2.8 C
Toronto
Thursday, November 20, 2025
spot_img
Homeਪੰਜਾਬਆਮਦਨ ਕਰ ਵਿਭਾਗ ਵੱਲੋਂ ਪਾਦਰੀਆਂ ਦੇ ਟਿਕਾਣਿਆਂ 'ਤੇ ਛਾਪੇ

ਆਮਦਨ ਕਰ ਵਿਭਾਗ ਵੱਲੋਂ ਪਾਦਰੀਆਂ ਦੇ ਟਿਕਾਣਿਆਂ ‘ਤੇ ਛਾਪੇ

ਅਹਿਮ ਦਸਤਾਵੇਜ਼, ਕੰਪਿਊਟਰ, ਲੈਪਟਾਪ ਤੇ ਮੋਬਾਈਲ ਜ਼ਬਤ
ਜਲੰਧਰ/ਬਿਊਰੋ ਨਿਊਜ਼ : ਆਮਦਨ ਕਰ ਵਿਭਾਗ ਦੀਆਂ ਟੀਮਾਂ ਨੇ ਮੰਗਲਵਾਰ ਸਵੇਰੇ ਦੋ ਨਾਮੀ ਪਾਦਰੀਆਂ ਹਰਪ੍ਰੀਤ ਸਿੰਘ ਦਿਓਲ (ਖੋਜੇਵਾਲ) ਤੇ ਬਜਿੰਦਰ ਸਿੰਘ (ਤਾਜਪੁਰ) ਦੀਆਂ ਵੱਖ-ਵੱਖ ਗਿਰਜਾਘਰਾਂ ਅਤੇ ਪੰਜਾਬ ਵਿਚਲੇ ਹੋਰ ਟਿਕਾਣਿਆਂ ‘ਤੇ ਛਾਪੇ ਮਾਰੇ।
ਅਧਿਕਾਰਤ ਤੌਰ ‘ਤੇ ਭਾਵੇਂ ਇਸ ਬਾਰੇ ਕੁੱਝ ਨਹੀਂ ਦੱਸਿਆ ਪਰ ਪ੍ਰਾਪਤ ਜਾਣਕਾਰੀ ਅਨੁਸਾਰ ਆਮਦਨ ਕਰ ਵਿਭਾਗ ਦੀਆਂ ਟੀਮਾਂ ਵੱਲੋਂ ਹਰਪ੍ਰੀਤ ਸਿੰਘ ਦਿਓਲ ਦੇ ਖੋਜੇਵਾਲ ਅਤੇ ਬਜਿੰਦਰ ਸਿੰਘ ਦੇ ਤਾਜਪੁਰ ਅਤੇ ਪਿੰਡ ਬੜੌਦੀ ਵਿਚਲੀ ਚਰਚ ਤੋਂ ਇਲਾਵਾ ਨਿਊ ਚੰਡੀਗੜ੍ਹ ਸਥਿਤ ਰਿਹਾਇਸ਼ ‘ਤੇ ਛਾਪੇ ਮਾਰੇ ਗਏ। ਇਸ ਦੌਰਾਨ ਉਹ ਚਰਚਾਂ ‘ਚੋਂ ਜਾਇਦਾਦਾਂ ਨਾਲ ਸਬੰਧਤ ਅਹਿਮ ਦਸਤਾਵੇਜ਼, ਕੰਪਿਊਟਰ, ਪੈੱਨਡਰਾਈਵ, ਲੈਪਟਾਪ ਅਤੇ ਮੋਬਾਈਲ ਫੋਨ ਆਪਣੇ ਨਾਲ ਲੈ ਗਏ। ਇਨ੍ਹਾਂ ਪਾਦਰੀਆਂ ‘ਤੇ ਲੋਕਾਂ ਦਾ ਚਮਤਕਾਰੀ ਢੰਗ ਨਾਲ ਇਲਾਜ ਕਰਨ ਦੇ ਨਾਮ ‘ਤੇ ਲੋਕਾਂ ਕੋਲੋਂ ਪੈਸੇ ਵਸੂਲਣ ਦੇ ਆਰੋਪ ਲੱਗਦੇ ਆ ਰਹੇ ਹਨ। ਜਾਣਕਾਰੀ ਅਨੁਸਾਰ ਆਮਦਨ ਕਰ ਵਿਭਾਗ ਦੀਆਂ ਟੀਮਾਂ ਨੇ ਦੋਵਾਂ ਪਾਦਰੀਆਂ ਨਾਲ ਸਬੰਧਤ ਟਿਕਾਣਿਆਂ ‘ਤੇ ਸਵੇਰੇ 6 ਵਜੇ ਦੇ ਕਰੀਬ ਛਾਪੇ ਮਾਰਨੇ ਸ਼ੁਰੂ ਕੀਤੇ। ਇਸ ਦੌਰਾਨ ਪੈਰਾ ਮਿਲਟਰੀ ਫੋਰਸ ਦੇ ਜਵਾਨ ਵੀ ਤਾਇਨਾਤ ਸਨ।
ਇਸੇ ਤਰ੍ਹਾਂ ਪਾਦਰੀ ਬਜਿੰਦਰ ਸਿੰਘ ਨੇ ਜਲੰਧਰ ਦੇ ਪਿੰਡ ਤਾਜਪੁਰ ਤੋਂ ਇਲਾਵਾ, ਪਿੰਡ ਬੜੌਦੀ, ਨਿਊ ਚੰਡੀਗੜ੍ਹ ਅਤੇ ਅੰਮ੍ਰਿਤਸਰ ਸਮੇਤ ਕਈ ਥਾਵਾਂ ‘ਤੇ ਕੇਂਦਰ ਸਥਾਪਤ ਕੀਤੇ ਹਨ। ਇਹ ਦੋਵੇਂ ਪੈਂਟੀਕੋਸਟਲ ਪਾਦਰੀ ਹਨ ਅਤੇ ਲੋਕਾਂ ਨੂੰ ਚਮਤਕਾਰੀ ਇਲਾਜ ਦਾ ਭਰੋਸਾ ਦਿੰਦੇ ਹਨ। ਪਾਸਟਰ ਬਜਿੰਦਰ ਸਿੰਘ ਪਹਿਲਾਂ ਵੀ ਕਈ ਵਿਵਾਦਾਂ ਵਿੱਚ ਘਿਰ ਚੁੱਕਾ ਹੈ। ਬਜਿੰਦਰ ਸਿੰਘ ਨੇ ਕਰੀਬ ਇੱਕ ਦਹਾਕਾ ਪਹਿਲਾਂ ਈਸਾਈ ਧਰਮ ਅਪਣਾਇਆ ਸੀ ਅਤੇ ਮਗਰੋਂ ਉਹ ਈਸਾਈ ਪ੍ਰਚਾਰਕ ਬਣ ਗਿਆ। ਉਹ ਜੁਲਾਈ 2018 ਵਿੱਚ ਜ਼ੀਰਕਪੁਰ ‘ਚ ਜਬਰ-ਜਨਾਹ ਦੇ ਇੱਕ ਕੇਸ ਵਿੱਚ ਵੀ ਫਸ ਗਿਆ ਸੀ। ਇਸ ਮਗਰੋਂ ਉਸ ਨੂੰ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਇਲਾਵਾ ਪਿਛਲੇ ਸਾਲ ਸਤੰਬਰ ਵਿੱਚ ਦਿੱਲੀ ਦੇ ਇੱਕ ਪਰਿਵਾਰ ਨੇ ਬਜਿੰਦਰ ਸਿੰਘ ‘ਤੇ 50 ਹਜ਼ਾਰ ਰੁਪਏ ਠੱਗਣ ਦਾ ਆਰੋਪ ਲਾਇਆ ਸੀ।

 

RELATED ARTICLES
POPULAR POSTS