀ ਅਗਵਾਈ ਵਾਲੀ ਅਕਾਲੀ ਦਲ ਪਾਰਟੀ ਨੇ ਇਸ ਫਿੱਕੀ ਰੈਲੀ ਵਿਚ ਹੀ ਆਪਣਾ ਚੋਣ ਬਿਗਲ ਵਜਾ ਦਿੱਤਾ। ਰੈਲੀ ਬੇਸ਼ੱਕ ਪਾਣੀਆਂ ਦੇ ਮੁੱਦੇ ‘ਤੇ ਸੀ ਪਰ ਵਧਾਈਆਂ ਸਭ ਪ੍ਰਕਾਸ਼ ਸਿੰਘ ਬਾਦਲ ਨੂੰ 90ਵੇਂ ਜਨਮ ਦਿਨ ਦੀਆਂ ਦੇ ਰਹੇ ਸਨ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …