ਰੈਕਸਡੇਲ/ਡਾ. ਝੰਡ : ਗੁਰੂ ਨਾਨਕ ਅਕੈਡਮੀ ਰੈਕਸਡੇਲ ਵੱਲੋਂ ਪਹਿਲੀ ਜੁਲਾਈ ਤੋਂ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਵਿਖੇ ਆਰੰਭ ਕੀਤਾ ਗਿਆ ਕੈਂਪ 12 ਜੁਲਾਈ ਨੂੰ ਸਫ਼ਲਤਾ-ਪੂਰਵਕ ਸੰਪੰਨ ਹੋਇਆ। ਇਸ ਕੈਂਪ ਵਿਚ 120 ਵਿਦਿਆਰਥੀ ਅਤੇ ਸੇਵਾਦਾਰਾਂ ਨੇ ਭਾਗ ਲਿਆ ਅਤੇ ਇਸ ਵਿਚ ਬੱਚਿਆਂ ਨੂੰ ਪੰਜਾਬੀ ਬੋਲੀ, ਗੁਰਮਤਿ, ਗਰੁਬਾਣੀ ਕੀਰਤਨ, ਸਿੱਖ-ਇਤਿਹਾਸ, ਤਬਲਾ, ਗਤਕਾ ਅਤੇ ਨੈਤਿਕ ਕਦਰਾਂ-ਕੀਮਤਾਂ ਬਾਰੇ ਜਾਣਕਾਰੀ ਦਿੱਤੀ ਗਈ। ਕੈਂਪ ਵਿਚ ਗੌਰਮਿੰਟ ਕਾਲਜ ਗੁਰਦਾਸਪੁਰ ਤੋਂ ਪ੍ਰੋ. ਜਗਦੀਪ ਸਿੰਘ ਗਰੋਵਰ, ਪੰਚਕੂਲਾ ਤੋਂ ਮਸ਼ਹੂਰ ਕਥਾਕਾਰ ਗਿਆਨੀ ਬਲਦੇਵ ਸਿੰਘ ਮਹਿਤਾ ਅਤੇ ਹਰਭਜਨ ਸਿੰਘ ਲਿਟਲ ਨੇ ਭਾਰਤ ਤੋਂ ਆ ਕੇ ਵਿਸ਼ੇਸ਼ ਰੂਪ ਵਿਚ ਵੱਖ-ਵੱਖ ਸੇਵਾਵਾਂ ਨਿਭਾਈਆਂ ਅਤੇ ਬੱਚਿਆਂ ਦੇ ਗਿਆਨ ਵਿਚ ਵਾਧਾ ਕੀਤਾ। ਗਿਆਨੀ ਰਣ ਸਿੰਘ ਨੇ ਉਨ੍ਹਾਂ ਨੂੰ ਗੱਤਕਾ ਸਿਖਾਇਆ ਅਤੇ ਸਿੱਖੀ ਦੇ ਮੁੱਢਲੇ ਸਿਧਾਂਤਾਂ ਬਾਰੇ ਜਾਣੂੰ ਕਰਾਇਆ। ਬਰੈਂਪਟਨ ਦੇ ਪ੍ਰਸਿੱਧ ਕਥਾਕਾਰ ਗਿਆਨੀ ਗੁਲਜ਼ਾਰ ਸਿੰਘ ਨੇ ਬੱਚਿਆਂ ਨੂੰ ਉਨ੍ਹਾਂ ਦੀ ਸਮਝ ਦੀ ਪੱਧਰ ‘ਤੇ ਜਾ ਕੇ ਸਿੱਖ ਇਤਿਹਾਸ ਅਤੇ ਅਜੋਕੀਆਂ ਸਮਾਜਿਕ ਤੇ ਮਨੁੱਖੀ ਕਦਰਾਂ-ਕੀਮਤਾਂ ਬਾਰੇ ਚਾਨਣਾ ਪਾਇਆ ਅਤੇ ਉਨ੍ਹਾਂ ਦੇ ਕਈ ਸੁਆਲਾਂ ਦੇ ਜੁਆਬ ਦਿੱਤੇ। ਡਾ. ਪਰਮਿੰਦਰ ਸਿੰਘ ਅਤੇ ਡਾ. ਪ੍ਰੀਤ ਸਿੰਘ ਰੰਧਾਵਾ ਨੇ ਬੱਚਿਆਂ ਨੂੰ ਦੱਸਿਆ ਕਿ ਉਨ੍ਹਾਂ ਨੇ ਆਪਣੇ ਜੀਵਨ ਦੀਆਂ ਚੁਣੌਤੀਆਂ ਦਾ ਕਿਵੇਂ ਮੁਕਾਬਲਾ ਕੀਤਾ। ਮਲਵਿੰਦਰ ਸਿੰਘ ਲੁਬਾਣਾ ਨੇ ਆਪਣੇ ਰੁਝੇਵਿਆਂ ਭਰੇ ਵਕਤ ਵਿੱਚੋਂ ਕੁਝ ਸਮਾਂ ਕੱਢ ਕੇ ਬੱਚਿਆਂ ਨੂੰ ਆਪਣੇ ਜੀਵਨ ਦੇ ਤਜਰਬੇ ਤੋਂ ਜਾਣੂੰ ਕਰਵਾਇਆ ਅਤੇ ਉਨ੍ਹਾਂ ਨੂੰ ਕਾਫ਼ੀ ਪ੍ਰਭਾਵਿਤ ਕੀਤਾ। ਬਰੈਂਪਟਨ ਦੇ ਰੀਜਨਲ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਅਤੇ ਸਿਟੀ ਕਾਊਂਸਲਰ ਹਰਕੀਰਤ ਸਿੰਘ ਨੇ ਬੱਚਿਆਂ ਨੂੰ ਆਪਣੇ ਵਿਦਿਆਰਥੀ ਜੀਵਨ ਦੇ ਸੰਘਰਸ਼ਮਈ ਦਿਨਾਂ ਬਾਰੇ ਦੱਸਿਆ ਜਿਸ ਨੂੰ ਉਨ੍ਹਾਂ ਨੇ ਬੜੇ ਧਿਆਨ ਨਾਲ ਸੁਣਿਆਂ। ਇਸ ਮੌਕੇ ਅਨੀਤ ਕੌਰ ਜੰਮੂ ਨੇ ਏਅਰ-ਕੈਡਿਟਸ ਬਾਰੇ ਸਲਾਹੁਣਯੋਗ ਲੈੱਕਚਰ ਦਿੱਤਾ। ਏਸੇ ਤਰ੍ਹਾਂ ਅਨੀਸ਼ ਜੰਮੂ ਵੱਲੋਂ ਸਿੱਖ ਗੁਰੂ ਸਾਹਿਬਾਨ ਬਾਰੇ ਲੱਗਭੱਗ ਰੋਜ਼ ਹੀ ਆਪਣੇ ਵਿਚਾਰ ਪੇਸ਼ ਕੀਤੇ ਗਏ ਅਤੇ ਉਸ ਦੇ ਵੱਖ-ਵੱਖ ਸਲਾਈਡ-ਸ਼ੋਆਂ ਤੋਂ ਬੱਚੇ ਕਾਫ਼ੀ ਪ੍ਰਭਾਵਿਤ ਹੋਏ। ਇਸ ਤਰ੍ਹਾਂ ਇਹ ਬੱਚੇ ਇਸ ਕੈਂਪ ਵਿਚ ਦੂਸਰਿਆਂ ਦੇ ਲਈ ਰੋਲ-ਮਾਡਲ ਸਾਬਤ ਹੋਏ।
ਵਿਦਿਆਰਥੀ ਵਾਲੰਟੀਅਰਾਂ ਵਿਚ ਹਰਲੀਨ ਕਿੰਗ, ਨਵਰਾਜ ਸਿੰਘ ਦਿਓਲ ਅਤੇ ਗੁਰਪ੍ਰਤਾਪ ਸਿੰਘ ਨੂੰ ਸਪੈਸ਼ਲ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਕੈਂਪ ਦੀ ਸਫ਼ਲਤਾ ਦਾ ਸਿਹਰਾ ਅਕੈਡਮੀ ਦੇ ਡਾਇਰੈੱਕਟਰ ਸ. ਬਲਵੰਤ ਸਿੰਘ, ਪ੍ਰਿੰਸੀਪਲ ਕੰਵਲਪ੍ਰੀਤ ਕੌਰ ਕੰਵਲ ਅਤੇ ਮਿਹਨਤੀ ਸਟਾਫ਼ ਦੀਆਂ ਬੀਬੀਆਂ ਬਲਵਿੰਦਰ ਕੌਰ, ਸਤਵੰਤ ਕੌਰ, ਰਮਨਦੀਪ ਕੌਰ, ਮੁਨੀਤ ਕੌਰ ਅਤੇ ਰੁਪਿੰਦਰ ਕੌਰ ਨੂੰ ਜਾਂਦਾ ਹੈ। ਕੈਂਪ ਦੇ ਸਮੂਹ ਸੇਵਾਦਾਰ ਵੀ ਇਸ ਸਫ਼ਲਤਾ ਦੇ ਬਰਾਬਰ ਦੇ ਹੱਕਦਾਰ ਹਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …