ਕਰੋਨਾ ਪ੍ਰਭਾਵਿਤ ਮੋਹਰੀ ਦਸ ਮੁਲਕਾਂ ‘ਚ ਭਾਰਤ 9ਵੇਂ ਸਥਾਨ ‘ਤੇ
ਆਉਂਦੇ ਦੋ ਦਿਨਾਂ ‘ਚ ਫਰਾਂਸ ਤੇ ਜਰਮਨੀ ਨੂੰ ਪਛਾੜ 7ਵੇਂ ਸਥਾਨ ਤੱਕ ਅੱਪੜ ਜਾਵੇਗ ਭਾਰਤ
ਨਵੀਂ ਦਿੱਲੀ/ਬਿਊਰੋ ਨਿਊਜ਼
ਕਰੋਨਾ ਪ੍ਰਭਾਵਿਤ ਦੁਨੀਆ ਭਰ ਦੇ ਮੋਹਰੀ ਦਸ ਮੁਲਕਾਂ ਵਿਚ ਸ਼ਾਮਲ ਹੋਣ ਦੇ ਚੰਦ ਦਿਨਾਂ ਬਾਅਦ ਹੀ ਭਾਰਤ ਤੁਰਕੀ ਨੂੰ ਪਛਾੜ ਕੇ 9ਵੇਂ ਨੰਬਰ ‘ਤੇ ਆ ਗਿਆ ਹੈ। ਭਾਰਤ ਨੇ ਅੱਜ ਤੁਰਕੀ ਨੂੰ ਪਛਾੜ ਦਿੱਤਾ। ਇਸ ਤੋਂ ਪਹਿਲਾਂ 24 ਮਈ ਨੂੰ ਭਾਰਤ ਇਰਾਨ ਨੂੰ ਪਛਾੜ ਕੇ 11ਵੇਂ ਤੋਂ 10ਵੇਂ ਸਥਾਨ ‘ਤੇ ਆਇਆ ਸੀ। ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾ ਵਾਇਰਸ ਦੇ 7 ਹਜ਼ਾਰ 466 ਮਾਮਲੇ ਸਾਹਮਣੇ ਆਏ ਹਨ। ਦੇਸ਼ ‘ਚ ਹੁਣ ਕਰੋਨਾ ਪੀੜਤਾਂ ਦੀ ਗਿਣਤੀ 1 ਲੱਖ 65 ਹਜ਼ਾਰ 799 ਹੋ ਗਈ ਹੈ। ਜਦੋਂਕਿ ਤੁਰਕੀ ਵਿੱਚ ਕੁੱਲ ਮਾਮਲੇ 1 ਲੱਖ 60 ਹਜ਼ਾਰ ਹਨ। ਕਰੋਨਾ ਮਾਮਲੇ ਵਿੱਚ ਭਾਰਤ ਤੋਂ ਅੱਗੇ ਅੱਠ ਦੇਸ਼ ਜਰਮਨੀ, ਫਰਾਂਸ, ਇਟਲੀ, ਬ੍ਰਿਟੇਨ, ਸਪੇਨ, ਰੂਸ, ਬ੍ਰਾਜ਼ੀਲ ਤੇ ਅਮਰੀਕਾ ਹਨ। ਭਾਰਤ ‘ਚ ਕਰੋਨਾ ਦੇ ਅੰਕੜਿਆਂ ਵਿਚ ਤੇਜ਼ੀ ਨਾਲ ਹੋਏ ਵਾਧੇ ਦੇ ਚਲਦਿਆਂ ਭਾਰਤ 4 ਤੋਂ 6 ਦਿਨਾਂ ‘ਚ ਫਰਾਂਸ ਤੇ ਜਰਮਨੀ ਨੂੰ ਪਛਾੜ ਕੇ 7ਵੇਂ ਸਥਾਨ ‘ਤੇ ਪਹੁੰਚ ਸਕਦਾ ਹੈ। ਦੂਜੇ ਪਾਸੇ ਵਿਸ਼ਵ ਭਰ ‘ਚ ਕਰੋਨਾ ਪੀੜਤਾਂ ਦਾ ਅੰਕੜਾ 59 ਲੱਖ 25 ਹਜ਼ਾਰ ਤੋਂ ਪਾਰ ਚਲਾ ਗਿਆ ਹੈ। ਜਦਕਿ ਕਰੋਨਾ ਵਾਇਰਸ ਕਾਰਨ ਦੁਨੀਆ ਭਰ ਵਿਚ 3 ਲੱਖ 62 ਹਜ਼ਾਰ ਤੋਂ ਵੱਧ ਵਿਅਕਤੀਆਂ ਦੀ ਜਾਨ ਚਲੀ ਗਈ ਹੈ। ਉਧਰ ਸੰਯੁਕਤ ਰਾਸ਼ਟਰ ਨੇ ਮਹਾਂਮਾਰੀ ਨੂੰ ਦੇਖਦੇ ਹੋਏ ਮੌਸਮ ‘ਤੇ ਹੋਣ ਵਾਲੇ ਵਿਸ਼ਵ ਪੱਧਰੀ ਸੰਮੇਲਨ ਨੂੰ ਇਕ ਸਾਲ ਲਈ ਟਾਲ ਦਿੱਤਾ ਹੈ। ਸੰਮੇਲਨ ਸੀਓਪੀ 26 ‘ਚ ਦੁਨੀਆ ਭਰ ਦੇ 196 ਦੇਸ਼ਾਂ ਦੇ ਸ਼ਾਮਲ ਹੋਣ ਦੀ ਉਮੀਦ ਸੀ। ਇਹ ਇਸ ਗਲਾਸਗੋ ‘ਚ 9 ਨਵੰਬਰ ਨੂੰ ਸ਼ੁਰੂ ਹੋਣਾ ਸੀ। ਬ੍ਰਿਟੇਨ ਬਿਜਨਸ ਸੈਕਟਰੀ ਅਤੇ ਸੀਓਪੀ 26 ਸੰਮੇਲਨ ਦੇ ਪ੍ਰਧਾਨ ਆਲੋਕ ਸ਼ਰਮਾ ਨੇ ਅੱਜ ਦੱਸਿਆ ਕਿ ਹੁਣ ਇਹ ਸੰਮੇਲਨ 2021 ‘ਚ ਹੋਵੇਗਾ।