-4.8 C
Toronto
Wednesday, December 31, 2025
spot_img
Homeਪੰਜਾਬਨਵਜੋਤ ਸਿੱਧੂ ਤੇ ਭਗਵੰਤ ਮਾਨ ਦੀ ਹੋਈ ਮੀਟਿੰਗ ਨੇ ਛੇੜੀ ਚਰਚਾਾ

ਨਵਜੋਤ ਸਿੱਧੂ ਤੇ ਭਗਵੰਤ ਮਾਨ ਦੀ ਹੋਈ ਮੀਟਿੰਗ ਨੇ ਛੇੜੀ ਚਰਚਾਾ

ਸਿੱਧੂ ਨੇ ਹੁਣ ਭਗਵੰਤ ਮਾਨ ਦੀਆਂ ਕੀਤੀਆਂ ਤਾਰੀਫਾਂ
ਕਿਹਾ : ਮੇਰੀ ਲੜਾਈ ਵੀ ਸਿਸਟਮ ਦੇ ਖਿਲਾਫ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੀ ਸੋਮਵਾਰ ਨੂੰ ਚੰਡੀਗੜ੍ਹ ਵਿਚ ਸਿਵਲ ਸਕੱਤਰੇਤ ਵਿਖੇ ਮੀਟਿੰਗ ਹੋਈ ਹੈ। ਇਸ ਮੀਟਿੰਗ ਤੋਂ ਬਾਅਦ ਨਵਜੋਤ ਸਿੱਧੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਦੀਆਂ ਤਾਰੀਫਾਂ ਕੀਤੀਆਂ ਹਨ। ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਿਚ ਕੋਈ ਵੀ ਹਾਉਮੈ ਹੰਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਗੱਦਾਰਾਂ ਦਾ ਵਕਤ ਆ ਗਿਆ ਅਤੇ ਮੇਰੀ ਲੜਾਈ ਵੀ ਸਿਸਟਮ ਖਿਲਾਫ ਸੀ ਜੋ ਅੱਜ ਵੀ ਚੱਲਦੀ ਹੈ। ਸਿੱਧੂ ਨੇ ਕਿਹਾ ਕਿ ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਹੈ ਕਿ ਜਿਸ ਦਿਨ ਠੇਕੇਦਾਰੀ ਖਤਮ ਕਰ ਦਿਓਗੇ, ਉਸ ਦਿਨ ਪਿੱਛੇ ਖੜ੍ਹਾ ਸਿਆਸਤਦਾਨ ਡਿੱਗ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਦਰਦ ਮੈਂ ਪੰਜਾਬ ਲਈ ਮਹਿਸੂਸ ਕਰ ਰਿਹਾ ਹਾਂ, ਉਹੀ ਦਰਦ ਭਗਵੰਤ ਮਾਨ ਵੀ ਮਹਿਸੂਸ ਕਰ ਰਹੇ ਹਨ। ਇਸ ਮੀਟਿੰਗ ਨੇ ਸਿਆਸੀ ਹਲਕਿਆਂ ਵਿਚ ਨਵੀ ਚਰਚਾ ਵੀ ਛੇੜ ਦਿੱਤੀ ਹੈ ਕਿ ਸਿੱਧੂ ਹੁਣ ਫਿਰ ਪਾਰਟੀ ਬਦਲ ਸਕਦੇ ਹਨ। ਸਿੱਧੂ ਵਲੋਂ ਭਗਵੰਤ ਮਾਨ ਨਾਲ ਕਰੀਬ 50 ਮਿੰਟ ਮੁਲਾਕਾਤ ਕੀਤੀ ਗਈ, ਜਿਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਉਨ੍ਹਾਂ ਵਲੋਂ ਉਠਾਏ ਸਾਰੇ ਮੁੱਦੇ ਬੜੇ ਧਿਆਨ ਅਤੇ ਗਹੁ ਨਾਲ ਸੁਣੇ। ਸਿੱਧੂ ਨੇ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ 15 ਸਾਲ ਪਹਿਲਾਂ ਵਾਲੇ ਭਗਵੰਤ ਮਾਨ ਅਤੇ ਹੁਣ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ‘ਚ ਕੋਈ ਤਬਦੀਲੀ ਨਜ਼ਰ ਨਹੀਂ ਆਈ ਅਤੇ ਮੈਨੂੰ ਮਹਿਸੂਸ ਹੋਇਆ ਕਿ ਉਹ ਵੀ ਮੇਰੇ ਵਲੋਂ ਉਠਾਏ ਮੁੱਦਿਆਂ ਸੰਬੰਧੀ ਕੁਝ ਕਰਨ ਲਈ ਯਤਨਸ਼ੀਲ ਹਨ। ਉਨ੍ਹਾਂ ਕਿਹਾ ਕਿ ਠੇਕੇਦਾਰੀ ਮਗਰਲੇ ਸਿਆਸਤਦਾਨਾਂ ਨੂੰ ਨੰਗੇ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਸ਼ਰਾਬ, ਪੈਟਰੋਲ-ਡੀਜ਼ਲ ਤੇ ਰੇਤ ਨੂੰ ਜੀ.ਐਸ.ਟੀ. ਤੋਂ ਬਾਹਰ ਰੱਖੇ ਜਾਣ ‘ਤੇ ਵੀ ਇਤਰਾਜ਼ ਕੀਤਾ। ਸਿੱਧੂ ਨੇ ਦੱਸਿਆ ਕਿ ਮੈਨੂੰ ਲੱਗਦੈ ਕਿ ਭਗਵੰਤ ਮਾਨ ਕੇਬਲ ਮਾਫ਼ੀਆ ਨੂੰ ਵੀ ਤੋੜੇਗਾ ਅਤੇ ਮੈਨੂੰ ਇਹ ਵੀ ਮਹਿਸੂਸ ਹੋਇਆ ਪੰਜਾਬ ਲਈ ਜੋ ਦਰਦ ਮੈਨੂੰ ਹੈ ਉਹ ਉਸ ਨੂੰ ਵੀ ਹੈ, ਪ੍ਰੰਤੂ ਇਸ ‘ਤੇ ਇਕ ਹੀ ਚੈਨਲ ਦਾ ਏਕਾਧਿਕਾਰ ਕਿਉਂ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮੇਰੀ ਮੁੱਖ ਮੰਤਰੀ ਨਾਲ ਮੀਟਿੰਗ ਕੋਈ ਫੁੱਲਾਂ ਵਾਲੀ ਮੀਟਿੰਗ ਨਹੀਂ ਸੀ, ਬਲਕਿ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਨੂੰ ਬਦਲਣ ਵਾਲੀ ਸੀ। ਉਨ੍ਹਾਂ ਕਿਹਾ ਕਿ ਮੈਂ ਪਰਮਾਤਮਾ ਪੰਜਾਬ ਦੇ ਲੋਕਾਂ ਵਿਚ ਵੇਖਦਾ ਹਾਂ ਅਤੇ ਉਸੇ ਨੂੰ ਜਵਾਬਦੇਹ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਦੁਖਾਂਤ ਦੀ ਲੜਾਈ ਮੈਂ 17 ਸਾਲ ਤੋਂ ਲੜ ਰਿਹਾ ਹਾਂ ਅਤੇ ਜਦੋਂ ਤੋਂ ਸੂਬੇ ਦੀ ਸਿਆਸਤ ਵਿਚ ਆਇਆ ਹਾਂ ਇਹ ਮਸਲੇ ਮੈਂ ਲਗਾਤਾਰ ਉਠਾਉਂਦਾ ਆ ਰਿਹਾ ਹਾਂ।

 

RELATED ARTICLES
POPULAR POSTS