Breaking News
Home / ਪੰਜਾਬ / ਕਿਸਾਨਾਂ ਨੇ ਰਾਜਪੁਰਾ ‘ਚ ਲਗਾਇਆ ਧਰਨਾ

ਕਿਸਾਨਾਂ ਨੇ ਰਾਜਪੁਰਾ ‘ਚ ਲਗਾਇਆ ਧਰਨਾ

ਦਿੱਲੀ-ਚੰਡੀਗੜ੍ਹ ਮਾਰਗ ਸੱਤ ਘੰਟੇ ਤੱਕ ਰੱਖਿਆ ਜਾਮ
ਰਾਜਪੁਰਾ/ਬਿਊਰੋ ਨਿਊਜ਼ : ਰਾਜਪੁਰਾ ਵਿੱਚ ਭਾਜਪਾ ਆਗੂਆਂ ਨੂੰ ਬੰਦੀ ਬਣਾਉਣ, ਪੁਲਿਸ ਦੀ ਗੱਡੀ ਅਤੇ ਕਾਂਸਟੇਬਲ ਦੀ ਨੱਕ ਦੀ ਹੱਡੀ ਤੋੜਨ ਸਬੰਧੀ ਦਰਜ ਕੇਸ ‘ਚ ਕਿਸਾਨਾਂ ਦੀ ਫੜੋ-ਫੜੀ ਦੇ ਵਿਰੋਧ ਵਿਚ ਸੈਂਕੜੇ ਕਿਸਾਨਾਂ ਨੇ ਮੰਗਲਵਾਰ ਨੂੰ ਰਾਜਪੁਰਾ ਦੇ ਗਗਨ ਚੌਕ ਵਿਚ ਧਰਨਾ ਮਾਰ ਕੇ ਦਿੱਲੀ ਤੇ ਚੰਡੀਗੜ੍ਹ ਨੂੰ ਜਾਂਦੇ ਹਾਈਵੇਅ ਲਗਾਤਾਰ ਸੱਤ ਘੰਟੇ ਜਾਮ ਰੱਖੇ। ਇਸ ਕਾਰਨ ਪੁਲਿਸ ਨੂੰ ਆਵਾਜਾਈ ਲਈ ਬਦਲਵੇਂ ਪ੍ਰਬੰਧ ਕਰਨੇ ਪਏ।
ਇਸ ਦੇ ਬਾਵਜੂਦ ਦੋਵਾਂ ਮਾਰਗਾਂ ‘ਤੇ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ ਸਨ। ਦਿਨ ਢਲਣ ਦੇ ਬਾਵਜੂਦ ਜਦੋਂ ਕਿਸਾਨਾਂ ਦੀ ਰਿਹਾਈ ਦੇ ਆਸਾਰ ਨਾ ਬਣਦੇ ਦਿਖੇ ਤਾਂ ਕਿਸਾਨਾਂ ਨੇ ਪਿੰਡਾਂ ਵਿਚਲੇ ਰਾਹ ਰੋਕਣ ਦਾ ਵੀ ਐਲਾਨ ਕਰ ਦਿੱਤਾ। ਇਸ ਮਗਰੋਂ ਹਰਕਤ ‘ਚ ਆਉਂਦਿਆਂ ਪੁਲਿਸ ਨੇ ਹਿਰਾਸਤ ‘ਚ ਲਏ ਦਰਜਨ ਭਰ ਕਿਸਾਨਾਂ ਅਤੇ ਹੋਰਾਂ ਨੂੰ ਰਿਹਾਅ ਕਰ ਦਿੱਤਾ। ਇਸ ਮਗਰੋਂ ਹੀ ਕਿਸਾਨਾਂ ਨੇ ਧਰਨਾ ਚੁੱਕਿਆ। ਕਤਾਰਾਂ ਲੰਬੀਆਂ ਹੋਣ ਕਰ ਕੇ ਆਵਾਜਾਈ ਦੀ ਮੁਕੰਮਲ ਬਹਾਲੀ ‘ਚ ਦੋ ਘੰਟੇ ਤੋਂ ਵੀ ਵੱਧ ਸਮਾਂ ਲੱਗਿਆ।ਜ਼ਿਕਰਯੋਗ ਹੈ ਕਿ ਰਾਜਪੁਰਾ ਵਿਚਲੀ ਇੱਕ ਕੋਠੀ ‘ਚ ਕਿਸਾਨਾਂ ਵੱਲੋਂ ਐਤਵਾਰ ਸ਼ਾਮੀ ਬੰਦੀ ਬਣਾਏ ਭਾਜਪਾ ਦੇ ਦਰਜਨ ਭਰ ਆਗੂਆਂ ਨੂੰ ਪੁਲਿਸ ਨੇ ਸੋਮਵਾਰ ਤੜਕੇ ਚਾਰ ਵਜੇ ਕੋਠੀ ‘ਚੋਂ ਕੱਢਿਆ ਸੀ। ਇਸ ਦੌਰਾਨ ਪੁਲਿਸ ਅਤੇ ਕਿਸਾਨਾਂ ਦਰਮਿਆਨ ਖਿੱਚੋਤਾਣ ਵੀ ਹੋਈ।
ਮੀਂਹ ਦੇ ਬਾਵਜੂਦ ਧਰਨਿਆਂ ‘ਤੇ ਕਿਸਾਨਾਂ ਦਾ ਜੋਸ਼ ਬਰਕਰਾਰ
ਕਈ ਥਾਈਂ ਤੰਬੂ ਉੱਖੜੇ ਤੇ ਸਾਮਾਨ ਭਿੱਜਿਆ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿੱਚ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ, ਬਿਜਲੀ ਸੋਧ ਬਿੱਲ-2020 ਅਤੇ ਪਰਾਲੀ ਆਰਡੀਨੈਂਸ ਖ਼ਿਲਾਫ਼ ਜਾਰੀ ਕਿਸਾਨੀ ਧਰਨਿਆਂ ਦੌਰਾਨ ਮੀਂਹ ਦੇ ਬਾਵਜੂਦ ਕਿਸਾਨਾਂ ਦਾ ਜੋਸ਼ ਬਰਕਰਾਰ ਰਿਹਾ। ਸੂਬੇ ਦੇ ਕਈ ਹਿੱਸਿਆਂ ਵਿੱਚ ਮੌਨਸੂਨ ਦੀ ਭਰਵੀਂ ਬਾਰਿਸ਼ ਕਾਰਨ ਕਿਸਾਨਾਂ ਦੇ ਟੈਂਟ ਤੇ ਤੰਬੂ ਉਖੜ ਗਏ ਅਤੇ ਲੰਗਰ ਦਾ ਸਾਮਾਨ ਵੀ ਭਿੱਜ ਗਿਆ ਪਰ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਟੌਲ ਪਲਾਜ਼ਿਆਂ, ਰਿਲਾਇੰਸ ਪੰਪਾਂ, ਕਾਰਪੋਰੇਟ ਮਾਲਜ਼, ਰੇਲਵੇ ਪਾਰਕਾਂ, ਅਡਾਨੀਆਂ ਦੀ ਖੁਸ਼ਕ ਬੰਦਰਗਾਹ ਅਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਧਰਨਿਆਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀਂ ਰਾਜਪੁਰਾ ਵਿੱਚ ਭਾਜਪਾ ਆਗੂਆਂ ਦੇ ਘਿਰਾਓ ਦੀ ਘਟਨਾ ਨੂੰ ਬਹਾਨਾ ਬਣਾ ਕੇ ਪੰਜਾਬ ਪੁਲਿਸ ਨੇ ਕਿਸਾਨਾਂ ਖਿਲਾਫ ਕੇਸ ਦਰਜ ਕੀਤੇ ਅਤੇ ਕਈ ਕਿਸਾਨਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ। ਭਾਵੇਂ ਸੜਕਾਂ ਜਾਮ ਕਰਕੇ ਗ੍ਰਿਫ਼ਤਾਰ ਕੀਤੇ ਕਿਸਾਨਾਂ ਨੂੰ ਰਿਹਾਅ ਕਰਾ ਲਿਆ ਗਿਆ ਪਰ ਦਰਜ ਕੀਤੇ ਪੁਲਿਸ ਕੇਸ ਅਜੇ ਵੀ ਰੱਦ ਨਹੀਂ ਹੋਏ। ਇਸੇ ਤਰ੍ਹਾਂ ਹੀ ਸਿਰਸਾ (ਹਰਿਆਣਾ) ਵਿੱਚ ਭਾਜਪਾ ਆਗੂ ਦੇ ਘਿਰਾਓ ਦਾ ਬਹਾਨਾ ਬਣਾ ਕੇ ਦੋ ਕਿਸਾਨਾਂ ਖਿਲਾਫ ਦੇਸ਼ ਧ੍ਰੋਹ ਦਾ ਕੇਸ ਦਰਜ ਕੀਤਾ ਗਿਆ ਹੈ। ਬੁਲਾਰਿਆਂ ਨੇ ਮੰਗ ਕੀਤੀ ਕਿ ਰਾਜਪੁਰਾ ਤੇ ਸਿਰਸਾ ਵਿੱਚ ਕਿਸਾਨਾਂ ਖਿਲਾਫ ਦਰਜ ਕੇਸ ਤੁਰੰਤ ਰੱਦ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸੰਘਰਸ਼ਸ਼ੀਲ ਲੋਕਾਂ ਦੀ ਤੌਹੀਨ ਕਰਨ ਬਦਲੇ ਭਾਜਪਾ ਆਗੂਆਂ ਖਿਲਾਫ ਵੀ ਪਰਚੇ ਦਰਜ ਕੀਤੇ ਜਾਣ।

 

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …