-3.7 C
Toronto
Thursday, January 22, 2026
spot_img
Homeਕੈਨੇਡਾਭਾਰਤੀ ਕੌਂਸਲੇਟ ਜਨਰਲ ਵੱਲੋਂ ਤ੍ਰਿਵੈਣੀ ਮੰਦਰ ਵਿਖੇ ਲਗਾਇਆ ਗਿਆ 'ਲਾਈਫ਼ ਸਰਟੀਫਿਕੇਟ' ਬਨਾਉਣ...

ਭਾਰਤੀ ਕੌਂਸਲੇਟ ਜਨਰਲ ਵੱਲੋਂ ਤ੍ਰਿਵੈਣੀ ਮੰਦਰ ਵਿਖੇ ਲਗਾਇਆ ਗਿਆ ‘ਲਾਈਫ਼ ਸਰਟੀਫਿਕੇਟ’ ਬਨਾਉਣ ਦਾ ਕੈਂਪ

ਬਰੈਂਪਟਨ/ਡਾ. ਝੰਡ : ਭਾਰਤੀ ਪੈੱਨਸ਼ਨਰਾਂ ਲਈ ਟੋਰਾਂਟੋ ਸਥਿਤ ਕੌਂਸਲੇਟ ਜਨਰਲ ਆਫ਼ ਇੰਡੀਆ ਵੱਲੋਂ ਹਰ ਸਾਲ ਨਵੰਬਰ ਮਹੀਨੇ ਵਿਚ ਟੋਰਾਂਟੋ ਦੇ ਆਸ-ਪਾਸ ਦੇ ਸ਼ਹਿਰਾਂ ਵਿਚ ਕੈਂਪ ਲਗਾ ਕੇ ਲਾਈਫ਼ ਸਰਟੀਫ਼ੀਕੇਟ ਬਣਾਏ ਜਾਂਦੇ ਹਨ ਜਿਸ ਨਾਲ ਪੈੱਨਸ਼ਨਰਾਂ ਨੂੰ ਭਾਰਤ ਵਿਚਲੀ ਆਪਣੀ ਪੈੱਨਸ਼ਨ ਜਾਰੀ ਰੱਖਣ ਲਈ ਇਹ ਲੋੜੀਂਦਾ ਸਰਟੀਫ਼ੀਕੇਟ ਪ੍ਰਾਪਤ ਕਰਨ ਵਿਚ ਕਾਫ਼ੀ ਸਹੂਲਤ ਹੋ ਜਾਂਦੀ ਹੈ।
ਇਸ ਮੰਤਵ ਲਈ ਇਸ ਦਫ਼ਤਰ ਵੱਲੋਂ ਇਸ ਸਾਲ ਵੱਖ-ਵੱਖ ਥਾਵਾਂ ‘ਤੇ 15 ਕੈਂਪ ਲਗਾਏ ਗਏ। ਅਜਿਹਾ ਹੀ ਇਕ ਕੈਂਪ ਬੀਤੇ ਐਤਵਾਰ 19 ਨਵੰਬਰ ਨੂੰ ਚਿੰਗੂਆਕੂਜ਼ੀ ਡੇਵਿਡ ਸਕੂਲ ਦੇ ਸਾਹਮਣੇ ਤ੍ਰਿਵੈਣੀ ਮੰਦਰ ਵਿਚ ਲਗਾਇਆ ਗਿਆ।
ਇੱਥੇ ਇਹ ਜ਼ਿਕਰਯੋਗ ਹੈ ਕਿ ਇਸ ਦਿਨ ਇਸ ਦਫ਼ਤਰ ਵੱਲੋਂ ਇਸ ਮੰਦਰ ਅਤੇ ਹਿੰਦੂ ਹੈਰੀਟੇਜ ਸੈਂਟਰ ਮਿਸੀਸਾਗਾ ਵਿਖੇ ਇੱਕੋ ਸਮੇਂ ਦੋ ਥਾਵਾਂ ‘ਤੇ ਇਹ ਕੈਂਪ ਨਾਲੋ ਨਾਲ ਚੱਲ ਰਹੇ ਸਨ। ਤ੍ਰਿਵੈਣੀ ਮੰਦਰ ਵਾਲੇ ਕੈਂਪ ਦੇ ਇੰਚਾਰਜ ਗੁਰਵਿੰਦਰ ਸਿੰਘ ਮਰਵਾਹਾ ਸਨ ਜੋ ਆਪਣੀ ਪੰਜ-ਮੈਂਬਰੀ ਟੀਮ ਨਾਲ ਸਵੇਰੇ 10.00 ਵਜੇ ਇਸ ਕੈਂਪ ਵਿਚ ਪਹੁੰਚ ਗਏ ਅਤੇ ਆਪਣੀ ਟੀਮ ਅਤੇ ਵਾਲੰਟੀਅਰਾਂ ਦੀ ਮਦਦ ਨਾਲ ਬਾਅਦ ਦੁਪਹਿਰ 2.30 ਵਜੇ ਤੱਕ ਉਨ੍ਹਾਂ ਨੇ 200 ਤੋਂ ਵਧੀਕ ਪੈੱਨਸ਼ਨਰਾਂ ਨੂੰ ਲੋੜੀਂਦੇ ਲਾਈਫ਼ ਸਰਟੀਫ਼ੀਕੇਟ ਜਾਰੀ ਕਰ ਦਿੱਤੇ।
ਸਟਾਫ਼ ਮੈਂਬਰਾਂ ਵੱਲੋਂ ਇਹ ਸਾਰਾ ਕੰਮ ਬੜੀ ਸੁਚੱਜਤਾ ਨਾਲ ਸ਼ਾਂਤੀ ਪੂਰਵਕ ਸਿਰੇ ਚੜ੍ਹਾਇਆ ਗਿਆ।
ਇਸ ਦੌਰਾਨ ਵ੍ਹੀਲ-ਚੇਅਰ ਵਾਲਿਆਂ ਨੂੰ ਪਹਿਲ ਦੇ ਆਧਾਰ ‘ਤੇ ਇਹ ਸਰਟੀਫ਼ੀਕੇਟ ਬਣਾ ਕੇ ਦਿੱਤੇ ਗਏ। ਜਿਹੜੇ ਪੈੱਨਸ਼ਨਰ ਸਰਟੀਫ਼ੀਕੇਟਾਂ ਲਈ ਲੋੜੀਂਦੇ ਫ਼ਾਰਮ ਆਪਣੇ ਨਾਲ ਨਹੀਂ ਲਿਆਏ ਸਨ, ਉਨ੍ਹਾਂ ਨੂੰ ਇਹ ਖ਼ਾਲੀ ਫ਼ਾਰਮ ਮੰਦਰ ਦੇ ਪ੍ਰਬੰਧਕਾਂ ਵੱਲੋਂ ਮੁਹੱਈਆ ਕੀਤੇ ਗਏ। ਬੋਨੀ ਸੀਨੀਅਰਜ਼ ਕਲੱਬ ਦੇ ਚਾਰ ਮੈਂਬਰ ਇਹ ਫ਼ਾਰਮ ਭਰਨ ਦੀ ਸੇਵਾ ਨਿਭਾ ਰਹੇ ਸਨ। ਮੰਦਰ ਵੱਲੋਂ ਪੈੱਨਸ਼ਨਰਾਂ ਅਤੇ ਉਨ੍ਹਾਂ ਦੇ ਨਾਲ ਆਉਣ ਵਾਲਿਆਂ ਲਈ ਚਾਹ-ਪਾਣੀ ਅਤੇ ਲੰਗਰ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਅਤੇ ਮੰਦਰ ਦੇ ਸਾਰੇ ਸੇਵਾਦਾਰਾਂ ਨੇ ਇਹ ਸੇਵਾ ਬਾਖ਼ੂਬੀ ਨਿਭਾਈ। ਸਾਰੇ ਪੈੱਨਸ਼ਨਰ ਆਪਣੇ ਇਹ ਸਰਟੀਫ਼ੀਕੇਟ ਲੈ ਕੇ ਬੜੇ ਖ਼ੁਸ਼ੀ-ਖ਼ੁਸ਼ੀ ਆਪਣੇ ਘਰਾਂ ਨੂੰ ਪਰਤ ਰਹੇ ਸਨ। ਮੰਦਰ ਦੇ ਮੁੱਖ-ਪ੍ਰਬੰਧਕ ਤੇ ਸੀਈਓ ਡਾ. ਪੰਡਤ ਯੁਧਿਸ਼ਟਰ ਜੀ, ਉਨ੍ਹਾਂ ਦੇ ਸਾਥੀ ਸੇਵਾਦਾਰ ਅਤੇ ਸਮੂਹ ਵਾਲੰਟੀਅਰ ਇਸ ਸ਼ੁਭ-ਕਾਰਜ ਲਈ ਵਧਾਈ ਦੇ ਹੱਕਦਾਰ ਹਨ।
ਬੋਨੀ ਸੀਨੀਅਰਜ਼ ਕਲੱਬ ਦੇ ਪ੍ਰਧਾਨ ਕੈਪਟਨ ਇਕਬਾਲ ਸਿੰਘ ਵਿਰਕ ਵੱਲੋਂ ਕੌਂਸਲੇਟ ਜਨਰਲ ਦੇ ਸਟਾਫ਼ ਮੈਂਬਰਾਂ ਅਤੇ ਸਮੂਹ ਪ੍ਰਬੰਧਕਾਂ ਤੇ ਵਾਲੰਟੀਅਰਾਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ।

 

RELATED ARTICLES
POPULAR POSTS