Breaking News
Home / ਦੁਨੀਆ / ਪੜ੍ਹਾਈ ਵਿਚਾਲੇ ਛੱਡ ਕੇ ਯੂਕਰੇਨ ਤੋਂ ਪਰਤੇ ਪੰਜਾਬੀ ਵਿਦਿਆਰਥੀ

ਪੜ੍ਹਾਈ ਵਿਚਾਲੇ ਛੱਡ ਕੇ ਯੂਕਰੇਨ ਤੋਂ ਪਰਤੇ ਪੰਜਾਬੀ ਵਿਦਿਆਰਥੀ

ਮਾਨਸਾ/ਬਿਊਰੋ ਨਿਊਜ਼ : ਯੂਕਰੇਨ ਦੀ ਧਰਤੀ ‘ਤੇ ਡਾਕਟਰ ਬਣਨ ਦਾ ਸੁਫ਼ਨਾ ਲੈਣ ਵਾਲੇ ਭਾਰਤੀ ਨੌਜਵਾਨਾਂ ਨੂੰ ਹੁਣ ਉਥੇ ਯੁੱਧ ਵਾਲਾ ਮਾਹੌਲ ਬਣਨ ਕਾਰਨ ਭਾਰਤ ਪਰਤਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਤੇ ਦਿਨ ਮਾਨਸਾ ਜ਼ਿਲ੍ਹੇ ਦੇ ਬਰੇਟਾ ਕਸਬੇ ‘ਚ ਪਰਤੇ ਦੋ ਨੌਜਵਾਨਾਂ ਦੇ ਮਾਪਿਆਂ ਨੇ ਦੱਸਿਆ ਕਿ ਉਥੋਂ ਪੰਜਾਬ ਪਰਤਣ ਲਈ ਭਾਰਤੀ ਅੰਬੈਸੀ ਵੱਲੋਂ ਕੋਈ ਮਦਦ ਨਹੀਂ ਕੀਤੀ ਜਾ ਰਹੀ। ਪ੍ਰਾਪਤ ਵੇਰਵਿਆਂ ਅਨੁਸਾਰ ਯੂਕਰੇਨ ਵਿਚ ਹਾਲੇ ਵੀ ਪੰਜਾਬ ਦੇ ਸੈਂਕੜੇ ਨੌਜਵਾਨ ਉਥੇ ਫਸੇ ਹੋਏ ਹਨ। ਨੌਜਵਾਨਾਂ ਦੇ ਮਾਪਿਆਂ ਨੂੰ ਉਨ੍ਹਾਂ ਦੀ ਚਿੰਤਾ ਸਤਾ ਰਹੀ ਹੈ। ਅਜਿਹੇ ਹੀ ਮਾਹੌਲ ‘ਚ ਫਸੇ ਕਸਬਾ ਬਰੇਟਾ ਦੇ ਦੋ ਨੌਜਵਾਨ ਨਿਤਿਨ ਕੁਮਾਰ ਅਤੇ ਮਨਿੰਦਰ ਸਿੰਘ ਆਪਣੀ ਪੜ੍ਹਾਈ ਵਿਚਾਲੇ ਹੀ ਛੱਡ ਕੇ ਕਾਫ਼ੀ ਖੱਜਲ-ਖੁਆਰੀ ਤੋਂ ਬਾਅਦ ਆਪਣੇ ਘਰ ਪੁੱਜੇ ਹਨ। ਪਿਛਲੇ ਦਿਨੀਂ ਪਰਤੇ ਨਿਤਿਨ ਕੁਮਾਰ ਪੁੱਤਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਹ ਯੂਕਰੇਨ ਵਿੱਚ ਐੱਮਬੀਬੀਐੱਸ ਭਾਗ ਦੂਜਾ ਦਾ ਵਿਦਿਆਰਥੀ ਹੈ। ਜਦੋਂ ਜੰਗ ਵਰਗਾ ਮਾਹੌਲ ਬਣ ਗਿਆ ਤਾਂ ਉਸ ਨੇ 13 ਫਰਵਰੀ ਨੂੰ 17 ਫਰਵਰੀ ਲਈ ਆਪਣੀ ਫਲਾਈਟ 40 ਹਜ਼ਾਰ ਰੁਪਏ ਵਿੱਚ ਬੁੱਕ ਕਰਵਾਈ ਸੀ ਪਰ ਬਿਨਾਂ ਕਿਸੇ ਵਿਸ਼ੇਸ਼ ਕਾਰਨ ਤੋਂ ਉਡਾਣ ਰੱਦ ਕਰ ਦਿੱਤੀ ਗਈ। ਬਾਅਦ ਵਿੱਚ ਉਸ ਨੇ 55 ਹਜ਼ਾਰ ਰੁਪਏ ਦੀ ਨਵੇਂ ਸਿਰੇ ਤੋਂ ਫਲਾਈਟ ਬੁੱਕ ਕਰਵਾਈ। ਪਹਿਲਾਂ ਵਾਲੇ ਪੈਸੇ ਵੀ ਵਾਪਸ ਨਹੀਂ ਹੋਏ। ਨਿਤਿਨ ਨੇ ਕਿਹਾ ਕਿ ਉਹ ਮਸਾਂ ਘਰ ਪਰਤਿਆ ਹੈ। ਪੁੱਤਰ ਦੇ ਘਰ ਪਰਤਣ ਦੇ ਬਾਵਜੂਦ ਉਸ ਦੀ ਮਾਤਾ ਸੁਮਨ ਲਤਾ ਸਹਿਮੀ ਹੋਈ ਹੈ। ਨਿਤਿਨ ਨੇ ਦੱਸਿਆ ਕਿ ਉਥੇ ਟਿਕਟਾਂ ਅਤੇ ਖਾਣ-ਪੀਣ ਦਾ ਸਾਮਾਨ ਬਹੁਤ ਮਹਿੰਗਾ ਹੋ ਗਿਆ ਹੈ। ਪਹਿਲਾਂ ਜਿਹੜੀ ਟਿਕਟ 21 ਤੋਂ 25 ਹਜ਼ਾਰ ਰੁਪਏ ਦੀ ਸੀ, ਉਹ ਹੁਣ 55 ਤੋਂ 75 ਹਜ਼ਾਰ ਰੁਪਏ ਦੀ ਹੋ ਗਈ ਹੈ। ਹੋਰ ਚੀਜ਼ਾਂ ਦੇ ਭਾਅ ਵੀ ਅਸਮਾਨੀ ਚੜ੍ਹੇ ਹੋਏ ਹਨ। ਮਨਿੰਦਰ ਸਿੰਘ ਵੀ ਉਥੇ ਮੈਡੀਕਲ ਦੀ ਪੜ੍ਹਾਈ ਕਰਦਾ ਹੈ। ਉਸ ਦੇ ਪਿਤਾ ਜੁਗਰਾਜ ਸਿੰਘ ਨੇ ਮਨਿੰਦਰ ਦੇ ਪਰਤਣ ‘ਤੇ ਸ਼ੁਕਰ ਮਨਾਇਆ ਹੈ। ਬਰੇਟਾ ਕਸਬੇ ਦਾ ਇੱਕ ਹੋਰ ਨੌਜਵਾਨ ਪਿਊਸ਼ ਗੋਇਲ ਹਾਲੇ ਵੀ ਯੂਕਰੇਨ ਵਿੱਚ ਫਸਿਆ ਹੋਇਆ ਹੈ। ਉਹ ਅਕਤੂਬਰ 2018 ਵਿੱਚ ਯੂਕਰੇਨ ਵਿੱਚ ਐੱਮਬੀਬੀਐੱਸ ਕਰਨ ਗਿਆ ਸੀ ਅਤੇ ਜੁਲਾਈ 2024 ਵਿੱਚ ਕੋਰਸ ਖ਼ਤਮ ਹੋਣ ਤੋਂ ਬਾਅਦ ਉਸ ਨੇ ਵਾਪਸ ਆਉਣਾ ਸੀ। ਉਥੇ ਛਿੜੀ ਜੰਗ ਨੇ ਉਸ ਦੇ ਮਾਪਿਆਂ ਦੇ ਸਾਹ ਸੂਤ ਰੱਖੇ ਹਨ। ਉਸ ਨੇ ਹੁਣ 27 ਫਰਵਰੀ ਨੂੰ ਵਾਪਸ ਆਉਣ ਦੀ ਮਹਿੰਗੇ ਭਾਅ ਦੀ ਟਿਕਟ ਬੁੱਕ ਕਰਵਾਈ ਹੈ।
ਯੂਕਰੇਨ ‘ਚ ਫਸੇ ਬੱਚਿਆਂ ਦੇ ਮਾਪੇ ਪ੍ਰੇਸ਼ਾਨ
