-11.5 C
Toronto
Friday, January 30, 2026
spot_img
Homeਪੰਜਾਬਸਾਉਣ ਕਵੀ ਦਰਬਾਰ ’ਚ ਹੋਈ ਕਵਿਤਾਵਾਂ ਦੀ ਕਿਣਮਿਣ

ਸਾਉਣ ਕਵੀ ਦਰਬਾਰ ’ਚ ਹੋਈ ਕਵਿਤਾਵਾਂ ਦੀ ਕਿਣਮਿਣ

ਪੰਜਾਬੀ ਲੇਖਕ ਸਭਾ ਨੇ ਸਜਾਈ ਤ੍ਰੈ-ਭਾਸ਼ੀ ਕਾਵਿ ਮਹਿਫ਼ਲ
ਚੰਡੀਗੜ੍ਹ : ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਕਰਵਾਏ ਗਏ ਤ੍ਰੈ-ਭਾਸ਼ੀ ਸਾਉਣ ਕਵੀ ਦਰਬਾਰ ਵਿਚ ਕਵਿਤਾਵਾਂ ਦੀ ਕਿਣਮਿਣ ਹੋਈ। ਇਸ ਕਾਵਿ ਮਹਿਫ਼ਲ ਦਾ ਆਗਾਜ਼ ਜਿੱਥੇ ਸਰਸਵਤੀ ਵੰਦਨਾ ਨਾਲ ਹੋਇਆ, ਉਥੇ ਹੀ ਸਾਵਣ ਮਹੀਨੇ ਨਾਲ ਸਬੰਧਤ ਸ਼ਬਦ ਦਾ ਉਚਾਰਨ ਵੀ ਕੀਤਾ ਗਿਆ। ਇਸ ਉਪਰੰਤ ਸਮੁੱਚੇ ਪ੍ਰਧਾਨਗੀ ਮੰਡਲ ਅਤੇ ਸਮੂਹ ਕਵੀਆਂ ਤੇ ਸਰੋਤਿਆਂ ਦਾ ਸਵਾਗਤ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਹੋਰਾਂ ਨੇ ਕਰਦਿਆਂ ਆਖਿਆ ਕਿ ਕਰੋਨਾ ਕਾਲ ਦੇ ਚੱਲਦਿਆਂ ਲੱਗੀਆਂ ਪਾਬੰਦੀਆਂ ਤੋਂ ਬਾਅਦ ਇੰਝ ਮੁੜ ਕੇ ਮਹਿਫ਼ਲ ਸਜਾਉਣਾ ਬਹੁਤ ਚੰਗਾ ਲੱਗ ਰਿਹਾ ਹੈ। ਉਨ੍ਹਾਂ ਲੇਖਕਾਂ ਨੂੰ ਕਲਮਾਂ ਦੀ ਧਾਰ ਤਿੱਖੀ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਅਜੋਕੇ ਯੁੱਗ ਵਿਚ ਕਾਵਿ ਲੋਕ ਲਹਿਰ ਵੀ ਖੜ੍ਹੀ ਕਰਨ ਦੀ ਲੋੜ ਹੈ।
ਪ੍ਰਧਾਨਗੀ ਮੰਡਲ ਦੀ ਸ਼ਾਨ ਵਧਾ ਰਹੇ ਉਘੇ ਸ਼ਾਇਰ ਤੇ ਨਾਮਚਿੰਨ੍ਹ ਲੇਖਕ ਗੁਰਨਾਮ ਕੰਵਰ ਹੋਰਾਂ ਦਾ ਲੇਖਕ ਸਭਾ ਨੇ ਗੁਲਦਸਤਿਆਂ ਨਾਲ ਸਵਾਗਤ ਕੀਤਾ ਤੇ ਸਮੁੱਚਾ ਸਮਾਗਮ ਗੁਰਨਾਮ ਕੰਵਰ ਹੋਰਾਂ ਦੀ ਪ੍ਰਧਾਨਗੀ ਹੇਠ ਸਿਰੇ ਚੜ੍ਹਿਆ। ਆਪਣੇ ਪ੍ਰਧਾਨਗੀ ਭਾਸ਼ਣ ਵਿਚ ਗੁਰਨਾਮ ਕੰਵਰ ਹੋਰਾਂ ਨੇ ਜਿੱਥੇ ਮਹਿਫਲ ’ਚ ਸ਼ਾਮਲ ਵੱਡੇ ਸ਼ਾਇਰਾਂ ਦੀ ਸ਼ਾਇਰੀ ਨੂੰ ਸਰਾਹਿਆ ਉਥੇ ਨਵੀਆਂ ਕਲਮਾਂ ਦਾ ਵੀ ਹੌਂਸਲਾ ਵਧਾਇਆ। ਉਨ੍ਹਾਂ ਆਖਿਆ ਕਿ ਚਾਹੇ ਕਿਸਾਨ ਅੰਦੋਲਨ ਹੋਵੇ ਤੇ ਚਾਹੇ ਹੋਰ ਸਮਾਜਿਕ ਅੰਦੋਲਨ, ਉਨ੍ਹਾਂ ਸਭ ਵਿਚ ਚੇਤਨਾ ਭਰਨ ਦਾ ਕੰਮ ਕਵੀ, ਸ਼ਾਇਰ, ਲੇਖਕ ਬਾਖੂਬੀ ਨਿਭਾ ਰਹੇ ਹਨ, ਜਿਸ ਵਿਚ ਉਕਤ ਪੰਜਾਬੀ ਲੇਖਕ ਸਭਾ ਦੇ ਮੈਂਬਰ ਵੀ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ। ਇਸ ਸਮਾਗਮ ਦੀ ਸਿਰਜਣਾ ਅਤੇ ਮਾਣਮੱਤੇ ਢੰਗ ਨਾਲ ਸਿਰੇ ਚੜ੍ਹਾਉਣ ਲਈ ਗੁਰਨਾਮ ਕੰਵਰ ਹੋਰਾਂ ਨੇ ਸਭਾ ਦੀ ਸਮੁੱਚੀ ਕਾਰਜਕਾਰਨੀ ਨੂੰ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਗੁਰਨਾਮ ਕੰਵਰ ਹੋਰਾਂ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਉਨ੍ਹਾਂ ਦੇ ਨਾਲ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ, ਸੀਨੀਅਰ ਮੀਤ ਪ੍ਰਧਾਨ ਡਾ. ਅਵਤਾਰ ਸਿੰਘ ਪਤੰਗ ਅਤੇ ਜਨਰਲ ਸਕੱਤਰ ਦੀਪਕ ਸ਼ਰਮਾ ਚਨਾਰਥਲ ਸ਼ਾਮਲ ਸਨ।
ਭਾਈ ਸੰਤੋਖ ਸਿੰਘ ਯਾਦਗਾਰੀ ਹਾਲ ’ਚ ਹੋਏ ਅੱਜ ਦੇ ਇਸ ਸਾਉਣ ਕਵੀ ਦਰਬਾਰ ਵਿਚ ਸੁਰਜੀਤ ਸਿੰਘ ਧੀਰ, ਸੁਮੇਸ਼, ਬਲਕਾਰ ਸਿੱਧੂ, ਦਰਸ਼ਨ ਤਿ੍ਰੳੂਣਾ, ਗੁਰਦਾਸ ਸਿੰਘ ਦਾਸ ਤੇ ਲਾਭ ਸਿੰਘ ਲੇਹਲੀ ਨੇ ਸਾਉਣ ਨਾਲ ਸਬੰਧਤ ਗੀਤ ਗਾ ਕੇ ਜਿੱਥੇ ਕਾਵਿ ਮਹਿਫ਼ਲ ਵਿਚ ਤੀਆਂ ਵਾਲੇ ਰੰਗ ਭਰੇ, ਉਥੇ ਹੀ ਕਰਮਜੀਤ ਸਿੰਘ ਬੱਗਾ ਨੇ ਬੋਲੀਆਂ ਪਾ ਕੇ ਸਾਉਣ ਕਾਵਿ ਮਹਿਫ਼ਲ ਦੀ ਪੀਂਘ ਸਿਖਰ ’ਤੇ ਚੜ੍ਹਾ ਦਿੱਤੀ। ਸ਼ੋ੍ਰਮਣੀ ਸ਼ਾਇਰ ਸਿਰੀਰਾਮ ਅਰਸ਼, ਗੁਰਦੀਪ ਗੁੱਲ, ਰਸ਼ਮੀ ਸ਼ਰਮਾ ਤੇ ਮਲਕੀਅਤ ਬਸਰਾ ਹੋਰਾਂ ਨੇ ਪਰਿਵਾਰਕ ਤੇ ਸਭਿਆਚਾਰ ਨਾਲ ਸਬੰਧਤ ਕਵਿਤਾਵਾਂ ਪੇਸ਼ ਕਰਕੇ ਕਾਵਿ ਮਹਿਫ਼ਲ ਵਿਚ ਗੰਭੀਰਤਾ ਭਰ ਦਿੱਤੀ। ਇਸੇ ਤਰ੍ਹਾਂ ਮਲਕੀਤ ਸਿੰਘ ਨਾਗਰਾ ਦੀ ਕਵਿਤਾ ਨੇ ਜਿੱਥੇ ਨਿਵੇਕਲਾ ਰੰਗ ਪੇਸ਼ ਕੀਤਾ, ਉਥੇ ਹੀ ਗੁਰਨਾਮ ਕੰਵਰ ਹੋਰਾਂ ਦੀ ਕਵਿਤਾ ਨੇ ਰੌਂਗਟੇ ਖੜ੍ਹੇ ਕਰਨ ਵਾਲਾ ਸਾਰੇ ਸਰੋਤਿਆਂ ’ਚ ਜੋਸ਼ ਭਰ ਦਿੱਤਾ। ਪਾਲ ਅਜਨਬੀ, ਗੁਰਪ੍ਰੀਤ ਸਿੰਘ, ਰਾਜ ਕੁਮਾਰ, ਸੇਵੀ ਰਾਇਤ, ਜਗਦੀਪ ਕੌਰ ਨੂਰਾਨੀ, ਦਰਸ਼ਨ ਸਿੰਘ ਸਿੱਧੂ, ਪ੍ਰਲਾਦ ਸਿੰਘ, ਸ਼ਾਇਰ ਭੱਟੀ, ਗੁਰਦਰਸ਼ਨ ਸਿੰਘ ਮਾਵੀ ਤੇ ਪਰਮਜੀਤ ਸਿੰਘ ਪਰਮ ਹੋਰਾਂ ਨੇ ਵੀ ਆਪਣੀਆਂ ਕਵਿਤਾਵਾਂ ਨਾਲ ਭਰਪੂਰ ਹਾਜ਼ਰੀ ਲਗਵਾਈ।
ਸਮੁੱਚੇ ਕਵੀਆਂ ਦਾ, ਸਰੋਤਿਆਂ ਦਾ ਤੇ ਪ੍ਰਧਾਨਗੀ ਮੰਡਲ ਦਾ ਧੰਨਵਾਦ ਕਰਦਿਆਂ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਵਤਾਰ ਸਿੰਘ ਪਤੰਗ ਹੋਰਾਂ ਨੇ ਆਖਿਆ ਕਿ ਸਭਾ ਆਉਂਦੇ ਸਮਿਆਂ ਵਿਚ ਵੀ ਨਿਵੇਕਲੇ ਸਾਹਿਤਕ ਸਮਾਗਮ ਉਲੀਕਦੀ ਰਹੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਵਿੰਦਰ ਸਿੰਘ ਕਾਲੜਾ, ਖੁਸ਼ਹਾਲ ਸਿੰਘ ਨਾਗਾ, ਪ੍ਰਵੀਨ ਸੰਧੂ, ਰਾਜਦੀਪ ਕੌਰ ਮੁਲਤਾਨੀ, ਨਵਜੋਤ ਸੰਧੂ, ਸੰਜੀਵਨ ਸਿੰਘ, ਸੁਭਾਸ਼ ਭਾਸਕਰ, ਰਮਿੰਦਰਪਾਲ ਸਿੰਘ, ਲਾਲਜੀ ਲਾਲੀ, ਡਾ. ਪ੍ਰਭਜੋਤ ਕੌਰ, ਬਲਦੇਵ ਸਿੰਘ ਸਪਤਰਿਸ਼ੀ, ਸਤਵੀਰ ਕੌਰ, ਮਹਿੰਦਰਪਾਲ ਸਿੰਘ, ਜੈਸਮਾਈਨ ਕੌਰ ਸੰਧੂ ਅਤੇ ਰਿਟਾਇਰਡ ਲੈਫ. ਕਰਨਲ ਬਚਿੱਤਰ ਸਿੰਘ ਵੀ ਹਾਜ਼ਰ ਸਨ। ਸਮੁੱਚੇ ਸਮਾਗਮ ਦੀ ਕਾਰਵਾਈ ਸਭਾ ਦੇ ਜਨਰਲ ਸਕੱਤਰ ਦੀਪਕ ਸ਼ਰਮਾ ਚਨਾਰਥਲ ਨੇ ਕਾਵਿਕ ਅੰਦਾਜ਼ ਵਿਚ ਬਾਖੂੁਬੀ ਨਿਭਾਈ।

RELATED ARTICLES
POPULAR POSTS