ਪੰਜਾਬ, ਤੇਲੰਗਾਨਾ ਤੇ ਦਿੱਲੀ ‘ਚ ਰਹੇਗੀ ਪੂਰੀ ਸਖਤੀ
ਪੰਜਾਬ ‘ਚ 3 ਮਈ ਤੱਕ ਨਹੀਂ ਮਿਲੇਗੀ ਕੋਟੀ ਛੋਟ
ਚੰਡੀਗੜ੍ਹ/ਬਿਊਰੋ ਨਿਊਜ਼
ਭਾਰਤ ਦੇ ਜ਼ਿਨ੍ਹਾਂ ਸੂਬਿਆਂ ਜਾਂ ਪ੍ਰਮੁੱਖ ਸ਼ਹਿਰਾਂ ਵਿਚ ਕਰੋਨਾ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ, ਉਥੇ ਅੱਜ 20 ਅਪ੍ਰੈਲ ਤੋਂ ਕੁੱਝ ਵਿਸ਼ੇਸ਼ ਰਿਆਇਤਾਂ, ਕੁਝ ਛੋਟ ਦਿੱਤੀਆਂ ਗਈਆਂ ਹਨ। ਪਰ ਪੰਜਾਬ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਕਿ 3 ਮਈ ਤੱਕ ਪੰਜਾਬ ‘ਚ ਅਜੇ ਕੋਈ ਛੋਟ ਨਹੀਂ ਦਿੱਤੀ ਜਾਵੇਗੀ। ਤਿੰਨ ਸੂਬਿਆਂ ਪੰਜਾਬ , ਤੇਲੰਗਾਨਾ ਤੇ ਦਿੱਲੀ ‘ਚ ਪੂਰੀ ਸਖਤੀ ਰਹੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਲਾਨ ਅਨੁਸਾਰ ਅੱਜ ਤੋਂ ਉਨ੍ਹਾਂ ਇਲਾਕਿਆਂ ‘ਚ ਲੌਕਡਾਊਨ ਤੋਂ ਕੁਝ ਰਾਹਤ ਮਿਲੀ ਹੈ ਜਿੱਥੇ ਕੋਰੋਨਾ ਤੋਂ ਪੀੜਤ ਨਵੇਂ ਕੇਸ ਸਾਹਮਣੇ ਨਹੀਂ ਆਏ। ਪ੍ਰੰਤੂ ਰੇਲ ਗੱਡੀਆਂ, ਬੱਸਾਂ ਤੇ ਹਵਾਈ ਉਡਾਣਾਂ 3 ਮਈ ਤੱਕ ਸ਼ੁਰੂ ਨਹੀਂ ਹੋਣਗੀਆਂ, ਜਿਸ ਕਾਰਨ ਭਾਰਤ ਦੀ 100 ਮਿਲੀਅਨ ਆਬਾਦੀ 3 ਮਈ ਤੱਕ ਕਿਧਰੇ ਨਹੀਂ ਜਾ ਸਕੇਗੀ। ਇਸ ਸਮੇਂ ਦੇਸ਼ ਦੇ 170 ਜ਼ਿਲ੍ਹੇ ਹੌਟਸਪੌਟ ਭਾਵ ਰੈੱਡ ਜ਼ੋਨ ‘ਚ ਸ਼ਾਮਲ ਹਨ ਜਿਨ੍ਹਾਂ 6 ਮੈਟਰੋ ਸ਼ਹਿਰ ਦਿੱਲੀ, ਮੁੰਬਈ, ਬੰਗਲੁਰੂ, ਚੇਨਈ, ਕੋਲਕਾਤਾ ਤੇ ਹੈਦਰਾਬਾਦ ਵੀ ਸ਼ਾਮਲ ਹਨ। 207 ਜ਼ਿਲ੍ਹੇ ਗੈਰ-ਹੌਟਸਪੌਟ ਭਾਵ ਚਿੱਟੇ ਜ਼ੋਨ ਤੇ 359 ਗ੍ਰੀਨ ਜ਼ੋਨ ‘ਚ ਰੱਖੇ ਗਏ ਹਨ। ਸੋਧੇ ਹੋਏ ਲੌਕਡਾਊਨ ਦੌਰਾਨ ਰਾਜਸਥਾਨ, ਮਹਾਂਰਾਸ਼ਟਰ, ਹਰਿਆਣਾ, ਉਤਰ ਪ੍ਰਦੇਸ਼, ਝਾਰਖੰਡ, ਮੱਧ ਪ੍ਰਦੇਸ਼, ਛੱਤੀਸਗੜ੍ਹ, ਬਿਹਾਰ ਆਦਿ ਰਾਜਾਂ ਦੇ ਕੁੱਝ ਚੋਣਵੀਆਂ ਥਾਵਾਂ ‘ਤੇ ਕੁਝ ਚੋਣਵੀਆਂ ਗਤੀਵਿਧੀਆਂ ਸ਼ੁਰੂ ਕਰਨ ਦੀ ਆਗਿਆ ਦਿੱਤੀ ਗਈ ਹੈ।