ਸ੍ਰੀ ਮੁਕਤਸਰ ਸਾਹਿਬ : ਯੂਕਰੇਨ ‘ਚ ਜੰਗ ਦੇ ਛਾਏ ਬੱਦਲਾਂ ਨੇ ਉਥੇ ਡਾਕਟਰੀ ਦੀ ਪੜ੍ਹਾਈ ਕਰਨ ਗਏ ਵਿਦਿਆਰਥੀਆਂ ਦੇ ਮਾਪਿਆਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ। ਸਭ ਤੋਂ ਵੱਧ ਸਮੱਸਿਆ ਆਖਰੀ ਵਰ੍ਹੇ ‘ਚ ਪੜ੍ਹਦੇ ਵਿਦਿਆਰਥੀਆਂ ਨੂੰ ਆ ਰਹੀ ਹੈ। ਆਖਰੀ ਵਰ੍ਹੇ ਦੇ ਪੇਪਰ ਮਈ ਮਹੀਨੇ ਹੋਣੇ ਹਨ ਅਤੇ ਜੂਨ ਵਿੱਚ ਵਿਦਿਆਰਥੀਆਂ ਦੀ ਘਰਾਂ ਨੂੰ ਵਾਪਸੀ ਹੈ। ਜੇ ਇਹ ਬੱਚੇ ਹੁਣ ਆਉਂਦੇ ਹਨ ਤਾਂ ਉਨ੍ਹਾਂ ਦੀ ਪੜ੍ਹਾਈ ਅਤੇ ਪੇਪਰਾਂ ‘ਤੇ ਅਸਰ ਪੈ ਸਕਦਾ ਹੈ। ਮੁਕਤਸਰ ਦੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਬੇਟੀ ਅਤੇ ਬੇਟਾ ਖਾਰਕਿਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਯੂਕਰੇਨ ਵਿੱਚ ਪੜ੍ਹ ਰਹੇ ਹਨ। ਉਹ ਐੱਮਬੀਬੀਐੱਸ ਦੇ ਛੇਵੇਂ ਸਾਲ ਦੇ ਵਿਦਿਆਰਥੀ ਹਨ। ਯੂਨੀਵਰਸਿਟੀ ਨੇ ਭਾਵੇਂ ਵਿਦਿਆਰਥੀਆਂ ਨੂੰ ਭਾਰਤ ਜਾ ਕੇ ਆਨਲਾਈਨ ਪੜ੍ਹਾਈ ਕਰਨ ਲਈ ਕਹਿ ਦਿੱਤਾ ਹੈ ਪਰ ਵਿਦਿਆਰਥੀ ਕਿਸੇ ਤਰ੍ਹਾਂ ਦੀ ਸਮੱਸਿਆ ਤੋਂ ਬਚਣ ਲਈ ਭਾਰਤ ਆਉਣ ਤੋਂ ਝਿਜਕ ਰਹੇ ਹਨ। ਉਨ੍ਹਾਂ ਦੱਸਿਆ ਕਿ ਹਾਲ ਦੀ ਘੜੀ ਬੱਚੇ ਭਾਵੇਂ ਉਥੇ ਸੁਰੱਖਿਅਤ ਹਨ ਪਰ ਉਨ੍ਹਾਂ ਦੀ ਚਿੰਤਾ ਸਤਾ ਰਹੀ ਹੈ। ਇਸੇ ਤਰ੍ਹਾਂ ਕੁਲਦੀਪ ਸਿੰਘ ਅਤੇ ਗੁਰਮੁਖ ਸਿੰਘ ਦੇ ਬੱਚੇ ਵੀ ਯੂਕਰੇਨ ਵਿੱਚ ਪੜ੍ਹ ਰਹੇ ਹਨ। ਮਾਪਿਆਂ ਨੇ ਭਾਰਤ ਸਰਕਾਰ ਕੋਲੋਂ ਮਦਦ ਦੀ ਮੰਗ ਕੀਤੀ ਹੈ।

 

Check Also

ਐਸਟ੍ਰਾਜੇਨੇਕਾ ਦੀ ਕੋਰੋਨਾ ਵੈਕਸੀਨ ਨਾਲ ਹਾਰਟ ਅਟੈਕ ਦਾ ਖਤਰਾ

ਬਿ੍ਰਟਿਸ਼ ਅਦਾਲਤ ਵਿਚ ਕੰਪਨੀ ਨੇ ਇਹ ਗੱਲ ਮੰਨੀ ਨਵੀਂ ਦਿੱਲੀ/ਬਿਊਰੋ ਨਿਊਜ਼ ਬਿ੍ਰਟੇਨ ਦੀ ਫਾਰਮਾ ਕੰਪਨੀ …