ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਬੀਤੇ ਦਿਨੀਂ ਹੋਈ ਹੰਗਾਮੀ-ਮੀਟਿੰਗ ਵਿੱਚ ਪੰਜਾਬੀ ਦੇ ਉੱਘੇ ਨਾਟਕਕਾਰ ਅਜਮੇਰ ਔਲਖ ਅਤੇ ਕਵੀ ਤੇ ਕਹਾਣੀਕਾਰ ਇਕਬਾਲ ਰਾਮੂਵਾਲੀਆ ਦੇ ਲੰਘੇ ਹਫ਼ਤੇ ਹੋਏ ਅਕਾਲ ਚਲਾਣਿਆਂ ‘ਤੇ ਡੂੰਘਾ ਦੁੱਖ ਤੇ ਅਫ਼ਸੋਸ ਪ੍ਰਗਟ ਕੀਤਾ ਗਿਆ। ਇਨ੍ਹਾਂ ਦੋਹਾਂ ਲੇਖਕਾਂ ਦੀ ਵਿਡੰਬਣਾ ਸੀ ਕਿ ਦੋਹਾਂ ਨੇ ਹੀ ਕੈਂਸਰ ਵਰਗੀ ਨਾ-ਮੁਰਾਦ ਬੀਮਾਰੀ ਨਾਲ ਪਿਛਲੇ ਦਹਾਕੇ ਤੋਂ ਵਧੀਕ ਲੜਾਈ ਖਿੜੇ ਮੱਥੇ ਲੜੀ। ਇਸ ਦੇ ਬਾਵਜੂਦ ਦੋਵੇਂ ਹੀ ਅਖ਼ੀਰਲੇ ਸਮੇਂ ਤੱਕ ਚੜ੍ਹਦੀ-ਕਲਾ ‘ਚ ਰਹੇ ਅਤੇ ਦੋਸਤਾਂ-ਮਿੱਤਰਾਂ ਵੱਲੋਂ ਹਾਲ-ਚਾਲ ਪੁੱਛਣ ‘ਤੇ ਆਪਣੇ ਆਪ ਨੂੰ ‘ਟੱਲੀ ਵਰਗਾ’ ਅਤੇ ‘ਨੌਂ-ਬਰ-ਨੌਂ’ ਦੱਸਦੇ ਰਹੇ ਤੇ ਅਖ਼ੀਰ ਇਸ ਨਾ-ਮੁਰਾਦ ਰੋਗ ਦੀ ਭੇਂਟ ਚੜ੍ਹ ਗਏ। ਪੰਜਾਬੀ ਸਾਹਿਤ-ਜਗਤ ਨੂੰ ਅਜੇ ਇਨ੍ਹਾਂ ਤੋਂ ਹੋਰ ਬੜੀਆਂ ਆਸਾਂ-ਉਮੀਦਾਂ ਸਨ। ਪਰ ਡਾਢੀ ਮੌਤ ਅੱਗੇ ਕਿਸੇ ਦਾ ਜ਼ੋਰ ਨਹੀਂ ਹੈ।
ਸ਼ੋਕ-ਇਕੱਤਰਤਾ ਵਿੱਚ ਸਭਾ ਦੇ ਸੀਨੀਅਰ ਤੇ ਮੁੱਢਲੇ ਮੈਂਬਰ ਜੋਗਿੰਦਰ ਸਿੰਘ ਅਣਖੀਲਾ ਜੀ ਦੀ ਸੁਪਤਨੀ ਮਨਜੀਤ ਕੌਰ ਦੀ ਬੇ-ਵਕਤ ਮੌਤ ‘ਤੇ ਵੀ ਅਫ਼ਸੋਸ ਪ੍ਰਗਟ ਕੀਤਾ ਗਿਆ। ਇਸ ਇਕੱਤਰਤਾ ਵਿੱਚ ਬਲਰਾਜ ਚੀਮਾ, ਕਰਨ ਅਜਾਇਬ ਸਿੰਘ ਸੰਘਾ, ਮਲੂਕ ਸਿੰਘ ਕਾਹਲੋਂ, ਸੁਖਦੇਵ ਸਿੰਘ ਝੰਡ, ਤਲਵਿੰਦਰ ਮੰਡ, ਕੁਲਜੀਤ ਮਾਨ, ਇਕਬਾਲ ਬਰਾੜ, ਜਗੀਰ ਸਿੰਘ ਕਾਹਲੋਂ, ਮਕਸੂਦ ਚੌਧਰੀ, ਪਰਮਜੀਤ ਢਿੱਲੋਂ, ਪਰਮਜੀਤ ਗਿੱਲ, ਜਗਮੋਹਨ ਸਿੰਘ ਸੰਘਾ, ਸੁਰਜੀਤ ਕੌਰ, ਹਰਜਸਪ੍ਰੀਤ ਗਿੱਲ ਤੇ ਕਈ ਹੋਰ ਸ਼ਾਮਲ ਸਨ। ਸਾਰਿਆਂ ਨੇ ਅਫ਼ਸੋਸ-ਭਰੇ ਸ਼ਬਦਾਂ ਤੇ ਨਮ-ਅੱਖਾਂ ਨਾਲ ਵਿੱਛੜੀਆਂ-ਰੂਹਾਂ ਨੂੰ ਸ਼ਰਧਾਂਜਲੀ ਪ੍ਰਗਟ ਕਰਦਿਆਂ ਹੋਇਆਂ ਅਲਵਿਦਾ ਕਹੀ।
Home / ਕੈਨੇਡਾ / ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਅਜਮੇਰ ਔਲਖ ਤੇ ਇਕਬਾਲ ਰਾਮੂਵਾਲੀਏ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਇਜ਼ਹਾਰ
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ‘ਚ ਮਲੂਕ ਸਿੰਘ ਕਾਹਲੋਂ ਦੀ ਪੁਸਤਕ ‘ਕੂਕ ਫ਼ਕੀਰਾ ਕੂਕ ਤੂੰ’ ਉੱਪਰ ਹੋਈ ਚਰਚਾ
ਡਾ. ਗੁਰਬਖ਼ਸ਼ ਸਿੰਘ ਭੰਡਾਲ, ਡਾ. ਸੁਖਦੇਵ ਸਿੰਘ ਝੰਡ ਤੇ ਡਾ. ਸੁਰਿੰਦਰਜੀਤ ਕੌਰ ਦੀਆਂ ਪੁਸਤਕਾਂ ਕੀਤੀਆਂ …