ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਲਗਾਇਆ ਆਰੋਪ
ਅੰਮਿ੍ਰਤਸਰ/ਬਿਊਰੋ ਨਿਊਜ਼ : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਾਬਕਾ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ’ਤੇ 28 ਕਰੋੜ ਦਾ ਘਪਲਾ ਕਰਨ ਦਾ ਆਰੋਪ ਲਗਾਇਆ ਹੈ। ਇਸ ਨੂੰ ਲੈ ਕੇ ਧਾਲੀਵਾਲ ਨੇ ਅੰਮਿ੍ਰਤਸਰ ਜੀਟੀ ਰੋਡ ’ਤੇ ਵੇਚੀ ਗਈ ਪੰਚਾਇਤੀ ਜ਼ਮੀਨ ਦੇ ਮਾਮਲੇ ਦੀ ਇਨਕੁਆਰੀ ਸ਼ੁਰੂ ਕਰਵਾ ਦਿੱਤੀ ਹੈ। ਇਹ ਉਹੀ ਜ਼ਮੀਨ ਜਿਸ ਨੂੰ ਲੈ ਕੇ ਲੰਘੇ ਮਹੀਨੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ’ਤੇ ਆਰੋਪ ਲਗਾਏ ਜਾ ਰਹੇ ਸਨ। ਧਾਲੀਵਾਲ ਨੇ ਦੱਸਿਆ ਕਿ ਅੰਮਿ੍ਰਤਸਰ ਜੀਟੀ ਰੋਡ ’ਤੇ ਇਕ ਕੀਮਤੀ ਜਗ੍ਹਾ ’ਤੇ ਕਲੋਨੀ ਕੱਟੀ ਜਾ ਰਹੀ ਹੈ। ਲੰਘੇ ਮਹੀਨੇ ਉਨ੍ਹਾਂ ’ਤੇ ਆਰੋਪ ਲੱਗਿਆ ਸੀ ਕਿ ਉਨ੍ਹਾਂ ਨੇ ਪੰਚਾਇਤੀ ਜ਼ਮੀਨ ਨੂੰ ਵੇਚਿਆ ਹੈ। ਜਦੋਂ ਇਸ ਦੀ ਜਾਂਚ ਕਰਵਾਈ ਗਈ ਤਾਂ ਪਤਾ ਲੱਗਿਆ ਇਸ ਜ਼ਮੀਨ ਨੂੰ ਵੇਚਣ ਵਾਲੀ ਫਾਈਲ ’ਤੇ ਸਾਬਕਾ ਕਾਂਗਰਸੀ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਸਾਈਨ ਕੀਤੇ ਸਨ। ਇਹ ਸਾਈਨ 11 ਮਾਰਚ ਨੂੰ ਕੀਤੇ ਗਏ ਜਦਕਿ 10 ਮਾਰਚ ਨੂੰ ਆਏ ਚੋਣ ਨਤੀਜਿਆਂ ’ਚ ਕਾਂਗਰਸ ਪੂਰੇ ਰਾਜ ਅੰਦਰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰ ਚੁੱਕੀ ਸੀ। ਸਾਬਕਾ ਮੰਤਰੀ ਦੇ ਸਾਈਨਾਂ ਤੋਂ ਬਾਅਦ ਵੇਚੀ ਗਈ ਜ਼ਮੀਨ ’ਚ ਪੰਜਾਬ ਸਰਕਾਰ ਨੂੰ 28 ਕਰੋੜ ਰੁਪਏ ਦਾ ਘਾਟਾ ਪਿਆ। ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਵੇਚੀ ਗਈ ਜ਼ਮੀਨ ਦੀ ਜਾਂਚ ਲਈ ਕਮੇਟੀ ਦਾ ਗਠਨ ਕਰ ਦਿੱਤਾ ਅਤੇ ਇਹ ਕਮੇਟੀ ਆਈਐਸ ਅਮਿਤ ਕੁਮਾਰ ਦੀ ਅਗਵਾਈ ਵਿਚ ਜਾਂਚ ਕਰੇਗੀ।