ਤਲਵਿੰਦਰ ਸਿੰਘ ਬੁੱਟਰ
ਸ੍ਰੀ ਅਨੰਦਪੁਰ ਸਾਹਿਬ ਨਾ-ਸਿਰਫ਼ ਖ਼ਾਲਸੇ ਦੀ ਜਨਮ ਭੂਮੀ ਹੋਣ ਕਾਰਨ ਹੀ ਸਿੱਖਾਂ ਲਈ ਪੂਜਣਯੋਗ ਹੈ, ਸਗੋਂ ਅਨੰਦਪੁਰ ਸਾਹਿਬ ਸਿੱਖੀ ਦਾ ਬੁਲੰਦ ਸੰਕਲਪ, ਇਕ ਫ਼ਲਸਫ਼ਾ ਅਤੇ ਸਿੱਖ ਦਰਸ਼ਨ ਦਾ ਇਕ ਸਥੂਲ ਅਮਲ ਵੀ ਹੈ। ਪ੍ਰਿੰਸੀਪਲ ਸਤਿਬੀਰ ਸਿੰਘ ਲਿਖਦੇ ਹਨ, ”ਖ਼ਾਲਸੇ ਨੂੰ ਸਦਾ ਹੀ ਅਨੰਦਪੁਰ ਦਾ ਵਾਸੀ ਰਹਿਣਾ ਹੀ ਉਚਿਤ ਹੈ। ਉਸ ਨੂੰ ਛੱਡਿਆਂ ਧੱਕੇ, ਧੇੜੇ, ਠੇਡੇ, ਠੋਕਰਾਂ, ਮੁਸੀਬਤਾਂ ਤੇ ਮੁਸ਼ਕਿਲਾਂ ਹੀ ਹਨ।”
ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 714 ‘ਤੇ ਅੰਕਿਤ ‘ਰਾਗ ਟੋਡੀ’ ਵਿਚ ਮਨੁੱਖ ਨੂੰ ਸਦੀਵੀ ਅਨੰਦ, ਜਿਸ ਨੂੰ ਵਿਸਮਾਦੀ ਅਵਸਥਾ ਵੀ ਆਖਿਆ ਗਿਆ ਹੈ, ਦੀ ਪ੍ਰਾਪਤੀ ਦਾ ਤਰੀਕਾ ਦੱਸਦਿਆਂ ਫ਼ੁਰਮਾਉਂਦੇ ਹਨ, ”ਹੇ ਭਾਈ! ਜੇ ਤੇਰੀ ਇੱਛਾ ਸਦੀਵੀ ਅਨੰਦ ਤੇ ਖੁਸ਼ੀ ਦੀ ਅਵਸਥਾ ਵਿਚ ਰਹਿਣ ਦੀ ਹੈ ਤਾਂ ਸਦਾ ਪਰਮਾਤਮਾ ਦੀ ਕੀਰਤੀ (ਸਿਮਰਨ) ਕਰ, ਭਾਵ ਸਦਾ ਸਰਬ-ਵਿਆਪਕ ਸ਼ਕਤੀ ਦੀ ਚੇਤਨਾ ਵਿਚ ਭਿੱਜਿਆ ਰਹਿ।”
ਇਸੇ ਰੱਬੀ ਫ਼ੁਰਮਾਨ ਦਾ ਅਮਲੀ ਪ੍ਰਗਟਾਵਾ ਕਰਨ ਲਈ ਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ‘ਕੀਰਤਪੁਰ ਸਾਹਿਬ’ ਤੋਂ 9 ਕਿਲੋਮੀਟਰ ਦੂਰ ਪਹਾੜਾਂ ਵੱਲ ‘ਸ੍ਰੀ ਅਨੰਦਪੁਰ ਸਾਹਿਬ’ ਵਸਾਇਆ ਸੀ। ਜਿਸ ਪਾਵਨ ਜ਼ਰਖੇਜ਼ ਭੂਮੀ ‘ਤੇ ਅੱਜ ਸ੍ਰੀ ਅਨੰਦਪੁਰ ਸਾਹਿਬ ਵੱਸਿਆ ਹੋਇਆ ਹੈ, ਇਸ ਦਾ ਪਹਿਲਾ ਨਾਮ ‘ਮਾਖੋਵਾਲ’ ਸੀ। ਕਿਹਾ ਜਾਂਦਾ ਹੈ ਕਿ ਇਥੇ ਇਕ ਮਾਖੋ ਨਾਮ ਦਾ ਦੈਂਤ ਰਹਿੰਦਾ ਸੀ, ਜਿਹੜਾ ਇੱਥੇ ਕਿਸੇ ਨੂੰ ਵੱਸਣ ਨਹੀਂ ਦਿੰਦਾ ਸੀ। ਕਈ ਇਤਿਹਾਸਕਾਰਾਂ ਨੇ ਮਾਖੋ ਨੂੰ ਡਾਕੂ ਲਿਖਿਆ ਹੈ। ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ 19 ਜੂਨ 1665 ਈਸਵੀ, ਮੁਤਾਬਕ 21 ਹਾੜ 1722 ਬਿਕਰਮੀ ਨੂੰ ਆਪਣੇ ਪੂਜਨੀਕ ਮਾਤਾ ਨਾਨਕੀ ਜੀ ਦੇ ਨਾਂਅ ‘ਤੇ ‘ਚੱਕ ਨਾਨਕੀ’ ਪਿੰਡ ਵਜੋਂ ਬੰਨ੍ਹਿਆ ਸੀ, ਜਿਸ ਨੂੰ ਬਾਅਦ ਵਿਚ 1689 ਈਸਵੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਅਨੰਦਪੁਰ ਸਾਹਿਬ’ ਦਾ ਨਾਂਅ ਦਿੱਤਾ। ਇਸ ਨਗਰੀ ਦੀ ਨੀਂਹ ਨੌਂਵੇ ਪਾਤਸ਼ਾਹ ਨੇ ਬਾਬਾ ਬੁੱਢਾ ਜੀ ਦੇ ਪੋਤਰੇ ਬਾਬਾ ਗੁਰਦਿੱਤਾ ਜੀ ਪਾਸੋਂ ਰਖਵਾਈ ਸੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਜਦੋਂ ਇਹ ਧਰਤੀ ਰਿਆਸਤ ਕਹਿਲੂਰ ਦੇ ਰਾਜੇ ਦੀਪ ਚੰਦ ਦੀ ਵਿਧਵਾ ਰਾਣੀ ਚੰਪਾ ਤੋਂ ਮੁੱਲ ਖਰੀਦ ਕੇ ਇੱਥੇ ਆਪਣੀ ਪੂਜਨੀਕ ਮਾਤਾ ਨਾਨਕੀ ਜੀ ਦੇ ਨਾਂਅ ‘ਤੇ ‘ਚੱਕ ਨਾਨਕੀ’ ਨਗਰ ਵਸਾਇਆ ਤਾਂ ਇੱਥੇ ਇਲਾਹੀ ਨਦਰਿ ਪਈ ਤੇ ਮਾਖੋ ਦੈਂਤ ਭੱਜ ਗਿਆ। ‘ਮਾਖੋਵਾਲ’ ਵੀਰਾਨ ਧਰਤੀ ਨਹੀਂ ਰਿਹਾ, ਸਗੋਂ ਗੁਰੂ ਸਾਹਿਬਾਨ ਦੀ ਅਗੰਮੀ ਦ੍ਰਿਸ਼ਟੀ ਤੇ ਪਾਵਨ ਚਰਨ ਛੋਹ ਨਾਲ ਸੁਹਾਵਨਾ ਨਗਰ ਬਣ ਗਿਆ। ‘ਗੁਰ ਸੋਭਾ’ ਗ੍ਰੰਥ ਦਾ ਕਰਤਾ ਲਿਖਦਾ ਹੈ, ”ਮਾਖੋਵਾਲ ਸੁਹਾਵਣਾ ਸਤਿਗੁਰ ਕੋ ਅਸਥਾਨ।”
ਸ੍ਰੀ ਅਨੰਦਪੁਰ ਸਾਹਿਬ ਦੀ ਭੂਗੋਲਿਕ ਤੇ ਅਧਿਆਤਮਕ ਪ੍ਰਸੰਗ ‘ਚ ਅਗੰਮੀ ਮਹਿਮਾ ਦਾ ਵਰਨਣ ਕਰਦਿਆਂ ਦਰਬਾਰੀ ਕਵੀ ਹੰਸ ਰਾਮ ਦੇ ਪੋਤਰੇ ਹਿੰਦੀ ਦੇ ਪ੍ਰਸਿੱਧ ਕਵੀ ਚੰਦਰ ਸ਼ੇਖਰ ਬਾਜਪਾਈ ਲਿਖਦੇ ਹਨ, ”ਅਨੰਦਪੁਰ, ਅਨੰਦ ਦੀ ਜੜ੍ਹ, ਅਨੰਦ ਦਾ ਸ਼ਹਿਰ। ਜਿਥੇ ਚਾਰ ਵਰਣ, ਚਾਰ ਆਸ਼ਰਮ ਹੀ ਅਨੰਦ ਪਾਉਂਦੇ ਹਨ।” ਸ੍ਰੀ ਅਨੰਦਪੁਰ ਸਾਹਿਬ ਜਿਥੇ ਅਗੰਮੀ ਦ੍ਰਿਸ਼ਟੀਆਂ ਵਰਸਾਉਣ ਵਾਲਾ ਆਤਮਿਕ ਜਗਿਆਸੂਆਂ ਲਈ ਸੁਹਾਵਨਾ ਅਸਥਾਨ ਬਣਿਆ, ਉਥੇ ਇਹ ਰਾਜਨੀਤਕ ਤੌਰ ‘ਤੇ ਵੀ ਦੇਸ਼ ਦੀ ਤਕਦੀਰ ਬਦਲਣ ਵਾਲਾ ਸਿਧਾਂਤ ਬਣ ਕੇ ਦੁਨੀਆ ਦੇ ਨਕਸ਼ੇ ‘ਤੇ ਆਇਆ। ਇਤਿਹਾਸਕਾਰ ‘ਆਰਚਰ’ ਲਿਖਦਾ ਹੈ, ”ਅਨੰਦਪੁਰ ਵਸਾਉਣਾ ਇਕ ‘ਲੰਮੀ ਨਦਰ’ ਦਾ ਰਾਜਨੀਤਕ ਕਰਮ ਵੀ ਸੀ।”
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਰਨ ਆਏ ਕਸ਼ਮੀਰੀ ਪੰਡਤਾਂ ਦੀ ਧਾਰਮਿਕ ਆਜ਼ਾਦੀ ਲਈ 9 ਸਾਲ ਦੀ ਉਮਰ ਵਿਚ ਇੱਥੋਂ ਹੀ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹਾਦਤ ਦੇਣ ਲਈ ਦਿੱਲੀ ਵੱਲ ਤੋਰਿਆ ਸੀ। ‘ਮੈਦਾਨ-ਏ-ਜੰਗ’ ਵਿਚ ਭਾਈ ਘਨ੍ਹੱਈਆ ਜੀ ਵਲੋਂ ਬਿਨ੍ਹਾਂ ਵਿਤਕਰਾ ਕੀਤਿਆਂ ਦੁਸ਼ਮਣ ਫ਼ੌਜਾਂ ਦੇ ਜ਼ਖ਼ਮੀ ਸਿਪਾਹੀਆਂ ਨੂੰ ਵੀ ਪਾਣੀ ਪਿਲਾ ਕੇ ਸਿੱਖ ਧਰਮ ਦਾ ”ਨਾ ਕੋ ਬੈਰੀ ਨਹੀ ਬਿਗਾਨਾ’ ਦਾ ਸੰਕਲਪ ਵੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਹੀ ਅਮਲੀ ਰੂਪ ‘ਚ ਦੁਨੀਆ ਦੇ ਸਾਹਮਣੇ ਦ੍ਰਿਸ਼ਟਮਾਨ ਕੀਤਾ ਗਿਆ ਸੀ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਚ ਜਬਰ-ਜ਼ੁਲਮ ਦੇ ਖਿਲਾਫ਼ ਸੱਚ ਦੀ ਜੰਗ ਦੌਰਾਨ ‘ਪੰਜ ਕਿਲ੍ਹੇ’ ਬਣਾਏ। ਇਹ ਕਿਲ੍ਹੇ ਨਾ ਸਿਰਫ਼ ਸ੍ਰੀ ਅਨੰਦਪੁਰ ਸਾਹਿਬ ਦੀ ਦੁਸ਼ਮਣ ਦੇ ਹਮਲਿਆਂ ਤੋਂ ਹੀ ਰੱਖਿਆ ਕਰਦੇ ਸਨ, ਸਗੋਂ ਇਨ੍ਹਾਂ ਦੀ ਆਤਮਿਕ ਦ੍ਰਿਸ਼ਟੀ ਤੋਂ ਵੀ ਅਹਿਮੀਅਤ ਘੱਟ ਨਹੀਂ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਕੇਸਗੜ੍ਹ’ ਨੂੰ ਕੇਂਦਰ ਵਿਚ ਰੱਖ ਕੇ ਇਸ ਦੇ ਆਲੇ-ਦੁਆਲੇ ਪੰਜ ਕਿਲ੍ਹੇ ਉਸਾਰੇ। ਕੇਸਗੜ੍ਹ ਦੇ ਅਸਥਾਨ ‘ਤੇ ‘ਪੰਜ ਪਿਆਰਿਆਂ’ ਦੀ ਚੋਣ ਕਰਕੇ ‘ਖ਼ਾਲਸਾ ਪੰਥ’ ਦੀ ਸਾਜਨਾ ਮਨੁੱਖੀ ਅਧਿਕਾਰਾਂ ਦੀ ਰੱਖਿਆ ਤੇ ਸਨਮਾਨ ਲਈ ਦੁਨੀਆ ਦਾ ਸਭ ਤੋਂ ਅਹਿਮ ਤੇ ਵੱਡਾ ਇਨਕਲਾਬ ਸੀ। ਭਾਈ ਨੰਦ ਲਾਲ ਜੀ ਮੁਤਾਬਕ ”ਇਹ ਸਿੱਖ ਫ਼ਲਸਫ਼ੇ ਦੇ ਅਸੂਲ ਦਾ ਕੇਂਦਰ ਹੈ, ਇਸ ਕਰਕੇ ਇਸ ਨੂੰ ਕੇਸਗੜ੍ਹ ਆਖਿਆ ਜਾਂਦਾ ਹੈ।” ‘ਕੇਸ’ ਸ਼ਬਦ ਫ਼ਾਰਸੀ ਵਿਚ ਰੱਬੀ ਅਸੂਲ, ਅਕਾਲ ਦੀ ਪ੍ਰਭੂਸੱਤਾ ਲਈ ਵਰਤਿਆ ਜਾਂਦਾ ਹੈ। ਕੇਸਗੜ੍ਹ ‘ਚ ਖ਼ਾਲਸੇ ਦਾ ਫ਼ਲਫ਼ਸਾ ਮਹਿਫ਼ੂਜ਼ ਕੀਤਾ ਗਿਆ ਹੈ। ਕੇਸਗੜ੍ਹ ਤੋਂ ਹੀ ਦਸਮ ਪਿਤਾ ਨੇ 80 ਹਜ਼ਾਰ ਦੇ ਇਕੱਠ ਵਿਚੋਂ ਯੋਗਤਾ ਤੇ ਗੁਣਾਂ ਦੇ ਆਧਾਰ ‘ਤੇ ‘ਪੰਜ ਪਿਆਰੇ’ ਸਜਾ ਕੇ ਸਿੱਖ ਕੌਮ ਨੂੰ ‘ਸਿਲੈਕਸ਼ਨ’ (ਗੁਣਤੰਤਰ) ਦਾ ਰਾਜਨੀਤਕ ਨਮੂਨਾ ਦਿੱਤਾ ਸੀ।
ਜਿਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਕੇਸਗੜ੍ਹ’ ਦੀ ਰੱਖਿਆ ਲਈ ਪੰਜ ਕਿਲ੍ਹੇ ਉਸਾਰੇ, ਉਸੇ ਤਰ੍ਹਾਂ ਹੀ ‘ਖ਼ਾਲਸਾ ਸਾਜਨਾ ਵੇਲੇ’ ਸਦੀਵੀ ਆਤਮਿਕ ਅਡੋਲਤਾ ਕਾਇਮ ਰੱਖਣ ਲਈ ਸਿੱਖ ਨੂੰ ਪੰਜ ਕਕਾਰੀ ਫ਼ਿਲਾਸਫ਼ੀ ਦਿੱਤੀ। ਦਸਮ ਪਿਤਾ ਦੇ ਹੁੰਦਿਆਂ ਸ੍ਰੀ ਅਨੰਦਪੁਰ ਸਾਹਿਬ ‘ਤੇ ਮੁਗ਼ਲਾਂ ਤੇ ਪਹਾੜੀ ਰਾਜਿਆਂ ਦੇ ਜਿੰਨੇ ਵੀ ਹਮਲੇ ਹੋਏ, ਉਨ੍ਹਾਂ ‘ਚ ਕਦੇ ਵੀ ਇਕੱਠੇ ਪੰਜ ਕਿਲ੍ਹਿਆਂ ਤੱਕ ਦੁਸ਼ਮਣ ਫ਼ੌਜਾਂ ਨਹੀਂ ਪਹੁੰਚ ਸਕੀਆਂ। ਜਦੋਂ ਤੱਕ ਪੰਜ ਕਿਲ੍ਹੇ ਨਹੀਂ ਜਿੱਤੇ ਜਾਂਦੇ, ਕੇਸਗੜ੍ਹ ਸਾਹਿਬ ਤੱਕ ਦੁਸ਼ਮਣ ਫ਼ੌਜਾਂ ਦਾ ਪੁੱਜਣਾ ਅਸੰਭਵ ਸੀ। ‘ਪੰਜ ਕਿਲ੍ਹਿਆਂ’ ਦਾ ਫ਼ਲਸਫ਼ਾ ਦੱਸਦਾ ਹੈ ਕਿ, ‘ਕਿਸੇ ਸਿੱਖ ਨੂੰ ਜਿੱਤਣ (ਉਸ ਨੂੰ ਆਤਮਿਕ ਅਡੋਲਤਾ, ਸਰੀਰਕ ਨਿਰਮੋਹਤਾ ਨੂੰ ਖ਼ਤਮ ਕਰਨ) ਤੋਂ ਪਹਿਲਾਂ ਵੈਰੀ ਨੂੰ ਉਸ ਦੇ ਪੰਜ ਗੁਣ ਮੁਕਾਉਣੇ ਪੈਣਗੇ, ਜਿਹੜੇ ਪ੍ਰਤੀਕ ਰੂਪ ਵਿਚ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਪੰਜ ਕੱਕਿਆਂ ਅਤੇ ਪੰਜ ਰਹਿਤਾਂ ਵਜੋਂ ਦਿੱਤੇ ਹਨ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਚ ਸਭ ਤੋਂ ਪਹਿਲਾ ਕਿਲ੍ਹਾ ‘ਅਨੰਦਗੜ੍ਹ ਸਾਹਿਬ’ ਹੀ ਉਸਾਰਿਆ ਸੀ। ਇਹ ਅਪ੍ਰੈਲ 1689 ਵਿਚ ਬਣਨਾ ਸ਼ੁਰੂ ਹੋਇਆ ਸੀ। ਇਹ ਕਿਲ੍ਹਾ ਸਭ ਤੋਂ ਮਜ਼ਬੂਤ ਤੇ ਉੱਚਾ ਮੰਨਿਆ ਜਾਂਦਾ ਸੀ, ਜਿਹੜਾ ਕਿ ਸ਼ਹਿਰ ਤੋਂ ਦੱਖਣ ਵੱਲ ਅੱਧ ਕੁ ਮੀਲ ਪਹਾੜੀ ਨੂੰ ਕੱਟ ਕੇ 150 ਫ਼ੁੱਟ ਦੇ ਕਰੀਬ ਉਚਾਈ ‘ਤੇ ਬਣਾਇਆ ਗਿਆ ਸੀ। ਅਨੰਦਪੁਰ ‘ਤੇ ਫ਼ਤਹਿ ਪਾਉਣ ਲਈ ਮੁਗਲਾਂ ਤੇ ਪਹਾੜੀ ਰਾਜਿਆਂ ਦਾ ਸਭ ਤੋਂ ਵੱਧ ਜ਼ੋਰ ਇਸ ਕਿਲ੍ਹੇ ਨੂੰ ਕਬਜ਼ੇ ਵਿਚ ਲੈਣ ‘ਤੇ ਹੀ ਲੱਗਾ ਰਿਹਾ। ਸ੍ਰੀ ਅਨੰਦਪੁਰ ਸਾਹਿਬ ਦਾ ਇਤਿਹਾਸ ਸਾਨੂੰ ਵਾਰ-ਵਾਰ ਆਪਣੇ ਆਤਮਿਕ ‘ਅਨੰਦਗੜ੍ਹ’ ਨੂੰ ਮਜਬੂਤ ਤੇ ਕਾਇਮ ਰੱਖਣ ਦੀ ਹੀ ਸਿੱਖਿਆ ਦਿੰਦਾ ਹੈ।
ਪੰਜ ਕਿਲ੍ਹਿਆਂ ਵਿਚੋਂ ਕਿਲ੍ਹਾ ਲੋਹਗੜ੍ਹ ਖ਼ਾਸ ਅਹਿਮੀਅਤ ਰੱਖਦਾ ਸੀ। ਇਥੇ ਹੀ ਸਿੱਖ ਫ਼ੌਜਾਂ ਦਾ ਹਥਿਆਰ ਬਣਾਉਣ ਦਾ ਕਾਰਖਾਨਾ ਲੱਗਾ ਹੋਇਆ ਸੀ। ਇਸੇ ਕਿਲ੍ਹੇ ਦਾ ਮਜ਼ਬੂਤ ਦਰਵਾਜ਼ਾ ਤੋੜਨ ਲਈ ਪਹਾੜੀ ਫ਼ੌਜਾਂ ਨੇ ਸ਼ਰਾਬ ਪਿਲਾ ਕੇ ਇਕ ਮਸਤ ਹਾਥੀ ਨੂੰ ਭੇਜਿਆ ਸੀ, ਜਿਸ ਨੂੰ ਭਾਈ ਬਚਿੱਤਰ ਸਿੰਘ ਨੇ ਨਾਗਣੀ ਬਰਛਾ ਮਾਰ ਕੇ ਮੋੜਿਆ। ਇਹ ਕਿਲ੍ਹਾ ਸਿੱਖ ਫ਼ਲਸਫ਼ੇ ਨੂੰ ਰੂਪਮਾਨ ਕਰਦਾ ਹੈ ਕਿ, ਆਪਣੇ ਅਨੰਦਗੜ੍ਹ ਨੂੰ ਕਾਇਮ ਰੱਖਣ ਅਤੇ ਕੇਸਗੜ੍ਹ ਦੀ ਪ੍ਰਭੂਸੱਤਾ ਤੱਕ ਦੁਸ਼ਮਣ ਫ਼ੌਜ ਨੂੰ ਪਹੁੰਚਣ ਤੋਂ ਰੋਕਣ ਲਈ ਸਿੱਖ ਨੇ ”ਸਰਬ ਲੋਹ ਦੀ ਰਛਿਆ” ਦਾ ਅਕੀਦਾ ਨਹੀਂ ਛੱਡਣਾ। ਸਿੱਖ ਨੇ ਸਰਬਲੋਹ ਨੂੰ ‘ਅਕਾਲ’ ਦਾ ਪ੍ਰਤੀਕ ਸਮਝ ਕੇ ਅੰਗ-ਸੰਗ ਰੱਖਣਾ ਹੈ। ਲੋਹਗੜ੍ਹ ਸਿੱਖ ਵਿਚੋਂ ਕਾਇਰਤਾ ਦੇ ਬੁਜ਼ਦਿਲੀ ਨੂੰ ਖ਼ਤਮ ਕਰਨ ਦਾ ਸੁਨੇਹਾ ਦਿੰਦਾ ਹੈ। ਇਹ ਸਿੱਖ ਨੂੰ ਆਪਣਾ ਹੌਂਸਲਾ ਤੇ ਮਨੋਬਲ ਲੋਹੇ ਵਰਗਾ ਫ਼ੌਲਾਦੀ ਬਣਾਉਣ ਦੀ ਸਿੱਖਿਆ ਦਿੰਦਾ ਹੈ।
ਤੀਜੇ ਕਿਲ੍ਹੇ ਹੋਲਗੜ੍ਹ ਦਾ ਫ਼ਲਸਫ਼ਾ ਸਿੱਖ ਨੂੰ ਸਦਾ ਕਿਰਿਆਸ਼ੀਲ ਰਹਿਣ ਦਾ ਸੁਨੇਹਾ ਦਿੰਦਾ ਹੈ। ‘ਹੋਲ’ ਦਾ ਅਰਥ ਹੈ ‘ਹਮਲਾ’ ਅਤੇ ਇਹ ਸ਼ਬਦ ‘ਹੂਲ’ ਤੋਂ ਬਣਿਆ ਹੈ, ਜਿਸ ਦਾ ਭਾਵ ਹੈ ਨੇਕ ਅਤੇ ਭਲੇ ਕੰਮ ਲਈ ਜੂਝਣਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਹੋਲਗੜ੍ਹ’ ਦੇ ਸਥਾਨ ਤੋਂ ‘ਹੋਲੇ’ ਦੀ ਰੀਤ ਆਰੰਭ ਕੀਤੀ। ਸਿੱਖਾਂ ਵਿਚ ਸਰੀਰਕ ਰਿਸ਼ਟ-ਪੁਸ਼ਟਤਾ ਅਤੇ ਸ਼ਸਤਰ ਕਲਾਵਾਂ ਲਈ ਉਤਸ਼ਾਹ ਜਾਗਣ ਲੱਗਾ। ਇਸ ਕਿਲ੍ਹੇ ਦਾ ਫ਼ਲਸਫ਼ਾ ਇਹ ਸੁਨੇਹਾ ਦਿੰਦਾ ਹੈ ਕਿ ਆਲਸ ਦਾ ਸ਼ਿਕਾਰ ਹੋਈਆਂ ਕੌਮਾਂ ਦਾ ਭਵਿੱਖ ਸੁਨਹਿਰਾ ਨਹੀਂ ਹੁੰਦਾ।
ਚੌਥਾ ਕਿਲ੍ਹਾ ਫ਼ਤਹਿਗੜ੍ਹ ਸਾਹਿਬ ਸਿੱਖ ਨੂੰ ਆਸ਼ਾਵਾਦੀ ਅਤੇ ਚੜ੍ਹਦੀ ਕਲਾ ਵਿਚ ਰਹਿਣ ਦਾ ਸੁਨੇਹਾ ਦਿੰਦਾ ਹੈ। ਸਿੱਖ ਫ਼ਲਸਫ਼ੇ ਦੀ ਅਗੰਮੀ ਸਥਿਰਤਾ ਤੇ ਬੁਲੰਦੀ ‘ਫ਼ਤਹਿ’ ਵਿਚ ਹੀ ਹੈ। ਸਿੱਖ ਹਰ ਵੇਲੇ ਵਾਹਿਗੁਰੂ ਦੀ ਓਟ ਮੰਗਦਾ ਹੈ ਅਤੇ ਜਦੋਂ ਉਹ ਇਸ ਓਟ ਵਿਚ ਦੁਸ਼ਮਣ ‘ਤੇ ਜਿੱਤ ਹਾਸਲ ਕਰਦਾ ਹੈ ਤਾਂ ਆਪਣੀ ਨਹੀਂ, ਸਗੋਂ ‘ਵਾਹਿਗੁਰੂ ਕੀ ਜੀ ਫ਼ਤਹਿ।’ ਦਾ ਡੰਕਾ ਵਜਾਉਂਦਾ ਹੈ। ਫ਼ਤਹਿਗੜ੍ਹ ਕਿਲ੍ਹਾ ਸਿੱਖ ਨੂੰ ਹਰ ਹਾਲਾਤ ਵਿਚ ਬੁਲੰਦ ਹੌਂਸਲੇ ਵਿਚ ਰਹਿਣ ਦਾ ਵੀ ਸੁਨੇਹਾ ਦਿੰਦਾ ਹੈ।
ਪੰਜਵਾਂ ਕਿਲ੍ਹਾ ਅਨੰਦਪੁਰ ਸਾਹਿਬ ਤੋਂ ਉੱਤਰ-ਪੂਰਬ ਵੱਲ ਤਕਰੀਬਨ 5 ਕਿਲੋਮੀਟਰ ਦੂਰ ‘ਤਾਰਾਗੜ੍ਹ’ ਸਿੱਖ ਨੂੰ ਭਗਤੀ-ਸ਼ਕਤੀ ਦੇ ਸੁਮੇਲ ਦੀ ਜਾਚ ਸਿੱਖਣ ਦਾ ਫ਼ਲਸਫ਼ਾ ਦਿੰਦਾ ਹੈ। ਇਸ ਕਿਲ੍ਹੇ ਦਾ ਨਿਰਮਾਣ ਜਿਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਿਲਾਸਪੁਰ ਰਿਆਸਤ ਵਾਲੇ ਪਾਸੇ ਤੋਂ ਹੋਣ ਵਾਲੇ ਹਮਲਿਆਂ ਨੂੰ ਰੋਕਣ ਅਤੇ ਦੁਸ਼ਮਣ ਦੀਆਂ ਸਰਗਰਮੀਆਂ ‘ਤੇ ਬਾਜ਼ ਨਜ਼ਰ ਰੱਖਣ ਲਈ ਇਕ ਉੱਚੀ ਪਹਾੜੀ ‘ਤੇ ਕੀਤਾ ਸੀ, ਉਥੇ ਇਸ ਕਿਲ੍ਹੇ ਵਿਚ ਅਨੇਕਾਂ ਆਤਮ ਜਗਿਆਸੂ ਬ੍ਰਹਮ ਅਵਸਥਾ ਵਿਚ ਲੀਨ ਰਹਿੰਦੇ ਸਨ। ਇਕ ਉੱਚੀ ਪਹਾੜੀ ਦੀ ਟੀਸੀ ‘ਤੇ ਬਣਿਆ ਇਹ ਕਿਲ੍ਹਾ ਮਾਨੋ ਕਹਿ ਰਿਹਾ ਹੋਵੇ ਕਿ ਸਿੱਖ ਦਾ ਇਖਲਾਕ ਵੀ ਇਸੇ ਤਰ੍ਹਾਂ ਬੁਲੰਦ ਹੋਣਾ ਚਾਹੀਦਾ ਹੈ। ਸਿੱਖ ਨੇ ਹਮੇਸ਼ਾ ਆਪਣੀ ਆਤਮਿਕ ਸਥਿਰਤਾ ਦੀਆਂ ਦੁਸ਼ਮਣ ਪ੍ਰਵਿਰਤੀਆਂ ‘ਤੇ ਵੀ ਬਾਜ਼ ਅੱਖ ਰੱਖ ਕੇ ਸੁਚੇਤ ਰਹਿਣਾ ਹੈ।
