‘ਆਪ’ ਨੇ 13 ਲੋਕ ਸਭਾ ਸੀਟਾਂ ਲਈ 39 ਉਮੀਦਵਾਰਾਂ ਦੇ ਨਾਮ ਕੀਤੇ ਸ਼ੌਰਟ ਲਿਸਟ
ਚੰਡੀਗੜ੍ਹ/ਬਿਊਰੋ ਨਿਊਜ਼ : ਇੰਡੀਆ ਗੱਠਜੋੜ ’ਚ ਸ਼ਾਮਲ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਪੰਜਾਬ ’ਚ ਅਲੱਗ-ਅਲੱਗ ਚੋਣ ਮੈਦਾਨ ’ਚ ਉਤਰਨਗੀਆਂ। ਇਸ ਸਬੰਧੀ ਆਮ ਆਦਮੀ ਪਾਰਟੀ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ ਅਤੇ ਪਾਰਟੀ ਵੱਲੋਂ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ’ਤੇ ਆਪਣੇ ਉਮੀਦਵਾਰ ਉਤਾਰਨ ਸਬੰਧੀ ਵਿਚਾਰ ਕੀਤਾ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਨੇ 13 ਸੀਟਾਂ ਲਈ 39 ਉਮੀਦਵਾਰਾਂ ਦੇ ਨਾਮ ਸ਼ਾਰਟ ਲਿਸਟ ਵੀ ਕਰ ਲਏ ਗਏ ਹਨ। ਇਹ ਪਤਾ ਚਲਿਆ ਹੈ ਕਿ ‘ਆਪ’ ਨੇ ਹਰ ਸੀਟ ਲਈ ਤਿੰਨ ਮੈਂਬਰਾਂ ਨੂੰ ਚੁਣਿਆ ਹੈ ਅਤੇ ਇਨ੍ਹਾਂ ਉਮੀਦਵਾਰਾਂ ਨੂੰ ਲੈ ਕੇ ਪਾਰਟੀ ਵੱਲੋਂ ਸਰਵੇ ਕਰਵਾਇਆ ਜਾਵੇਗਾ। ਜਿਸ ਉਮੀਦਵਾਰ ਨੂੰ ਲੋਕ ਪਸੰਦ ਕਰਨਗੇ ਉਸ ਨੂੰ ਲੋਕ ਸਭਾ ਦੀ ਟਿਕਟ ਦਿੱਤੀ ਜਾਵੇਗੀ। ਮਿਲੀ ਜਾਣਕਾਰੀ ਅਨੁਸਾਰ ਇਹ ਪਤਾ ਲੱਗਿਆ ਹੈ ਕਿ ਮਾਨ ਸਰਕਾਰ ਆਪਣੇ ਕੁੱਝ ਮੰਤਰੀਆਂ ਅਤੇ ਪਾਰਟੀ ਦੇ ਸੀਨੀਅਰ ਅਗੂਆਂ ਨੂੰ ਵੀ ਚੋਣ ਮੈਦਾਨ ਵਿਚ ਉਤਾਰ ਸਕਦੀ ਹੈ।
ਲੋਕ ਸਭਾ ਚੋਣਾਂ ਤੋਂ ਪਹਿਲਾਂ ਗੱਠਜੋੜ ਨਾ ਕਰਨ ਦੀ ਗੱਲ ਨੂੰ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਸਵੀਕਾਰ ਕਰ ਲਿਆ ਹੈ ਅਤੇ ਇਸ ਸਬੰਧੀ ਜਲਦੀ ਹੀ ਐਲਾਨ ਵੀ ਕੀਤਾ ਜਾ ਸਕਦਾ ਹੈ। ਜਦਕਿ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਅਲੱਗ ਚੋਣ ਲੜਨ ਦੇ ਸੰਕੇਤ ਦੇ ਚੁੱਕੇ ਹਨ ਅਤੇ ਉਨ੍ਹਾਂ ਵੱਲੋਂ ਪੰਜਾਬ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ ਜਿੱਤਣ ਦਾ ਦਾਅਵਾ ਕੀਤਾ ਜਾ ਚੁੱਕਿਆ ਹੈ।