ਸਮੁੱਚੇ ਤੌਰ ‘ਤੇ ਸ੍ਰੀ ਅਨੰਦਪੁਰ ਸਾਹਿਬ ਦਾ ਫ਼ਲਸਫ਼ਾ ਸਿੱਖ ਨੂੰ ਪੰਜਾਂ ਕਿਲ੍ਹਿਆਂ (ਰਹਿਤਾਂ) ਦਾ ਪਹਿਰਾ ਦੇ ਕੇ ਇਨ੍ਹਾਂ ਦੀ ਰੱਖਿਆ ਨੂੰ ਮਜ਼ਬੂਤ ਰੱਖਦਿਆਂ ਆਪਣੇ ‘ਅਨੰਦ ਦੀ ਅਵਸਥਾ’ ਨੂੰ ਸਦੀਵੀ ਕਾਇਮ ਰੱਖਣ ਦੀ ਪ੍ਰੇਰਨਾ ਦਿੰਦਾ ਹੈ। ਜਿਸ ਤਰ੍ਹਾਂ ਗੁਰੂ ਸਾਹਿਬ ਨੇ ਪੰਜ ਕਿਲ੍ਹੇ ਉਸਾਰੇ, ਪੰਜ ਕਕਾਰ ਦਿੱਤੇ ਅਤੇ ਉਸੇ ਤਰ੍ਹਾਂ ਸਿੱਖ ਨੂੰ ਪੰਜ ਰਹਿਤਾਂ ਵੀ ਦਿੱਤੀਆਂ, ਜਿਨ੍ਹਾਂ ਵਿਚ ਢਿੱਲ ਹੋਣ ‘ਤੇ ਸਿੱਖ ਅਨੰਦਪੁਰ ਵਿਚ ਵਾਸਾ ਨਹੀਂ ਰੱਖ ਸਕਦਾ। ਇਸੇ ਕਾਰਨ ਹੀ ਤਾਂ ਹਰੇਕ ਅੰਮ੍ਰਿਤਧਾਰੀ ਸਿੱਖ ਨੂੰ ‘ਅਨੰਦਪੁਰ ਸਾਹਿਬ ਦਾ ਵਾਸੀ’ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਦਾ ਪੁੱਤਰ ਆਖਿਆ ਜਾਂਦਾ ਹੈ।
ਸ੍ਰੀ ਅਨੰਦਪੁਰ ਸਾਹਿਬ ਦਾ ਫ਼ਲਸਫ਼ਾ, ”ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ॥” ਦੀ ਅਰਜੋਈ ਕਰਦਾ ਹੈ, ਬੇਕਸਾਰਾਂ, ਨਿਆਸਰਿਆਂ ਨਾਲ ”ਬਾਂਹ ਜਿਨ੍ਹਾਂ ਦੀ ਪਕੜੀਐ, ਸਿਰ ਦੀਜੈ ਬਾਂਹਿ ਨ ਛੋੜੀਐ॥” ਦਾ ਵਾਅਦਾ ਕਰਦਾ ਹੈ, ”ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ॥” ਦਾ ਐਲਾਨਨਾਮਾ ਕਰਦਾ ਹੈ ਅਤੇ ”ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ॥” ਦਾ ਸੰਦੇਸ਼ ਦਿੰਦਾ ਹੈ।
ਸ੍ਰੀ ਅਨੰਦਪੁਰ ਸਾਹਿਬ ਦੀ ਸਿੱਖ ਅਧਿਆਤਮਕਤਾ, ਸਿੱਖ ਬੌਧਿਕਤਾ ਅਤੇ ਅਕਾਦਮਿਕਤਾ ਨੂੰ ਅਦੁੱਤੀ ਦੇਣ ਬਾਰੇ ਪ੍ਰੋਫ਼ੈਸਰ ਪੂਰਨ ਸਿੰਘ ਲਿਖਦੇ ਹਨ, ”ਸ੍ਰੀ ਅਨੰਦਪੁਰ ਸਾਹਿਬ ਵਿਚ ਮਨੁੱਖੀ ਆਤਮਾ ਦੀ ਖ਼ੁਸ਼ੀਆਂ ਭਰੀ ਸ਼ਕਤੀ ਕਈ ਵੱਖ-ਵੱਖ ਰੂਪਾਂ ਵਿਚ ਪ੍ਰਗਟ ਹੁੰਦੀ ਹੈ। ਹਰ ਨਵੇਂ ਦਿਨ ਨਵੇਂ ਖ਼ਿਆਲ ਵਾਯੂ-ਮੰਡਲ ਵਿਚ ਫ਼ੈਲ ਜਾਂਦੇ ਸਨ ਅਤੇ ਖ਼ਾਲਸਾ ਪੰਥ ਨਵੇਂ ਰੰਗਾਂ ਵਿਚ ਰੰਗਿਆ ਜਾਂਦਾ ਸੀ। ਸੇਵਾ ਪੰਥੀ, ਨਿਰਮਲੇ ਤੇ ਸਹਿਜਧਾਰੀ ਨਵੇਂ-ਨਵੇਂ ਉੱਚੇ ਤੇ ਚਮਕੀਲੇ ਫ਼ੈਸਲੇ ਕਰਦੇ ਸਨ ਅਤੇ ਇਨ੍ਹਾਂ ਸਾਰਿਆਂ ਤੋਂ ਪਿਛੇਰੇ ਅਤੇ ਉਚੇਰੇ ਸਨ ਅਕਾਲੀ, ਜਿਨ੍ਹਾਂ ਨੇ ਆਪਣੇ ਜੀਵਨ ਨੂੰ ਇਸ ਧਰਤੀ ਦੀ ਮਲ-ਮੈਲ ਤੋਂ ਬਿਲਕੁਲ ਸੁਤੰਤਰ ਹੋ ਕੇ ਗੁਰੂ ਦੇ ਸੁਪਨਿਆਂ ਨਾਲ ਇਕਮਿਕ ਕਰ ਲਿਆ ਸੀ। ਸੇਵਾ-ਪੰਥੀਆਂ ਨੇ ਸੇਵਾ ਦੇ ਕਰਤੱਵਾਂ ਲਈ ਆਪਣੇ ਆਪ ਨੂੰ ਅਰਪਣ ਕੀਤਾ ਤੇ ਇਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰੈੱਡ ਕਰਾਸ (ਸੁਰਖ਼-ਸਲੀਬ) ਦੀ ਨੀਂਹ ਰੱਖੀ, ਜਿਸ ਨੇ ਮਿੱਤਰਾਂ ਤੇ ਵੈਰੀਆਂ ਦੀ ਇਕੋ ਜਿਹੀ ਸੇਵਾ ਕੀਤੀ।” ਅਤੇ ”ਨਿਰਮਲਿਆਂ ਨੇ ਆਪਣੇ ਆਪ ਨੂੰ ਵਿੱਦਿਆ ਪ੍ਰਾਪਤ ਕਰਨ ‘ਤੇ ਲਗਾ ਦਿੱਤਾ। ਉਨ੍ਹਾਂ ਸੰਸਕ੍ਰਿਤ ਤੇ ਵੇਦਾਂਤ ਪੜ੍ਹਿਆ ਅਤੇ ਦੇਸ਼ ਵਿਚ ਵਿੱਦਿਆ ਫ਼ੈਲਾਣ ਤੇ ਉਸ ਸਾਹਿਤ ਨੂੰ ਪਹੁੰਚਾਉਣ ਲਈ ਤੁਰ ਪਏ ਜੋ ਸ੍ਰੀ ਅਨੰਦਪੁਰ ਸਾਹਿਬ ਵਿਚ ਰਚਿਆ ਗਿਆ ਸੀ।” ਲਿਹਾਜ਼ਾ ਸ੍ਰੀ ਅਨੰਦਪੁਰ ਸਾਹਿਬ ਦੇ ਬੌਧਿਕ ਦੇ ਅਕਾਦਮਿਕ ਫ਼ਲਸਫ਼ੇ ਨੂੰ ਨਾ ਤਾਂ ਪੂਰੀ ਤਰ੍ਹਾਂ ਸਮਝਿਆ ਗਿਆ ਹੈ ਅਤੇ ਨਾ ਹੀ ਨਵੀਆਂ ਅੰਤਰ-ਦ੍ਰਿਸ਼ਟੀਆਂ ਨਾਲ ਉਸ ਫ਼ਲਸਫ਼ੇ ਨੂੰ ਅਜੋਕੇ ਸਮੇਂ ਵਿਚ ਅਸੀਂ ਦੁਨੀਆ ਦੇ ਸਾਹਮਣੇ ਰੂਪਮਾਨ ਕਰ ਸਕੇ ਹਾਂ।
ਅੱਜ ਸ੍ਰੀ ਅਨੰਦਪੁਰ ਸਾਹਿਬ ਦੇ ਫ਼ਲਸਫ਼ੇ ਨੂੰ ਸਨਮੁਖ ਰੱਖ ਕੇ ਸਿੱਖ ਕੌਮ ਨੂੰ ਆਪਾ-ਪੜਚੋਲ ਕਰਨੀ ਚਾਹੀਦੀ ਹੈ ਕਿ ਅਸੀਂ ਕਿੱਥੇ ਖੜ੍ਹੇ ਹਾਂ?ਕੀ ਅਸੀਂ ਸ੍ਰੀ ਅਨੰਦਪੁਰ ਸਾਹਿਬ ਦੇ ਫ਼ਲਸਫ਼ੇ ਦੇ ਵਾਰਿਸ ਹਾਂ?ਕੀ ਅਸੀਂ ਅਨੰਦਪੁਰ ਦੇ ਵਾਸੀ ਕਹਾਉਣ ਦੇ ਹੱਕਦਾਰ ਹਾਂ?ਸਾਡਾ ‘ਕੇਸਗੜ੍ਹ’ ਅੱਜ ਕਿੰਨਾ ਕੁ ਮਜ਼ਬੂਤ ਹੈ? ਅੱਜ ਸਿੱਖ ਕੌਮ ਦੇ ਅੰਦਰੂਨੀ ਤੇ ਬਾਹਰੀ ਸੰਕਟਾਂ ਦਾ ਕਾਰਨ ਵੀ ਸ੍ਰੀ ਅਨੰਦਪੁਰ ਸਾਹਿਬ ਦੇ ਫ਼ਲਸਫ਼ੇ ਤੋਂ ਮੁਨਕਰ ਹੋਣਾ ਹੀ ਹੈ। ੲੲੲ
Check Also
ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ
ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …